ਏਹੁ ਹਮਾਰਾ ਜੀਵਣਾ ਹੈ -501

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-  “ਅਧਿਆਪਕ” ਇੱਕ ਉਹ ਸ਼ਖ਼ਸੀਅਤ ਹੁੰਦੀ ਹੈ ਜੋ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਨ ਦੇ ਨਾਲ ਹੀ ਦੇਸ਼ ਦਾ ਭਵਿੱਖ ਵੀ ਉਸਾਰ ਰਿਹਾ ਹੁੰਦਾ ਹੈ। ਅਧਿਆਪਕ ਦੀ ਸ਼ਖ਼ਸੀਅਤ ਦਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਅਤੇ ਉਹਨਾਂ ਦੇ ਭਵਿੱਖ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਮੁੱਢਲੀ ਵਿੱਦਿਆ ਤੋਂ ਹੀ ਜੇ ਅਧਿਆਪਕ ਬੱਚਿਆਂ ਦੀ ਨੀਂਹ ਮਜ਼ਬੂਤ ਬਣਾਉਣ ਵਿੱਚ ਪੂਰੀ ਮਿਹਨਤ ਲਗਾਏਗਾ ਤਾਂ ਬੱਚਿਆਂ ਦਾ ਭਵਿੱਖ ਵੀ ਇੱਕ ਮਜ਼ਬੂਤ ਨੀਂਹ ਵਾਲ਼ੀ ਚੰਗੀ ਇਮਾਰਤ ਵਾਂਗ ਮਜ਼ਬੂਤ ਬਣ ਸਕੇਗਾ। ਜਿਸ ਕਰਕੇ ਬੱਚਿਆਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਭਵਿੱਖ ਦੇ ਨਿਰਮਾਣ ਦਾ ਆਧਾਰ ਅਧਿਆਪਕ ਨੂੰ ਹੀ ਮੰਨਿਆ ਜਾਂਦਾ ਹੈ । ਇਸੇ ਲਈ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਗੁਰੂ ਸ਼ਿਸ਼ ਦੇ ਰਿਸ਼ਤੇ ਨਾਲ ਵੇਖਿਆ ਜਾਂਦਾ ਰਿਹਾ ਹੈ। ਕੀ ਅੱਜ ਕੱਲ੍ਹ ਵੀ ਅਧਿਆਪਕ- ਵਿਦਿਆਰਥੀ ਦੇ ਰਿਸ਼ਤੇ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ? ਜੇ ਨਹੀਂ ਤਾਂ ਇਸ ਦੇ ਕੀ ਕਾਰਨ ਹੋ ਸਕਦੇ ਹਨ ਇਹਨਾਂ ਬਾਰੇ ਜਾਣਨਾ ਵੀ ਜ਼ਰੂਰੀ ਹੈ।

   ਦਰ ਅਸਲ ਅੱਜ ਕੱਲ੍ਹ ਵਿੱਦਿਆ ਦੇ ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਸਮਾਜ ਵਿੱਚ ਇਸ ਕਿੱਤੇ ਪ੍ਰਤੀ ਵਫ਼ਾਦਾਰੀ ਨੂੰ ਘਟਾ ਕੇ ਦਾਗ਼ਦਾਰ ਕੀਤਾ ਹੈ। ਜਿਹੜਾ ਅਧਿਆਪਕ ਕਿਸੇ ਵੇਲਿਆਂ ਵਿੱਚ ਗੁਰੂ ਦਾ ਦਰਜਾ ਰੱਖਦਾ ਸੀ ਉਹ ਸਮਾਜ ਵਿੱਚ ਇੱਕ ਦਿਹਾੜੀਦਾਰ ਵਾਂਗ ਵਿਚਰਨ ਲੱਗ ਪਿਆ ਹੈ । ਅੱਜ ਦੇ ਅਧਿਆਪਕ ਦੀ ਸੋਚ ਵਿੱਚ ਆਪਣੀ ਨਿੱਜਤਾ ਦੇ ਜੀਵਨ ਪੱਧਰ ਭਾਰੂ ਹੋਣ ਕਰਕੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਸੋਚ ਨਾਲੋਂ ਵੱਧ ਪੈਸਾ ਕਮਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਸਭ ਲਈ ਨਿੱਜੀ ਸਕੂਲ,ਕਾਲਜ ਤੇ ਯੂਨੀਵਰਸਿਟੀਆਂ ਜ਼ਿੰਮੇਵਾਰ ਹਨ ਜੋ ਅਧਿਆਪਕਾਂ ਨੂੰ ਆਪਣੇ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਾਲਾ ਮਾਰਕੀਟਿੰਗ ਏਜੰਟ ਵਜੋਂ ਵਰਤ ਰਹੀਆਂ ਹਨ ਪਰ ਦੂਜੇ ਪਾਸੇ ਇਸ ਸਭ ਲਈ ਸਰਮਾਏਦਾਰ ਮਾਪੇ ਵੀ ਜ਼ਿੰਮੇਵਾਰ ਹਨ ਜੋ ਸਕੂਲਾਂ ਜਾਂ ਅਧਿਆਪਕਾਂ ਨੂੰ ਇੱਕ ਚੰਗੇ ਕਾਰੀਗਰਾਂ ਵਾਂਗ ਬਹੁਤੀ ਰਕਮ ਦੀ ਅਦਾਇਗੀ ਕਰਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰੀਦਦਾਰ ਬਣਦੇ ਹਨ। ਇਸ ਤਰ੍ਹਾਂ ਕਰਨ ਨਾਲ਼ ਵਿੱਦਿਅਕ ਸੰਸਥਾਵਾਂ ਦੇ ਪੱਧਰ ਦਾ ਵਰਗੀਕਰਨ ਹੋਣ ਲੱਗ ਪਿਆ ਹੈ ਜਿਸ ਕਰਕੇ ਵਿੱਦਿਆ ਦਾ ਪੱਧਰ ਅਤੇ ਅਧਿਆਪਕਾਂ ਦਾ ਪੱਧਰ ਤੇ ਫਿਰ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਵੰਡੇ ਜਾਣ ਕਰਕੇ ਸਮਾਜ ਵਿੱਚ ਅਧਿਆਪਕ ਦਾ ਦਰਜਾ ਵੀ ਤਹਿ ਹੋਣ ਲੱਗ ਪਿਆ ਹੈ। ਅੱਜ ਕੱਲ੍ਹ ਜ਼ਿਆਦਾਤਰ ਮਾਪਿਆਂ ਦੇ  ਵੱਧ ਪੜ੍ਹੇ ਲਿਖੇ ਹੋਣ ਕਰਕੇ ਵਿੱਦਿਅਕ ਸੰਸਥਾਵਾਂ ਅਤੇ ਅਧਿਆਪਕਾਂ ਦੇ ਕੰਮਾਂ ਵਿੱਚ ਉਹਨਾਂ ਵੱਲੋਂ ਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਕਰਨ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ ਘਟਦਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਮਾਪੇ ਅਧਿਆਪਕ ਨੂੰ ਇੱਕ ਗੁਰੂ ਜਾਂ ਸਤਿਕਾਰਯੋਗ ਹਸਤੀ ਨਾਲੋਂ ਵੱਧ ਉਹਨਾਂ ਵੱਲੋਂ ਵਧੀਆ ਸਕੂਲ ਵਿੱਚ ਵੱਧ ਅਦਾਇਗੀ ਕਰਕੇ  ਵਿੱਦਿਆ ਨੂੰ ਵਸਤੂ ਵਾਂਗ ਹਾਸਲ ਕਰਨਾ ਆਪਣਾ ਹੱਕ ਸਮਝਦੇ ਹਨ ਜਿਸ ਵਿੱਚ ਉਹ ਅਧਿਆਪਕ ਦੇ ਰੋਲ ਨੂੰ ਇੱਕ ਨੌਕਰ ਵਾਂਗ ਸਮਝਣ ਲੱਗੇ ਹਨ। ਜਿਸ ਕਰਕੇ ਉਹਨਾਂ ਦੇ ਬੱਚਿਆਂ ਦਾ ਵੀ ਆਪਣੇ ਅਧਿਆਪਕਾਂ ਪ੍ਰਤੀ ਰਵੱਈਆ ਘਟੀਆ ਹੋਣ ਲੱਗ ਪਿਆ ਹੈ। ਕਈ ਵਾਰ ਬਹੁਤੇ ਮਾਪੇ ਬੱਚਿਆਂ ਦੇ ਸਾਹਮਣੇ ਹੀ ਅਧਿਆਪਕਾਂ ਪ੍ਰਤੀ ਇਹੋ ਜਿਹੀ ਭਾਸ਼ਾ ਵਰਤ ਕੇ ਗੱਲ ਕਰਦੇ ਹਨ ਕਿ ਬੱਚਿਆਂ ਵਿੱਚ ਆਪਣੇ ਆਪ ਸਤਿਕਾਰ ਦੀ ਕਮੀ ਆ ਜਾਂਦੀ ਹੈ। ਕਈ ਵਾਰ ਬੇਰੁਜ਼ਗਾਰੀ ਕਾਰਨ ਜਾਂ ਵੱਧ ਕਮਾਈ ਕਰਨ ਦੀ ਹੋੜ ਵਿੱਚ ਚੰਗੇ ਯੋਗ ਅਧਿਆਪਕ ਅਮੀਰ ਘਰਾਣਿਆਂ ਦੇ ਬੱਚਿਆਂ ਨੂੰ ਜਦ ਉਹਨਾਂ ਦੇ ਘਰ ਜਾ ਕੇ ਪੜ੍ਹਾਉਂਦੇ ਹਨ ਤਾਂ ਮਾਪਿਆਂ ਅਤੇ ਬੱਚਿਆਂ ਅੰਦਰ ਅਮੀਰੀ ਦੀ ਭਾਵਨਾ ਪਨਪਦੀ ਹੈ ਜਿਸ ਕਰਕੇ ਉਹਨਾਂ ਨੂੰ ਅਧਿਆਪਕ ਦਾ ਕਿਰਦਾਰ ਬਹੁਤ ਛੋਟਾ ਜਿਹਾ ਜਾਪਣ ਲੱਗਦਾ ਹੈ । ਉਹ ਉਹਨਾਂ ਨੂੰ ਆਪਣੇ ਇੱਕ ਛੋਟੇ ਜਿਹੇ ਕਰਮਚਾਰੀ ਵਾਂਗ ਸਮਝਦੇ ਹਨ ਜਿਸ ਵਿੱਚ ਅਧਿਆਪਕ-ਵਿਦਿਆਰਥੀ ਅੰਦਰ ਗੁਰ-ਸ਼ਿਸ਼ ਵਾਲੀ ਭਾਵਨਾ ਖ਼ਤਮ ਹੋਣ ਦੇ ਨਾਲ ਨਾਲ ਅਧਿਆਪਕ ਪ੍ਰਤੀ ਬਣਦਾ ਸਤਿਕਾਰ ਵੀ ਖ਼ਤਮ ਹੋ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਨਾ ਅਧਿਆਪਕ ਲਾਲਚੀ ਸਨ ਤੇ ਨਾ ਮਾਪਿਆਂ ਦੀ ਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਸੀ ਜਿਸ ਕਰਕੇ ਦੋਵੇਂ ਧਿਰਾਂ ਦਾ ਆਪਸੀ ਸਹਿਯੋਗ ਬੱਚਿਆਂ ਵਿੱਚ ਜਿਹੜਾ ਸਤਿਕਾਰ ਅਧਿਆਪਕ ਪ੍ਰਤੀ ਪੈਦਾ ਕਰਦਾ ਸੀ ਉਹ ਉਮਰਾਂ ਬੱਧੀ ਬੱਚਿਆਂ ਦੇ ਮਨਾਂ ਵਿੱਚ ਬਰਕਰਾਰ ਰਹਿੰਦਾ ਸੀ ਜੋ ਅੱਜ ਦੇ ਸਮਿਆਂ ਵਿੱਚ  ਖ਼ਤਮ ਹੋ ਰਿਹਾ ਹੈ।
                     ਜੇ ਦੇਖਿਆ ਜਾਵੇ ਤਾਂ ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ ਹੋਣੀ ਚਾਹੀਦੀ ਹੈ। ਪਰ ਅੱਜ ਦੇ ਜ਼ਮਾਨੇ ਇਹ ਗੱਲ ਉਦੋਂ ਬੇਅਸਰ ਹੋ ਜਾਂਦੀ ਹੈ ਜਦੋਂ ਇੱਕ ਅਧਿਆਪਕ ਆਪਣੀ ਯੋਗਤਾ ਦੇ ਸਰਟੀਫਿਕੇਟ ਲੈ ਕੇ ਨੌਕਰੀ ਦੀ ਤਲਾਸ਼ ਸ਼ੁਰੂ ਕਰਦਾ ਹੈ ਤਾਂ  ਉਸ ਦਾ ਅੱਧਾ ਮਨੋਬਲ ਉਦੋਂ ਹੀ ਘਟ ਜਾਂਦਾ ਹੈ ਜਦੋਂ ਉਸ ਨੂੰ ਕਿੰਨੀਆਂ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰ ਕੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਜਾਂ ਕਾਲਜਾਂ ਵਿੱਚ ਇੱਕ ਦਿਹਾੜੀਦਾਰ ਵਾਂਗ ਤਨਖਾਹਾਂ ਦੇ ਹੇਰ ਫੇਰ ਹੇਠ ਕਰਦੇ ਹੋਏ ਘੱਟ ਤਨਖਾਹ ਤੇ ਰੱਖ ਲਿਆ ਜਾਂਦਾ ਹੈ। ਅਧਿਆਪਕ ਦੀ ਸ਼ਖ਼ਸੀਅਤ ਵਿੱਚ ਗਿਰਾਵਟ ਲਿਆਉਣ ਵਿੱਚ ਇਹ ਇੱਕ ਵੱਡਾ ਕਾਰਨ ਬਣਦਾ ਹੈ। ਅਧਿਆਪਕਾਂ ਵੱਲੋਂ ਕੀਤੇ ਜਾਂਦੇ ਸੰਘਰਸ਼ ਜਾਂ ਉਹਨਾਂ ਵੱਲੋਂ ਲਾਏ ਜਾਣ ਵਾਲੇ ਧਰਨੇ ਜਾਂ ਫਿਰ ਕਿਸੇ ਉੱਚ ਅਹੁਦੇ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕੈਮਰਿਆਂ ਸਾਹਮਣੇ ਫਿਟਕਾਰ ਲਗਾਈ ਜਾਂਦੀ ਹੈ ਤੇ ਇਹੀ ਗੱਲਾਂ ਜਦ ਮੀਡੀਆ ਰਾਹੀਂ ਘਰ ਘਰ ਵਿਖਾਈਆਂ ਜਾਂਦੀਆਂ ਹਨ ਤਾਂ ਉਸ ਸਮੇਂ ਅਧਿਆਪਕ ਦਾ ਗੁਰੂ ਵਾਲ਼ਾ ਕਿਰਦਾਰ ਖ਼ਤਮ ਹੋ ਜਾਂਦਾ ਹੈ ਤੇ ਉਹ ਇੱਕ ਭਟਕਦਾ ਹੋਇਆ ਇੱਕ ਗਰੀਬੜਾ ਜਿਹਾ ਸੰਘਰਸ਼ਸ਼ੀਲ ਇਨਸਾਨ ਸਭ ਲਈ ਤਰਸ ਦਾ ਪਾਤਰ ਨਜ਼ਰ ਆਉਂਦਾ ਹੈ। ਜੇ ਅਸੀਂ ਸੱਚਮੁੱਚ ਅਧਿਆਪਕ ਦਾ ਪਹਿਲਾਂ ਵਾਂਗ ਉੱਚਾ ਦਰਜਾ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਉਪਰੋਕਤ ਗੱਲਾਂ ਵੱਲ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਪੂਰੇ ਸਮਾਜ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਉੱਤੇ ਪੈਂਦਾ ਹੈ। ਇੱਕ ਚੰਗੇ ਭਵਿੱਖ ਲਈ ਚੰਗੀ ਪੀੜ੍ਹੀ ਦਾ ਨਿਰਮਾਣ ਕਰਨਾ ਸਾਡਾ ਫਰਜ਼ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article     ਏਹੁ ਹਮਾਰਾ ਜੀਵਣਾ ਹੈ -502
Next articleਜਲਗਾਹਾਂ ਧਰਤੀ ‘ਤੇ ਜੀਵਨ  ਲੜੀ ਨੂੰ ਬਣਾਈ ਰੱਖਣ ਲਈ ਅਹਿਮ