ਏਹੁ ਹਮਾਰਾ ਜੀਵਣਾ ਹੈ -480

         (ਸਮਾਜ ਵੀਕਲੀ)
 ਜਦੋਂ ਕੋਈ ਵਿਅਕਤੀ ਵਧੀਆ ਨੌਕਰੀ ਕਰਦਾ ਹੋਏ ਪਰ ਸਾਰੀ ਉਮਰ ਕਿਰਾਏ ਦੇ ਛੋਟੇ ਛੋਟੇ ਕਮਰਿਆਂ ਵਿੱਚ ਕੱਢ ਦੇਵੇ ਤਾਂ ਉਸ ਦੀ ਸਭ ਤੋਂ ਪਹਿਲੀ ਤਮੰਨਾ ਆਪਣਾ ਘਰ ਬਣਾਉਣ ਦੀ ਹੁੰਦੀ ਹੈ। ਸਵਰਨ ਸਿੰਘ ਨੂੰ ਪੜ੍ਹਾਈ ਕਰਦੇ ਹੀ ਦੂਰ ਦੂਜੇ ਸ਼ਹਿਰ ਨੌਕਰੀ ਮਿਲ ਗਈ ਸੀ।ਉਹ ਓਵਰਸੀਅਰ ਸੀ। ਇੱਥੇ ਰਹਿੰਦੇ ਨੂੰ ਕਈ ਵਰ੍ਹੇ ਹੋ ਗਏ ਸਨ। ਹੁਣ ਉਹ ਰਿਟਾਇਰ ਹੋਣ ਵਾਲ਼ਾ ਸੀ । ਨੌਕਰੀ ਬੱਸ ਪੰਜ ਕੁ ਸਾਲ ਦੀ ਹੀ ਰਹਿੰਦੀ ਸੀ। ਇਸੇ ਸ਼ਹਿਰ ਵਿੱਚ ਸਾਰੀ ਉਮਰ ਕਿਰਾਏ ਦੇ ਮਕਾਨ ਵਿੱਚ ਕੱਢ ਦਿੱਤੀ ਸੀ। ਚਾਹੇ ਪਿੰਡ ਬਥੇਰਾ ਵੱਡਾ ਘਰ ਸੀ ।‌‌ਪਰ ਜਿੱਥੇ ਰੁਜ਼ਗਾਰ ਹੋਵੇ ਤੇ ਕਈ ਸਾਲਾਂ ਤੋਂ ਰਹਿੰਦਾ ਹੋਵੇ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਆਪਣਾ ਹੀ ਸ਼ਹਿਰ ਅਤੇ ਆਪਣਾ ਹੀ ਘਰ ਜਾਪਦਾ ਹੈ। ਪਹਿਲਾਂ ਦੋ ਬੱਚਿਆਂ ਦੀ ਪੜ੍ਹਾਈ ਕਰਵਾਈ,ਘਰ ਦਾ ਖਰਚਾ ਤੇ ਮਕਾਨ ਦਾ ਕਿਰਾਇਆ ਕੱਢ ਕੇ ਤਨਖਾਹ ਵਿੱਚੋਂ ਤਾਂ ਕੁਝ ਬਚਦਾ ਹੀ ਨਹੀਂ ਸੀ। ਪਰ ਹੁਣ ਦੋਵੇਂ ਮੁੰਡੇ ਵੀ ਨੌਕਰੀਆਂ ਤੇ ਲੱਗ ਗਏ ਸਨ। ਕੁਝ ਲੋਨ (ਕਰਜ਼ਾ) ਲੈ ਕੇ, ਕੁਝ ਰਿਟਾਇਰਮੈਂਟ ਦਾ ਪੈਸਾ ਮਿਲ਼ਣ ਕਰਕੇ, ਆਪਣੀ ਵਧੀਆ ਕੋਠੀ ਬਣਾਈ ਤੇ ਉਸ ਵਿੱਚ ਰਹਿਣ ਲੱਗੇ। ਦੋਹਾਂ ਮੁੰਡਿਆਂ ਨੂੰ ਚੰਗੇ ਘਰਾਂ ਤੋਂ ਰਿਸ਼ਤੇ ਹੋ ਗਏ, ਵੱਡੇ ਮੁੰਡੇ ਦੀ ਨੌਕਰੀ ਦੂਰ ਸੀ ਤੇ ਓਧਰ ਹੀ ਉਸ ਦਾ ਵਿਆਹ ਹੋ ਗਿਆ ਸੀ।ਉਹ ਤਾਂ ਕਦੇ ਦਿਨ ਸੁਧ ਨੂੰ ਹੀ ਗੇੜਾ ਮਾਰਦਾ ਸੀ। ਛੋਟਾ ਮੁੰਡਾ ਆਪਣੀ ਪਤਨੀ ਸਮੇਤ ਆਪਣੇ ਪਰਿਵਾਰ ਨਾਲ ਹੀ ਰਹਿੰਦੇ ਸਨ।
                ਇੱਕ ਦਿਨ ਸਵਰਨ ਸਿੰਘ ਦੀ ਪਤਨੀ ਬਜ਼ਾਰ ਗਈ ਤਾਂ ਉਸ ਵਿੱਚ ਕੋਈ ਗੱਡੀ ਫੇਟ ਮਾਰ ਗਈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਮਾਤਮਾ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਕਿਉਂਕਿ ਸਾਰੀ ਉਮਰ ਨਿੱਕੇ ਨਿੱਕੇ ਕਮਰਿਆਂ ਵਿੱਚ ਰਹਿ ਕੇ ਕੱਟੀ ਸੀ ਪਰ ਹੁਣ ਉਹ ਆਪਣੇ ਘਰ ਦਾ ਦੋ ਸਾਲ ਵੀ ਸੁੱਖ ਨਹੀਂ ਲੈ ਸਕੀ ਸੀ। ਜੀਵਨ ਸਾਥੀ ਦੇ ਵਿਛੜਨ ਨਾਲ਼ ਅਤੇ ਰਿਟਾਇਰ ਹੋਣ ਕਰਕੇ ਸਵਰਨ ਸਿੰਘ ਬਿਲਕੁਲ ਇਕੱਲਾ ਜਿਹਾ ਹੋ ਗਿਆ ਸੀ। ਹੁਣ ਸਵਰਨ ਸਿੰਘ ਨੂੰ ਇਕੱਲਾਪਨ ਮਹਿਸੂਸ ਹੁੰਦਾ। ਪਰ ਉਹ ਫਿਰ ਵੀ ਆਪਣੇ ਪੋਤੇ ਅਤੇ ਪੋਤੀ ਨਾਲ ਕੁਝ ਸਮਾਂ ਬਿਤਾਉਂਦਾ,ਕੁਝ ਸਮਾਂ ਗੁਰਦੁਆਰੇ ਜਾ ਕੇ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖਣ ਦੀ ਕੋਸ਼ਿਸ਼ ਕਰਦਾ।ਉਸ ਦੇ ਪੁੱਤਰ ਅਤੇ ਨੂੰਹ ਦਾ ਰਵੱਈਆ ਉਸ ਨਾਲ਼ ਕੋਈ ਬਹੁਤਾ ਵਧੀਆ ਨਹੀਂ ਸੀ।
                 ਸਵਰਨ ਸਿੰਘ ਨੂੰ ਪੈਨਸ਼ਨ ਵੀ ਚੰਗੀ ਮਿਲਦੀ ਸੀ। ਉਸ ਨੇ ਪੈਸੇ ਖਰਚਣੇ ਵੀ ਕਿੱਥੇ ਸੀ। ਉਹ ਘਰ ਲਈ ਫ਼ਲ, ਸਬਜ਼ੀਆਂ ਅਤੇ ਦੁੱਧ ਬਗੈਰਾ ਤੇ ਪੈਸੇ ਖਰਚ ਕਰਦਾ ਪਰ ਨੂੰਹ ਨੂੰ ਚੰਗਾ ਨਾ ਲੱਗਦਾ। ਇੱਕ ਦਿਨ ਉਸ ਨੇ ਕਹਿ ਹੀ ਦਿੱਤਾ,”ਪਾਪਾ ਜੀ ….ਤੁਸੀਂ ਨਾ ਇਹ ਸਭ ਖਰੀਦ ਕੇ ਲਿਆਇਆ ਕਰੋ… ਬੱਚਿਆਂ ਨੂੰ ਤਾਂ ਇਹ ਉਹਨਾਂ ਦੀ ਪਸੰਦ ਦੇ ਫਰੂਟ ਲਿਆ ਦਿੰਦੇ ਨੇ….ਤੁਹਾਡੇ ਲਿਆਂਦੇ ਫਰੂਟ ਤਾਂ ਮੈਂ ਕੰਮ ਵਾਲੀ ਨੂੰ ਚੁਕਾ ਦਿੰਦੀ ਹਾਂ…..।” ਨੂੰਹ ਦੇ ਤਿੜ ਫਿੜ ਕਰਨ ਤੇ ਸਵਰਨ ਸਿੰਘ ਨੇ ਘਰ ਲਈ ਸਮਾਨ ਖ੍ਰੀਦਣਾ ਬੰਦ ਕਰ ਦਿੱਤਾ। ਇੱਕ ਦਿਨ ਉਹ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਗੁਰਦੁਆਰੇ ਮੱਥਾ ਟੇਕਣ ਲਈ ਲੈ ਗਿਆ ਤਾਂ ਵੀ ਨੂੰਹ ਅਤੇ ਮੁੰਡਾ ਬਹੁਤ ਚਿਰ ਬੁੜ ਬੁੜ ਕਰਦੇ ਰਹੇ । ਚਾਹੇ ਉਹਨਾਂ ਨੇ ਸਿੱਧਾ ਸਵਰਨ ਸਿੰਘ ਨੂੰ ਕੁੱਝ ਨਹੀਂ ਕਿਹਾ ਸੀ ਪਰ ਬੱਚਿਆਂ ਨੂੰ ਪੜ੍ਹਾਈ ਦਾ ਵਾਸਤਾ ਪਾ ਕੇ ਡਾਂਟ ਰਹੇ ਸਨ ਤੇ ਮੁੰਡਾ ਆਖਣ ਲੱਗਿਆ,” ਤੁਸੀਂ ਜਦੋਂ ਮਰਜ਼ੀ ਘਰੋਂ ਬਾਹਰ ਚਲੇ ਜਾਂਦੇ ਹੋ…..ਤੁਹਡੀ ਮੰਮੀ ਨੇ ਤੁਹਾਨੂੰ ਹੋਮਵਰਕ ਕਰਵਾਉਣਾ ਸੀ…. ਦਾਦੂ ਓਲਡ (ਬੁੱਢੇ )ਹਨ….. ਕਿੰਨੀ ਵਾਰੀ ਕਿਹਾ ਉਹਨਾਂ ਨਾਲ ਨਾ ਜਾਇਆ ਕਰੋ….. ਜੇ ਬਾਹਰ ਸੜਕ ਤੇ ਕੋਈ ਗੱਲ ਹੋ ਗਈ…. ਫਿਰ….?” ਕਹਿਕੇ ਮੁੰਡਾ ਅੰਦਰ ਚਲਾ ਗਿਆ ਤੇ ਉਸ ਦੀ ਪਤਨੀ ਰਸੋਈ ਵਿੱਚ ਜਾਂਦੀ ਜਾਂਦੀ ਬੱਚਿਆਂ ਨੂੰ ਕਹਿ ਗਈ,” ਚੱਲੋ….. ਆਪਣੇ ਕਮਰੇ ਵਿੱਚ….. ਜਾ ਕੇ ਆਪਣੇ ਬੈਗਜ਼ (ਬਸਤੇ) ਖੋਲ੍ਹੋ ….।”
ਸਵਰਨ ਸਿੰਘ ਉਹਨਾਂ ਦਾ ਮਤਲਬ ਸਮਝ ਗਿਆ ਸੀ ਕਿ ਉਹ ਕਿਸ ਵਾਸਤੇ ਬੱਚਿਆਂ ਨੂੰ ਡਾਂਟ ਰਹੇ ਸਨ।
             ਹੁਣ ਸਵਰਨ ਸਿੰਘ ਬਹੁਤਾ ਸਮਾਂ ਗੁਰਦੁਆਰੇ ਦੀ ਮੈਨੇਜਮੈਂਟ ਦਾ ਮੈਂਬਰ ਬਣ ਕੇ ਉੱਥੇ ਹੀ ਗੁਜ਼ਾਰਨ ਲੱਗਿਆ। ਨਿਸ਼ਕਾਮ ਸੇਵਾ ਕਰਦਾ, ਆਪਣੇ ਆਪ ਨੂੰ ਵਿਅਸਥ ਰੱਖਦਾ। ਗੁਰਦੁਆਰਾ ਵੀ ਘਰ ਦੇ ਨੇੜੇ ਹੋਣ ਕਰਕੇ ਉਸ ਨੂੰ ਕੋਈ ਬਹੁਤੀ ਆਉਣ ਜਾਣ ਵਾਲੀ ਜਾਂ ਸਮੇਂ ਦੇ ਵੇਲੇ ਕੁਵੇਲੇ ਹੋਣ ਦੀ ਕੋਈ ਚਿੰਤਾ ਨਹੀਂ ਸੀ। ਉਸ ਦਾ ਸਮਾਂ ਵੀ ਵਧੀਆ ਨਿਕਲ਼ ਜਾਂਦਾ ਤੇ ਨੂੰਹ ਪੁੱਤ ਦੀਆਂ ਅੱਖਾਂ ਵਿੱਚ ਵੀ ਘੱਟ ਰੜਕਦਾ। ਇੱਕ ਦਿਨ ਐਤਵਾਰ ਦੀ ਸਵੇਰ ਨੂੰ ਜਦ ਸਵਰਨ ਸਿੰਘ ਘਰ ਦੀ ਬਗੀਚੀ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਉਸ ਦਾ ਪੁੱਤਰ ਉਸ ਕੋਲ ਆ ਕੇ ਬੈਠ ਗਿਆ।ਸਵਰਨ ਸਿੰਘ ਨੂੰ ਲੱਗਿਆ ਕਿ ਸ਼ਾਇਦ ਐਤਵਾਰ ਹੋਣ ਕਰਕੇ ਕੁਝ ਸਮਾਂ ਉਸ ਨਾਲ਼ ਬਿਤਾਉਣਾ ਚਾਹੁੰਦਾ ਹੈ। ਦੋਵੇਂ ਘਰ ਦੇ ਮਸਲਿਆਂ ਨੂੰ ਲੈ ਕੇ ਹਲਕੀ ਫੁਲਕੀ ਗੱਲਬਾਤ ਕਰਨ ਲੱਗੇ। ਗੱਲ ਕਰਦਾ ਕਰਦਾ ਉਸ ਦਾ ਪੁੱਤਰ ਅਸਲੀ ਮੁੱਦੇ ਤੇ ਪਹੁੰਚ ਕੇ ਆਖਣ ਲੱਗਿਆ,” ਪਾਪਾ ਜੀ…… ਅਸੀਂ ਦੋਵਾਂ ਨੇ ਸਲਾਹ ਕੀਤੀ ਹੈ………ਕਿ ਇਸ ਘਰ ਨੂੰ ਵੇਚ ਦਿੰਦੇ ਹਾਂ…….  ਐਥੋਂ ਥੋੜ੍ਹਾ ਦੂਰ…… ਜਿਹੜੀ ਨਵੀਂ ਪੌਸ਼ ਕਲੋਨੀ ਬਣੀ ਹੈ ….. ਉੱਥੇ ਅਸੀਂ ਆਪਣਾ ਘਰ ਲੈ ਲੈਂਦੇ ਹਾਂ…….. ।”
“ਆਪਣਾ ਘਰ” ਸੁਣ ਕੇ ਸਵਰਨ ਸਿੰਘ ਦਾ ਦਿਮਾਗ਼ ਚਕਰਾਉਣ ਲੱਗਾ ਤੇ ਸੋਚ ਰਿਹਾ ਸੀ ਕਿ ਜਿਹੜਾ ਇਹ ਘਰ ਮੈਂ ਆਪਣੀ ਸਾਰੀ ਕਮਾਈ ਲਾ ਕੇ ਆਪਣੀ ਔਲਾਦ ਮਤਲਬ ਇਹਨਾਂ ਦੇ ਰਹਿਣ ਲਈ ਬਣਾਇਆ ਸੀ ,ਕੀ ਇਹ ਉਹਨਾਂ ਦਾ “ਆਪਣਾ ਘਰ” ਨਹੀਂ ਹੈ…….?”
ਸਵਰਨ ਸਿੰਘ ਨੇ ਕਿਹਾ…. ” ਬੇਟਾ….. ਇਹ ਵੀ ਤਾਂ ਆਪਣਾ ਘਰ ਹੀ ਹੈ…… ਇਹ ਕਿਹੜਾ ਕਿਸੇ ਬੇਗਾਨੇ ਦੇ ਘਰ ਵਿੱਚ ਰਹਿੰਦੇ ਹਾਂ….?”
” ……. ਪਾਪਾ ਜੀ….. ਤੁਸੀਂ ਸਮਝੇ ਨਹੀਂ….. ਇਹ ਤਾਂ ਤੁਹਾਡਾ ਘਰ ਹੈ…… ਮੈਂ ਤੇ ਮਨਜੀਤ ਨੇ ਸੋਚਿਆ ਹੈ ਕਿ ਤੁਹਾਡਾ ਘਰ ਵੇਚ ਕੇ…. ਉਹਨਾਂ ਪੈਸਿਆਂ ਵਿੱਚ ਕੁਝ ਹੋਰ ਪੈਸੇ ਪਾ ਕੇ….. ਅਸੀਂ ‘ਆਪਣਾ ਘਰ’ ਖ਼ਰੀਦਣਾ ਚਾਹੁੰਦੇ ਹਾਂ…. ਤੁਸੀਂ ਇਸ ਘਰ ਨੂੰ ਛੇਤੀ ਹੀ ਵੇਚ ਦਿਓ….. ਮਨਜੀਤ ਨੂੰ…. ਆਪਣਾ ਘਰ…. ਬਣਾਉਣ ਦਾ ਬਹੁਤ ਚਾਅ ਹੈ……!” ਕਹਿਕੇ ਸਵਰਨ ਸਿੰਘ ਦਾ ਪੁੱਤਰ ਅੰਦਰ ਚਲਾ ਗਿਆ ਤੇ ਸਵਰਨ ਸਿੰਘ ਕਿੰਨਾ ਹੀ ਚਿਰ ਇੱਕ ਬੁੱਤ ਵਾਂਗ ਬੈਠਾ ਅਖ਼ਬਾਰ ਦੇ ਧੁੰਦਲੇ ਧੁੰਦਲੇ ਅੱਖਰਾਂ ਵਿੱਚੋਂ ਆਪਣਾ ਘਰ ਅਲੋਪ ਹੋ ਰਿਹਾ ਵੇਖਦਾ ਰਿਹਾ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਹਲੇ ਲੁਕਿਆ ਸੱਚ-
Next articleਤਰਕਸ਼ੀਲਾਂ ਨੇ ਸ ਸ ਸ ਸਕੂਲ ਮਹਿਲਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ