ਏਹੁ ਹਮਾਰਾ ਜੀਵਣਾ ਹੈ -460

(ਸਮਾਜ ਵੀਕਲੀ)

ਰਣਜੀਤ ਸੋਹਣੀ ਸੁਨੱਖੀ ਸਾਢੇ ਪੰਜ ਫੁੱਟ ਲੰਬੀ ਮੁਟਿਆਰ ਸੀ। ਉਸ ਦੇ ਦੋ ਨਿਆਣੇ ਸਨ।  ਵੱਡੀ ਕੁੜੀ ਰਿੰਪੀ ਅਤੇ ਛੋਟਾ ਮੁੰਡਾ ਸਹਿਜ ਸੀ।ਉਸ ਦੇ ਬੱਚੇ ਹਜੇ ਛੋਟੇ ਹੀ ਸਨ। ਉਹ ਸ਼ਹਿਰ ਵਿੱਚ ਕਿਰਾਏ ਤੇ ਰਹਿੰਦੀ ਸੀ। ਦਰ ਅਸਲ ਉਸ ਦਾ ਪਤੀ ਦਲਬੀਰ ਦੁਬਈ ਗਿਆ ਹੋਇਆ ਸੀ। ਜਦ ਤੱਕ ਸੱਸ ਸਹੁਰਾ ਬੈਠੇ ਸਨ ਉਦੋਂ ਤੱਕ ਉਹ ਪਿੰਡ ਹੀ ਰਹਿੰਦੀ ਰਹੀ ਸੀ ਤੇ ਉਸ ਤੋਂ ਬਾਅਦ ਅੱਡ ਹੋਣ ਵੇਲੇ ਦਲਬੀਰ ਨੇ ਬਾਕੀ ਤਿੰਨ ਭਰਾਵਾਂ ਨਾਲ ਬੈਠ ਕੇ ਘਰ ਵੰਡ ਲਿਆ ਸੀ ਤੇ ਆਪਣੇ ਹਿੱਸੇ ਨੂੰ ਵੇਚ ਕੇ ਪਤਨੀ ਤੇ ਬੱਚਿਆਂ ਨੂੰ ਪਿੰਡ ਦੇ ਹੀ ਜਾਣ ਪਛਾਣ ਵਾਲ਼ਿਆਂ ਦੇ, ਜੋ ਪਹਿਲਾਂ ਤੋਂ ਹੀ ਸ਼ਹਿਰ ਰਹਿੰਦੇ ਸਨ, ਉਹਨਾਂ ਦੇ ਘਰ ਦੋ ਕਮਰੇ ਕਿਰਾਏ ਤੇ ਲੈਕੇ ਛੱਡ ਗਿਆ। ਰਣਜੀਤ ਆਪਣੇ ਬੱਚਿਆਂ ਨਾਲ ਵਧੀਆ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ ਕਿਉਂਕਿ ਬੱਚਿਆਂ ਨੂੰ ਸਵੇਰੇ ਹੀ ਤਿਆਰ ਕਰਕੇ ਸਕੂਲ ਭੇਜ ਦਿੰਦੀ ਸੀ ਤੇ ਆਪ ਘਰ ਦੇ ਸਾਰੇ ਕੰਮਕਾਜ ਨਿਬੇੜ ਕੇ ਵਧੀਆ ਕੱਪੜੇ ਪਾ ਕੇ ਹਾਰ ਸ਼ਿੰਗਾਰ ਕਰ ਕੇ ਕਦੇ ਮਕਾਨ ਮਾਲਕਾਂ ਦੀਆਂ ਔਰਤਾਂ ਨਾਲ਼ ਬੈਠ ਕੇ ਹਾਸਾ ਠੱਠਾ ਕਰਦੀ ਰਹਿੰਦੀ ਜਾਂ ਫਿਰ ਕਦੇ ਕਿਸੇ ਹੋਰ ਗੁਆਂਢਣਾਂ ਕੋਲ ਬੈਠ ਕੇ ਟਾਈਮ ਪਾਸ ਕਰਨ ਲੱਗਦੀ। ਉਸ ਦਾ ਪਤੀ ਦੁਬਈ ਵਿੱਚੋਂ ਕਮਾਈ ਕਰਕੇ ਚੜ੍ਹੇ ਮਹੀਨੇ ਪੈਸੇ ਭੇਜ ਦਿੰਦਾ ਸੀ ਤੇ ਆਪਣੇ ਕੋਲੋਂ ਕਿਸੇ ਆਉਣ ਜਾਣ ਵਾਲ਼ਿਆਂ ਦੇ ਹੱਥ ਆਪਣੇ ਜਵਾਕਾਂ ਲਈ ਕਦੇ ਕਦੇ ਵਧੀਆ ਵਧੀਆ ਬਾਹਰਲੇ ਖਿਡੌਣੇ ਭੇਜ ਦਿੰਦਾ। ਉਹ ਚਾਹੇ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੀ ਸੀ ਪਰ ਉਸ ਦੀ ਮਕਾਨ ਮਾਲਕਾਂ ਜਾਂ ਆਲ਼ੇ ਦੁਆਲ਼ੇ ਦੇ ਲੋਕਾਂ ਨਾਲੋਂ ਜ਼ਿਆਦਾ ਟੌਹਰ ਬਣਾਈ ਹੋਈ ਸੀ। ਬਹੁਤੀ ਵਾਰ ਮਕਾਨ ਮਾਲਕ ਵੀ ਉਸ ਦੇ ਪਤੀ ਨੂੰ ਬਾਹਰਲੀਆਂ ਵਸਤਾਂ ਭੇਜਣ ਦੀ ਵਗਾਰ ਪਾ ਕੇ ਮੰਗਵਾ ਲੈਂਦੇ ਸਨ।

ਜਦ ਉਹ ਸਵੇਰ ਨੂੰ ਵਧੀਆ ਸੂਟ ਪਾ ਕੇ ਤਿਆਰ ਹੁੰਦੀ ਤਾਂ ਗੁਆਂਢੀਆਂ ਦੇ ਜਵਾਨ ਮੁੰਡੇ ਨੇ ਅਕਸਰ ਆਖ ਦੇਣਾ,” ਇਹ ਕਿਹੜੇ ਖ਼ਸਮ ਨੂੰ ਐਨਾ ਸਜ ਧਜ ਕੇ ਵਿਖਾਉਂਦੀ ਐ….. ਆਪਦਾ ਆਦਮੀ ਤਾਂ ਇਹਦਾ ਬਾਹਰ ਬੈਠਾ…..!”
ਔਰਤਾਂ ਨੇ ਗੱਲਾਂ ਕਰਦੀਆਂ ਨੇ ਆਖਣਾ ,”ਭਲਾ ਐਨੇ ਮਹਿੰਗੇ ਮਹਿੰਗੇ ਸੂਟ ਘਰ ਪਾਉਣ ਦੀ ਕੀ ਲੋੜ ਐ….ਘਰ ਤਾਂ ਮਾੜੇ ਮੋਟੇ ਪਾ ਕੇ ਵੀ ਸਰ ਜਾਂਦਾ…..ਭਾਈ ਸਾਡੇ ਤੋਂ ਤਾਂ ਆਦਮੀਆਂ ਦੀਆਂ ਕਮਾਈਆਂ ਉਜਾੜੀਆਂ ਨੀ ਜਾਂਦੀਆਂ….. ਇਹ ਪਤਾ ਨੀ ਕਿਵੇਂ ਉਜਾੜੀ ਜਾਂਦੀ ਐ…..ਪਤਾ ਨੀ ਵਿਚਾਰਾ ਪਰਦੇਸਾਂ ਵਿੱਚ ਕਿਵੇਂ ਕਮਾਈ ਕਰਦਾ ਹੋਊ….!”
       ਇਸ ਤਰ੍ਹਾਂ ਜਿੰਨੇ ਮੂੰਹ ਓਨੀਆਂ ਗੱਲਾਂ ਕਰਨੀਆਂ ਲੋਕਾਂ ਨੇ ਪਰ ਸਿੱਧੇ ਤੌਰ ਤੇ ਤਾਂ ਕੋਈ ਦੂਸ਼ਣ ਲਾ ਨਹੀਂ ਸਕਦਾ ਸੀ ਕਿਉਂਕਿ ਉਹ ਗ਼ਲਤ ਔਰਤ ਨਹੀਂ ਸੀ ਤੇ ਆਪਣੇ ਬੱਚਿਆਂ ਨੂੰ ਵਧੀਆ ਢੰਗ ਨਾਲ ਪਾਲ਼ ਰਹੀ ਸੀ । ਉਸ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਦਾ ਪਤੀ ਉਸ ਤੋਂ ਦੂਰ ਰਹਿੰਦਾ ਸੀ ਤੇ ਉਹ ਸਜ ਸੰਵਰ ਕੇ ਰਹਿੰਦੀ ਸੀ। ਉਸ ਨੂੰ ਵੀ ਕਈ ਗੱਲਾਂ ਪਤਾ ਲੱਗਦੀਆਂ ਪਰ ਕਦੇ ਉਹ ਕਿਸੇ ਨਾਲ਼ ਆਹਢੇ ਨਾ ਲਾਉਂਦੀ ਸਗੋਂ ਹੱਸ ਕੇ ਟਾਲ ਛੱਡਦੀ।
        ਜਿਵੇਂ ਹੀ ਰਣਜੀਤ ਦੇ ਬੱਚੇ ਥੋੜ੍ਹੇ ਵੱਡੇ ਹੋਏ ਤਾਂ ਉਸ ਨੇ ਆਪਣੇ ਪਤੀ ਦੀ ਕਮਾਈ ਨੂੰ ਜੋੜ ਕੇ ਆਪਣਾ ਘਰ ਖਰੀਦ ਲਿਆ ਸੀ। ਉਸ ਦਾ ਪਤੀ ਦਲਬੀਰ ਤਾਂ ਸਾਲ ਦੋ ਸਾਲ ਬਾਅਦ ਪੰਦਰਾਂ ਵੀਹ ਦਿਨ ਰਹਿ ਕੇ ਚਲੇ ਜਾਂਦਾ ਸੀ। ਉਹਨਾਂ ਦੀ ਕੁੜੀ ਵੀਹ ਕੁ ਸਾਲ ਦੀ ਹੋਈ ਤਾਂ ਉਸ ਨੇ ਰਿਸ਼ਤੇਦਾਰੀ ਵਿੱਚ ਹੀ ਚੰਗਾ ਮੁੰਡਾ ਵੇਖ ਕੇ ਵਿਆਹ ਕਰ ਦਿੱਤਾ। ਇਸੇ ਤਰ੍ਹਾਂ ਮੁੰਡੇ ਪੜ੍ਹ ਕੇ ਨੌਕਰੀ ਕਰਨ ਲੱਗਿਆ ਤਾਂ ਉਸ ਦਾ ਵਿਆਹ ਵੀ ਕਰ ਦਿੱਤਾ। ਹੁਣ ਦਲਬੀਰ ਨੇ ਵੀ ਫੈਸਲਾ ਕੀਤਾ ਕਿ ਹੁਣ ਉਹ ਦੁਬਈ ਤੋਂ ਪੱਕੇ ਤੌਰ ਤੇ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਰਹੇ। ਦਲਬੀਰ ਨੂੰ ਸ਼ਰਾਬ ਪੀਣ ਦੀ ਬਹੁਤ ਬੁਰੀ ਆਦਤ ਸੀ। ਉਸ ਨੇ ਆ ਕੇ ਦੋ ਕੁ ਮਹੀਨਿਆਂ ਬਾਅਦ ਆਪਣੀ ਪਤਨੀ ਤੇ ਬੱਚਿਆਂ ਨਾਲ ਬਿਨਾਂ ਗੱਲੋਂ ਕੁੱਟਮਾਰ ਤੇ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਦਲਬੀਰ ਸ਼ਰਾਬ ਨਾਲ ਦਿਨ ਰਾਤ ਰੱਜਿਆ ਰਹਿੰਦਾ ਤੇ ਉਸ ਨੇ ਆਪਣੇ ਪਰਿਵਾਰ ਦਾ ਜਿਊਣਾ ਦੁੱਭਰ ਕਰ ਦਿੱਤਾ ਸੀ। ਫਿਰ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗੀਆਂ। ਔਰਤਾਂ ਨੇ ਉਹਨਾਂ ਦੇ ਘਰ ਦੇ ਕਲੇਸ਼ ਦੀਆਂ ਗੱਲਾਂ ਕਰਦੀਆਂ ਚੋਂ ਕਿਸੇ ਨੇ ਆਖਣਾ,” ਰੱਬ ਜਾਣਦੈ….. ਕੀ ਪਤਾ ਵਿਚਾਰਾ ਕਾਹਤੋਂ ਐਨਾ ਕਲੇਸ਼ ਕਰਦਾ…..!” ਤਾਂ ਦੂਜੀ ਔਰਤ ਨੇ ਆਖਣਾ,” ਖ਼ਬਰੇ……. ਇਹਦੇ ਕਿਹੜੇ ਰਾਜ਼ ਆਦਮੀ ਨੂੰ ਪਤਾ ਲੱਗੇ ਹੋਣੇ ਆ….. ਜੋ ਐਨਾ ਕਲੇਸ਼ ਕਰਦਾ……!” ਤੀਜੀ ਨੇ ਆਖਣਾ,” ਭਾਈ….. ਹੁਣ ਸਾਡੇ ਆਦਮੀ ਵੀ ਨੇ…… ਉਹ ਤਾਂ ਬਿਨਾਂ ਮਤਲਬ ਤੋਂ ਕਲੇਸ਼ ਕਰਦੇ ਨੀ…… ਕਿਸੇ ਦਾ ਦਿਮਾਗ਼ ਥੋੜ੍ਹਾ ਖ਼ਰਾਬ ਹੁੰਦਾ…..!”
ਉਸ ਦੀ ਕੁਰਬਾਨੀ ਨੂੰ ਕੋਈ ਨਹੀਂ ਸਮਝਦਾ ਸੀ ਕਿ ਕਿਵੇਂ ਭਰ ਜਵਾਨੀ ਇਕਲਾਪੇ ਵਿੱਚ ਕੱਟ ਕੇ ਬੱਚੇ ਪਾਲ ਕੇ ਵਿਆਹੇ ਤੇ ਘਰ ਬਣਾਇਆ ਬੱਸ ਦੁਨੀਆਂ ਨੂੰ ਤਾਂ ਹਰ ਗੱਲ ਵਿੱਚ ਇਕੱਲੀ ਔਰਤ ਦਾ ਮਾੜਾ ਕਿਰਦਾਰ ਸਿਰਜਣ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ। ਬਹੁਤਾ ਕਲੇਸ਼ ਹੁੰਦਾ ਵੇਖ ਕੇ ਉਸ ਦਾ ਨੂੰਹ ਪੁੱਤ ਆਪਣੀ ਮਾਂ ਨੂੰ ਲੈ ਕੇ ਅਲੱਗ ਰਹਿਣ ਲੱਗੇ। ਦਲਬੀਰ ਨੂੰ ਉਹਨਾਂ ਦੇ ਪਰ੍ਹਾਂ ਗਇਆਂ ਦਾ ਵੀ ਕੋਈ ਦੁੱਖ਼ ਨਹੀਂ ਸੀ।
ਇੱਕ ਦਿਨ ਰਣਜੀਤ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਯਾਦ ਕਰਦਿਆਂ ਬੜੀ ਉਦਾਸ ਹੋ ਗਈ ਤੇ ਉਸ ਨੂੰ ਆਪਣੇ ਹੱਥੀਂ ਬਣਾਏ ਘਰਬਾਰ ਛੱਡਣ ਦਾ ਗਮ ਹੀ ਲੱਗ ਗਿਆ।  ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਿਹੜੀਆਂ ਔਰਤਾਂ ਸਾਰੀ ਉਮਰ ਉਸ ਦੀਆਂ ਗੱਲਾਂ ਬਣਾਉਂਦੀਆਂ ਰਹੀਆਂ ਸਨ ਉਹੀ ਆਖਣ,” ਵਿਚਾਰੀ…. ਨੇ ਕਿਵੇਂ ਸਾਰੀ ਉਮਰ ਬੰਦਿਆਂ ਵਾਂਗ…. ਇਕੱਲੀ ਨੇ ਸਭ ਕੁਝ ਕੀਤਾ….. ਆਦਮੀ ਦੀ ਕਮਾਈ ਦੀ ਪਾਈ ਪਾਈ ਸਾਂਭ ਕੇ ਸਭ ਕੁਝ ਬਣਾਇਆ….. ਜਵਾਕਾਂ ਦੇ ਕਾਰਜ ਕੀਤੇ….. ਸਾਰੀ ਉਮਰ ਇਕਲਾਪੇ ਦਾ ਸੰਤਾਪ ਹੰਢਾਇਆ….. ਆਦਮੀ ਕਾਹਨੂੰ ਕਦਰ ਕਰਦੇ ਨੇ ਤੀਵੀਂਆਂ ਦੀ…..!” ਦੁਨੀਆਂ ਦਾ ਮੁੱਢ ਕਦੀਮ ਤੋਂ ਹੀ ਦਸਤੂਰ ਹੈ ਕਿ ਜਿਉਂਦੇ ਇਨਸਾਨ ਦੀ ਕਦਰ ਨਹੀਂ ਕੀਤੀ ਜਾਂਦੀ ਅਤੇ ਮਰੇ ਤੋਂ ਬਾਅਦ ਉਸ ਦੀ ਵਡਿਆਈ ਕਰਦੇ ਨਹੀਂ ਥੱਕਦੇ।ਅਸਲ ਵਿੱਚ ਇਹੋ ਦੁਨੀਆਂ ਦੀ ਸਚਾਈ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਸ ਵਾਲਾ ਜੋਕਰ
Next article*ਮਿੰਨੀ ਕਹਾਣੀ – ਸਵੈ ਮੁਲਾਂਕਣ*