(ਸਮਾਜ ਵੀਕਲੀ) ਮਨੁੱਖ ਦੇ ਜਨਮ ਲੈਣ ਦੇ ਸਮੇਂ ਤੋਂ ਹੀ ਸੁਭਾਵਿਕ ਤੌਰ ਤੇ ਕਈ ਗੁਣ ਔਗੁਣ ਉਸ ਅੰਦਰ ਪੈਦਾ ਹੁੰਦੇ ਹਨ, ਹੌਲ਼ੀ ਹੌਲ਼ੀ ਉਜਾਗਰ ਹੋਣ ਲੱਗਦੇ ਹਨ,ਫਿਰ ਜਿਵੇਂ ਜਿਵੇਂ ਸੋਝੀ ਆਈ ਜਾਂਦੀ ਹੈ, ਦੁਨੀਆਂ ਵਿੱਚ ਵਿਚਰਦੇ ਹੋਏ, ਦੁਨੀਆ ਨੂੰ ਵੇਖਦੇ ਹੋਏ ਕਈ ਗੁਣ ਔਗੁਣ ਹੋਰਾਂ ਨੂੰ ਦੇਖ ਦੇਖ ਕੇ ਪੈਦਾ ਹੁੰਦੇ ਹਨ। ਮਨੁੱਖ ਦਾ ਸੁਭਾਅ ਵਿਕਾਰੀ ਜਾਂ ਸਦਾਚਾਰੀ ਗੁਣਾਂ ਦੇ ਮਿਸ਼ਰਣ ਦੇ ਨਾਲ ਚੱਲਦਾ ਹੈ। ਅੱਜ ਆਪਾਂ ਤਿ੍ਸ਼ਨਾ ਬਾਰੇ ਗੱਲ ਕਰਦੇ ਹਾਂ।ਤ੍ਰਿਸ਼ਨਾ ਹਰ ਇੱਕ ਇਨਸਾਨ ਦੀ ਜਮਾਂਦਰੂ ਉਪਜ ਹੁੰਦੀ ਹੈ । ਇਸ ਦੁਨੀਆ ਵਿੱਚ ਕੋਈ ਵੀ ਇਸ ਤੋਂ ਵਾਂਝਾ ਨਹੀਂ ਹੋ ਸਕਦਾ ਹੈ। ਇਸ ਨੇ ਹਰ ਜੀਵ ਆਤਮਾ ਨੂੰ ਆਪਣੇ ਮਕੜ ਜਾਲ ਵਿੱਚ ਜਕੜ ਰਖਿਆ ਹੈ।
ਸਿੱਖ ਮਾਰਗ ਅਨੁਸਾਰ ” ‘ਤ੍ਰਿਸ਼ਨਾ` ਸ਼ਬਦ ਤ੍ਰਿਸਨਾ ਜਾਂ ਤਿਸਨਾ ਦੇ ਰੂਪ ਵਿੱਚ ਗੁਰਬਾਣੀ ਵਿੱਚ ਲਗ ਭਗ 225 ਵਾਰ ਵਰਤਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ ਇਸ ਦੇ ਅਰਥ ਪਿਆਸ, ਤ੍ਰਿਖਾ ਜਾਂ ਕਿਸੇ ਚੀਜ਼ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੈ। ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸ਼ਬਦ ਕੋਸ਼ ਵਿੱਚ ਲਿਖਿਆ ਹੈ ਕਿ ਇਹ ਸ਼ਬਦ ਸੰਸਕ੍ਰਿਤ ਦਾ ਹੈ ਤੇ ਇਸ ਦਾ ਅਰਥ ਲਾਲਚ ਹੈ। ਫਾਰਸੀ ਬੋਲੀ ਦਾ ਇੱਕ ਸ਼ਬਦ ਤਿਸਨਾ ਹੈ ਜਿਸ ਦਾ ਅਰਥ ਪਿਆਸਾ ਹੈ।”
ਅਸਲ ਵਿੱਚ ਤਿ੍ਸ਼ਨਾ ਦੁਨਿਆਵੀ ਪਦਾਰਥਾਂ ਦੇ ਮੋਹ ਦੀ ਪ੍ਰਬਲ ਇੱਛਾ ਨੂੰ ਵੀ ਕਿਹਾ ਜਾਂਦਾ ਹੈ। ਤਿ੍ਸ਼ਨਾ ਸ਼ਬਦ ਦੇ ਕਈ ਸਮਾਨਾਰਥਕ ਸ਼ਬਦ ਹਨ ਜਿਵੇਂ ,ਪਿਆਸ, ਚੇਸ਼ਟਾ, ਤਮੰਨਾ, ਅਭਿਲਾਸ਼ਾ,ਤਿ੍ਖਾ,ਇੱਛਾ, ਆਰਜ਼ੂ,ਚਾਹ, ਮਨੋਕਾਮਨਾ,ਲਾਲਸਾ ਆਦਿ ਅਨੇਕਾਂ ਸ਼ਬਦ ਹੈ। ਇਹ ਕੁਦਰਤੀ ਤੌਰ ਤੇ ਉਪਜਿਆ ਹੋਇਆ ਸੁਭਾਅ ਦਾ ਇੱਕ ਅਹਿਮ ਪੱਖ ਹੁੰਦਾ ਹੈ ਪਰ ਇਸ ਦਾ ਵਰਤਾਰਾ ਹਰ ਮਨੁੱਖ ਆਪਣੇ ਸੁਭਾਅ ਮੁਤਾਬਿਕ ਹੀ ਕਰਦਾ ਹੈ। ਤਿ੍ਸ਼ਨਾ ਹਰ ਜੀਵ ਪ੍ਰਾਣੀ ਅੰਦਰ ਜਨਮ ਸਮੇਂ ਤੋਂ ਹੀ ਪੈਦਾ ਹੋ ਜਾਂਦੀ ਹੈ।ਜੰਮਦੇ ਬੱਚੇ ਨੂੰ ਜਦ ਭੁੱਖ ਲੱਗਦੀ ਹੈ ਤਾਂ ਉਸ ਅੰਦਰ ਸੁਭਾਵਿਕ ਤੌਰ ਤੇ ਹੀ ਕੁਝ ਖਾਣ ਦੀ ਲਾਲਸਾ ਹੁੰਦੀ ਹੈ ਤਾਂ ਉੱਚੀ ਉੱਚੀ ਰੋ ਕੇ ਦੱਸਦਾ ਹੈ, ਢਿੱਡ ਭਰਦੇ ਸਾਰ ਹੀ ਉਸ ਦੀ ਤਿ੍ਸ਼ਨਾ ਬੁਝ ਜਾਂਦੀ ਹੈ। ਕਿਸੇ ਨੂੰ ਧਨ ਦੌਲਤ ਦੀ ਤ੍ਰਿਸ਼ਨਾ ਹੈ, ਕਈਆਂ ਨੂੰ ਪੁੱਤਰ ਦੀ ਤੇ ਕਈਆਂ ਨੂੰ ਧੀ ਦੀ ਤੇ ਕਈਆਂ ਨੂੰ ਉੱਚੇ ਅਹੁਦਿਆਂ ਨੂੰ ਪਾਉਣ ਦੀ ਲਾਲਸਾ ਹੈ।
‘ਆਮ ਜ਼ਿੰਦਗੀ ਵਿੱਚ ਆਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੁਟ ਜਾਣਾ ਹਰ ਮਨੁੱਖ ਦੀ ਇੱਛਾ ਨਾ ਹੋ ਕੇ ਜ਼ਰੂਰਤ ਹੁੰਦੀ ਹੈ ਪਰ ਜਦੋਂ ਉਹੀ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਧਾਉਣ ਵਿੱਚ ਪ੍ਰਬਲ ਇੱਛਾ ਪੈਦਾ ਹੋ ਜਾਣਾ ,ਉਹ ਫਿਰ ਮਨੁੱਖ ਦੀ ਤਿ੍ਸ਼ਨਾ ਬਣ ਜਾਂਦੀ ਹੈ। ਗੁਰਬਾਣੀ ਵਿੱਚ ਤਿ੍ਸ਼ਨਾ ਨੂੰ ਅਗਨੀ ਦੇ ਸਾਮਾਨ ਦੱਸਿਆ ਗਿਆ ਹੈ,ਜਿਸ ਵਿੱਚ ਸਾਰਾ ਸੰਸਾਰ ਜਲ ਰਿਹਾ ਹੈ।ਗੁਰੂ ਅਮਰ ਦਾਸ ਜੀ ਨੇ ਵੀ ਇਸ ਸਬੰਧੀ ਲਿਖਿਆ ਹੈ
“ਤਿਸਨਾ ਅਗਨਿ ਜਲੈ ਸੰਸਾਰਾ।”
ਵੈਸੇ ਜੇ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਸੰਸਾਰ ਤਿ੍ਸ਼ਨਾ ਦੀ ਅੱਗ ਵਿੱਚ ਜਲਦਾ ਹੀ ਨਜ਼ਰ ਆਉਂਦਾ ਹੈ। ਅੱਜ ਦਾ ਮਨੁੱਖ ਹਫ਼ੜਾ ਦਫ਼ੜੀ, ਭੱਜ ਦੌੜ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ ਜਿਵੇਂ ਉਹ ਜ਼ਿੰਦਗੀ ਬਿਤਾਉਣ ਤੇ ਰਿਸ਼ਤੇ ਨਿਭਾਉਣ ਨਹੀਂ ਬਲਕਿ ਧਨ ਦੌਲਤ ਕੋਠੀਆਂ ਕਾਰਾਂ ਇਕੱਠੇ ਕਰਨ ਲਈ ਇਸ ਦੁਨੀਆ ਤੇ ਆਇਆ ਹੈ। ਮੰਨਿਆ ਕਿ ਜ਼ਮਾਨੇ ਦੇ ਨਾਲ ਨਾਲ ਤੁਰਨਾ ਜ਼ਰੂਰੀ ਹੈ ਪਰ ਜ਼ਮਾਨੇ ਨੂੰ ਵੀ ਪਿੱਛੇ ਧੱਕ ਕੇ ਅੱਗੇ ਲੰਘਣ ਵਿੱਚ ਲੱਗ ਜਾਣਾ ਸੀ ਤਿ੍ਸ਼ਨਾ ਹੈ। ਇਸ ਤਿ੍ਸ਼ਨਾ ਨੇ ਹੁਣ ਐਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਇਖ਼ਲਾਕੀ ਤੌਰ ਤੇ ਮਨੁੱਖੀ ਸ਼ਖ਼ਸੀਅਤ ਗਿਰਦੀ ਜਾ ਰਹੀ ਹੈ।
ਤ੍ਰਿਸ਼ਨਾ ਦੇ ਸਬੰਧ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ -” ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ।।ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ।। “ਭਾਵ ਸੁਆਰਥੀ ਬੰਦੇ ਪਰਾਇਆ ਮਾਲ-ਧਨ ਚੁਰਾਂਦੇ ਹਨ ਅਤੇ ਦੂਜਿਆਂ ਦੇ ਕੰਮਾਂ ਵਿੱਚ ਰੁਕਾਵਟਾਂ ਪਾਂਦੇ ਹਨ। ਇਹ ਲੋਕ ਹੋਰਨਾਂ ਨੂੰ ਉਪਦੇਸ਼ ਦੇਂਦੇ ਹਨ ਪਰ ਇਨ੍ਹਾਂ ਦੇ ਆਪਣੇ ਮਨ ਵਿੱਚ ਮਾਇਆ ਇਕੱਠੀ ਕਰਨ ਦੀ ਭੁੱਖ ਰਹਿੰਦੀ ਹੈ। ਇਨ੍ਹਾਂ ਦੀ ਲੈਣ ਹੀ ਲੈਣ ਦੀ ਤ੍ਰਿਸ਼ਨਾ ਕਦੇ ਨਹੀਂ ਬੁਝਦੀ। ਲਾਲਚੀ ਬਿਰਤੀ ਹੋਣ ਕਰ ਕੇ ਮਾਇਆ ਇਕੱਠੀ ਕਰਨ ਦੀ ਲਾਲਸਾ ਲਗੀ ਰਹਿੰਦੀ ਹੈ। ਐਸੇ ਲੋਭੀ ਬੰਦੇ ਮਾਨੋਂ ਸੂਰਾਂ ਵਾਲੇ ਨੀਚ ਕੰਮ ਕਰਦੇ ਹਨ। ਇਹ ਗੱਲਾਂ ਅੱਜ ਦੇ ਮਨੁੱਖ ਤੇ ਬਿਲਕੁਲ ਢੁਕਵੀਆਂ ਹਨ। ਅੱਜ ਦਾ ਮਨੁੱਖ ਤਿ੍ਸ਼ਨਾ ਦੇ ਵਸ ਹੋ ਕੇ ਲੁੱਟਾਂ ਖੋਹਾਂ, ਬੇਈਮਾਨੀਆਂ, ਠੱਗੀਆਂ ਠੋਰੀਆਂ ਵਰਗੀਆਂ ਨੀਚ ਹਰਕਤਾਂ ਕਰਕੇ ਧਨ ਇਕੱਠਾ ਕਰਨਾ ਚਾਹੁੰਦਾ ਹੈ। ਜਿਸ ਕਰਕੇ ਮਿਹਨਤੀ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਸ ਤਿ੍ਸ਼ਨਾ ਦੀ ਅੱਗ ਵਿੱਚੋਂ ਨਿਕਲਣ ਲਈ ਸਵੈ ਪੜਚੋਲ ਕੀਤਿਆਂ ਹੀ ਗੱਲ ਬਣਨੀ ਹੈ। ਜਿਸ ਮਨੁੱਖ ਅੰਦਰ ਸਬਰ ਸੰਤੋਖ ਆਦਿ ਨੈਤਿਕ ਗੁਣ ਹੁੰਦੇ ਹਨ ਉਸ ਅੰਦਰੋਂ ਤਿ੍ਸ਼ਨਾ ਆਪਣੇ ਆਪ ਦੂਰ ਭੱਜ ਜਾਂਦੀ ਹੈ।
ਸੋ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਹਰ ਮਨੁੱਖ ਇੱਕ ਛੋਟੀ ਤੋਂ ਛੋਟੀ ਲੋੜ ਨੂੰ ਪੂਰਾ ਕਰਦਾ ਕਰਦਾ ਕਦ ਉਸ ਨੂੰ ਤਿ੍ਸ਼ਨਾ ਬਣਾ ਬੈਠਦਾ ਹੈ ਉਸ ਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ। ਜਿੰਨਾਂ ਦੀ ਤ੍ਰਿਸ਼ਨਾ ਦੀ ਅੱਗ ਭਾਂਬੜ ਵਾਂਗ ਜਲ ਉੱਠਦੀ ਹੈ ਉਹ ਉਸ ਨੂੰ ਰਾਖ ਕਰ ਦਿੰਦੀ ਹੈ ਭਾਵ ਜੁਰਮ ਦੀ ਦੁਨੀਆ ਵਿੱਚ ਧਕੇਲ ਦਿੰਦੀ ਹੈ,ਉਸ ਅੰਦਰ ਅਸ਼ਾਂਤੀ ਤੇ ਕਾਹਲੇਪਣ ਵਰਗੀਆਂ ਆਦਤਾਂ ਨੂੰ ਪੈਦਾ ਕਰਕੇ ਉਸ ਨੂੰ ਇਨਸਾਨ ਤੋਂ ਹੈਵਾਨ ਬਣਾ ਦਿੰਦੀ ਹੈ।ਜਿਹੜਾ ਮਨੁੱਖ ਸਬਰ ਸੰਤੋਖ ਅਤੇ ਪਰਮਾਤਮ ਪਿਆਰ ਵਰਗੀਆਂ ਸਦਾਚਾਰਕ ਕਦਰਾਂ ਕੀਮਤਾਂ ਦਾ ਧਾਰਨੀ ਹੋ ਜਾਵੇ ਉਹ ਸਹਿਜੇ ਹੀ ਤਿ੍ਸ਼ਨਾ ਦੇ ਮੱਕੜਜਾਲ ਵਿੱਚ ਫ਼ਸਣ ਤੋਂ ਬਚ ਜਾਂਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly