(ਸਮਾਜ ਵੀਕਲੀ)
ਜਗਤਾਰ ਸਿੰਘ ਦੇ ਪੰਜ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ। ਛੋਟੀ ਕੁੜੀ ਵੀ ਤਿੰਨ ਸਾਲ ਦੀ ਹੋ ਗਈ ਸੀ ਪਰ ਮੁੰਡੇ ਦੀ ਚਾਹਤ ਕਰਕੇ ਉਹਨਾਂ ਨੇ ਕਈ ਵੈਦਾਂ ਹਕੀਮਾਂ ਤੋਂ ਮੁੰਡਾ ਹੋਣ ਦੀਆਂ ਦਵਾਈਆਂ ਲਈਆਂ, ਜਿੱਥੇ ਕਿਸੇ ਨੇ ਦੱਸਿਆ ਉੱਥੇ ਮੱਥੇ ਟੇਕੇ ਆਖ਼ਰ ਰੱਬ ਨੇ ਸੁਣ ਲਈ,ਜੱਸੇ ਦੇ ਹੋਣ ਨਾਲ ਮਿੱਸਾ ਜਿਹਾ ਪਰਿਵਾਰ ਬਣ ਗਿਆ ਸੀ। ਹੁਣ ਉਹਨਾਂ ਨੂੰ ਲੱਗਦਾ ਸੀ ਕਿ ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਹੈ। ਸਾਰਾ ਪਰਿਵਾਰ ਬਹੁਤ ਖੁਸ਼ ਸੀ। ਜਗਤਾਰ ਦੀਆਂ ਧੀਆਂ ਨੂੰ ਨਿੱਕੇ ਵੀਰੇ ਨੂੰ ਚੁੱਕਣ ਦਾ ਐਨਾ ਚਾਅ ਸੀ ਕਿ ਜੱਸੇ ਨੂੰ ਚੁੱਕਣ ਦੀ ਵਾਰੀ ਨਹੀਂ ਸੀ ਆਉਂਦੀ। ਜਗਤਾਰ ਦੀ ਕਬੀਲਦਾਰੀ ਭਾਰੀ ਹੋ ਗਈ ਸੀ। ਉਹ ਦਿਨ ਰਾਤ ਮਿਹਨਤ ਕਰਦਾ ਤੇ ਉਸ ਦਾ ਘਰ ਪਰਿਵਾਰ ਵਧੀਆ ਚੱਲ ਰਿਹਾ ਸੀ। ਕੁੜੀਆਂ ਵੀ ਸਕੂਲ ਪੜ੍ਹਦੀਆਂ ਸਨ। ਵੱਡੀ ਕੁੜੀ ਤਾਂ ਅੱਠ ਪੜ੍ਹ ਕੇ ਹਟ ਗਈ ਸੀ। ਉਸ ਲਈ ਰਿਸ਼ਤੇਦਾਰੀਆਂ ਵਿੱਚੋਂ ਹੀ ਰਿਸ਼ਤੇ ਆਉਣ ਲੱਗ ਪਏ ਸਨ। ਜੱਸਾ ਹਜੇ ਦੂਜੀ ਜਮਾਤ ਵਿੱਚ ਹੀ ਪੜ੍ਹਦਾ ਸੀ ਕਿ ਜਗਤਾਰ ਨੇ ਰਿਸ਼ਤੇਦਾਰੀ ਵਿੱਚ ਹੀ ਦੋ ਸਕੇ ਭਰਾਵਾਂ ਨੂੰ ਆਪਣੀਆਂ ਵੱਡੀਆਂ ਦੋਹਾਂ ਧੀਆਂ ਸੀਤੋ ਅਤੇ ਮੀਤੋ ਦੇ ਰਿਸ਼ਤੇ ਕਰ ਦਿੱਤੇ ਤੇ ਵਿਆਹ ਵੀ ਅਗਲੇ ਨਰਾਤਿਆਂ ਦਾ ਰੱਖ ਲਿਆ। ਨਰਾਤਿਆਂ ਵਿੱਚ ਦੋਹਾਂ ਕੁੜੀਆਂ ਦਾ ਵਿਆਹ ਹੁੰਦੇ ਹੀ ਜਗਤਾਰ ਦੇ ਸਿਰ ਤੋਂ ਕਬੀਲਦਾਰੀ ਦੀ ਗੱਠੜੀ ਥੋੜ੍ਹੀ ਜਿਹੀ ਹਲਕੀ ਹੋ ਗਈ ਸੀ।
ਜਗਤਾਰ ਦੀ ਤੀਜੀ ਧੀ ਜੀਤੀ ਨੇ ਜਦ ਦਸ ਜਮਾਤਾਂ ਕਰ ਲਈਆਂ ਤਾਂ ਵੱਡੇ ਪ੍ਰਾਹੁਣਿਆਂ ਨੇ ਨਾਲ਼ ਦੇ ਪਿੰਡ ਹੀ ਆਪਣੇ ਹੀ ਇੱਕ ਦੋਸਤ ਦੇ ਛੋਟੇ ਭਰਾ ਨੂੰ ਰਿਸ਼ਤਾ ਕਰਵਾ ਦਿੱਤਾ। ਹੁਣ ਜਗਤਾਰ ਸਿੰਘ ਦੀ ਅੱਧੀ ਕਬੀਲਦਾਰੀ ਨਜਿੱਠੀ ਗਈ ਸੀ। ਇਸ ਤਰ੍ਹਾਂ ਜਗਤਾਰ ਸਿੰਘ ਤੇ ਉਸ ਦੀ ਪਤਨੀ ਤਾਰੋ ਆਪਣੀ ਕਬੀਲਦਾਰੀ ਦੀ ਗੱਡੀ ਹੌਲ਼ੀ ਹੌਲ਼ੀ ਰੋੜ੍ਹੀ ਜਾ ਰਹੇ ਸਨ। ਜਦੋਂ ਤੱਕ ਸਾਰਿਆਂ ਤੋਂ ਛੋਟੀ ਧੀ ਪ੍ਰੀਤੋ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਉਦੋਂ ਤੱਕ ਜੱਸਾ ਵੀ ਸੁੱਖ ਨਾਲ ਅੱਠਵੀਂ ਪਾਸ ਕਰ ਗਿਆ ਸੀ। ਜਗਤਾਰ ਤੇ ਤਾਰੋ ਵੀ ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਸਨ। ਉਹਨਾਂ ਨੂੰ ਦੋਵੇਂ ਛੋਟੀਆਂ ਕੁੜੀਆਂ ਨਿੱਕੀ ਤੇ ਪ੍ਰੀਤੋ ਲਈ ਜਿਵੇਂ ਹੀ ਸਰਦੇ ਪੁੱਜਦੇ ਘਰਾਂ ਦੇ ਰਿਸ਼ਤੇ ਆਏ ਉਹਨਾਂ ਨੇ ਕਰਕੇ ਧੀਆਂ ਦੇ ਵਿਆਹਾਂ ਵਾਲ਼ਾ ਬੋਝ ਤਾਂ ਹਲਕਾ ਕਰ ਲਿਆ ਸੀ। ਪਰਮਾਤਮਾ ਦੀ ਕਿਰਪਾ ਨਾਲ ਜਗਤਾਰ ਸਿੰਘ ਨੂੰ ਸਾਰੇ ਜਵਾਈ ਬਹੁਤ ਲਾਇਕ ਮਿਲ਼ੇ ਸਨ। ਉਹ ਜਗਤਾਰ ਸਿੰਘ ਤੇ ਬੋਝ ਪਾਉਣ ਦੀ ਥਾਂ ਬੋਝ ਵੰਡਾਉਣ ਵਾਲੇ ਸਨ।
ਜੱਸੇ ਨੇ ਬਾਰਾਂ ਜਮਾਤਾਂ ਪਾਸ ਕਰਕੇ ਟਾਈਪਿੰਗ ਦਾ ਕੋਰਸ ਕਰ ਲਿਆ ਸੀ।ਉਸ ਨੂੰ ਨੇੜੇ ਹੀ ਸਰਕਾਰੀ ਕਲਰਕੀ ਦੀ ਨੌਕਰੀ ਮਿਲ ਗਈ ਸੀ। ਸਾਰੇ ਖੁਸ਼ ਸਨ। ਜਗਤਾਰ ਵੀ ਕੰਮ ਤੋਂ ਆ ਕੇ ਜਦ ਆਪਣੇ ਚੰਹੁ ਦੋਸਤਾਂ ਨਾਲ਼ ਗੱਲ ਕਰਦਾ ,” ਬੱਸ ਆਪਾਂ ਹੁਣ ਵਿਹਲੇ ਬਈ….. ਜੱਸੇ ਨੂੰ ਤਨਖਾਹ ਮਿਲ਼ਣ ਲੱਗ ਜਾਏ…. ਅਗਲੇ ਦਿਨ ਤੋਂ ਈ ਆਪਾਂ ਨੇ ਕੰਮ ਛੱਡ ਦੇਣਾ…. !”
“ਤੂੰ ਤਾਂ ਜੱਗਿਆ ਕਰਮਾਂ ਵਾਲਾ….. ਰੱਬ ਨੇ ਜਵਾਈ ਵੀ ਪੁੱਤਾਂ ਵਰਗੇ ਈ ਦਿੱਤੇ ਨੇ….. ਤੇ ….. ਹੁਣ….. ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ….. ਰੱਬ ਤਾਂ ਪੂਰਾ ਤੇਰੇ ਵੱਲ ਐ….!” ਕੋਲ਼ ਖੜ੍ਹਾ ਨਾਜਰ ਬੋਲਿਆ।
ਇਸ ਤਰ੍ਹਾਂ ਜਗਤਾਰ ਕਿੰਨਾ ਚਿਰ ਖੜ੍ਹਾ ਆਪਣੇ ਦੋਸਤਾਂ ਕੋਲ਼ ਆਪਣੇ ਜੱਸੇ ਦੀਆਂ ਵਡਿਆਈਆਂ ਕਰਦਾ ਰਿਹਾ। ਉਸੇ ਰਾਤ ਨੂੰ ਅਚਾਨਕ ਉਸ ਦਾ ਦਿਲ ਜਿਹਾ ਘਬਰਾ ਕੇ ਉਸ ਨੂੰ ਉਲਟੀ ਆ ਗਈ। ਤਾਰੋ ਹਜੇ ਉਸ ਲਈ ਪਾਣੀ ਲੈ ਕੇ ਹੀ ਆਈ ਸੀ ਕਿ ਉਸ ਦੇ ਹੱਥ ਪੈਰ ਠੰਡੇ ਹੋਣ ਲੱਗੇ । ਜਦ ਤੱਕ ਜੱਸਾ ਨੱਠ ਕੇ ਪਿੰਡ ਵਾਲ਼ੇ ਡਾਕਟਰ ਨੂੰ ਲੈ ਕੇ ਆਇਆ ਤਾਂ ਜਗਤਾਰ ਆਪਣੇ ਅਧੂਰੇ ਚਾਅ ਪੂਰੇ ਕੀਤੇ ਬਿਨਾਂ ਹੀ ਤੁਰ ਗਿਆ।
ਜਗਤਾਰ ਤੋਂ ਬਾਅਦ ਚਾਹੇ ਉਸ ਦੀਆਂ ਧੀਆਂ ਵਿੱਚੋਂ ਕੋਈ ਨਾ ਕੋਈ ਵਾਰੀ ਸਿਰ ਆਪਣੇ ਭਰਾ ਅਤੇ ਮਾਂ ਦਾ ਧਿਆਨ ਰੱਖਣ ਲਈ ਆਉਂਦੀਆਂ ਰਹਿੰਦੀਆਂ ਪਰ ਫਿਰ ਵੀ ਘਰ ਵਿੱਚ ਉਦਾਸੀ ਛਾਈ ਰਹਿੰਦੀ। ਛੇ ਕੁ ਮਹੀਨੇ ਬਾਅਦ ਕੁੜੀਆਂ ਨੇ ਆਪਣੀ ਮਾਂ ਨੂੰ ਜੱਸੇ ਦਾ ਵਿਆਹ ਕਰਨ ਲਈ ਕਿਹਾ ਤਾਂ ਜੋ ਬੁੱਢੀ ਮਾਂ ਨੂੰ ਕੰਮ ਕਾਰ ਵਿੱਚ ਸਹਾਰਾ ਵੀ ਮਿਲ਼ ਜਾਵੇ ਤੇ ਘਰ ਵਿੱਚ ਵੀ ਖੁਸ਼ੀ ਦਾ ਮਾਹੌਲ ਬਣ ਜਾਏ।
ਤਾਰੋ ਦੀ ਭਤੀਜ-ਨੂੰਹ ਨੇ ਆਪਣੀ ਛੋਟੀ ਭੈਣ ਦਾ ਰਿਸ਼ਤਾ ਜੱਸੇ ਨੂੰ ਕਰਵਾ ਦਿੱਤਾ। ਘਰ ਵਿੱਚ ਹੌਲੀ ਹੌਲੀ ਜਗਤਾਰ ਦੀ ਮੌਤ ਦੀਆਂ ਗਮਗੀਨ ਯਾਦਾਂ ਨੂੰ ਆਉਣ ਵਾਲੇ ਵਿਆਹ ਨੇ ਥੋੜ੍ਹਾ ਜਿਹਾ ਮੱਧਮ ਤਾਂ ਕੀਤਾ ਪਰ ਹਰ ਕੰਮ ਕਰਨ ਲੱਗੇ ਉਸ ਨੂੰ ਯਾਦ ਕੀਤਾ ਜਾਂਦਾ। ਜੱਸੇ ਦਾ ਵਿਆਹ ਹੋ ਗਿਆ।ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਜੱਸੇ ਦੀ ਵਹੁਟੀ ਤਾਰੋ ਅਤੇ ਜੱਸੇ ਦੇ ਮੂੰਹੋਂ ਆਪਣੇ ਸਹੁਰੇ ਦੇ ਸਾਊ ਅਤੇ ਮਿਹਨਤੀ ਸੁਭਾਅ ਦੀ ਵਡਿਆਈ ਸੁਣਦੀ ਤਾਂ ਸੋਚਦੀ ਕਿ ਪਰਮਾਤਮਾ ਉਸ ਨੂੰ ਵੀ ਇਹ ਖੁਸ਼ੀ ਦਿਖਾ ਦਿੰਦਾ ਤਾਂ ਕਿੰਨਾ ਵਧੀਆ ਹੁੰਦਾ।
ਜੱਸੇ ਦੇ ਵਿਆਹ ਨੂੰ ਪੂਰੇ ਪੰਜ ਵਰ੍ਹੇ ਹੋ ਗਏ ਸਨ। ਉਸ ਦੇ ਚਾਰ ਸਾਲ ਦੀ ਧੀ ਅਤੇ ਦੋ ਸਾਲ ਦਾ ਪੁੱਤਰ ਹੋ ਗਿਆ ਸੀ।ਤਾਰੋ ਬਹੁਤ ਬਜ਼ੁਰਗ ਹੋ ਚੁੱਕੀ ਸੀ। ਪਰ ਆਪਣੇ ਪੋਤੇ ਪੋਤੀਆਂ ਨਾਲ ਚਾਅ ਲਾਡ ਕਰਦੀ ਖੁਸ਼ ਰਹਿੰਦੀ। ਪਰਮਾਤਮਾ ਨੇ ਤਾਰੋ ਦੇ ਖੁਸ਼ਹਾਲ ਪਰਿਵਾਰ ਨੂੰ ਉਸ ਸਮੇਂ ਉਜਾੜ ਦਿੱਤਾ ਜਦ ਇੱਕ ਸ਼ਾਮ ਜੱਸੇ ਦੀ ਡਿਊਟੀ ਤੋਂ ਆਉਂਦੇ ਸਮੇਂ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਇੱਕ ਹੱਸਦਾ ਵੱਸਦਾ ਘਰ ਉਜੜ ਗਿਆ ਸੀ। ਜੱਸੇ ਦੇ ਭੋਗ ਤੋਂ ਕੁਝ ਦਿਨ ਬਾਅਦ ਜੱਸੇ ਦੇ ਸਹੁਰਾ ਪਰਿਵਾਰ ਤਾਰੋ ਕੋਲ ਆਇਆ ਤੇ ਜੱਸੇ ਦੀਆਂ ਪੰਜੇ ਭੈਣਾਂ ਅਤੇ ਉਹਨਾਂ ਦੇ ਪ੍ਰਾਹੁਣਿਆਂ ਨੂੰ ਵੀ ਬੁਲਾ ਲਿਆ, ਨਾਲ਼ ਹੀ ਪਿੰਡ ਦੀ ਪੰਚਾਇਤ ਦਾ ਕੱਠ ਕੀਤਾ ।ਜੱਸੇ ਦਾ ਸਹੁਰਾ ਹੱਥ ਜੋੜ ਕੇ ਆਖਣ ਲੱਗਿਆ,” ਅਸੀਂ ਤਾਂ ਜੀ ਧੀ ਵਾਲ਼ੇ ਹਾਂ….. ਸਾਡੀ ਧੀ ਦੀ ਉਮਰ ਬਹੁਤ ਨਿਆਣੀ ਹੈ….. ਸਾਰੀ ਉਮਰ ਆਪਣੀ ਧੀ ਨੂੰ ਇਸ ਹਾਲ ਵਿੱਚ ਕਿਹੜਾ ਮਾਂ ਬਾਪ ਵੇਖਣਾ ਚਾਹੁੰਦਾ ਹੈ…. ਇਹੀ ਉਸ ਦੇ ਖਾਣ ਹੰਢਾਉਣ ਦੇ ਦਿਨ ਸਨ……ਨਾ ਕੋਈ ਕਮਾਈ ਦਾ ਸਾਧਨ….. ਨਾ ਕੋਈ ਹੋਰ ਸਹਾਰਾ…… ਇੱਕ ਬੁੱਢੀ ਮਾਂ ਦੇ ਸਹਾਰੇ ਕਿੰਨਾ ਚਿਰ ਜ਼ਿੰਦਗੀ ਕੱਟੇਗੀ…. ਅਸੀਂ ਆਪਣੀ ਧੀ ਨੂੰ ਲਿਜਾਣ ਆਏ ਹਾਂ….. ਜਵਾਕਾਂ ਦਾ ਤੁਸੀਂ ਵੇਖ ਲਓ….. ਕੀ ਕਰਨਾ ਹੈ?”
ਇਹ ਗੱਲ ਸੁਣ ਕੇ ਸਾਰੇ ਸੁੰਨ ਜਿਹੇ ਹੋ ਗਏ। ਤਾਰੋ ਦੀਆਂ ਪੰਜੇ ਧੀਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਵੱਡੇ ਧੀ ਜਵਾਈ ਨੇ ਹੱਥ ਜੋੜ ਕੇ ਆਖਿਆ,” ….. ਜੱਸੇ ਦੇ ਟੱਬਰ ਦਾ ਜੀ ਤੁਸੀਂ ਫ਼ਿਕਰ ਨਾ ਕਰੋ…… ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ…… ਅਸੀਂ ਪੰਜੇ ਭੈਣਾਂ ਜੱਸੇ ਵਾਂਗ ਹੀ ਇਸ ਦਾ ਧਿਆਨ ਰੱਖਾਂਗੇ….. ਬੱਚਿਆਂ ਤੋਂ ਮਾਂ ਵਿਛੜ ਜਾਏਗੀ….. ਬਾਪ ਪਹਿਲਾਂ ਈ ਨੀ ਰਿਹਾ….. ਸਾਨੂੰ ਤਾਂ ਇਹਨਾਂ ਵਿਚੋਂ ਈ ਜੱਸਾ ਦਿਸਦਾ……. ਹੁਣ ਜੱਸੇ ਦੀ ਵਹੁਟੀ ਤੋਂ ਪਹਿਲਾਂ ਸਾਡੀ ਸਾਰਿਆਂ ਤੋਂ ਛੋਟੀ ਭੈਣ ਹੈ….. ਤੁਸੀਂ ਉਸ ਨੂੰ ਵੀ ਇੱਕ ਵਾਰ ਪੁੱਛ ਲਓ….!”
ਪਹਿਲਾਂ ਜੱਸੇ ਦੀ ਵਹੁਟੀ ਜਾਣ ਲਈ ਤਿਆਰ ਹੋ ਗਈ ਸੀ ਪਰ ਫਿਰ ਪਤਾ ਨਹੀਂ ਉਸ ਦੇ ਦਿਮਾਗ਼ ਵਿੱਚ ਕੀ ਆਇਆ,ਉਸ ਦੇ ਪਿਓ ਤੇ ਭਰਾਵਾਂ ਨੇ ਬਥੇਰਾ ਜ਼ੋਰ ਲਾਇਆ,ਉਹ ਨਾ ਮੰਨੀ।
ਇਸ ਗੱਲ ਨੂੰ ਵੀਹ ਵਰ੍ਹੇ ਬੀਤ ਗਏ ਸਨ। ਜੱਸੇ ਦੀ ਧੀ ਰਾਣੋ ਜਦ ਜੱਜ ਬਣ ਕੇ ਆਈ ਤਾਂ ਵਿਹੜੇ ਵਿੱਚ ਉਸ ਦੀਆਂ ਪੰਜੇ ਭੂਆ ,ਫੁੱਫੜ ਅਤੇ ਮਾਂ ਬੈਠੇ ਸਨ।ਉਹ ਮਾਂ ਨੂੰ ਖੁਸ਼ੀ ਵਿੱਚ ਗਲਵੱਕੜੀ ਪਾਉਂਦੀ ਹੈ ਤਾਂ ਉਹ ਕਹਿੰਦੀ ਹੈ,”ਰਾਣੋ…. ਆਹ ਦੇਖ…. ਆਹ ਨੇ ਤੇਰੀਆਂ ਅਸਲੀ ਮਾਵਾਂ…. ਤੇਰੀ ਇਸ ਸਫਲਤਾ ਦੇ ਪਿੱਛੇ ਇਹਨਾਂ ਦਾ ਹੱਥ ਹੈ…. ਇਹਨਾਂ ਦੇ ਇੱਕ ਫੈਸਲੇ ਨੇ ਮੇਰੀ ਸੋਚ ਬਦਲ ਦਿੱਤੀ ਸੀ….. ਤੇ ਮੇਰੇ ਇੱਕ ਫੈਸਲੇ ਨੇ ਆਪਣਾ ਘਰ ਬਚਾ ਲਿਆ ਸੀ….. ਇਹਨਾਂ ਨੇ ਆਪਣੇ ਬੋਲ ਹੁਣ ਤੱਕ ਪੁਗਾਏ….. ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ…. ਤੁਹਾਨੂੰ ਵਧੀਆ ਸਕੂਲਾਂ ਵਿੱਚ ਪੜਾਇਆ….ਨਹੀਂ ਤਾਂ ਅੱਜ ਤੇਰਾ ਵੀਰਾ ਛਿੰਦਾ ਵਿਦੇਸ਼ ਨਾ ਗਿਆ ਹੁੰਦਾ…… ਤੂੰ ਜੱਜ ਨਾ ਬਣਦੀ….. ਆਪਾਂ ਸਭ ਖੇਰੂੰ ਖੇਰੂੰ ਹੋ ਗਏ ਹੁੰਦੇ…..!” ਕਹਿੰਦੇ ਕਹਿੰਦੇ ਜੱਸੇ ਦੀ ਵਹੁਟੀ ਭਾਵੁਕ ਹੋ ਗਈ। ਸੀਤੋ,ਮੀਤੋ,ਜੀਤੀ,ਨਿੱਕੀ ਤੇ ਪ੍ਰੀਤੀ ਆ ਕੇ ਆਪਣੀ ਛੋਟੀ ਭਰਜਾਈ ਨੂੰ ਗਲਵਕੜੀ ਵਿੱਚ ਲੈ ਲੈਂਦੀਆਂ ਹਨ ਤੇ ਕਹਿੰਦੀਆਂ ਹਨ,”….. ਸਾਨੂੰ ਤਾਂ ਤੇਰੇ ਤੇ ਮਾਣ ਹੈ…. ਤੇਰੇ ਇੱਕ ਫੈਸਲੇ ਨੇ….. ਸਾਡੇ ਬਾਪ ਦਾ ਘਰ ਵਸਿਆ ਰਹਿਣ ਦਿੱਤਾ…. ਨਹੀਂ ਤਾਂ…..!”
ਰਾਣੋ ਗੱਲ ਨੂੰ ਗ਼ਮਗੀਨ ਮਾਹੌਲ ਨੂੰ ਹਾਸੇ ਵਿੱਚ ਲਿਜਾਂਦੀ ਹੋਈ ਆਖਦੀ ਹੈ,”….. ਆਰਡਰ ਆਰਡਰ ਆਰਡਰ….. ਹੁਣ ਜੱਜ ਦਾ ਇੱਕ ਫ਼ੈਸਲਾ ਸੁਣੋ…… ਸਾਰਿਆਂ ਨੂੰ….. ਕੱਲ੍ਹ…. ਜੱਜ ਰਣਬੀਰ ਕੌਰ ਉਰਫ਼ ਰਾਣੋ ਵੱਲੋਂ….. ਇੱਕ ਦਾਅਵਤ ਦਿੱਤੀ ਜਾ ਰਹੀ ਹੈ…. ਸਹੀ ਸਮੇਂ ਤੇ ਨਾ ਪਹੁੰਚਣ ਵਾਲੇ ਨੂੰ ਸਜ਼ਾ ਸੁਣਾਈ ਜਾਵੇਗੀ….!”
ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪੈਂਦੇ ਹਨ ਪਰ ਜ਼ਿੰਦਗੀ ਦੀ ਸਚਾਈ ਤਾਂ ਇਹੋ ਹੈ ਕਿ ਕਈ ਵਾਰ ਸਮੇਂ ਸਿਰ ਸਹੀ ਫ਼ੈਸਲਾ ਕਈ ਜ਼ਿੰਦਗੀਆਂ ਅਬਾਦ ਕਰ ਦਿੰਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly