ਏਹੁ ਹਮਾਰਾ ਜੀਵਣਾ ਹੈ -498

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-   ਹਰਚਰਨ ਸਿਓਂ ਬਾਬੇ ਦੀ ਘਰਵਾਲ਼ੀ ਮੁੱਕੀ ਨੂੰ ਦੋ ਵਰ੍ਹੇ ਹੋ ਗਏ ਸਨ। ਉਹ ਵੀ ਹੁਣ ਮਾੜਾ ਮੋਟਾ ਆਪਣੇ ਆਪ ਦੀ ਕਿਰਿਆ ਸੋਧਣ ਜੋਗਾ ਹੀ ਰਹਿ ਗਿਆ ਸੀ। ਕੰਧ ਫੜ ਫ਼ੜ ਕੇ ਬਾਥਰੂਮ ਤੱਕ ਚਲੇ ਜਾਂਦਾ ਸੀ…ਪਰ ਆਪਣੇ ਆਪ ਨ੍ਹਾਉਣ ਧੋਣ ਜੋਗਾ ਹੁਣ ਨਹੀਂ ਰਿਹਾ ਸੀ। ਉਸ ਦਾ ਵੱਡਾ ਮੁੰਡਾ ਹਫ਼ਤੇ ਦਸ ਦਿਨ ਬਾਅਦ ਸ਼ਹਿਰੋਂ ਆ ਕੇ ਉਸ ਨੂੰ ਨਵ੍ਹਾ ਜਾਂਦਾ ਸੀ। ਪਰ ਕੁਛ ਕੁ ਮਹੀਨਿਆਂ ਵਿੱਚ ਹੀ ਉਹ ਸਿਰਫ਼ ਮੰਜੇ ਜੋਗਾ ਰਹਿ ਗਿਆ ਸੀ। ਉਂਝ ਤਾਂ ਉਹ ਆਪਣੇ ਛੋਟੇ ਨੂੰਹ ਪੁੱਤ ਤੇ ਪੋਤਿਆਂ ਵਿੱਚ ਰਹਿੰਦਾ ਸੀ। ਪਰ ਉਹਨਾਂ ਨੂੰ ਤਾਂ ਆਪਣਾ ਕਮਰਾ ਖਾਲੀ ਹੋਣ ਦਾ ਇੰਤਜ਼ਾਰ ਸੀ। ਹਰਚਰਨ ਸਿਉਂ ਦੀ ਇੱਕ ਧੀ ਸੀ ਜੋ ਪਿਓ ਦਾ ਹਾਲ ਚਾਲ ਪੁੱਛਣ ਘੱਟ ਤੇ ਛੋਟੀ ਭਰਜਾਈ ਭਤੀਜਿਆਂ ਨਾਲ਼ ਹਾਸਾ ਠੱਠਾ ਕਰਨ ਵੱਧ ਆਉਂਦੀ ਸੀ। ਉਹ ਧੀ ਵੀ ਕਾਹਦੀ ਸੀ ਬੱਸ ਨਿਰਾ ਚੱਕਵਾਂ ਚੁੱਲ੍ਹਾ ਸੀ। ਜੀਹਦੇ ਤੋਂ ਉਸ ਨੂੰ ਲੱਗਦਾ ਚਾਰ ਛਿੱਲੜ ਵੱਧ ਮਿਲ਼ ਜਾਣਗੇ ਉਸੇ ਦੀ ਹੋ ਜਾਂਦੀ ਸੀ। ਨਿਰੀ ਲਾਲਚੀ ਸੀ। ਕਦੇ ਕਦੇ ਤਾਂ ਉਹ ਆਪਣੀ ਛੋਟੀ ਭਰਜਾਈ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਆਪਣੇ ਬਾਪ ਬਾਰੇ ਕਹਿ ਹੀ ਦਿੰਦੀ,”…… ਊਂ ਐਨੀ ਉਮਰ ਵੀ ਕੀ ਕਰਨੀ ਆ….. ਜਦ ਬੰਦਾ ਆਪਣੇ ਆਪ ਜੋਗਾ ਵੀ ਨਾ ਰਹੇ….. ਐਦੂੰ ਤਾਂ ਰੱਬ ਪਰਦਾ ਈ ਪਾ ਲਏ…..।”

                  ਹਰਚਰਨ ਸਿਉਂ ਦੀ ਦੇਖਭਾਲ ਦੀ ਸਥਿਤੀ ਦੇਖ਼ ਕੇ ਉਸ ਦੇ ਸ਼ਹਿਰ ਰਹਿੰਦੇ ਮੁੰਡੇ ਨੇ ਪਹਿਲਾਂ ਬਹੁਤ ਦੇਰ ਹਸਪਤਾਲ ਦਾਖ਼ਲ ਕਰਵਾ ਕੇ ਇਲਾਜ ਕਰਵਾਇਆ ਤੇ ਜਦ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਤਾਂ ਉਹ ਪਿੰਡ ਵਾਪਸ ਲੈ ਗਿਆ ਕਿਉਂਕਿ ਉਹ ਉਸ ਨੂੰ ਉਸ ਦੇ ਆਖ਼ਰੀ ਦਿਨਾਂ ਵਿੱਚ ਪਿੰਡ ਦੇ ਖੁੱਲ੍ਹੇ ਮਾਹੌਲ ਨਾਲੋਂ ਤੋੜਨਾ ਨਹੀਂ ਚਾਹੁੰਦਾ ਸੀ ਜਿੱਥੇ ਉਸ ਨੇ ਸਾਰੀ ਉਮਰ ਕੱਟੀ ਸੀ। ਉਸ ਦੀ ਛੋਟੀ ਨੂੰਹ ਨੇ ਦੇਖਦੇ ਹੀ ਆਖਿਆ,”……. ਲੈ ਬੁੜ੍ਹੇ ਨੂੰ ਫ਼ਿਰ ਜਿਉਂਦਾ ਈ ਲਿਆਂਦਾ ਘਰ…… ਹੁਣ ਤਾਂ ਹਸਪਤਾਲ ਵਾਲਿਆਂ ਨੇ ਇਹਦੀ ਸਰਵਿਸ ਕਰ ਦਿੱਤੀ…… ਹੁਣ ਦੋ ਸਾਲ ਕਿਧਰੇ ਨੀ ਜਾਂਦਾ…… ਮੈਨੂੰ ਈ ਦੱਦ ਲੱਗੂ…..।” ਪਹਿਲਾਂ ਵੀ ਹਰਚਰਨ ਸਿਉਂ ਛੇਤੀ ਛੇਤੀ ਮੰਜੇ ਤੇ ਪੈਣ ਵਾਲਾ ਨਹੀਂ ਸੀ। ਉਸ ਦੀ ਛੋਟੀ ਨੂੰਹ ਵੱਲੋਂ ਬੋਲੇ ਬੋਲ ਕੁਬੋਲ ਹੀ ਲੈ ਬੈਠੇ ਸਨ ਕਦੇ ਕਹਿੰਦੀ ,”….. ਖਸਮਾਂ ਨੂੰ ਖਾਣਾਂ ਸਾਡੇ ਵਰਗਿਆਂ ਦੇ ਡੂਢ ਰੋਟੀ ਹਜ਼ਮ ਨੀ ਹੁੰਦੀ…… ਇਹਦੇ ਅੰਦਰ ਤਾਂ ਰੱਬ ਨੇ ਪਤਾ ਨਹੀਂ ਕਿਹੜੀ ਬੈਟਰੀ ਫਿੱਟ ਕੀਤੀ ਆ….. ਪੰਜ ਪੰਜ ਰੋਟੀਆਂ….. ਝੁਲਸ ਕੇ ਵੀ….. ਬਿੰਦ ਚ ਡਕਾਰ ਮਾਰ ਦਿੰਦਾ…….!” ਕਦੇ ਉਸ ਨੂੰ ਆਖਦੀ,”…… ਨਾ ਤੂੰ ਸਾਨੂੰ ਕਿਉਂ ਦੱਦ ਲੱਗਿਆਂ ਹੋਇਆਂ…… ਵੱਡੇ ਕੋਲ਼ ਕਿਉਂ ਨੀ ਚਲੇ ਜਾਂਦਾ…… ਕਿਉਂ ਸਾਡਾ ਲਹੂ ਪੀਣਾ ਲਿਆ ਹੋਇਆ….!” ਜੇ ਕਦੇ ਉਹ ਕਹਿੰਦਾ,”…. ਮੇਰੇ ਹਿੱਸੇ ਦੀ ਜ਼ਮੀਨ ਦਾ ਠੇਕਾ ਵੀ ਤਾਂ ਤੁਸੀਂ ਖਾਂਦੇ ਓਂ …… ਸਾਰੀ ਉਮਰ ਪਿੰਡ ਚ ਕੱਢ ਕੇ…… ਮੈਂ ਸ਼ਹਿਰ ਕਿਵੇਂ ਚਲੇ ਜਾਵਾਂ…..।” ਤਾਂ ਛੋਟੀ ਬਹੂ ਨੇ ਆਖਣਾ,”….ਨਾ ਜੇ ਤੇਰੇ ਹਿੱਸੇ ਦੀ ਜ਼ਮੀਨ ਅਸੀਂ ਖਾਂਦੇ ਆਂ …… ਤਾਂ ਅਸੀਂ ਤੇਰੇ ਨੌਕਰ ਬਣਗੇ….. (ਨਹੋਰਾ ਮਾਰ ਕੇ) ਕਿਹੜੀਆਂ ਗੱਲਾਂ ਕਰਦਾ ਬੁੜਾ….!”
                 ਵੱਡੇ ਮੁੰਡੇ ਨੇ ਉਹਨਾਂ ਦਾ ਰਵੱਈਆ ਵੇਖ ਕੇ ਸ਼ਹਿਰੋਂ ਹਰ ਰੋਜ਼ ਆਪ ਆ ਕੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਸ਼ਹਿਰ ਵੀ ਬਹੁਤੀ ਦੂਰ ਨਹੀਂ ਸੀ। ਉਸ ਨੇ ਆਪਣੇ ਪਿਓ ਨੂੰ ਸਾਂਭਣ ਦੀ ਨਿਤਾ ਪ੍ਰਤੀ ਆਪਣੀ ਡਿਊਟੀ ਹੀ ਸਮਝ ਲਈ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਲਾਚਾਰ ਅਵਸਥਾ ਵਿੱਚ ਉਸ ਨੂੰ ਇਕੱਲਿਆਂ ਛੱਡਿਆ ਨਹੀਂ ਜਾ ਸਕਦਾ ਤੇ ਬਾਕੀ ਟੱਬਰ ਤੋਂ ਉਸ ਦੀ ਦੇਖਭਾਲ ਦੀ ਉਸ ਨੂੰ ਕੋਈ ਆਸ ਨਹੀਂ ਸੀ । ਤਿੰਨ ਕੁ ਮਹੀਨੇ ਆਪਣੇ ਲੇਖੇ ਜੋਖੇ ਪੂਰੇ ਕਰਦਾ ਹਰਚਰਨ ਬਾਬਾ ਚੜ੍ਹਾਈ ਕਰ ਗਿਆ। ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਵੱਡੀ ਨੂੰਹ ਵੀ ਆਈ, ਉਸ ਨੂੰ ਜਿੰਨਾਂ ਕੁ ਰੋਣਾ ਆਇਆ ਰੋ ਕੇ ਬੁੜੀਆਂ ਵਿੱਚ ਬੈਠ ਗਈ। ਛੋਟੀ ਨੂੰਹ ਤੇ ਧੀ ਬਾਬੇ ਦੇ ਮੰਜੇ ਕੋਲ ਬੈਠੀਆਂ ਉੱਚੀ ਉੱਚੀ ਕੀਰਨੇ ਪਾਉਂਦੀਆਂ ਆਖਣ,”….. ਹਾਏ ਵੇ ਬਾਪੂ……. ਤੂੰ ਵਿਹੜਾ ਸੁੰਨਾ ਕਰ ਗਿਆ….. ਤੈਨੂੰ ਹੁਣ ਕਿੱਥੋਂ ਲੱਭਾਂਗੇ……. ਬਾਪੂ……. ਹੁਣ ਸਾਡੇ ਲਾਡ ਕੌਣ ਲਡਾਊ…..।” ਜਿਹੜਾ ਵੀ ਕੋਈ ਨਵਾਂ ਰਿਸ਼ਤੇਦਾਰ ਆਉਂਦਾ,ਉਸੇ ਦੇ ਗਲ਼ ਲੱਗ ਕੇ ਮਿਲ਼ਦੀਆਂ ਤੇ ਕੀਰਨਿਆਂ ਦੇ ਰੂਪ ਵਿੱਚ ਉੱਚੀ ਉੱਚੀ ਚੀਕ ਚਿਹਾੜਾ ਪਾਉਂਦੀਆਂ……. ਵੱਡੀ ਨੂੰਹ ਬੈਠੀ ਸੋਚ ਰਹੀ ਸੀ ਕਿ ਕੋਈ ਐਨੇ ਡਰਾਮੇ ਕਿਵੇਂ ਕਰ ਸਕਦਾ ਹੈ ? ਨਿੱਤ ਤਾਂ ਉਹ ਫੋਨ ਕਰਕੇ ਕਹਿੰਦੀ ਸੀ ਕਿ ਬੁੜ੍ਹੇ ਨੇ ਦੁਖੀ ਕੀਤਾ ਪਿਆ ਹੈ ਪਤਾ ਨੀ ਕਦੋਂ ਗਲੋਂ ਲਹੁਗਾ ।
ਪਿੰਡ ਵਿੱਚੋਂ ਹੀ ਛੋਟੀ ਨੂੰਹ ਦੀ ਇੱਕ ਸਹੇਲੀ ਵੱਡੀ ਕੋਲ਼ ਬੈਠ ਕੇ ਬੁੜੀਆਂ ਨੂੰ ਆਖਣ ਲੱਗੀ,”…… ਛੋਟੀ ਨੂੰਹ ਨੇ ਬੜੀ ਸੇਵਾ ਕੀਤੀ ਏ…. ਐਨੀ ਬੋ ਮਾਰਦੀ ਹੁੰਦੀ ਸੀ ਬਾਬੇ ਕੋਲੋਂ….. ਵਿਚਾਰੀ ਧੰਨ ਸੀ….. ਜੀਹਨੇ ਸਾਂਭਿਆ….।”
ਵੱਡੀ ਨੂੰਹ ਨੂੰ ਹਰਖ ਚੜ੍ਹਿਆ ਤੇ ਉਸ ਨੇ ਉਸੇ ਸਮੇਂ ਆਖਿਆ,”….. ਭੈਣੇ ਤੁਸੀਂ ਆਹ ਕਿਹੜੀ ਗੱਲ ਕੀਤੀ ਐ….. ਇਹ (ਉਸ ਦਾ ਪਤੀ) ਤਾਂ ਰੋਜ਼ ਉਹਨਾਂ ਦੇ ਕੱਪੜੇ ਬਦਲ ਕੇ ਜਾਂਦੇ ਸੀ…… ਸਾਰੇ ਸਰੀਰ ਦੀ ਸਾਫ਼ ਸਫ਼ਾਈ ਕਰਕੇ……. ਪਾਊਡਰ ਪਾ ਕੇ ਰੱਖਦੇ ਸੀ…… ਬੋ ਆਉਣ ਦਾ ਤਾਂ ਸਵਾਲ ਈ ਨੀ ਉੱਠਦਾ….।”
        ਇਹ ਸੁਣ ਕੇ ਉਸ ਔਰਤ ਦੀ ਬੋਲਤੀ ਬੰਦ ਹੋ ਗਈ ਤੇ ਉਸ ਤੋਂ ਅੱਗੇ ਕੁਛ ਬੋਲਣ ਦੀ ਹਿੰਮਤ ਨਾ ਪਈ। ਛੋਟੀ ਨੂੰਹ ਅਤੇ ਬਾਬੇ ਦੀ ਧੀ ਦੇ ਕੀਰਨਿਆਂ ਤੋਂ ਪਿੰਡ ਦੀਆਂ ਬੁੜੀਆਂ ਤੇ ਰਿਸ਼ਤੇਦਾਰ ਬਹੁਤ ਪ੍ਰਭਾਵਿਤ ਸਨ ਤੇ ਕੋਈ ਕੋਈ ਗੱਲਾਂ ਕਰਦੀਆਂ,”….. ਆਹ ਜਿਹੜਾ ਆਂਦਰਾਂ ਦਾ ਮੋਹ ਮਾਰ ਲੈਂਦਾ….. ਅਕਸਰ ਨੂੰ ਮਾਪੇ ਤਾਂ ਮਾਪੇ ਹੁੰਦੇ ਨੇ….. ਦੁਨੀਆਂ ਤੋਂ ਤੋਰਨੇ ਕਿਹੜਾ ਸੌਖੇ ਨੇ……!” ਤੇ ਨਾਲ਼ ਹੀ ਆਪਣੀ ਚੁੰਨੀ ਨਾਲ ਸੁੱਕੀਆਂ ਅੱਖਾਂ ਪੂੰਝ ਲੈਂਦੀਆਂ।
         ਬਾਬੇ ਦਾ ਸਸਕਾਰ ਹੋ ਗਿਆ। ਕੀਰਨਿਆਂ ਦੀ ਪ੍ਰਕਿਰਿਆ ਵੀ ਬੰਦ ਹੋ ਗਈ ਸੀ। ਸਾਰੇ ਗੁਰਦੁਆਰੇ ਭੋਗ ਤੋਂ ਬਾਅਦ ਘਰ ਆ ਗਏ ਸਨ। ਹੁਣ ਬਾਬੇ ਦੀਆਂ ਬਾਕੀ ਰਸਮਾਂ ਬਾਰੇ ਗੱਲ ਬਾਤ ਹੋਣ ਲੱਗੀ। ਘਰ ਵਿੱਚ ਫਿਰ ਵਿਆਹ ਵਰਗਾ ਮਾਹੌਲ ਜਿਹਾ ਬਣਨ ਲੱਗਿਆ ਕਿਉਂਕਿ ਬਾਬਾ ਤਾਂ ਤੁਰ ਗਿਆ ਸੀ …..ਅਫਸੋਸ ਕਰਨ ਨੂੰ ਕੋਈ ਨਾ ਕੋਈ ਆਇਆ ਰਹਿੰਦਾ ਸੀ……. ਕੰਮ ਵਾਲੀਆਂ ਚਾਹ ਪਾਣੀ ਤਿਆਰ ਕਰਦੀਆਂ ਤੇ ਆਏ ਗਏ ਨੂੰ ਦਿੰਦੀਆਂ…….. ਅਫਸੋਸ ਕਰਨ ਆਏ ਦੋ ਚਾਰ ਮਿੰਟ ਬਾਬੇ ਦੀਆਂ ਗੱਲਾਂ ਕਰਦੇ ਤੇ ਬਾਕੀ ਸਮਾਂ ਤਾਂ ਐਧਰ ਓਧਰ ਦੀਆਂ ਗੱਲਾਂ ਹੀ ਕਰਦੇ ਸਨ। ਤੀਜੇ ਦਿਨ ਬਾਬੇ ਦੇ ਸਹੁਰੇ ਮਕਾਣ ਜਾਣੀ ਸੀ।
         ਉੱਥੇ ਜਾ ਕੇ ਫਿਰ ਛੋਟੀ ਨੂੰਹ ਤੇ ਬਾਬੇ ਦੀ ਕੁੜੀ ਨੇ ਸਾਰੀਆਂ ਬੁੜੀਆਂ ਨੂੰ ਗਲੇ ਮਿਲ ਮਿਲ ਕੇ ਐਨੀ ਉੱਚੀ ਉੱਚੀ ਕੀਰਨੇ ਪਾਏ ਕਿ ਬਾਬੇ ਦੇ ਸਹੁਰਿਆਂ ਦੇ ਪਰਿਵਾਰ ਦੀਆਂ ਨੂੰਹਾਂ ਧੀਆਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਈਆਂ ਤੇ ਹੌਲ਼ੀ ਹੌਲ਼ੀ ਪੁੱਛਣ ਲੱਗੀਆਂ,”….. ਹਰਚਰਨ ਸਿਓਂ ਦੀ ਵੱਡੀ ਨੂੰਹ ਨੀ ਆਈ……?”
“…… ਨੀ ਆਈ ਐ…… ਮੈਂ ਐਥੇ ਕੁ ਬੈਠੀ ਦੇਖੀ ਸੀ…..।”
“…….. ਕਿਸੇ ਨੂੰ ਮਿਲਦੀ ਤਾਂ ਮੈਂ ਦੇਖੀ ਨੀ…… ਵਿਚਾਰੀ ਕੁੜੀ ਤੇ ਛੋਟੀ ਨੂੰਹ ਰੋਂਦੀਆਂ ਨੀ ਝੱਲੀਆਂ ਜਾਂਦੀਆਂ……!”
“ਵੱਡੀ ਨੇ ਤਾਂ ਚਾਰ ਕੁ ਹੰਝੂ ਸਿੱਟੇ…… ਤੇ ਪਰ੍ਹੇ ਨੂੰ ਹੋ ਕੇ ਬੁੜੀਆਂ ਚ ਬਹਿਗੀ……!”
“ਨ੍ਹੀ…… ਮੈਨੂੰ ਤਾਂ ਓਹਦੀ ਸਿਆਣ ਈ ਨੀ…… ਭਲਾ ਕਿਹੋ ਜਿਹੇ ਕੱਪੜੇ ਪਾਏ ਆ……? ਊਂ…… ਇੱਕ ਗੱਲ ਐ ….. ਛੋਟੀ ਬਹੂ ਕਿੰਨੀ ਸਿਆਣੀ ਐ……. ਮੈਂ ਕਹਿਨੀ ਆਂ ਕੀਰਨੇ ਪਾ ਪਾ ਹੇਠਲੀ ਉੱਤੇ ਲਿਆਤੀ…….. (ਨਾਲ਼ ਦੀ ਔਰਤ ਨੂੰ) ਮੈਨੂੰ ਵੱਡੀ ਨੂੰਹ ਦਿਖਾ ਤਾਂ ਕਿਹੜੀ ਆ…..?”
ਹਰਚਰਨ ਸਿਓਂ ਦੀ ਵੱਡੀ ਨੂੰਹ ਕੋਲ ਬੈਠੀ ਸਭ ਕੁਝ ਸੁਣ ਰਹੀ ਸੀ ਤੇ ਉਸ ਨੇ ਕਿਹਾ,”……. ਜੀ…… ਮੈਂ ਹੀ ਹਾਂ ਵੱਡੀ ਨੂੰਹ……!”
ਉਹ ਔਰਤਾਂ ਇੱਕ ਦਮ ਚੁੱਪ ਕਰ ਗਈਆਂ ਤੇ ਆਪਸ ਵਿੱਚ ਘੁਸਰ ਮੁਸਰ ਕਰਨ ਲੱਗੀਆਂ।
ਵੱਡੀ ਨੂੰਹ ਸੋਚ ਰਹੀ ਸੀ ਕਿ ਜਿਹੜੀਆਂ ਔਰਤਾਂ ਨੂੰ ਪਤਾ ਹੈ ਕਿ ਬਜ਼ੁਰਗਾਂ ਦੇ ਮਰਨੇ ਤੇ ਅਡੰਬਰ ਰਚ ਕੇ ਵਡਿਆਈ ਖੱਟੀ ਜਾ ਸਕਦੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਆਖ਼ਰੀ ਸਮੇਂ ਸਾਂਭ ਸੰਭਾਲ ਕਰਨ ਦੀ ਕੀ ਲੋੜ ਹੈ ? ਤਾਂ ਹੀ ਤਾਂ ਸਾਡੇ ਪਿੰਡਾਂ ਵਿੱਚ ਬਹੁਤੇ ਬਜ਼ੁਰਗਾਂ ਦੀ ਤ੍ਰਾਸਦੀ ਹੈ ਕਿ ਉਹ ਆਖ਼ਰੀ ਦਿਨ ਔਲਾਦ ਦੀ ਅਣਦੇਖੀ ਵਿੱਚ ਕੱਟਦੇ ਹੋਏ ਤੜਫਦੇ ਹੋਏ ਤੁਰ ਜਾਂਦੇ ਹਨ।ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਮਿੰਨੀ ਕਹਾਣੀ – ਪ੍ਰਸ਼ੰਸਾ ਦੀ ਤਾਕਤ 
Next articleਤਰਕਸ਼ੀਲ ਆਗੂਆਂ ਖ਼ਿਲਾਫ਼ 295 ਏ ਦੇ ਕੇਸ ਫੌਰੀ ਤੌਰ ਤੇ ਰੱਦ ਕਰਨ ਦੀ ਮੰਗ