(ਸਮਾਜ ਵੀਕਲੀ)
ਮਨੁੱਖ ਦੀ ਜ਼ਿੰਦਗੀ ਵਿੱਚ ਬਚਪਨ ਤੋਂ ਲੈਕੇ ਤਤਕਾਲੀ ਅਵਸਥਾ ਤੱਕ ਜਿੰਨੀਆਂ ਘਟਨਾਵਾਂ ਘਟਦੀਆਂ ਹਨ ਉਹ ਮਨੁੱਖ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਯਾਦਾਂ ਦੇ ਰੂਪ ਵਿੱਚ ਉਸ ਦੇ ਨਾਲ ਨਾਲ ਚੱਲਦੀਆਂ ਹਨ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਯਾਦਾਂ ਮਨੁੱਖ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਹਨ ਜਿਨ੍ਹਾਂ ਦੇ ਸਹਾਰੇ ਕਈ ਵਾਰ ਉਹ ਆਪਣੇ ਔਖੇ ਤੋਂ ਔਖੇ ਪਲ ਵੀ ਸੌਖੇ ਕਰਕੇ ਕੱਟ ਸਕਦਾ ਹੈ। ਯਾਦਾਂ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਕੱਲਾ ਬੈਠਾ ਮਨੁੱਖ ਵੇਖਣ ਨੂੰ ਹੀ ਇਕੱਲਾ ਲੱਗਦਾ ਹੁੰਦਾ ਹੈ ਪਰ ਉਹ ਆਪਣੇ ਨਾਲ ਕਿੰਨੀਆਂ ਸਾਰੀਆਂ ਯਾਦਾਂ ਨੂੰ ਸਮੇਟ ਕੇ ਬੈਠਾ ਉਹਨਾਂ ਨਾਲ ਵਕਤ ਬਿਤਾ ਰਿਹਾ ਹੁੰਦਾ ਹੈ। ਸਿੱਧੇ ਤੌਰ ਤੇ ਤਾਂ ਯਾਦਾਂ ਦੋ ਤਰ੍ਹਾਂ ਦੀਆਂ ਹੀ ਹੁੰਦੀਆਂ ਹਨ, ਮਿੱਠੀਆਂ ਯਾਦਾਂ ਅਤੇ ਕੌੜੀਆਂ ਯਾਦਾਂ। ਹਰ ਵਿਅਕਤੀ ਆਪਣਾ ਬਹੁਤਾ ਸਮਾਂ ਮਿੱਠੀਆਂ ਯਾਦਾਂ ਨਾਲ ਬਿਤਾਉਣਾ ਹੀ ਪਸੰਦ ਕਰਦਾ ਹੈ ਕਿਉਂਕਿ ਉਹ ਇਹਨਾਂ ਰਾਹੀਂ ਆਪਣੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਤਰੀਕੇ ਨਾਲ ਜਿਊਣ ਦਾ ਇੱਕ ਢੰਗ ਲੱਭਦਾ ਹੈ। ਕੌੜੀਆਂ ਯਾਦਾਂ ਤਾਂ ਕਿਸੇ ਖਾਸ ਦਿਨ, ਸਥਾਨ ਜਾਂ ਵਿਅਕਤੀ ਵਿਸ਼ੇਸ਼ ਨਾਲ਼ ਵਾਪਰੀਆਂ ਦੁਖਦ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਉਹ ਯਾਦ ਕਰਕੇ ਦੁਖੀ ਹੀ ਹੁੰਦਾ ਹੈ। ਇਸ ਕਰਕੇ ਹਰ ਵਿਅਕਤੀ ਇਸ ਤਰ੍ਹਾਂ ਦੀਆਂ ਯਾਦਾਂ ਨੂੰ ਮਨ ਵਿੱਚ ਜਲਦੀ ਹੀ ਸਮੇਟ ਕੇ ਫਿਰ ਤੋਂ ਮਿੱਠੀਆਂ ਯਾਦਾਂ ਵੱਲ ਮੋੜੇ ਪਾ ਲੈਂਦਾ ਹੈ।
ਆਮ ਕਰਕੇ ਵੇਖਣ ਵਿੱਚ ਆਉਂਦਾ ਹੈ ਕਿ ਹਰ ਵਿਆਕਤੀ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਭ ਤੋਂ ਵੱਧ ਸੰਭਾਲ ਕੇ ਰੱਖਦਾ ਹੈ। ਸਮੇਂ ਸਮੇਂ ਤੇ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਸਾਂਝਾ ਕਰਦਾ ਹੈ। ਮਨੁੱਖ ਪੜ੍ਹ ਲਿਖ ਕੇ ਜਿੰਨੇ ਵੱਡੇ ਅਹੁਦੇ ਤੇ ਮਰਜ਼ੀ ਪਹੁੰਚ ਜਾਵੇ ਅਤੇ ਉਸ ਅਸਥਾਨ ਤੋਂ ਜਿੰਨਾਂ ਮਰਜ਼ੀ ਦੂਰ ਚਲਿਆ ਜਾਵੇ ਜਿੱਥੇ ਉਸ ਦਾ ਬਚਪਨ ਬੀਤਿਆ ਹੁੰਦਾ ਹੈ ਪਰ ਉਸ ਨੂੰ ਆਪਣੇ ਬਚਪਨ ਦੀਆਂ ਯਾਦਾਂ ਆਪਣੇ ਬੱਚਿਆਂ ਜਾਂ ਪੋਤੇ ਪੋਤੀਆਂ ਵਿੱਚੋਂ ਝਲਕਦੀਆਂ ਜ਼ਰੂਰ ਦਿਸਦੀਆਂ ਹਨ। ਆਪਣੇ ਬਚਪਨ ਦੀਆਂ ਯਾਦਾਂ ਨੂੰ ਹਰ ਮਨੁੱਖ ਆਪਣੇ ਬੱਚਿਆਂ ਨਾਲ ਕਿਸੇ ਨਾ ਕਿਸੇ ਤਰੀਕੇ ਸਾਂਝੀਆਂ ਕਰਕੇ ਮੁੜ ਤੋਂ ਆਪਣੇ ਬਚਪਨ ਵਿੱਚ ਪਹੁੰਚ ਜਾਂਦਾ ਹੈ। ਕਿਸੇ ਦਾ ਬਚਪਨ ਚਾਹੇ ਕਿੰਨੀ ਵੀ ਗਰੀਬੀ ਵਿੱਚ ਕਿਉਂ ਨਾ ਬੀਤਿਆ ਹੋਵੇ ਪਰ ਉਸ ਸਮੇਂ ਨੂੰ ਯਾਦ ਕਰਕੇ ਮਨੁੱਖ ਆਨੰਦਿਤ ਹੀ ਮਹਿਸੂਸ ਕਰਦਾ ਹੈ। ਬਚਪਨ ਵਿੱਚ ਮਾਪਿਆਂ ਤੋਂ ਪਈਆਂ ਗਾਲ੍ਹਾਂ ਜਾਂ ਕੁੱਟ ਹਰ ਮਨੁੱਖ ਦੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਦਾ ਨਤੀਜਾ ਹੁੰਦਾ ਹੈ ਪਰ ਵੱਡੇ ਹੋ ਕੇ ਉਹਨਾਂ ਗ਼ਲਤੀਆਂ ਅਤੇ ਕੁੱਟ ਨੂੰ ਯਾਦਾਂ ਦੇ ਸਹਾਰੇ ਮਹਿਸੂਸ ਕਰਨਾ ਅਤੇ ਦੂਜਿਆਂ ਨਾਲ਼ ਸਾਂਝਾ ਕਰਨਾ ਜ਼ਿੰਦਗੀ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਰੰਗੀਨਗੀ ਭਰਦਾ ਹੈ। ਵਾਣ ਵਾਲੇ ਮੰਜਿਆਂ ਤੇ ਸੌਂ ਕੇ ਬਿਤਾਏ ਬਚਪਨ ਦੀਆਂ ਯਾਦਾਂ ਮਨੁੱਖ ਨੂੰ ਆਲੀਸ਼ਾਨ ਕੋਠੀਆਂ ਦੇ ਮਖ਼ਮਲੀ ਗੱਦਿਆਂ ਤੋਂ ਵੱਧ ਆਨੰਦ ਦਿੰਦੀਆਂ ਹਨ।
ਇਸੇ ਤਰ੍ਹਾਂ ਬਜ਼ੁਰਗ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਜਵਾਨੀ ਸਮੇਂ ਮਾਪਿਆਂ ਤੋਂ ਚੋਰੀ ਕੀਤੀਆਂ ਗਲਤੀਆਂ ਅਤੇ ਉਹਨਾਂ ਦੇ ਭੁਗਤੇ ਨਤੀਜਿਆਂ ਨੂੰ ਵੀ ਆਪਣੇ ਸੰਗੀ ਸਾਥੀਆਂ ਨਾਲ ਬੈਠ ਕੇ ਯਾਦ ਕਰ ਲੈਂਦਾ ਹੈ। ਜਦ ਕਦੇ ਦੋ ਕਾਲਜ ਦੇ ਵਿਛੜੇ ਸਾਥੀ ਕਿਤੇ ਪੰਦਰਾਂ ਕੁ ਵਰ੍ਹਿਆਂ ਬਾਅਦ ਮਿਲ਼ਣ ਤਾਂ ਗੱਲਾਂ ਕਰਦੇ ਉਹਨਾਂ ਦਾ ਜ਼ਿਆਦਾ ਵਕਤ ਇਕੱਠੇ ਬਿਤਾਏ ਵਕਤ ਨੂੰ ਯਾਦ ਕਰਦਿਆਂ ਹੀ ਲੰਘਦਾ ਹੈ। ਇਸੇ ਤਰ੍ਹਾਂ ਜੇ ਕਿਤੇ ਵਿਆਹੇ ਹੋਏ ਭੈਣ ਭਰਾ ਚਿਰਾਂ ਬਾਅਦ ਇਕੱਠੇ ਹੋਣ ਤਾਂ ਉਹ ਰਾਤ ਰਾਤ ਭਰ ਜਾਗ ਕੇ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਆਪਣੇ ਬੀਤ ਚੁੱਕੇ ਸਮੇਂ ਨੂੰ ਯਾਦਾਂ ਰਾਹੀਂ ਵਾਪਸ ਖਿੱਚ ਕੇ ਲੈ ਆਉਂਦੇ ਹਨ। ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਹਨ ਤਾਂ ਉੱਥੇ ਉਹਨਾਂ ਦੂਜੇ ਪਰਿਵਾਰ ਮੁਤਾਬਕ ਰਹਿਣ ਦੀ ਆਦਤ ਪਾਉਣ ਸਮੇਂ ਉਹਨਾਂ ਨੂੰ ਪੇਕੇ ਘਰ ਦੀਆਂ ਮੌਜਾਂ ਅਤੇ ਖੁੱਲ੍ਹ ਦੀਆਂ ਯਾਦਾਂ ਆਉਂਦੀਆਂ ਹਨ। ਉਹ ਸਹੁਰੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਸੁਭਾਅ ਦਾ ਮੁਕਾਬਲਾ ਆਪਣੇ ਪੇਕੇ ਪਰਿਵਾਰ ਦੇ ਮੈਂਬਰਾਂ ਦੇ ਸੁਭਾਅ ਨਾਲ਼ ਮਨ ਹੀ ਮਨ ਵਿੱਚ ਯਾਦ ਕਰਕੇ ਕਰਦੀ ਰਹਿੰਦੀ ਹੈ।
ਅਕਸਰ ਆਪਾਂ ਦੇਖਦੇ ਹਾਂ ਕਿ ਬਹੁਤ ਬਜ਼ੁਰਗ ਅਵਸਥਾ ਦੇ ਵਿਅਕਤੀ ਜਿਨ੍ਹਾਂ ਨੇ ਭਾਰਤ ਪਾਕਿ ਵੰਡ ਦਾ ਸਮਾਂ ਵੇਖਿਆ ਹੁੰਦਾ ਹੈ, ਉਹ ਉਸ ਸਮੇਂ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਪਿਆਰ ਦੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਉਸ ਸਮੇਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਅਤੇ ਆਪਸੀ ਭਾਈਚਾਰੇ ਤੋਂ ਜਾਣੂ ਕਰਵਾਉਂਦੇ ਹਨ। ਸਾਡੇ ਘਰਾਂ ਵਿੱਚ ਵੀ ਬਜ਼ੁਰਗ ਬਹੁਤਾ ਕਰਕੇ ਆਪਣੇ ਬਚਪਨ ਅਤੇ ਜਵਾਨੀ ਵੇਲੇ ਦੀਆਂ ਯਾਦਾਂ ਨੂੰ ਸਾਂਝਾ ਕਰਨਾ ਚਾਹੁੰਦੇ ਹੁੰਦੇ ਹਨ ਪਰ ਅਜੋਕੇ ਤੇਜ਼ ਰਫ਼ਤਾਰੀ ਜ਼ਮਾਨੇ ਵਿੱਚ ਬੱਚੇ ਸਮੇਂ ਦੀ ਘਾਟ ਕਹਿ ਕੇ ਉਹਨਾਂ ਤੋਂ ਕੰਨੀ ਖਿਸਕਾਉਂਦੇ ਨਜ਼ਰ ਆਉਂਦੇ ਹਨ ਜੋ ਉਹਨਾਂ ਵੱਲੋਂ ਅਪਣਾਇਆ ਜਾਣ ਵਾਲ਼ਾ ਇੱਕ ਨਾਕਾਰਾਤਮਕ ਰਵੱਈਆ ਹੁੰਦਾ ਹੈ। ਆਪਣੇ ਬਜ਼ੁਰਗਾਂ ਵੱਲੋਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਯਾਦਾਂ ਨੂੰ ਸਮਾਂ ਕੱਢ ਕੇ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ ਕਿਉਂਕਿ ਉਹਨਾਂ ਯਾਦਾਂ ਵਿੱਚ ਸਾਡੇ ਪੁਰਾਤਨ ਰੀਤੀ ਰਿਵਾਜ,ਰਹਿਣ ਸਹਿਣ ਦੇ ਢੰਗ, ਮਿਲ਼ਣ ਵਰਤਣ ਦੇ ਤੌਰ ਤਰੀਕੇ, ਸਭਿਆਚਾਰ ਅਤੇ ਵਿਰਸੇ ਦਾ ਵਿਲੱਖਣ ਖ਼ਜ਼ਾਨਾ ਛੁਪਿਆ ਹੋਇਆ ਹੁੰਦਾ ਹੈ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਦੇ ਹਾਂ। ਇਸ ਤਰ੍ਹਾਂ ਯਾਦਾਂ ਸਾਡੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਨੂੰ ਆਪਣਾ ਮਨ ਪਰਚਾਉਂਦੇ ਰਹਿਣਾ ਚਾਹੀਦਾ ਹੈ ਤੇ ਨਾਲ ਹੀ ਨਾਲ ਇਹਨਾਂ ਨੂੰ ਦੂਜਿਆਂ ਨਾਲ ਸਾਂਝੇ ਕਰਕੇ ਬੀਤਿਆਂ ਸਮਿਆਂ ਤੋਂ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly