ਏਹੁ ਹਮਾਰਾ ਜੀਵਣਾ ਹੈ -425

(ਸਮਾਜ ਵੀਕਲੀ)(ਕਰਵਾ ਚੌਥ ਵਿਸ਼ੇਸ਼)

ਕਰਵਾ ਚੌਥ ਸੁਹਾਗਣਾਂ ਦਾ ਤਿਉਹਾਰ ਹੈ।ਕਰਵਾ ਚੌਥ ਪੂਰੇ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ ਜੋ ਕੱਤਕ ਮਹੀਨੇ ਦੀ ਢਲਦੇ ਚੰਨ ਦੀ ਚੌਥੀ ਤਿੱਥ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਾਰਤ ਦੇਸ਼ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਲਗਭਗ ਸਾਰੇ ਧਰਮਾਂ ਦੀਆਂ ਔਰਤਾਂ ਮਨਾਉਣ ਲੱਗ ਪਈਆਂ ਹਨ। ਇਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਦਰਮਾ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾਂ ਸ਼ਾਮ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪੀ ਸਕਦੀਆਂ ਹਨ| ਇਹ ਵਰਤ ਸੁਹਾਗਣਾਂ ਆਪਣੇ ਪਤੀ ਦੀ ਚੰਗੀ ਸਿਹਤ ਲਈ ਅਤੇ ਲੰਮੀ ਉਮਰ ਦੀ ਕਾਮਨਾ ਕਰਨ ਲਈ ਰੱਖਦੀਆਂ ਹਨ।

 ਇਸ ਨਾਲ ਕਈ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ ਪਰ ਇਸ ਸਬੰਧੀ ਕੋਈ ਪੁਖ਼ਤਾ ਇਤਿਹਾਸਕ ਜਾਣਕਾਰੀ ਨਹੀਂ ਹੈ ਕਿ ਇਹ ਕਦੋਂ, ਕਿੱਥੇ,ਕਿਸ ਨੇ ਸ਼ੁਰੂ ਕੀਤਾ ਸੀ।
           ਕਰਵਾ ਚੌਥ ਵਾਲੇ ਦਿਨ ਨਵ ਵਿਆਹੀ ਕੁੜੀ ਵਾਂਗ ਸਜੀਆਂ ਹਰ ਉਮਰ ਦੀਆਂ ਸਾਰੀਆਂ ਔਰਤਾਂ  ਵੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ। ਦੋ ਦਿਨ ਪਹਿਲਾਂ ਤੋਂ ਹੀ ਬਜ਼ਾਰਾਂ ਵਿੱਚ ਲੱਗੀਆਂ ਰੌਣਕਾਂ ਬਜ਼ਾਰਾਂ ਨੂੰ ਦੁਲਹਨ ਤੋਂ ਵੀ ਵੱਧ ਸੋਹਣਾ ਬਣਾ ਦਿੰਦੀਆਂ ਹਨ। ਇਸ ਵਿੱਚ ਇੱਕ ਦਿਨ ਦਾ ਪਤਨੀ ਅੰਦਰ ਪਤੀ ਲਈ ਡਾਹਢਾ ਮੋਹ ਪਿਆਰ ਪਤੀ ਨੂੰ ਭਗਵਾਨ ਸਮਾਨ ਬਣਾ ਦਿੰਦਾ ਹੈ। ਇੰਝ ਲੱਗਦਾ ਹੈ ਸਾਰਾ ਸਾਲ ਲੜਦੇ-ਝਗੜਦੇ ਰਹਿਣ ਵਾਲਿਆਂ ਜੋੜਿਆਂ ਲਈ ਉਹ ਇੱਕ ਦਿਨ ਸ਼ਾਂਤੀ ਕਾਇਮ ਰੱਖਣ ਦਾ ਕਾਮਯਾਬ ਦਿਨ ਸਾਬਤ ਹੁੰਦਾ ਹੋਵੇਗਾ।

           ਇਸ ਵਰਤ ਰੱਖਣ ਪਿੱਛੇ ਜੋ ਵੀ ਧਾਰਮਿਕ ਆਸਥਾ ਅਤੇ ਔਰਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਮੈਂ ਉਹਨਾਂ ਦਾ ਬਹੁਤ ਸਨਮਾਨ ਕਰਦੀ ਹਾਂ। ਮੇਰੇ ਜ਼ਿਹਨ ਵਿੱਚ ਕੁਝ ਘਟਨਾਵਾਂ ਕਿੰਤੂ ਪ੍ਰੰਤੂ ਪੈਦਾ ਕਰ ਦਿੰਦੀਆਂ ਹਨ।ਪੱਚੀ ਕੁ ਸਾਲ ਪਹਿਲਾਂ, ਇੱਕ ਵਾਰੀ ਚਾਈਂ ਚਾਈਂ ਮੈਂ ਵੀ ਵਰਤ ਰੱਖਿਆ ਪਰ ਆਸਥਾ ਨਾਲ ਨਹੀਂ ਸਗੋਂ ਸ਼ੌਂਕੀਆ ਤੌਰ ਤੇ। ਸ਼ਾਮ ਵੇਲੇ ਪੂਜਾ ਵਾਲੀ  ਥਾਲੀ ਮੇਰੇ ਹੱਥੋਂ ਡਿੱਗ ਕੇ ਉਹਦੇ ਵਿੱਚ ਪਈਆਂ ਸਾਰੀਆਂ ਠੂਠੀਆਂ-ਕੁੱਜੇ ਟੁੱਟ ਕੇ ਚਕਨਾਚੂਰ ਹੋ ਗਏ ਅਤੇ ਸਮਾਨ ਬਿਖਰ ਗਿਆ। ਸਾਰੀਆਂ ਔਰਤਾਂ ਕਹਿਣ ਲੱਗੀਆਂ,”ਹਾਏ ਹਾਏ ਬਹੁਤ ਮਾੜਾ ਸ਼ਗਨ ਹੋਇਆ, ਰੱਬ ਸੁੱਖ ਰੱਖੇ।” ਮੈਂ ਸੋਚ ਰਹੀ ਸੀ ਕਿ ਕਿਸੇ ਵਿਅਕਤੀ ਦੀ ਉਮਰ ਕੁੱਜੇ ਠੂਠੀਆਂ ਵਿੱਚ ਤਾਂ ਬੰਦ ਨਹੀਂ ਹੋ ਸਕਦੀ ਇਸ ਲਈ ਮੈਂ ਇਸ ਗੱਲ ਨੂੰ ਬਹੁਤਾ ਦਿਲ ਤੇ ਨਾ ਲਾਇਆ।
             ਕੁਝ ਸਾਲਾਂ ਦੀ ਗੱਲ ਹੈ ਕਿ ਸਾਡੇ ਨੇੜੇ ਹੀ ਇੱਕ ਵਿਅਕਤੀ ਦੀ ਕਰਵਾ ਚੌਥ ਤੋਂ ਕੁਝ ਦਿਨ ਬਾਅਦ ਹੀ ਅਚਾਨਕ ਹਾਰਟ ਅਟੈਕ ਕਾਰਨ ਮੌਤ ਹੋ ਗਈ। ਉਸ ਦੀ ਪਤਨੀ ਵੱਲੋਂ ਬਹੁਤ ਹੀ ਸ਼ਰਧਾ ਨਾਲ ਵਰਤ ਰੱਖਿਆ ਗਿਆ ਸੀ। ਮੈਂ ਫਿਰ ਇਹੀ ਸੋਚ ਰਹੀ ਸੀ ਕਿ ਉਸ ਦੀ ਪਤਨੀ ਨੇ ਐਨੇ ਵਿਸ਼ਵਾਸ ਨਾਲ ਵਰਤ ਰੱਖਿਆ ਸੀ ਫਿਰ ਵੀ ਉਹ ਬੰਦਾ ਆਪਣੀ ਪਤਨੀ ਨੂੰ ਛੱਡ ਕੇ ਕਿਉਂ ਚਲਾ ਗਿਆ?
        ਸੁਮਨ ਕਰਵਾ ਚੌਥ ਵਾਲੇ ਦਿਨ ਪੂਰਾ ਦੁਲਹਨ ਵਾਲਾ ਪਹਿਰਾਵਾ ਪਾਈਂ , ਹੱਥ ਵਿੱਚ ਪੂਜਾ ਵਾਲੀ  ਥਾਲ਼ੀ ਫੜੀਂ ਲੰਘੀ ਤਾਂ ਇੱਕ ਗੁਆਂਢਣ ਦੂਜੀ ਨੂੰ ਕਹਿਣ ਲੱਗੀ,”ਨੀ ਪਰਸੋਂ ਤਾਂ ਪੁਲਿਸ ਆ ਕੇ ਦੋਹਾਂ ਤੀਵੀਂ-ਆਦਮੀ ਦਾ ਰਾਜ਼ੀਨਾਮਾ ਕਰਵਾ ਕੇ ਗਈ ਹੈ…ਉਦੋਂ ਤਾਂ ਰੋਂਦੀ ਹੋਈ ਇਹ ਕਹਿ ਰਹੀ ਸੀ…. ਕਿ ਏਹੋ ਜਿਹੇ ਆਦਮੀ ਨਾਲੋਂ ਤਾਂ ਮੈਂ ਰੰਡੀ ਚੰਗੀ ਹਾਂ ਤੇ ਅੱਜ ਓਹਦੀ ਲੰਮੀ ਉਮਰ ਲਈ ਵਰਤ ਵੀ ਰੱਖ ਲਿਆ?” ਗੱਲ ਸੁਣ ਕੇ ਸਾਰੀਆਂ ਔਰਤਾਂ ਹੱਸਣ ਲੱਗ ਪਈਆਂ ਪਰ ਗੱਲ ਹੈ ਤਾਂ ਸੱਚੀ ਸੀ। ਇਹ ਤਾਂ ਕੁਝ ਗੱਲਾਂ ਆਮ ਜਿਹੀਆਂ ਹਨ ਜੋ ਸਮਾਜ ਵਿੱਚ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ।
            ਜੇ ਆਪਾਂ ਧਿਆਨ ਨਾਲ ਵੇਖੀਏ ਤਾਂ ਸਾਡੇ ਜਿੰਨੇ ਵੀ ਪੁਰਾਤਨ ਤਿਉਹਾਰ ਜਾਂ ਰਵਾਇਤਾਂ ਸਾਡੇ ਸਿਆਣੇ ਸ਼ੁਰੂ ਕਰ ਕੇ ਗਏ ਹਨ ਉਨ੍ਹਾਂ ਪਿੱਛੇ ਕੋਈ ਨਾ ਕੋਈ ਤੱਥ ਜ਼ਰੂਰ ਹੁੰਦਾ ਹੈ। ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਪਰਿਵਾਰ ਵੱਡੇ ਅਤੇ ਸੰਯੁਕਤ ਹੋਣ ਕਰਕੇ ਔਰਤਾਂ ਘਰਾਂ ਦੇ ਕੰਮਾਂ ਵਿੱਚ ਰੁਲੀਆਂ ਰਹਿੰਦੀਆਂ ਸਨ। ਘਰੇਲੂ ਔਰਤਾਂ ਹੋਣ ਕਰਕੇ ਉਹਨਾਂ ਨੂੰ ਵਧੀਆ ਕੱਪੜੇ- ਗਹਿਣੇ ਪਾਉਣ ਦਾ ਮੌਕਾ ਨਹੀਂ ਮਿਲਦਾ ਸੀ। ਇਸ ਸਭ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਦਿਨ ਨਿਸ਼ਚਿਤ ਕਰ ਲਿਆ ਗਿਆ ਕਿ ਉਸ ਦਿਨ ਸਾਰੀਆਂ ਔਰਤਾਂ ਪੂਰੀ ਤਰ੍ਹਾਂ ਸਜ-ਧਜ ਕੇ ਤਿਆਰ ਹੋਣਗੀਆਂ ਅਤੇ ਘਰਾਂ ਵਿੱਚ ਕੋਈ ਕੰਮ -ਕਾਜ ਨਹੀਂ ਕਰਨਗੀਆਂ। ਥਾਲੀਆਂ ਮਣਸਣ ਲਈ ਸਾਰੀਆਂ ਔਰਤਾਂ ਇਸ ਬਹਾਨੇ ਇਕੱਠੀਆਂ ਹੋ ਕੇ ਇੱਕ- ਦੂਜੇ ਨੂੰ ਮਿਲ ਵੀ ਲੈਂਦੀਆਂ ਸਨ। ਇੱਕ  ਦਿਨ ਦਾ ਵਰਤ ਰੱਖਣਾ ਸਿਹਤ ਪੱਖੋਂ ਵੀ ਠੀਕ ਰਹਿੰਦਾ ਹੈ।ਲਾਲ ਰੰਗ ਦੇ ਬਸਤਰ ਇਸ ਲਈ ਪਾਏ ਜਾਂਦੇ ਹਨ ਕਿਉਂਕਿ ਲਾਲ ਰੰਗ ਉਤੇਜਨਾ, ਉਮੰਗ ਅਤੇ ਉਤਸ਼ਾਹ ਪੈਦਾ  ਕਰਦਾ ਹੈ। ਇਸ ਤਰ੍ਹਾਂ ਇਹ ਵਰਤ ਮਨ ਵਿੱਚ ਖੁਸ਼ੀ,ਸਰੀਰ ਦੀ ਸਵੱਛਤਾ, ਸੱਚ, ਮੇਲ-ਮਿਲਾਪ, ਉਮੰਗ, ਉਤਸ਼ਾਹ, ਪਿਆਰ ਅਤੇ ਅੰਦਰੂਨੀ ਵਿਸ਼ਵਾਸ ਪੈਦਾ ਕਰਨ ਵਾਲਾ ਇੱਕ ਸ੍ਰੋਤ ਹੈ। ਇਸ ਤਰ੍ਹਾਂ ਇਸ ਤਿਉਹਾਰ ਦੀ ਹਰ ਕਿਸੇ ਅੰਦਰ ਆਪਣੀ ਆਪਣੀ ਮਾਨਤਾ ਅਨੁਸਾਰ ਮਹੱਤਤਾ ਹੈ ਕਿਉਂਕਿ ਇਹ ਤਿਉਹਾਰ ਸਾਡੇ ਅੰਦਰ ਉਤਸ਼ਾਹ ਭਰਨ ਦੇ ਨਾਲ ਨਾਲ ਜੀਵਨ ਖੁਸ਼ੀਆਂ ਭਰਪੂਰ ਵੀ ਬਣਾਉਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਅਸਲੀ ਖੁਸ਼ੀ ਪ੍ਰਾਪਤ ਕਰਨ ਲਈ ਇਸ ਤਿਉਹਾਰ ਨੂੰ ਵਹਿਮ ਭਰਮ ਤੋਂ ਮੁਕਤ ਹੋ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਵਹਿਮ ਭਰਮ ਮੁਕਤ ਜੀਵਨ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
  ਬਰਜਿੰਦਰ ਕੌਰ ਬਿਸਰਾਓ…
  9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIDF fighter jets hit Hezbollah targets in Lebanon
Next articleਮਿੰਨੀ ਕਹਾਣੀ / ਚਲੋ, ਚੰਗਾ ਹੋਇਆ