ਏਹੁ ਹਮਾਰਾ ਜੀਵਣਾ ਹੈ -474

ਬਰਜਿੰਦਰ-ਕੌਰ-ਬਿਸਰਾਓ-
         (ਸਮਾਜ ਵੀਕਲੀ)

           ਟੈਲੀਵਿਜ਼ਨ , ਰੇਡੀਓ ਜਾਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਖਬਰਾਂ ਦਾ ਦਾਇਰਾ ਸਿਰਫ਼, ਚੋਰੀਆਂ, ਲੁੱਟਾਂ ਖੋਹਾਂ, ਕਤਲੇਆਮ, ਆਤਮਹੱਤਿਆ ਅਤੇ ਭੰਨ ਤੋੜ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਜੇ ਕੋਈ ਇੱਕ ਅੱਧੀ ਰਾਜਨੀਤਕ ਮਸਲਿਆਂ ਤੇ ਖ਼ਬਰ ਹੁੰਦੀ ਵੀ ਹੈ ਤਾਂ ਉਹ ਵੀ ਨਿਰੇ ਕਲੇਸ਼ ਦਾ ਘਰ ਹੁੰਦੀ ਹੈ ਜਿਸ ਨੂੰ ਸੁਣਦੇ ਸੁਣਦੇ ਦੋ ਲੋਕ ਆਪਸੀ ਬਹਿਸਬਾਜ਼ੀ ਵਿੱਚ ਹੀ ਉਲ਼ਝ ਕੇ ਰਹਿ ਜਾਂਦੇ ਹਨ।  ਪੰਜਾਬੀਆਂ ਦੇ ਭੋਲੇ ਭਾਲੇ ਅਤੇ ਖੁੱਲ੍ਹ ਕੇ ਜਿਊਣ ਵਾਲੇ ਲੋਕਾਂ ਦੇ ਹਾਸੇ ਖੰਭ ਲਾ ਕੇ ਉਡ ਗਏ ਹਨ। ਹਾਸਿਆਂ ਦੇ ਸਭਿਆਚਾਰ ਵਿੱਚ ਵਿਚਰਨ ਵਾਲ਼ਾ ਸਾਡਾ ਪੰਜਾਬੀ ਸਮਾਜ ਅੱਜ ਉਦਾਸੀਆਂ ਦੀ ਲਟਕਣ ਚਿਹਰੇ ਤੇ ਲੈ ਕੇ ਘੁੰਮ ਰਿਹਾ ਹੈ। ਉਦਾਸੀਆਂ ਪੈਦਾ ਕਰਨ ਵਾਲੀ ਸਮੱਸਿਆ ਦੀ ਮੂਲ ਜੜ੍ਹ ਤੇ ਝਾਤੀ ਮਾਰਨੀ ਬਹੁਤ ਜ਼ਰੂਰੀ ਹੈ।
                ਅੱਜ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜ੍ਹਦੀ ਹੋਈ ਜਵਾਨੀ ਨੂੰ ਸੰਭਾਲਣ ਲਈ ਬਜ਼ੁਰਗ ਮਾਪੇ ਲਾਚਾਰ ਨਜ਼ਰ ਆਉਂਦੇ ਹਨ। ਸਰਕਾਰਾਂ ਵਾਅਦੇ ਅਤੇ ਦਾਅਵੇ ਤਾਂ ਬਹੁਤ ਕਰਦੀਆਂ ਹਨ, ਫੇਰ ਵੀ ਪਤਾ ਨਹੀਂ , ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ? ਵੇਚਣ ਵਾਲੇ ਵੇਚੀ ਜਾਂਦੇ ਹਨ, ਖ਼ਰੀਦਣ ਵਾਲ਼ੇ ਖਰੀਦੀ ਜਾਂਦੇ ਹਨ ਤੇ ਮਰਨ ਵਾਲੇ ਟੀਕੇ ਲਾ ਲਾ ਕੇ ਮਰੀ ਜਾਂਦੇ ਹਨ। ਜਿੱਥੇ ਨਸ਼ਿਆਂ ਕਾਰਨ ਮੌਤਾਂ ਦੀਆਂ ਖ਼ਬਰਾਂ ਸੁਣ ਸੁਣ ਕੇ ਅਤੇ ਦੇਖ਼ ਦੇਖ਼ ਕੇ ਸੀਨੇ ਛਣਨੀ ਛਣਨੀ ਹੁੰਦੇ ਹਨ ਉੱਥੇ ਹੀ ਨਸ਼ਿਆਂ ਤੋਂ ਬਰਬਾਦ ਹੋ ਰਹੀ ਜਵਾਨੀ ਨਸ਼ਿਆਂ ਦੀ ਪੂਰਤੀ ਲਈ ਜਿਹੜੇ ਤੌਰ ਤਰੀਕੇ  ਬੁਣ ਰਹੀ ਹੈ ਉਸ ਨਾਲ ਵੀ ਸਾਡਾ ਸਮਾਜ ਬਰਬਾਦ ਹੋ ਰਿਹਾ ਹੈ।
            ਸਾਡੇ ਸਮਾਜ ਵਿੱਚ ਮਾਂ ਤੇ ਪੁੱਤ, ਪਿਓ ਤੇ ਪੁੱਤ ਜਾਂ ਧੀ , ਭੈਣ ਅਤੇ ਭਰਾ ਦੇ ਪਰਿਵਾਰਿਕ ਰਿਸ਼ਤੇ ਰੱਬ ਵਰਗੇ ਪਵਿੱਤਰ ਮੰਨੇ ਜਾਂਦੇ ਸਨ। ਇਹਨਾਂ ਰਿਸ਼ਤਿਆਂ ਵਿੱਚ ਕੁਝ ਵੀ ਬੁਰਾ ਵਾਪਰਨਾ ਤਾਂ ਬਹੁਤ ਦੂਰ ਦੀ ਗੱਲ ਸੀ,ਕੋਈ ਬੁਰਾ ਸੋਚ ਵੀ ਨਹੀਂ ਸਕਦਾ ਸੀ।ਮਾੜੇ ਤੋਂ ਮਾੜਾ ਵਿਅਕਤੀ ਵੀ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਕੋਈ ਮਰਿਆਦਾ ਲੰਘਣ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਅੱਜ ਕੱਲ੍ਹ ਕੋਈ ਹੀ ਅਜਿਹਾ ਭਾਗਾਂ ਵਾਲਾ ਦਿਨ ਚੜ੍ਹਦਾ ਹੋਵੇਗਾ ਕਿ ਜਦੋਂ ਇਹਨਾਂ ਪਰਿਵਾਰਕ ਰਿਸ਼ਤਿਆਂ ਵਿੱਚ ਕੋਈ ਨਾ ਕੋਈ ਦੁਰਘਟਨਾ ਨਾ ਵਾਪਰੀ ਹੋਵੇ। ਨਹੀਂ ਤਾਂ ਪਿਓ ਹੱਥੋਂ ਪੁੱਤ ਦਾ ਕਤਲ ਹੋ ਗਿਆ,ਪੁੱਤ ਨੇ ਪਿਓ ਨੂੰ ਮਾਰ ਦਿੱਤਾ,ਭਰਾ ਨੇ ਭੈਣ ਨੂੰ ਮਾਰ ਦਿੱਤਾ, ਪੁੱਤ ਮਾਵਾਂ ਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਹੋਏ ਵੇਖੇ ਜਾਂਦੇ ਹਨ ਪਰ ਜੇ ਦੇਖਿਆ ਜਾਵੇ ਤਾਂ ਭਲਿਆਂ ਵੇਲਿਆਂ ਵਿੱਚ ਇਹ ਸਭ ਤਾਂ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਸੀ। ਫਿਰ ਹਣੱ ਅਜਿਹਾ ਕਿਉਂ ਹੋ ਰਿਹਾ ਹੈ? ਇਹੋ ਜਿਹੀਆਂ ਘਟਨਾਵਾਂ ਦੀ ਮੂਲ ਜੜ੍ਹ ਕੀ ਹੈ? ਇਹਨਾਂ ਸਭ ਗੱਲਾਂ ਦੇ ਆਪਣੇ ਕੋਲ ਜਵਾਬ ਹਨ,ਪਰ ਫਿਰ ਵੀ ਕਿਸੇ ਦੀ ਪੇਸ਼ ਨਹੀਂ ਚੱਲਦੀ।
             ਪਰਿਵਾਰਾਂ ਵਿਚਲੇ ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਵਿੱਚ ਫ਼ਸ ਜਾਣਾ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਸਾਰੇ ਰਿਸ਼ਤਿਆਂ ਦਾ ਘਾਣ ਵੀ ਨਸ਼ਿਆਂ ਕਰਕੇ ਹੀ ਹੋ ਰਿਹਾ ਹੈ। ਜਿੰਨੇ ਪਰਿਵਾਰਕ ਰਿਸ਼ਤਿਆਂ ਦੇ ਕਤਲੇਆਮ ਹੁੰਦੇ ਹਨ,ਉਹ ਜਾਂ ਤਾਂ ਨਸ਼ੇ ਵਿੱਚ ਧੁੱਤ ਹੋ ਕੇ ਹੁੰਦੇ ਹਨ ਜਾਂ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀਆਂ ਨੂੰ ਪੈਸੇ ਨਾ ਮਿਲਣਾ ਹੁੰਦਾ ਹੈ। ਨਸ਼ਿਆਂ ਦੀ ਪੂਰਤੀ ਕਰਨ ਲਈ ਜਦ ਮਾਵਾਂ ਉਹਨਾਂ ਨੂੰ ਰੋਕਦੀਆਂ ਹਨ ਤਾਂ ਉਨ੍ਹਾਂ ਨੂੰ ਠੁੱਡੇ ਮਾਰ ਮਾਰ ਕੇ ਨਲਾਇਕ ਔਲਾਦਾਂ ਵੱਲੋਂ ਮਾਂ ਪੁੱਤ ਦੇ ਠੰਢੇ ਮਿੱਠੇ ਰਿਸ਼ਤੇ ਨੂੰ ਅੱਗ ਦੇ ਭਾਂਬੜ ਵਾਂਗ ਸਾੜ ਕੇ ਰੱਖ ਦਿੱਤਾ ਜਾਂਦਾ ਹੈ । ਨਸ਼ਿਆਂ ਵਿੱਚ ਧੁੱਤ ਕਈ ਲੋਕ ਘਰ ਜਾਂ ਆਂਢ ਗੁਆਂਢ ਦੀ ਧੀ ਭੈਣ ਨਾਲ ਕੁਕਰਮ ਕਰਦੇ ਹਨ । ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਵੀ ਤਾਂ ਨਸ਼ੇੜੀ ਦਰਿੰਦੇ ਹੀ ਦਿੰਦੇ ਹਨ ਜੋ ਨਸ਼ਿਆਂ ਦੇ ਸੇਵਨ ਨਾਲ ਆਪਣੀ ਸੁੱਧ ਬੁੱਧ ਗਵਾ ਬੈਠੇ ਹੁੰਦੇ ਹਨ।
            ਨਸ਼ਿਆਂ ਦੀ ਪੂਰਤੀ ਕਰਨ ਲਈ ਘਰ ਪਰਿਵਾਰ ਤੋਂ ਲੈ ਕੇ ਸਮਾਜ ਤੱਕ ਦਾ ਮਾਹੌਲ ਉਦੋਂ ਦਹਿਸ਼ਤ ਭਰਪੂਰ ਬਣਾ ਦਿੱਤਾ ਜਾਂਦਾ ਹੈ ਜਦੋਂ ਦੁਕਾਨ ਵਿੱਚ ਬੈਠਾ ਦੁਕਾਨਦਾਰ ਸੁਰੱਖਿਅਤ ਨਹੀਂ,ਘਰ ਵਿੱਚ ਬੈਠੀਆਂ ਔਰਤਾਂ ਸੁਰੱਖਿਅਤ ਨਹੀਂ, ਬੈਂਕ ਵਿੱਚ ਪੈਸੇ ਕਢਵਾਉਣ ਜਾਂ ਜਮਾਂ ਕਰਵਾਉਣ ਵਾਲੇ ਕਰਮਚਾਰੀ ਸੁਰੱਖਿਅਤ ਨਹੀਂ,ਰਾਹ ਵਿੱਚ ਤੁਰਿਆ ਜਾਂਦਾ ਹਰ ਆਮ ਸ਼ਖਸ ਸੁਰੱਖਿਅਤ ਨਹੀਂ, ਝਪਟਮਾਰ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸਕਿੰਟਾਂ ਵਿੱਚ ਲੁੱਟ ਖੋਹ ਕਰਕੇ ਭੱਜ ਜਾਂਦੇ ਹਨ। ਜਿਹੜਾ ਕੋਈ ਉਹਨਾਂ ਦਾ ਮੁਕਾਬਲਾ ਕਰਦਾ ਹੈ ਉਸ ਨੂੰ ਬੱਕਰੇ ਵਾਂਗ ਝਟਕ ਦਿੱਤਾ ਜਾਂਦਾ ਹੈ। ਪਿੱਛੇ ਰਹਿ ਜਾਂਦੇ ਹਨ ਰੋਂਦੇ ਕੁਰਲਾਉਂਦੇ ਪਰਿਵਾਰ ਅਤੇ ਯਤੀਮ ਹੋਏ ਬੱਚੇ। ਸਾਡੇ ਸਮਾਜ ਵਿੱਚ ਵਾਪਰ ਰਹੀਆਂ ਸਾਰੀਆਂ ਅਮਾਨਵੀ ਅਤੇ ਅਣਸੁਖਾਵੀਆਂ ਘਟਨਾਵਾਂ ਦੀ ਮੂਲ ਜੜ੍ਹ ਨਸ਼ਾ ਹੀ ਹੈ ਜਿਸ ਕਾਰਨ ਸਾਡੇ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਜਿਸ ਕਾਰਨ ਮੌਤ ਐਨੀ ਸਸਤੀ ਹੋ ਗਈ ਹੈ ਕਿ ਆਮ ਲੋਕਾਂ ਨੂੰ ਜ਼ਿੰਦਗੀਆਂ ਸੰਭਾਲਣੀਆਂ ਮੁਸ਼ਕਿਲ ਹੋ ਰਹੀਆਂ ਹਨ। ਅੱਜ ਦੇ ਸਮੇਂ ਦੀ ਮੁੱਖ ਲੋੜ ਨਸ਼ਿਆਂ ਤੇ ਠੱਲ੍ਹ ਪਾਉਣ ਦੀ ਹੈ। ਜੇ ਪੰਜਾਬੀ ਨੌਜਵਾਨੀ ਅਤੇ ਤਾਰ ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ਇਹ ਜ਼ਿੰਮੇਵਾਰੀ ਨਿੱਜੀ ਪੱਧਰ ਤੋਂ ਸ਼ੁਰੂ ਹੋ ਕੇ ਸਰਕਾਰਾਂ ਤੱਕ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਉਪਰਾਲੇ ਕਰਨੇ ਪੈਣੇ ਹਨ, ਤਾਂ ਹੀ ਫਿਰ ਤੋਂ ਇੱਕ ਚੰਗਾ ਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ। ਹਰ ਇੱਕ ਨਾਗਰਿਕ ਵੱਲੋਂ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਸੇਧ ਦੇ ਕੇ ਸਾਡੀ ਭਟਕਦੀ ਹੋਈ ਨੌਜਵਾਨੀ ਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -473
Next articleਮੋਦੀ ਦਾ ਨਵਾਂ ਜੂਮਲਾ :ਗਰੀਬ, ਨੌਜਵਾਨ, ਇਸਤਰੀ ਤੇ ਕਿਸਾਨ ਦੀ ਗੈਰ-ਵਰਗੀ ਵੰਡ ਨੂੰ ਨੰਗਾ ਕਰੀਏ !