ਏਹੁ ਹਮਾਰਾ ਜੀਵਣਾ ਹੈ -510

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-   ਅੱਜ ਵੱਡੇ ਵੱਡੇ ਮਾਲਾਂ ਦੇ ਪੀ ਵੀ ਆਰ ਸਿਨੇਮਾਘਰਾਂ ਵਿੱਚ ਇੰਟਰਵਲ ਵੇਲੇ ਜਦ ਤੱਕ ਪੰਜ ਚਾਰ ਸੌ ਰੁਪਏ ਦੇ ਪੌਪ ਕੌਰਨ ਨਾ ਮੰਗਵਾਏ ਜਾਣ ਉਦੋਂ ਤੱਕ ਇਨਸਾਨ ਉੱਥੇ ਬੈਠਾ ਗਰੀਬੜਾ ਜਿਹਾ ਹੀ ਲੱਗਦਾ ਹੈ। ਪੌਪ ਕੌਰਨ ਖਾਂਦੇ ਖਾਂਦੇ ਫ਼ਿਲਮ ਦੇਖਣ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ। ਪੌਪ ਕੌਰਨ ਵੀ ਛੋਟੀ ਬਾਲਟੀ ਜਿੱਡੇ ਰੰਗਦਾਰ ਡੱਬੇ ਵਿੱਚ ਨੱਕੋ ਨੱਕ ਭਰ ਕੇ ਨਾਲ ਠੰਡੇ ਦੀ ਬੋਤਲ ਇੱਕ ਟਰੇਅ ਵਿੱਚ ਰੱਖ ਕੇ ਜਦ ਸੋਹਣੀ ਜਿਹੀ ਵਰਦੀ ਵਾਲ਼ੀ ਕੁੜੀ ਜਾਂ ਮੁੰਡਾ ਅਦਬ ਸਹਿਤ ਫ਼ਿਲਮ ਦੇਖਦਿਆਂ ਨੂੰ ਸੀਟ ਨੰਬਰ ਪੁੱਛ ਕੇ ਪਰੋਸ ਕੇ ਜਾਂਦੇ ਹਨ ਤਾਂ ਬੰਦੇ ਦੀ ਟੌਹਰ ਵੀ ਦੁੱਗਣੀ ਹੋ ਜਾਂਦੀ ਹੈ। ਪੌਪ ਕੌਰਨ ਸਭ ਨੂੰ ਪਸੰਦ ਹੀ ਐਨੇ ਹਨ ਕਿ ਵਿਆਹਾਂ ਸ਼ਾਦੀਆਂ ਤੇ ਖਾਣਿਆਂ ਦੇ ਸਟਾਲਾਂ ਦੇ ਨਾਲ ਪੌਪ ਕੌਰਨ ਦਾ ਸਟਾਲ ਵੀ ਜ਼ਰੂਰ ਲੱਗਿਆ ਹੁੰਦਾ ਹੈ। ਮਾਵਾਂ ਚਾਹੇ ਵਿਆਹ ਵਿੱਚ ਚਾਟ,ਭੱਲੇ ਖਾਂਦੀਆਂ ਹੋਣ ਪਰ ਬੱਚਿਆਂ ਦਾ ਮਜਮਾ ਪੌਪ ਕੌਰਨ ਵਾਲੇ ਸਟਾਲ ਤੇ ਹੀ ਲੱਗਿਆ ਹੁੰਦਾ ਹੈ। ਇੱਕ ਗੱਲ ਤਾਂ ਖੁਸ਼ੀ ਦੀ ਹੈ ਕਿ ਸਾਡੀ ਕੋਈ ਵਿਰਾਸਤੀ ਖਾਣੇ ਦੀ ਚੀਜ਼ ਨੂੰ ਐਨਾ ਮਾਣ ਮਿਲ ਰਿਹਾ ਹੈ ਜਿੰਨਾ ਪੁਰਾਤਨ ਸਮਿਆਂ ਵਿੱਚ ਮਿਲਦਾ ਸੀ। ਸਿਰਫ਼ ਉਸ ਦੇ ਰੰਗ ਰੂਪ ਤੇ ਸਥਾਨ ਵਿੱਚ ਹੀ ਤਬਦੀਲੀ ਆਈ ਹੈ।

          ਆਪਾਂ ਜਿਹੜੇ ਪੌਪ ਕੌਰਨਾਂ ਦੀ ਗੱਲ ਕੀਤੀ ਹੈ ਇਹ ਸਾਡੇ ਵਿਰਾਸਤੀ ਖਾਣੇ ਦਾ ਇੱਕ ਜ਼ਰੂਰੀ ਹਿੱਸਾ ਮੱਕੀ ਦੇ ਭੁੱਜੇ ਹੋਏ ਦਾਣੇ ਹੀ ਤਾਂ ਹਨ। ਇਹਨਾਂ ਨੂੰ ਪਹਿਲਾਂ ਵੀ ਸਾਰੇ ਬਹੁਤ ਖੁਸ਼ੀ ਖ਼ੁਸ਼ੀ ਖਾਂਦੇ ਸਨ ਤੇ ਰੋਜ਼ਾਨਾ ਖੁਰਾਕ ਦਾ ਹਿੱਸਾ ਹੁੰਦੇ ਸਨ। ਉਦੋਂ ਇਹਨਾਂ ਨੂੰ ਖਾਣ ਪਿੱਛੇ ਬਹੁਤ ਮਿਹਨਤ ਕਰਨੀ ਪੈਂਦੀ ਸੀ। ਪਹਿਲਾਂ ਛੱਲੀਆਂ ਨੂੰ ਧੁੱਪੇ ਸੁਕਾਇਆ ਜਾਂਦਾ ਸੀ ਫਿਰ ਦਾਣਿਆਂ ਨੂੰ ਗੁੱਲਾਂ ਤੋਂ ਲਾਹਿਆ ਜਾਂਦਾ ਸੀ। ਦਾਣੇ ਲਾਹ ਕੇ ਜਦ ਮਾਵਾਂ ਬੱਚਿਆਂ ਨੂੰ ਦਸੂਤੀ ਦੀ ਕਢਾਈ ਕੀਤੇ ਝੋਲ਼ੇ ਵਿੱਚ ਜਾਂ ਫਿਰ ਖੱਦਰ ਦੇ ਪੋਣੇ ਵਿੱਚ ਬੰਨ੍ਹ ਕੇ ਭੱਠੀ ਤੇ ਭੁੰਨਾਉਣ ਲਈ ਭੇਜਦੀਆਂ ਸਨ ਤਾਂ ਉਨ੍ਹਾਂ ਬੱਚਿਆਂ ਦੇ ਆਉਣ ਦਾ ਵੀ ਸਾਰੇ ਟੱਬਰ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਸੀ । ਜਦ ਗਰਮ ਗਰਮ ਮੱਕੀ ਦੇ ਭੁੱਜੇ ਹੋਏ ਦਾਣੇ ਘਰ ਆ ਜਾਂਦੇ ਸਨ ਤਾਂ ਸਾਰੇ ਪਰਿਵਾਰ ਦੇ ਜੀਅ ਸ਼ਾਮ ਨੂੰ ਰਲ਼ ਮਿਲ਼ ਕੇ ਬੈਠਦੇ ਤੇ ਗੁੜ ਦੀ ਰੋੜੀ ਦੇ ਨਾਲ ਦਾਣਿਆਂ ਦਾ ਸਵਾਦ ਚੱਖਦੇ। ਇਹ ਨਿਰੇ ਮੱਕੀ ਦੇ ਭੁੱਜੇ ਦਾਣੇ ਖਾਣ ਦਾ ਸਵਾਦ ਲੈਣ ਦਾ ਹੀ ਸਮਾਂ ਨਹੀਂ ਹੁੰਦਾ ਸੀ ਸਗੋਂ ਇਸ ਦੇ ਕਈ ਹੋਰ ਫਾਇਦੇ ਵੀ ਹੁੰਦੇ ਸਨ। ਸਾਰੇ ਪਰਿਵਾਰ ਦਾ ਸਾਰੇ ਦਿਨ ਭਰ ਦੇ ਕੰਮਾਂ ਤੋਂ ਥਕਾਵਟ ਉਤਾਰਦੇ ਹੋਏ ਆਪਣੇ ਪਰਿਵਾਰ ਦੇ ਜੀਆਂ ਵਿੱਚ ਆਪਸੀ ਪਿਆਰ ਵਧਾਉਣ ਅਤੇ ਘਰੇਲੂ ਗੱਲਾਂ ਬਾਤਾਂ ਰਾਹੀਂ ਪਰਿਵਾਰਿਕ ਸਾਂਝ ਵਧਾਉਣ ਦਾ ਵੀ ਜ਼ਰੀਆ ਹੁੰਦਾ ਸੀ। ਸਿਹਤ ਪੱਖੋਂ ਵੀ ਮੱਕੀ ਦੇ ਭੁੱਜੇ ਦਾਣੇ ਤੇ ਗੁੜ ਜਿੱਥੇ ਇੱਕ ਪੌਸ਼ਟਿਕ ਆਹਾਰ ਹੁੰਦਾ ਸੀ ਉੱਥੇ ਹੀ ਦੰਦਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਧੀਆ ਕਸਰਤ ਵੀ ਹੁੰਦੀ ਸੀ।
           ਜੇ ਆਪਾਂ ਮੱਕੀ ਦੇ ਦਾਣੇ ਭੁੰਨਣ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਮੁੱਢ ਕਦੀਮ ਤੋਂ ਪੰਜਾਬ ਵਿੱਚ ਪਿੰਡ ਦੀ ਭੱਠੀ ‘ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ ਤੇ ਇੱਕ ਖ਼ਾਸ ਬਰਾਦਰੀ ਮਹਿਰਾ ਬਰਾਦਰੀ ਦੀਆਂ ਬਜ਼ੁਰਗ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਸੀ। ਦਾਣੇ ਭੁੰਨਣ ਵਾਲੀ ਔਰਤ ਨੂੰ ‘ਭੱਠੀ ਵਾਲੀ’ ਜਾਂ ‘ਭਠਿਆਰਨ’ ਕਿਹਾ ਜਾਂਦਾ ਹੈ । ਭੱਠੀ ਇੱਕ ਵਿਸ਼ੇਸ਼ ਅਕਾਰ ਦੇ ਵੱਡੇ ਸਾਰੇ ਚੁੱਲ੍ਹੇ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਭੱਠੀ ਵਾਲ਼ੀ ਵੱਲੋਂ ਇੱਕ ਪਾਸੇ ਅੱਗ ਬਾਲਣ ਲਈ ਝੋਕਾ ਲਾਇਆ ਜਾਂਦਾ ਸੀ ਤੇ ਉਸ ਦੇ ਥੋੜ੍ਹੇ ਵਕਫੇ ਤੇ ਜਿੱਥੇ ਅੱਗ ਦੀਆਂ ਲਪਟਾਂ ਨਿਕਲਦੀਆਂ ਸਨ ਉਸ ਚੁੱਲ੍ਹੇ ਉੱਤੇ ਵੱਡੀ ਸਾਰੀ ਕੜਾਹੀ ਵਿੱਚ ਰੇਤਾ ਪਾ ਕੇ ਰੱਖ ਦਿੰਦੀ ਸੀ। ਉਸਨੂੰ ਪੂਰਾ ਗਰਮ ਕਰਕੇ ਵਿੱਚ ਦਾਣੇ ਪਾ ਕੇ ਪੱਠੇ ਵੱਢਣ ਵਾਲੀ ਦਾਤੀ ਨਾਲ ਲਗਾਤਾਰ ਉਹ ਹਿਲਾਉਂਦੀ ਰਹਿੰਦੀ ।  ਦਾਣੇ ਭੁੰਨੇ ਜਾਣ ‘ਤੇ ਇੱਕ ਵੱਡੀ ਛਾਨਣੀ  ਨਾਲ ਰੇਤੇ ਵਿੱਚੋਂ ਦਾਣੇ ਕੱਢ ਲੈਂਦੀ ਸੀ। ਉਸ ਨੂੰ ਪਰਾਗਾ ਕਿਹਾ ਜਾਂਦਾ ਸੀ ।
                          ਦਾਣੇ ਭੁੰਨਣ ਵਾਲੀ ਭੱਠੀ ਪਿੰਡਾਂ ਵਿੱਚ ਆਥਣ ਵੇਲੇ ਹੀ ਤਪਾਈ ਜਾਂਦੀ ਸੀ। ਪੁਰਾਤਨ ਸਮਿਆਂ ਵਿੱਚ ਸ਼ਹਿਰਾਂ ਵਿੱਚ ਵੀ ਕਿਤੇ ਕਿਤੇ ਗਲ਼ੀ ਮੁਹੱਲਿਆਂ ਦੀਆਂ ਨੁੱਕਰਾਂ ਤੇ ਭੱਠੀ ਤਪਾਈ ਜਾਂਦੀ ਸੀ। ਦਾਣੇ ਭੁੰਨਾਉਣ ਲਈ ਛੋਟੇ ਛੋਟੇ ਬੱਚੇ ਭੱਠੀ ਤੋਂ ਦਾਣੇ ਭੁੰਨਾਉਣ ਜਾਂਦੇ ਹੁੰਦੇ ਸਨ। ਉਸ ਵੇਲੇ ਭੱਠੀ ਉੱਤੇ ਪੂਰੀਆਂ ਰੌਣਕਾਂ ਲੱਗ ਜਾਂਦੀਆਂ ਸਨ। ਹਰ ਕੋਈ ਆਪਣੀ ਵਾਰੀ ਦੀ ਉਡੀਕ ਵਿੱਚ ਹੁੰਦਾ ਸੀ । ਭੱਠੀ ਵਾਲੀ ਦਾਣੇ ਭੁੰਨਣ ਦੇ ਮਿਹਨਤਾਨੇ ਵਜੋਂ  ਕੁਝ ਦਾਣੇ ਕੱਢਕੇ ਆਪਣੇ ਰੱਖੇ ਬਰਤਨ ਜਾਂ ਝੋਲ਼ੇ ਵਿੱਚ ਪਾ ਲੈਂਦੀ ਸੀ।  ਇਹਨਾਂ ਦਾਣਿਆਂ ਨੂੰ ‘ਚੁੰਗ’ ਕਿਹਾ ਜਾਂਦਾ ਸੀ । ਭੱਠੀ ਵਾਲੀ ਦਾਣੇ ਭੁੰਨਾਉਣ ਵਾਲਿਆਂ ਦੇ ਬੈਠਣ ਲਈ ਬੋਰੀਆਂ ਜਾਂ ਪੱਲੀਆਂ ਵਿਛਾ ਦਿੰਦੀ ਸੀ। ਸਿਆਲ ਦੀ ਰੁੱਤ ਵਿੱਚ ਭੱਠੀ ਉੱਤੇ ਬੁਹਤ ਰੌਣਕਾਂ ਲੱਗਦੀਆਂ ਸਨ। ਭੱਠੀ ਵਾਲੀ ਕੋਲ਼ ਬੈਠੇ ਛੋਟੇ ਛੋਟੇ ਬੱਚਿਆਂ ਨੂੰ ਕਈ ਵਾਰੀ ਰੂੰਗਾ ਵੀ ਦੇ ਦਿੰਦੀ ਸੀ ਜਿਸ ਨੂੰ ਲੈ ਕੇ ਬੱਚੇ ਖੁਸ਼ ਹੋ ਜਾਂਦੇ ਸਨ । ਭੱਠੀ ਤੋਂ ਭੁੰਨਾਏ ਦਾਣਿਆਂ ਵਿੱਚ ਜੋ ਸੁਆਦ  ਹੁੰਦਾ ਸੀ ਉਹ ਅਜੋਕੇ ਮਸ਼ੀਨੀ ਯੁੱਗ ਵਿੱਚ ‘ਪੌਪ ਕੌਰਨ’ ਵਾਲੀਆਂ ਮਸ਼ੀਨਾਂ ਵਿੱਚ ਭੁੰਨੇ ਦਾਣਿਆਂ ਵਿੱਚ ਕਿੱਥੇ ਆਉਂਦਾ ਹੈ। ਜ਼ਮਾਨੇ ਨੇ ਐਨੀ ਤੇਜ਼ੀ ਨਾਲ ਬਦਲਾਅ ਦੀ ਰਫ਼ਤਾਰ ਫੜੀ ਕਿ ਪਤਾ ਹੀ ਨਹੀਂ ਲੱਗਿਆ ਕਦ ਮੱਕੀ ਦੇ ਭੁੱਜੇ ਦਾਣਿਆਂ ਨੇ ਪੌਪ ਕੌਰਨ ਵਾਲ਼ਾ ਪਹਿਰਾਵਾ ਪਹਿਨ ਲਿਆ। ਸਾਡੇ ਵਿਰਸੇ ਦੀਆਂ ਭੱਠੀਆਂ ਅਤੇ ਭੱਠੀਆਂ ਵਾਲ਼ੀਆਂ ਵਾਲਾ ਬਹਮੁੱਲਾ ਖ਼ਜ਼ਾਨਾ ਭਾਵੇਂ ਅਲੋਪ ਹੋ ਗਿਆ ਹੈ ਪਰ ਇਹ ਸਾਡੀਆਂ ਯਾਦਾਂ  ਵਿੱਚ ਹਮੇਸ਼ਾਂ ਜਿਊਂਦਾ ਰਹੇਗਾ ਕਿਉਂਕਿ ਆਪਣੇ ਵਿਰਸੇ ਨੂੰ ਯਾਦਾਂ ਰਾਹੀਂ ਜਿਊਂਦਾ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
 ਬਰਜਿੰਦਰ ਕੌਰ ਬਿਸਰਾਓ
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਤੇਲੰਗਾਨਾ ਵਿਖੇ ਹੋਏ ਸੈਸਟੋਬਾਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੀ ਟੀਮ (ਕੁੜੀਆਂ) ਨੇ ਪਾਈਆਂ ਧੁੰਮਾਂ
Next articleਜੱਜ ਬਣੀ ਸੋਨਾਲੀ ਕੌਲ ਦਾ ਕੀਤਾ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਸਨਮਾਨ