(ਸਮਾਜ ਵੀਕਲੀ)- ਪੰਜਾਬੀ ਸ਼ੁਰੂ ਤੋਂ ਹੀ ਆਪਣੇ ਖੁੱਲ੍ਹੇ ਸੁਭਾਅ ਕਰਕੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਉਹ ਖੁੱਲ੍ਹ ਕੇ ਜਿਊਣਾ ਪਸੰਦ ਕਰਦੇ ਹਨ।ਉਹ ਆਪਣੇ ਇਸ ਸੁਭਾਅ ਕਰਕੇ ਹੀ ਫਜ਼ੂਲ ਖਰਚੀ ਅਤੇ ਦਿਖਾਵਾ ਕਰਨ ਦੇ ਵੀ ਆਦੀ ਹੁੰਦੇ ਹਨ। ਸਾਡੇ ਸਭਿਆਚਾਰ ਵਿੱਚ ਵਿਆਹਾਂ ਸਮੇਂ ਹੋਣ ਵਾਲੇ ਪੁਰਾਤਨ ਰੀਤੀ ਰਿਵਾਜ਼ਾਂ ਅਤੇ ਆਧੁਨਿਕ ਦੌਰ ਵਿੱਚ ਅਪਣਾਏ ਜਾਣ ਵਾਲੇ ਰੀਤੀ ਰਿਵਾਜ਼ਾਂ ਵਿੱਚ ਬਹੁਤ ਅੰਤਰ ਆ ਗਿਆ ਹੈ। ਪਿਛਲੇ ਇੱਕ ਦਹਾਕੇ ਤੋਂ ਤਾਂ ਬਹੁਤ ਹੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਜਿੱਥੇ ਸਾਡੇ ਪੁਰਾਤਨ ਸਮਿਆਂ ਵਿੱਚ ਵਿਆਹਾਂ ਸਮੇਂ ਕੀਤੇ ਜਾਣ ਵਾਲੇ ਰੀਤੀ ਰਿਵਾਜ਼ਾਂ ਦਾ ਕੋਈ ਮੰਤਵ ਹੁੰਦਾ ਸੀ ਉੱਥੇ ਅਜੋਕੇ ਅਪਣਾਏ ਜਾਣ ਵਾਲੇ ਰੀਤੀ ਰਿਵਾਜਾਂ ਵਿੱਚ ਨਿਰੀ ਫਜ਼ੂਲ ਖਰਚੀ ਅਤੇ ਖੇਹ- ਖਰਾਬੀ ਹੀ ਨਜ਼ਰ ਆਉਂਦੀ ਹੈ।
ਪਹਿਲਾਂ ਵਿਆਹਾਂ ਸਮੇਂ ਰਿਸ਼ਤਾ ਹੋਣ ਤੋਂ ਲੈਕੇ ਵਿਆਹ ਹੋਣ ਵੇਲੇ ਤੱਕ ਕੁਝ ਰੀਤੀ ਰਿਵਾਜ ਅਪਣਾਏ ਜਾਂਦੇ ਸਨ ਜਿਵੇਂ ਮੰਗਣਾ ਕਰਨਾ, ਸਾਹੇ ਚਿੱਠੀ ਤੋਰਨੀ, ਕੁੜੀ ਅਤੇ ਮੁੰਡੇ ਨੂੰ ਆਪਣੇ ਆਪਣੇ ਘਰ ਮਾਈਆਂ ਲਾਉਣਾ, ਮੇਲ਼ ਦਾ ਆਉਣਾ,ਪੰਜ ਜਾਂ ਸੱਤ ਦਿਨ ਪਹਿਲਾਂ ਹਲਵਾਈ ਬਿਠਾਉਣਾ, ਪੰਜ ਦਿਨ ਪਹਿਲਾਂ ਗਾਉਣ ਬਿਠਾਉਣਾ ਜਿਸ ਦੇ ਤਹਿਤ ਘਰ ਅਤੇ ਮੇਲ਼ ਵਿੱਚ ਆਈਆਂ ਬਜ਼ੁਰਗ ਔਰਤਾਂ ਵੱਲੋਂ ਲੰਮੀ ਹੇਕ ਵਿੱਚ ਘੋੜੀਆਂ ਜਾਂ ਸੁਹਾਗ ਗਾਏ ਜਾਣੇ, ਮਗਰੋਂ ਨੂੰਹਾਂ ਧੀਆਂ ਵੱਲੋਂ ਪਾਰੰਪਰਿਕ ਬੋਲੀਆਂ ਪਾ ਕੇ ਗਿੱਧਾ ਪਾਇਆ ਜਾਣਾ। ਵਿਆਹ ਦੀ ਰਸਮ ਘਰਾਂ ਦੇ ਖੁੱਲ੍ਹੇ ਵਿਹੜਿਆਂ ਜਾਂ ਖੁੱਲ੍ਹੀਆਂ ਥਾਵਾਂ ਤੇ ਸ਼ਾਮਿਆਨੇ ਲਾ ਕੇ ਕੀਤੀਆਂ ਜਾਂਦੀਆਂ ਸਨ। ਵਿਆਹ ਉਪਰੰਤ ਆਏ ਮੇਲ਼ ਨੂੰ ਭਾਜੀ ਅਤੇ ਕੱਪੜੇ ਲੀੜੇ ਦੇ ਕੇ ਖ਼ੁਸ਼ੀ ਖ਼ੁਸ਼ੀ ਗੀਤ ਗਾ ਕੇ ਵਿਦਾ ਕੀਤਾ ਜਾਂਦਾ ਸੀ। ਇਸ ਤਰ੍ਹਾਂ ਵਿਆਹਾਂ ਦੇ ਕਾਰਜ ਨੂੰ ਸਾਰੇ ਰਿਸ਼ਤੇਦਾਰ ਰਲ਼ ਮਿਲ਼ ਕੇ ਖੁਸ਼ੀ ਨਾਲ ਮਾਣਦੇ ਅਤੇ ਨਿਭਾਉਂਦੇ ਸਨ।
ਅੱਜ ਦੇ ਦੌਰ ਵਿੱਚ ਲੋਕ ਵਿਆਹਾਂ ਦੇ ਅਧਾਰ ਤੇ ਬਣੀਆਂ ਕਈ ਫਿਲਮਾਂ ਦੀ ਰੀਸ ਕਰਦੇ ਹੋਏ ਜਿੱਥੇ ਫਜ਼ੂਲ ਖਰਚੀ ਕਰਦੇ ਹਨ ਉੱਥੇ ਹੀ ਉਸ ਚਮਕ ਦਮਕ ਨਾਲ ਪੁਰਾਤਨ ਰੀਤੀ ਰਿਵਾਜਾਂ ਨੂੰ ਧੁੰਦਲਾ ਵੀ ਕਰਦੇ ਹਨ। ਪਹਿਲਾਂ ਜਿੱਥੇ ਕੁੜੀਆਂ ਰਲ਼ ਮਿਲ਼ ਕੇ ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਮਹਿੰਦੀ ਦੀ ਰਸਮ ਨੂੰ ਗੀਤ ਗਾਉਂਦੀਆਂ ਚਾਈਂ ਚਾਈਂ ਨਿਭਾਉਂਦੀਆਂ ਸਨ ਅੱਜ ਕੱਲ੍ਹ ਬਹੁਤੇ ਲੋਕ ਮਹਿੰਦੀ ਦੀ ਰਸਮ ਲਈ ਵੀ ਅਲੱਗ ਦਿਨ ਪੈਲੇਸ ਬੁੱਕ ਕਰਕੇ ਉਸ ਵਿੱਚ ਨਿਭਾਉਣ ਲੱਗ ਪਏ ਹਨ। ਮਹਿੰਦੀ ਦੀ ਰਸਮ ਨੂੰ ਮਨਾਉਣ ਲਈ ਖਾਸ ਤੌਰ ਤੇ ਸਾਰੇ ਪਾਸੇ ਹਰੇ ਰੰਗ ਦੀ ਸਜਾਵਟ ਕੀਤੀ ਜਾਂਦੀ ਹੈ ਤੇ ਹਰੇ ਰੰਗ ਦੇ ਕੱਪੜੇ ਪਾਏ ਜਾਂਦੇ ਹਨ। ਇਸੇ ਤਰ੍ਹਾਂ ਸਾਡੇ ਸਭਿਆਚਾਰ ਦੀ ਬਹੁਤ ਮਹੱਤਵਪੂਰਨ ਰਸਮ ‘ ਵਟਣਾ ‘ ਮਲਣ ਦੀ ਰਸਮ ਨੂੰ ਵੀ ਹਲਦੀ ਦੀ ਰਸਮ ਦੇ ਨਾਂ ਹੇਠ ਅਲੋਪ ਕੀਤਾ ਜਾ ਰਿਹਾ ਹੈ। ਪਹਿਲਾਂ ਕੁੜੀ ਅਤੇ ਮੁੰਡੇ ਨੂੰ ਵਿਆਹ ਤੋਂ ਇੱਕ ਰਾਤ ਪਹਿਲਾਂ ਵੇਸਣ,ਹਲਦੀ,ਕੇਸਰ ਅਤੇ ਦੁੱਧ ਜਾਂ ਸਰੋਂ ਦਾ ਤੇਲ ਪਾ ਕੇ ਤਿਆਰ ਕੀਤੇ ਵਟਣੇ ਨੂੰ ਗੀਤ ਗਾ ਕੇ ਤਾਈਆਂ, ਚਾਚੀਆਂ, ਮਾਸੀਆਂ, ਮਾਮੀਆਂ, ਭੈਣਾਂ, ਭਾਬੀਆਂ ਮਲ਼ ਕੇ ਰਗੜਦੀਆਂ ਸਨ ਤਾਂ ਜੋ ਅਗਲੇ ਦਿਨ ਉਹਨਾਂ ਦੇ ਰੰਗ ਰੂਪ ਵਿੱਚ ਨਿਖਾਰ ਆ ਜਾਵੇ।ਪਰ ਆਧੁਨਿਕ ਹਲਦੀ ਦੀ ਰਸਮ ਵੀ ਬਹੁਤੇ ਲੋਕ ਪੈਲੇਸਾਂ ਵਿੱਚ ਹੀ ਕਰਨ ਲੱਗ ਪਏ ਹਨ ਜਿੱਥੇ ਸਟੇਜ ਨੂੰ ਪੀਲ਼ੇ ਪੀਲ਼ੇ ਫੁੱਲਾਂ ਅਤੇ ਪੀਲ਼ੇ ਸ਼ਾਮਿਆਨੇ ਨਾਲ਼ ਸਜਾਇਆ ਹੁੰਦਾ ਹੈ, ਵਿਆਹ ਵਾਲ਼ਾ ਮੁੰਡਾ ਜਾਂ ਕੁੜੀ ਅਤੇ ਸਾਰੇ ਪਰਿਵਾਰਕ ਮੈਂਬਰ ਪੀਲ਼ੇ ਪੀਲ਼ੇ ਕੱਪੜੇ ਪਾ ਕੇ ਪਹੁੰਚਦੇ ਹਨ, ਕਈ ਵਾਰ ਕਈ ਲੋਕ ਤਾਂ ਮਹਿਮਾਨਾਂ ਨੂੰ ਵੀ ਹਿਦਾਇਤ ਕਰ ਦਿੰਦੇ ਹਨ ਕਿ ਹਲਦੀ ਦੀ ਰਸਮ ਤੇ ਪੀਲੇ ਕੱਪੜੇ ਹੀ ਪਾ ਕੇ ਆਉਣ। ਉੱਥੇ ਹਲਦੀ ਸਿਰਫ਼ ਥੋੜ੍ਹੀ ਥੋੜ੍ਹੀ ਲਗਾ ਕੇ ਸਿਰਫ਼ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਜਾਂ ਫਿਰ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ, ਵਟਣੇ ਦੇ ਰਿਵਾਜ ਨੂੰ ਮਨਾਉਣ ਪ੍ਰਤੀ ਸ਼ਰਧਾ ਭਾਵ ਤਾਂ ਘੱਟ ਹੀ ਨਜ਼ਰ ਆਉਂਦਾ ਹੈ। ਪਹਿਲਾਂ ਜਾਗੋ ਦੀ ਰਸਮ ਵਿਆਹ ਵਾਲੇ ਘਰ ਵਿੱਚੋਂ ਸ਼ੁਰੂ ਹੋ ਕੇ ਸਾਰੇ ਸ਼ਰੀਕੇ ਕਬੀਲੇ ਵਾਲਿਆਂ ਦੇ ਘਰ ਘਰ ਜਾ ਕੇ ਨੱਚ ਟੱਪ ਕੇ ਖ਼ੁਸ਼ੀ ਖ਼ੁਸ਼ੀ ਮਨਾਈ ਜਾਂਦੀ ਸੀ। ਅੱਜ ਕੱਲ੍ਹ ਇਸ ਰਸਮ ਉੱਤੇ ਵੀ ਪੈਲੇਸਾਂ ਦੀ ਛੱਤ ਕਬਜ਼ਾ ਕਰਦੀ ਨਜ਼ਰ ਆ ਰਹੀ ਹੈ। ਕਈ ਲੋਕ ਜਾਗੋ ਦੀ ਰਸਮ ਨੂੰ ਵੀ ਪੈਲੇਸਾਂ ਵਿੱਚ ਮਨਾਉਣ ਲੱਗ ਪਏ ਹਨ ਜਿੱਥੇ ਸਿਰਫ਼ ਡੀਜਿਆਂ ਦਾ ਖੌਰੂ ਹੀ ਪਾਇਆ ਹੁੰਦਾ ਹੈ। ਲੇਡੀਜ਼ ਸੰਗੀਤ ਵੀ ਪੈਲੇਸਾਂ ਦੀ ਬੁੱਕਲ ਵਿੱਚ ਅਲੋਪ ਹੋਣ ਲੱਗ ਪਏ ਹਨ।ਘਰ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਲੰਮੀ ਹੇਕ ਵਾਲ਼ੀਆਂ ਘੋੜੀਆਂ ਜਾਂ ਸੁਹਾਗ ਗਾ ਕੇ ਗੀਤਾਂ ਦਾ ਆਰੰਭ ਕਰਦੀਆਂ ਸਨ,ਉਹ ਬਜ਼ੁਰਗ ਔਰਤਾਂ ਪੈਲੇਸਾਂ ਦੀ ਕਿਸੇ ਨੁੱਕਰੇ ਬੈਠ ਡੀਜਿਆਂ ਦੇ ਸ਼ੋਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ।
ਅੱਜ ਕੱਲ੍ਹ ਬਹੁਤਾ ਕਰਕੇ ਥੋੜ੍ਹੀ ਜਿਹੀ ਅਮੀਰੀ ਵਿੱਚ ਪੈਰ ਰੱਖਣ ਵਾਲੇ ਲੋਕ ਜਾਂ ਐਨ ਆਰ ਆਈ ਲੋਕਾਂ ਵਿੱਚ ‘ਡਰੈੱਸ ਕੋਡ ਅਤੇ ਕਲਰ’ ਪਹਿਲਾਂ ਤੋਂ ਤੈਅ ਕੀਤਾ ਜਾਂਦਾ ਹੈ ਜਿਸ ਵਿੱਚ ਔਰਤਾਂ ਜਾਂ ਮਰਦਾਂ ਵੱਲੋਂ ਇੱਕੋ ਹੀ ਰੰਗ ਦੀਆਂ ਇੱਕੋ ਹੀ ਤਰੀਕੇ ਦੀਆਂ ਪੁਸ਼ਾਕਾਂ ਪਾ ਕੇ ਨੁਮਾਇਸ਼ ਕੀਤੀ ਜਾਂਦੀ ਹੈ। ਕਈ ਵਾਰ ਤਾਂ ਵਿਆਹ ਵਾਲ਼ੀ ਕੁੜੀ ਅਤੇ ਉਸ ਦੀ ਮਾਂ ਵਿੱਚ ਫਰਕ ਸਮਝਣਾ ਔਖਾ ਹੋ ਜਾਂਦਾ ਹੈ। ਫ਼ਿਰ ਇਹਨਾਂ ਲੋਕਾਂ ਦੀ ਦੇਖਾ ਦੇਖੀ ਮੱਧ ਵਰਗ ਦੇ ਲੋਕ ਵੀ ਰੀਸ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਚਾਹੇ ਮਹਿੰਗੀਆਂ ਪੁਸ਼ਾਕਾਂ ਤੇ ਫਜ਼ੂਲ ਖਰਚੀ ਕਰਨ ਲਈ ਕਰਜ਼ਾ ਕਿਉਂ ਨਾ ਚੁੱਕਣਾ ਪਏ। ਵਿਆਹ ਦੀਆਂ ਰਸਮਾਂ ਸਿਰੇ ਚੜ੍ਹਨ ਤੋਂ ਬਾਅਦ ਵੀ ਸੰਤੁਸ਼ਟੀ ਨਹੀਂ ਆਉਂਦੀ, ਫਿਰ ‘ਰਿਸੈਪਸ਼ਨ’ ਕੀਤੀ ਜਾਂਦੀ ਹੈ। ਉਸ ਵਿੱਚ ਫ਼ਿਰ ਨਵੀਂ ਵਿਆਹੀ ਜੋੜੀ ਨੂੰ ਸਟੇਜ ਉੱਤੇ ਸਜਾ ਕੇ ਦੋ ਚਾਰ ਘੰਟੇ ਨਾਚ ਗਾਣਿਆਂ ਨਾਲ ਜਸ਼ਨ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਤਕਰੀਬਨ ਹਫ਼ਤੇ ਭਰ ਵਿੱਚ ਵਿਆਹ ਦੀਆਂ ਰਸਮਾਂ ਪੂਰੀਆਂ ਹੁੰਦੀਆਂ ਹਨ। ਇਹਨਾਂ ਰਸਮਾਂ ਵਿੱਚ ਸਿਰਫ਼ ਨਾਂ ਅਤੇ ਕੱਪੜੇ ਜਾਂ ਕੱਪੜਿਆਂ ਦੇ ਰੰਗ ਹੀ ਬਦਲੀ ਕੀਤੇ ਹੁੰਦੇ ਹਨ,ਬਾਕੀ ਖਾਣਾ ਪੀਣਾ ਅਤੇ ਨੱਚਣਾ ਗਾਉਣਾ ਤਾਂ ਲੱਗ ਭੱਗ ਇੱਕੋ ਜਿਹਾ ਹੀ ਹੁੰਦਾ ਹੈ। ਪਹਿਲਾਂ ਜਿੱਥੇ ਸਾਨੂੰ ਘਰਾਂ ਵਿੱਚ ਮਨਾਈਆਂ ਜਾਣ ਵਾਲ਼ੀਆਂ ਰਸਮਾਂ ਵਿੱਚ ਆਪਣਾਪਣ,ਚਾਅ,ਲਾਡ ਪਿਆਰ ਅਤੇ ਆਨੰਦ ਮਹਿਸੂਸ ਹੁੰਦਾ ਸੀ ਉਹ ਐਨੀਆਂ ਸਾਰੀਆਂ ਰਸਮਾਂ ਵਿੱਚੋਂ ਕਿਧਰੇ ਨਹੀਂ ਲੱਭਦਾ। ਸਾਡੇ ਪੁਰਾਤਨ ਰੀਤੀ ਰਿਵਾਜ ਜਿੱਥੇ ਸਾਡੀ ਭਾਈਚਾਰਕ ਸਾਂਝ ਵਧਾਉਂਦੇ ਸਨ, ਆਪਣਿਆਂ ਦਾ ਮਾਣ ਵਧਾਉਂਦੇ ਸਨ ਉਹ ਪੈਲੇਸਾਂ ਦੀ ਧੂਮ ਧੜੱਕ ਵਿੱਚ ਗੁਆਚਦਾ ਨਜ਼ਰ ਆ ਰਿਹਾ ਹੈ। ਹਰ ਕੋਈ ਆਪਣੇ ਆਪ ਵਿੱਚ ਗੁਆਚਿਆ ਲੱਗਦਾ ਹੈ ਕਿਸੇ ਨੂੰ ਕਿਸੇ ਦੀ ਸਾਰ ਨਹੀਂ ਹੁੰਦੀ।ਪਰ ਅਫਸੋਸ ਇਹ ਪੈਸੇ ਦੀ ਚਮਕ ਦਮਕ ਵਿੱਚੋਂ ਉਪਜਦੇ ਰਿਵਾਜ ਸਾਡੇ ਪੁਰਾਤਨ ਰਿਵਾਜ਼ਾਂ ਨੂੰ ਧੁੰਦਲੇ ਕਰਦੇ ਨਜ਼ਰ ਆ ਰਹੇ ਹਨ।ਪਰ ਆਪਣੇ ਰੀਤੀ ਰਿਵਾਜਾਂ ਨੂੰ ਉਸੇ ਤਰ੍ਹਾਂ ਸੰਭਾਲ਼ ਕੇ ਰੱਖਣਾ ਹੀ ਸਾਡਾ ਫਰਜ਼ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ ਨਾ ਕਿ ਨਵੀਨੀਕਰਨ ਦੇ ਨਾਂ ਹੇਠ ਫਜ਼ੂਲ ਖਰਚੀ ਅਤੇ ਪੈਸੇ ਦੇ ਦਿਖਾਵੇ ਦੀ ਹੋੜ ਵਿੱਚ ਉਹਨਾਂ ਨੂੰ ਵਿਸਾਰਿਆ ਜਾਵੇ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|