ਏਹੁ ਹਮਾਰਾ ਜੀਵਣਾ ਹੈ -424

 (ਸਮਾਜ ਵੀਕਲੀ)- ਸੁਰਜੂ ਸੱਤ ਕੁ ਸਾਲ ਦਾ ਸੀ ਤੇ ਉਸ ਦੇ ਦੋ ਹੋਰ ਛੋਟੇ ਭਰਾ ਸਨ।ਉਹ ਬਿਹਾਰ ਦੇ ਇੱਕ ਪਿੰਡ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੇ ਸਨ। ਘਰ ਵਿੱਚ ਵੱਡਾ ਮੁੰਡਾ ਹੋਣ ਕਰਕੇ ਉਸ ਦਾ ਪਿਓ ਖੇਤਾਂ ਵਿੱਚ ਕੰਮ ਕਰਦਾ ਕਦੇ ਇਸ ਨੂੰ ਨਾਲ਼ ਕੰਮ ਕਰਨ ਲਈ ਖੇਤਾਂ ਵਿੱਚ ਲੈ ਜਾਂਦਾ ਤੇ ਕਦੇ ਨਾ ਲਿਜਾਂਦਾ। ਹਜੇ ਉਹ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਨ ਪਾਇਆ ਹੋਇਆ ਸੀ ਪਰ ਸਕੂਲ ਤਾਂ ਕਦੇ ਕਰਮਾਂ ਵਾਲ਼ੇ ਦਿਨ ਹੀ ਜਾਂਦਾ ਸੀ। ਉਹ ਆਪਣੇ ਪਿੰਡ ਦੇ ਕਈ ਮੁੰਡਿਆਂ ਨੂੰ ਵੇਖਦਾ ਜੋ ਕਦੇ ਕਦੇ ਪੰਜਾਬ ਤੋਂ ਆ ਕੇ ਪਿੰਡ ਵਿੱਚ ਟੌਹਰ ਨਾਲ ਘੁੰਮਦੇ ਹੁੰਦੇ ਸਨ। ਉਹਨਾਂ ਨੇ ਜਦ ਪੈਂਟ ਸ਼ਰਟ ਪਾ ਕੇ ਨਿਕਲਣਾ ਤਾਂ ਉਹ ਪਿੰਡ ਦੇ ਬਾਕੀ ਲੋਕਾਂ ਤੋਂ ਅਲੱਗ ਲੱਗਦੇ ਹੁੰਦੇ ਸਨ। ਸੁਰਜੂ ਨੂੰ ਉਹ ਬਹੁਤ ਵਧੀਆ ਲੱਗਦੇ ਹੁੰਦੇ ਸਨ ਤੇ ਉਨ੍ਹਾਂ ਨੂੰ ਵੇਖ ਕੇ ਸੋਚਦਾ ਕਿ ਕਦੇ ਉਹ ਵੀ ਉਨ੍ਹਾਂ ਵਾਂਗ ਪੰਜਾਬ ਜਾਏਗਾ ਤੇ ਕਦੇ ਉਹ ਵੀ ਪਿੰਡ ਆ ਕੇ ਇਸੇ ਤਰ੍ਹਾਂ ਪੈਂਟ ਸ਼ਰਟ ਪਾ ਕੇ ਸਾਰੇ ਪਿੰਡ ਵਿੱਚ ਘੁੰਮਿਆ ਕਰੇਗਾ ਤੇ ਫਿਰ ਪਿੰਡ ਦੇ ਬੱਚੇ ਉਸ ਦੇ ਵੀ ਮਗਰ ਮਗਰ ਘੁੰਮਿਆ ਕਰਨਗੇ। ਇਸ ਤਰ੍ਹਾਂ ਉਹ ਆਪਣੇ ਬਾਲ ਮਨ ਦੀਆਂ ਉਡਾਰੀਆਂ ਮਾਰਦਾ ਤੇ ਹਮੇਸ਼ਾਂ ਪੰਜਾਬ ਜਾਣ ਬਾਰੇ ਸੋਚਦਾ ਰਹਿੰਦਾ।
            ਇੱਕ ਦਿਨ ਸੁਰਜੂ ਦੇ ਸਕੂਲ ਤੋਂ ਸੁਨੇਹਾ ਆਇਆ ਕਿ ਉਸ ਦੇ ਸਕੂਲ ਨਾ ਆਉਣ ਕਾਰਨ ਉਸ ਦਾ ਨਾਂ ਕੱਟਿਆ ਗਿਆ ਸੀ। ਸੁਨੇਹਾ ਵੀ ਸਕੂਲ ਦੇ ਮਾਸਟਰ ਨੇ ਉਸ ਦੇ ਪਿਓ ਨੂੰ ਖੇਤਾਂ ਵਿੱਚੋਂ ਕੰਮ ਕਰਕੇ ਮੁੜੇ ਆਉਂਦੇ ਨੂੰ ਰਾਹ ਵਿੱਚ ਹੀ ਦੇ ਦਿੱਤਾ ਸੀ।ਸੁਰਜੂ ਦੇ ਪਿਓ ਨੂੰ ਉਸ ਉੱਤੇ ਐਨਾ ਗੁੱਸਾ ਆਇਆ ਕਿ ਆਉਂਦੇ ਨੇ ਹੀ ਉਸ ਨੂੰ ਜੁੱਤੀਆਂ, ਡੰਡਿਆਂ ਨਾਲ ਬਹੁਤ ਕੁੱਟਿਆ। ਉਂਝ ਸੁਰਜੂ ਦਾ ਪਿਓ ਉਸ ਨੂੰ ਕੁੱਟਦਾ ਤਾਂ ਬਹੁਤ ਸੀ ਪਰ ਜਿੰਨਾਂ ਉਸ ਦਿਨ ਕੁੱਟਿਆ ਸੀ ਓਨਾ ਪਹਿਲਾਂ ਕਦੇ ਨਹੀਂ ਮਾਰਿਆ ਸੀ। ਸੁਰਜੂ ਨੇ ਰਾਤ ਨੂੰ ਮਾਂ ਦੇ ਟਰੰਕ ਵਿੱਚੋਂ ਸੌ ਰੁਪਏ ਕੱਢੇ ਤੇ ਸਿੱਧਾ ਸਟੇਸ਼ਨ ਤੇ ਜਾ ਕੇ ਪੰਜਾਬ ਨੂੰ ਜਾਣ ਵਾਲੀ ਗੱਡੀ ਵਿੱਚ ਬਹਿ ਗਿਆ। ਨਿੱਕਾ ਬੱਚਾ ਹੋਣ ਕਰਕੇ ਟੀ ਟੀ ਦਾ ਵੀ ਬਹੁਤਾ ਉਸ ਵੱਲ ਧਿਆਨ ਨਾ ਗਿਆ ਤੇ ਦੂਜਾ ਡੱਬੇ ਵਿੱਚ ਬਹੁਤ ਭੀੜ ਕਰਕੇ ਟੀ ਟੀ ਨੂੰ ਭੁਲੇਖਾ ਪੈ ਗਿਆ ਹੋਵੇਗਾ ਕਿ ਸ਼ਾਇਦ ਕਿਸੇ ਸਵਾਰੀ ਦਾ ਬੱਚਾ ਹੋਵੇਗਾ। ਗੱਡੀ ਆਖ਼ਰੀ ਸਟੇਸ਼ਨ ਅੰਮ੍ਰਿਤਸਰ ਦੇ ਸਟੇਸ਼ਨ ਤੇ ਰੁਕੀ ਤਾਂ ਸਾਰੇ ਉੱਥੇ ਉਤਰ ਗਏ ਤੇ ਗੱਡੀ ਖ਼ਾਲੀ ਹੋ ਗਈ। ਸੁਰਜੂ ਵੀ ਉਤਰ ਗਿਆ।ਉਸ ਨੇ ਉਤਰ ਕੇ ਐਧਰ ਓਧਰ ਵੇਖਿਆ ਤਾਂ ਉਸ ਨੂੰ ਕਈ ਬਿਹਾਰੀ ਖੜ੍ਹੇ ਦਿਸੇ ਤੇ ਇਹ ਵੀ ਓਹਨਾਂ ਕੋਲ ਹੀ ਜਾ ਕੇ ਖੜ੍ਹ ਗਿਆ। ਇੱਕ ਸਰਦਾਰ ਟਰਾਲੀ ਲੈ ਕੇ ਉੱਥੇ ਆਇਆ ਤਾਂ ਸਾਰੇ ਪ੍ਰਵਾਸੀ ਮਜ਼ਦੂਰ ਉਸ ਦੇ ਦੁਆਲੇ ਇਕੱਠੇ ਹੋ ਗਏ।ਇਹ ਵੀ ਉੱਥੇ ਚਲਿਆ ਗਿਆ।ਉਹ ਖੇਤਾਂ ਵਿੱਚ ਦਿਹਾੜੀ ਦੀ ਗੱਲ ਕਰ ਰਹੇ ਸਨ। ਸਰਦਾਰ ਨੇ ਪੰਦਰਾਂ ਕੁ ਪ੍ਰਵਾਸੀ ਮਜ਼ਦੂਰਾਂ ਨੂੰ ਦਿਹਾੜੀ ਦੀ ਗੱਲ ਕਰਕੇ ਟਰਾਲੀ ਵਿੱਚ ਚੜ੍ਹਾ ਲਿਆ। ਸੁਰਜੂ ਨੇ ਵੀ ਸਰਦਾਰ ਕੋਲ਼ ਆ ਕੇ ਆਖਿਆ,”….ਸਰਦਾਰ ਜੀ ਮੁਝੇ ਵੀ ਲੇ ਚੱਲੋ…. ਮੈਂ ਭੀ ਕਾਮ ਕਰੂੰਗਾ…!”
“ਓਏ….. ਤੂੰ ਐਨਾ ਛੋਟਾ ਮੁੰਡਾ….. ਤੇਰੀ ਉਮਰ ਕੰਮ ਕਰਨ ਦੀ ਥੋੜ੍ਹਾ ਪੜ੍ਹਨ ਦੀ ਆ….!” ਸਰਦਾਰ ਨੇ ਕਿਹਾ।
“ਸਰਦਾਰ ਜੀ ਹਮ ਭੀ ਕਾਮ ਕਰਨੇ ਕੇ ਲਿਏ ਆਇਆ ਹੈ…!”
” ਤੁਮ੍ਹਾਰੇ ਮਾਂ ਪਿਓ ਕਹਾਂ ਹੈ….?” ਸਰਦਾਰ ਨੇ ਓਹਦੀ ਭਾਸ਼ਾ ਵਿੱਚ ਗੱਲ ਕਰਦਿਆਂ ਪੁੱਛਿਆ।
“ਜੀ ਵੋ ਤੋ ਗਾਓਂ ਮੇਂ ਹੈ….!”
“ਹੱਦ ਹੋ ਗੀ ਐਨਾ ਛੋਟਾ ਮੁੰਡਾ ਕਮਾਈ ਕਰਨ ਕੱਲਾ ਭੇਜਤਾ….(ਆਪਣੇ ਆਪ ਨਾਲ ਹੀ ਗੱਲ ਕਰਕੇ ਫਿਰ ਉਸ ਨੂੰ ਆਖਦਾ ਹੈ) ….. ਚੱਲ ਬਹਿ ਜਾ ਤੂੰ ਵੀ ਟਰਾਲੀ ਵਿੱਚ….!”                       ਟਰਾਲੀ ਵਿੱਚ ਬੈਠਦਿਆਂ ਹੀ ਸੁਰਜੂ ਦੀ ਜ਼ਿੰਦਗੀ ਦਾ ਦੂਜਾ ਅਧਿਆਇ ਸ਼ੁਰੂ ਹੋ ਗਿਆ ਸੀ। ਬਾਕੀ ਸਾਰੇ ਮਜ਼ਦੂਰ ਪੰਦਰਾਂ ਦਿਨ ਖੇਤਾਂ ਵਿੱਚ ਕੰਮ ਕਰਕੇ ਵਾਪਸ ਸ਼ਹਿਰ ਆ ਗਏ ਸਨ ਪਰ ਸੁਰਜੂ ਉਸ ਪਿੰਡ ਦਾ ਹੋ ਕੇ ਰਹਿ ਗਿਆ ਸੀ। ਸਰਦਾਰ ਪਾਲਾ ਸਿੰਘ ਤੇ ਉਸ ਦੀ ਪਤਨੀ ਜਿੰਦਰ ਕੌਰ ਉਸ ਨੂੰ ਇਕੱਲਾ ਨਿਆਣਾ ਸਮਝ ਕੇ ਉਸ ਉਤੇ ਤਰਸ ਖਾਂਦੇ ਸਨ ਤੇ ਉਸ ਨੂੰ ਘਰ ਦੇ ਛੋਟੇ ਮੋਟੇ ਕੰਮ ਲਾ ਦਿੰਦੇ ਸਨ ਜਿਵੇਂ ਖੇਤਾਂ ਚ ਚਾਹ ਜਾਂ ਰੋਟੀ ਫੜਾ ਆਇਆ ਜਾਂ ਘਰੇ ਡੰਗਰਾਂ ਨੂੰ ਪਾਣੀ ਪਿਲਾਉਣ ਲਈ ਆਖ ਦੇਣਾ। ਸੁਰਜੂ ਨੂੰ ਆਪਣੇ ਪਿੰਡ ਨਾਲੋਂ ਕਿਤੇ ਵਧੀਆ ਰੋਟੀ ਢਿੱਡ ਭਰ ਕੇ ਖਾਣ ਨੂੰ ਮਿਲਦੀ ਸੀ। ਸਰਦਾਰਾਂ ਦੇ ਬੱਚੇ ਅੰਗਰੇਜ਼ੀ ਸਕੂਲ ਵਿੱਚ ਜਾਂਦੇ ਸਨ ਤੇ ਉਨ੍ਹਾਂ ਨੇ ਇਸ ਨੂੰ ਪਿੰਡ ਦੇ ਸਕੂਲ ਵਿੱਚ ਲਾ ਦਿੱਤਾ ਸੀ। ਉਹ ਪੰਜ ਪੜ੍ਹ ਗਿਆ ਸੀ ਅਗਾਂਹ ਪੜ੍ਹਨ ਤੋਂ ਉਸ ਨੇ ਆਪ ਹੀ ਜਵਾਬ ਦੇ ਦਿੱਤਾ। ਸੁਰਜੂ ਹੁਣ ਤੇਰਾ ਚੌਦਾਂ ਸਾਲ ਦਾ ਸਮਝਦਾਰ ਜਵਾਕ ਸੀ। ਇੱਕ ਦਿਨ ਜਿੰਦਰ ਕੌਰ ਨੇ ਉਸ ਨੂੰ ਪੁੱਛਿਆ,”ਵੇ ਸੁਰਜੂ…… ਤੇਰਾ ਆਪਣੇ ਮਾਂ ਬਾਪ ਨੂੰ ਮਿਲ਼ਣ ਨੂੰ ਜੀ ਨੀ ਕਰਦਾ….?”
“ਨਹੀਂ ਬੀਬੀ ਜੀ….ਮੇਰਾ ਤਾਂ ਹੁਨ ਤੁਸੀਂ ਮਾਈ ਬਾਪ ਹੋ ….!”
“… ਫੇਰ ਵੀ ਮਾਪੇ ਤਾਂ ਮਾਪੇ ਈ ਹੁੰਦੇ ਨੇ….. ਮੈਂ ਤਾਂ ਕਹਿੰਨੀ ਆਂ ਜਾ ਕੇ ਗੇੜਾ ਮਾਰ ਆ….!”
“ਨਹੀਂ ਬੀਬੀ ਜੀ…. ਮੈਂ ਤਾਂ ਇੱਥੇ ਹੀ ਠੀਕ ਹੈਗਾ….!”
     ਜਿੰਦਰ ਕੌਰ ਉਸ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਗਈ।ਪਰ ਪੰਦਰਾਂ ਕੁ ਦਿਨ ਬਾਅਦ ਉਸ ਨੂੰ ਦਸ ਹਜ਼ਾਰ ਰੁਪਏ ਦੇ ਕੇ ਸਰਦਾਰ ਨੇ ਉਸ ਨੂੰ ਬਿਹਾਰ ਜਾਣ ਵਾਲੀ ਗੱਡੀ ਦੀ ਟਿਕਟ ਲੈ ਕੇ ਬਿਠਾ ਦਿੱਤਾ ਤੇ ਆਖਿਆ,” ਸੁਰਜੂ….. ਹੁਣ ਕੰਮ ਕਾਰ ਘੱਟ ਈ ਆ ਖੇਤਾਂ ਚ….. ਮਹੀਨਾ ਕੁ ਲਾਇਆ ਆਪਣੇ ਮਾਂ ਪਿਓ ਕੋਲ….!” ਸੁਰਜੂ ਨੇ ਉਦਾਸ ਬੈਠੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।
           ਸੁਰਜੂ ਨੂੰ ਭੇਜੇ ਨੂੰ ਹਜੇ ਦਸ ਦਿਨ ਹੀ ਹੋਏ ਸਨ ਕਿ ਤੜਕੇ ਸਾਰ ਪਹਿਲੀ ਬੱਸ ਰਾਹੀਂ ਸੁਰਜੂ ਘਰੇ ਵਾਪਸ ਆ ਗਿਆ। ਜਿੰਦਰ ਕੌਰ ਨੇ ਕਿਹਾ,”ਵੇ ਤੂੰ ਐਨੀ ਛੇਤੀ ਮੁੜ ਵੀ ਆਇਆ….?”
“ਹਾਂ ਜੀ ਬੀਬੀ ਜੀ….. ਨਾ ਮੈਨੂੰ ਉਹਨਾਂ ਦਾ ਪਿਆਰ ਆਉਂਦਾ ਹੈਗਾ ਨਾ ਉਹਨਾਂ ਨੂੰ ਮੇਰਾ….! ਮੈਂ ਤਿੰਨ ਦਿਨ ਉੱਥੇ ਈਸ ਤਰ੍ਹਾਂ ਰਿਹਾ ਜਿਵੇਂ ਕੋਈ ਅਜਨਬੀ ਰਹਿੰਦਾ ਹੈ….. ਮੈਨੂੰ ਉਹਨਾਂ ਦਾ ਪੀਆਰ ਬਿਲਕੁਲ ਨੀ ਆਂਦਾ ਹੈ…. ਮੈਂ ਤਾਂ ਆਪਣੀ ਸਾਰੀ ਜੀਂਦਗੀ ਇਥੇ ਹੀ ਬਿਤਾਣੀ ਹੈ….. ਇਹੀ ਮੇਰਾ ਘਰ ਹੈ ਹੁਣ… !”
ਉਸ ਦੀਆਂ ਭਾਵਨਾਵਾਂ ਸਾਹਮਣੇ ਪਾਲਾ ਸਿੰਘ ਤੇ ਜਿੰਦਰ ਕੌਰ ਵੀ ਕੀ ਕਰ ਸਕਦੇ ਸਨ।
        ਪਾਲਾ ਸਿੰਘ ਦਾ ਭਰਾ ਅਮਰੀਕਾ ਵਿੱਚ ਪੱਕਾ ਰਹਿੰਦਾ ਸੀ । ਉਸ ਨੇ ਸਾਰੇ ਟੱਬਰ ਦੀ ਰਾਹਦਾਰੀ ਦੇ ਕਾਗਜ਼ ਭਰੇ ਹੋਏ ਸਨ। ਉਹਨਾਂ ਦੀ ਸਾਰੇ ਟੱਬਰ ਦੀ ਰਾਹਦਾਰੀ ਆ ਗਈ ਤੇ ਹੁਣ ਸਰਦਾਰਾਂ ਦਾ ਸਾਰਾ ਟੱਬਰ ਅਮਰੀਕਾ ਜਾਂਦਾ ਹੋਇਆ ਘਰ ਬਾਰ ਦੀ ਜ਼ਿੰਮੇਵਾਰੀ ਤੇ ਜ਼ਮੀਨ ਜਾਇਦਾਦ ਦੀ ਸਾਂਭ ਸੰਭਾਲ ਲਈ ਸੁਰਜੂ ਦਾ ਜਿੰਮਾ ਲਾ ਗਏ। ਸੁਰਜੂ ਨੇ ਆਪਣੇ ਚਾਹ ਦੁੱਧ ਖ਼ਾਤਰ  ਇੱਕ ਮੱਝ ਰੱਖ ਲਈ ਸੀ,ਬਾਕੀ ਸਾਰੇ ਡੰਗਰ ਵੇਚ ਦਿੱਤੇ ਸਨ। ਪਿੰਡ ਵਿੱਚ ਲੋਕ ਸੁਰਜੂ ਭਈਆ ਕਰਕੇ ਹੀ ਬੁਲਾਉਂਦੇ ਸਨ ਪਰ ਉਹ ਪਿੰਡ ਦੇ ਸਾਰੇ ਕੰਮਾਂ ਵਿੱਚ ਮੂਹਰੇ ਹੋ ਕੇ ਲੱਗਦਾ, ਗੁਰਦੁਆਰੇ ਜਾਂਦਾ, ਨਗਰ ਕੀਰਤਨ ਵਿੱਚ ਮੋਢੀ ਹੋ ਕੇ ਤੁਰਦਾ,ਪਿੰਡ ਦੇ ਵੱਡਿਆਂ ਨਾਲ ਸੱਥਾਂ ਵਿੱਚ ਬੈਠ ਕੇ ਹਾਸਾ ਠੱਠਾ ਕਰਦਾ , ਸ਼ਰੀਕਾਂ ਦੇ ਘਰ ਵਿਆਹ ਸ਼ਾਦੀਆਂ ਨੂੰ ਤੋਰੇ ਫੇਰੇ ਵਾਲ਼ੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲੈਂਦਾ …. ਵਧੀਆ ਕੱਪੜੇ ਪਾ ਕੇ ਰੱਖਦਾ। ਸੁਰਜੂ ਤੀਹਾਂ ਵਰਿਆਂ ਦਾ ਹੋ ਗਿਆ ਸੀ। ਉਸ ਨੇ ਅੰਮ੍ਰਿਤ ਛਕ ਕੇ ਗਾਤਰਾ ਪਾਇਆ ਹੋਇਆ ਸੀ। ਸਰਦਾਰਾਂ ਦੇ ਪਰਿਵਾਰਾਂ ਵਿੱਚੋਂ ਕਦੇ ਕੋਈ ਇੱਥੇ ਕੁਝ ਦਿਨਾਂ ਲਈ ਆਉਂਦਾ ਤਾਂ ਸਭ ਇੰਤਜ਼ਾਮ ਕਰਨਾ ਉਸ ਦੀ ਜ਼ਿੰਮੇਵਾਰੀ ਹੁੰਦੀ। ਉਸ ਲਈ ਉਹ ਬਾਹਰੋਂ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ। ਉਸ ਕੋਲ ਵਧੀਆ ਫੋਨ ਹੁੰਦਾ, ਬਾਹਰਲੀ ਘੜੀ ਲੱਗੀ ਹੁੰਦੀ, ਬਾਹਰਲੇ ਕੱਪੜੇ ਪਾਉਂਦਾ। ਪਿੰਡ ਦੀਆਂ ਬੁੜੀਆਂ ਉਸ ਨੂੰ ਵੇਖ ਕੇ ਆਖਦੀਆਂ,” ਕਿਸੇ ਅਮੀਰ ਘਰ ਦੇ ਜਵਾਕ ਜਿੰਨੀ ਤਾਂ ਸੁਰਜੂ ਭਈਆ ਐਸ਼ ਕਰਦਾ….. ਖਸਮਾਂ ਨੂੰ ਖਾਣਾਂ ਇਹਦਾ ਤਾਂ ਇੱਥੇ ਈ ਅਮਰੀਕਾ ਬਣਿਆ ਪਿਆ….!”
           ਜਿੰਦਰ ਕੌਰ ਤੇ ਪਾਲਾ ਸਿੰਘ ਦਾ ਵੀ ਇੱਕ ਦੋ ਵਾਰ ਚੱਕਰ ਲੱਗਿਆ ਤਾਂ ਜਿੰਦਰ ਕੌਰ ਨੇ ਉਸ ਨੂੰ ਆਖਿਆ,”ਸੁਰਜੂ….. ਮੈਂ ਤਾਂ ਕਹਿੰਨੀ ਆ….. ਤੂੰ ਵਿਆਹ ਕਰਵਾ ਲੈ…..ਤੇ ਹੁਣ ਆਪਣਾ ਘਰ ਵਸਾ…..!”
“ਨਾ ਬੀਬੀ ਜੀ….. ਮੈਂ ਤਾਂ ਇਸੇ ਘਰ ਲਈ ਹੀ ਜੰਮਿਆ ਸੀ…. ਮੈਨੂੰ ਇਸ ਘਰ ਨੇ ਬਹੁਤ ਕੁਛ ਦਿੱਤਾ ਹੈ….. ਮੇਰੇ ਲਈ ਤੁਸੀਂ ਸਾਰੇ ਮੇਰਾ ਪਰਿਵਾਰ ਹੋ…. ਮੈਂ ਤਾਂ ਇੱਕ ਵਾਰ ਅਮਰੀਕਾ ਵੀ ਦੇਖਣਾ ਹੈਗਾ…. !”
ਸਾਰੇ ਹੱਸ ਪਏ….ਤੇ ਆਖਣ ਲੱਗੇ ਕੋਈ ਨਾ ਤੈਨੂੰ ਅਮਰੀਕਾ ਵੀ ਵਿਖਾ ਦਿਆਂਗੇ।
        ਸੁਰਜੂ ਨੇ ਆਪਣਾ ਪਾਸਪੋਰਟ ਬਣਵਾ ਲਿਆ ਸੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਉਸ ਦੇ ਸਰਦਾਰ ਉਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਅਮਰੀਕਾ ਲੈ ਕੇ ਜਾਣਗੇ। ਇੱਕ ਤੇ ਵਿਸ਼ਵਾਸ ਰੱਖਣਾ ਚਾਹੇ ਅਧਿਆਤਮਿਕ ਪੱਖ ਤੋਂ ਹੋਵੇ  ਜਾਂ ਦੁਨਿਆਵੀ ਪੱਖ ਤੋਂ, ਉਸ ਵਿੱਚ ਪ੍ਰਾਪਤੀ ਹੀ ਹੁੰਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ਵਿਖੇ 1 ਨਵੰਬਰ ਨੂੰ ਕਰੇਗੀ ਧਰਨਾ ਪ੍ਰਦਸ਼ਨ – ਵਿਪੁਲ ਕੁਮਾਰ
Next articleਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਣਾ ਲਾਜ਼ਮੀ: ਬਲਬੀਰ ਕੌਰ ਰਾਏਕੋਟੀ