ਏਹੁ ਹਮਾਰਾ ਜੀਵਣਾ ਹੈ -404

ਬਰਜਿੰਦਰ ਕੌਰ ਬਿਸਰਾਓ...
(ਸਮਾਜ ਵੀਕਲੀ)
ਚਰਨਜੀਤ ਤੇ ਕਮਲਜੀਤ ਨੂੰ ਉਹਨਾਂ ਦੇ ਬਾਪੂ ਸਕੂਲ ਇਕੱਠੀਆਂ ਨੂੰ ਹੀ ਦਾਖ਼ਲ ਕਰਾਉਣ ਲਈ ਗਏ ਸਨ। ਮਾਸਟਰਨੀ ਨੇ ਫ਼ਾਰਮ ਭਰੇ ਤਾਂ ਸਾਰਾ ਫ਼ਾਰਮ ਭਰਕੇ ਇੱਕ ਖ਼ਾਨੇ ਵਿੱਚ ਜਾਤ ਪੁੱਛ ਕੇ ਭਰੀ ਤਾਂ ਚੰਨੋ ਦੇ ਪਿਓ ਨੇ ਆਖਿਆ ਜੱਟ ਸਿੱਖ ਤੇ ਕੰਮੋਂ ਦੇ ਪਿਓ ਨੇ ਆਖਿਆ ਰਵੀਦਾਸੀਏ। ਮਾਸਟਰਨੀ ਨੇ ਫ਼ਾਰਮ ਭਰ ਕੇ ਚੰਨੋਂ ਦੇ ਪਿਓ ਤੋਂ ਪੰਜਾਹ ਰੁਪਏ ਲਏ ਤੇ ਦੱਸਿਆ ਕਿ ਹਰੇਕ ਮਹੀਨੇ ਦੋ ਰੁਪਏ ਫੀਸ ਹੋਵੇਗੀ। ਕੰਮੋਂ ਦੇ ਪਿਓ ਨੂੰ ਆਖਣ ਲੱਗੀ,”ਤੁਹਾਡੇ ਬੱਚੇ ਦੀ ਫ਼ੀਸ ਮਾਫ਼ ਹੈ, ਹਰੇਕ ਮਹੀਨੇ ਇੱਕ ਰੁਪਏ ਵਜ਼ੀਫਾ ਮਿਲੇਗਾ।(ਮਾਸਟਰਨੀ ਕੰਮੋਂ ਨੂੰ ਕੋਲ਼ ਬੁਲਾ ਕੇ ਨਵੀਂ ਵਰਦੀ ਦਾ ਲਿਫ਼ਾਫ਼ਾ ਖੋਲ੍ਹ ਕੇ ਨਾਪ ਦੇਖ ਕੇ ) ਆਹ ਲਓ ਵਰਦੀ, ਇਹ ਲਵੋ ਕਿਤਾਬਾਂ ਤੇ ਉਹ ਬੂਟ ਪਏ ਹਨ ਜਿਹੜਾ ਨਾਪ ਆਉਂਦਾ ਹੈ ਉਹ ਜੋੜਾ ਚੁੱਕ ਲਵੋ।ਚੰਨੋ ਬਹੁਤ ਰੋਈ, ” ਊਂ ਊਂ ਊਂ ਮੈਨੂੰ ਵੀ ਦਵੋ……. ਨਵੀਆਂ ਚੀਜ਼ਾਂ, ਮੈਂ ਵੀ ਲੈਣੇ ਆ ਨਮੇਂ ਬੂਤ, ਨਵੇਂ ਤੱਪੜੇ…. ਊਂ ਊਂ ਊਂ…!”ਮਾਸਟਰਨੀ ਨੇ ਉਸ ਨੂੰ ਇੱਕ ਖੰਡ ਵਾਲ਼ੀ ਸੰਤਰੀ ਗੋਲ਼ੀ ਖਾਣ ਨੂੰ ਫੜਾ ਕੇ ਆਖਿਆ,”ਐਹ ਲਉ , ਤੁਸੀਂ ਮਿੱਠੀ ਗੋਲੀ ਖਾਓਗੇ…।ਬੇਟਾ ਉਹ ਕੱਪੜੇ ਤੁਹਾਨੂੰ ਨਹੀਂ ਮਿਲ ਸਕਦੇ , ਤੁਸੀਂ ਉੱਚੀ ਜਾਤ ਦੇ ਹੋ।” ਸਾਢੇ ਪੰਜ ਸਾਲਾਂ ਦੇ ਜਵਾਕਾਂ ਨੂੰ ਕੀ ਸਮਝ , ਉਸ ਨੇ ਮਿੱਠੀ ਗੋਲੀ ਵਗਾਹ ਕੇ ਮਾਰੀ। ਮਾਸਟਰਨੀ ਨੂੰ ਉਸ ਤੇ ਥੋੜ੍ਹਾ ਜਿਹਾ ਗੁੱਸਾ ਆਇਆ ਪਰ ਬਾਪੂ ਨਾਲ ਹੋਣ ਕਰਕੇ ਉਹ ਉਸ ਨੂੰ ਚਪੇੜ ਨਾ ਮਾਰ ਸਕੀ। ਕੰਮੋਂ ਨੇ ਭੱਜ ਕੇ ਉਹ ਗੋਲੀ ਚੁੱਕ ਕੇ ਮੂੰਹ ਵਿੱਚ ਪਾ ਲਈ ਤੇ ਆਖਣ ਲੱਗੀ,”ਤੰਨੋ ਤੂੰ ਲੋ ਨਾ, ਤੂੰ ਮੇਲੇ ਵਾਲੇ ਬੂਤ ਲੈ ਲਾ।”ਉਂਝ ਕੰਮੋਂ ਤੇ ਚੰਨੋਂ ਦਾ ਆਪਸ ਵਿੱਚ ਬਹੁਤ ਪਿਆਰ ਸੀ।ਚੰਨੋਂ ਦਾ ਬਾਪੂ ਉਸ ਨੂੰ ਘਰ ਲੈ ਆਇਆ ਤੇ ਬਜ਼ਾਰੋਂ ਜਾ ਕੇ ਨਵੀਂ ਵਰਦੀ ਲੈ ਆਇਆ ।ਹੁਣ ਉਹ ਸਕੂਲ ਵਾਲ਼ੀ ਗੱਲ ਭੁੱਲ ਭੁਲਾ ਗਈ ਸੀ। ਦੋਵੇਂ ਸਕੂਲ ਜਾਣ ਲੱਗੀਆਂ ਚੰਨੋਂ ਨੂੰ ਉਸ ਦਾ ਬਾਪੂ ਕਦੇ ਸਕੂਟਰ ਜਾਂ ਫ਼ਿਰ ਮੀਂਹ ਕਣੀ ਵਾਲੇ ਦਿਨ ਕਾਰ ਵਿੱਚ ਦੋਵਾਂ ਨੂੰ ਛੱਡ ਆਉਂਦਾ।  ਚਾਹੇ ਕੰਮੋਂ ਦੀ ਮਾਂ ਉਹਨਾਂ ਦੇ ਘਰ ਕੰਮ ਕਰਦੀ ਸੀ ਤੇ ਬਾਪੂ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਦਾ ਸੀ ਤੇ ਉਹਨਾਂ ਨੇ ਆਪਣੇ ਵੱਡੇ ਸਾਰੇ ਘਰ ਦੇ ਇੱਕ ਪਾਸੇ ਦੋ ਕਮਰੇ ਪਾ ਕੇ ਉਹਨਾਂ ਨੂੰ ਰਹਿਣ ਲਈ ਦਿੱਤੇ ਹੋਏ ਸਨ। ਉਹਨਾਂ ਦਾ ਗੁਜ਼ਾਰਾ ਇਹਨਾਂ ਸਿਰੋਂ ਹੀ ਚੱਲਦਾ ਸੀ ਪਰ ਚੰਨੋਂ ਦੀ ਮਾਂ ਨੇ ਕੰਮੋਂ ਨੂੰ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿਉਂਕਿ ਉਹ ਦੋਨਾਂ ਨੂੰ ਇੱਕੋ ਜਿਹਾ ਸਮਝਦੀ ਸੀ। ਕੰਮੋਂ ਤੇ ਚੰਨੋਂ ਇਸੇ ਤਰ੍ਹਾਂ ਪੜ੍ਹਦੀਆਂ ਪੜ੍ਹਦੀਆਂ ਕਦ ਦਸਵੀਂ ਜਮਾਤ ਕਰ ਗਈਆਂ ਪਤਾ ਵੀ ਨਾ ਚੱਲਿਆ।ਇਸ ਦੌਰਾਨ ਸਕੂਲ ਵਿੱਚ ਫ਼ੀਸ ਜਾਂ ਫੰਡ ਉੱਚੀਆਂ ਜਾਤੀਆਂ ਦੇ ਲੋਕਾਂ ਤੋਂ ਖੂਬ ਲਏ ਜਾਂਦੇ ਤੇ ਕੰਮੋਂ ਦੀ ਹਰ ਵਾਰ ਫ਼ੀਸ ਤੇ ਫੰਡ ਮਾਫ਼ ਹੁੰਦੇ।ਕਈ ਵਾਰ ਤਾਂ ਚੰਨੋਂ ਨਾ ਸਮਝੀ ਵਿੱਚ ਜ਼ਿੱਦ ਫ਼ੜ ਲੈਂਦੀ ਸੀ ਕਿ ਸਾਡੇ ਨਾਲ ਇਉਂ ਕਿਉਂ ਹੁੰਦਾ। ਉਹਨਾਂ ਨੂੰ ਸਾਰਾ ਕੁਛ ਮੁਫ਼ਤ ਸਿਰਫ਼ ਸਾਡੇ ਤੋਂ ਕਿਉਂ ਪੈਸੇ ਲੈਂਦੇ ਆ। ਹੁਣ ਉਹ ਦੋਵੇਂ ਜਾਣੀਆਂ ਸਮਝਦਾਰ ਹੋ ਗਈਆਂ ਸਨ , ਕੰਮੋਂ ਨੂੰ ਵੀ ਇਹ ਗੱਲ ਚੰਗੀ ਨਾ ਲੱਗਦੀ ਪਰ ਸਰਕਾਰਾਂ ਦੇ‌ ਪਾਏ ਜਾਤਾਂ ਦੇ ਊਚ ਨੀਚ ਵਾਲੇ ਫਰਕ ਉਹ ਕਿਵੇਂ ਮਿਟਾ ਸਕਦੀ ਸੀ? ਕੰਮੋਂ ਦਾ ਭਰਾ ਰਿਜ਼ਰਵ ਕੋਟੇ ਕਾਰਨ ਘੱਟ ਅੰਕ ਹੋਣ ਤੇ ਵੀ ਲੋਕ ਭਲਾਈ ਅਫ਼ਸਰ ਲੱਗ ਗਿਆ ਸੀ।ਉਸ ਦੀ ਤਨਖ਼ਾਹ ਬਹੁਤ ਸੀ। ਉਸ ਨੂੰ ਸਰਕਾਰੀ ਕੋਠੀ ਮਿਲ ਗਈ ਸੀ।ਉਸ  ਨੇ ਆਪਣੀ ਮਾਂ ਤੇ ਬਾਪੂ ਨੂੰ ਕੰਮ‌ ਕਰਨ ਤੋਂ ਰੋਕਣਾ ਚਾਹਿਆ ਤਾਂ  ਉਸ ਦੀ ਮਾਂ ਨੇ ਆਪਣੇ ਪੁੱਤ ਨੂੰ ਕਿਹਾ , ” ਪੁੱਤ ਮੈਨੂੰ ਤਾਂ ਕਦੇ ਇਹਨਾਂ ਨੇ ਨੌਕਰਾਣੀ ਸਮਝਿਆ ਹੀ ਨਹੀਂ ਤੇ ਨਾ ਮੈਂ ਕਦੇ ਇਸ ਘਰ ਨੂੰ ਓਪਰਾ ਸਮਝਿਆ।ਜਿਸ ਘਰ ਵਿੱਚ ਆਪਣਿਆਂ ਦੇ ਪਿਆਰ ਤੋਂ ਵੱਧ  ਪਿਆਰ ਮਿਲਿਆ ਹੋਵੇ , ਮੈਂ ਕੰਮ ਕਰਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਈ ਹੋਵੇ,ਹੁਣ‌ ਅਸੀਂ ਨਹੀਂ ਇਹਨਾਂ ਨੂੰ ਛੱਡ ਸਕਦੇ।” ਕਹਿਕੇ ਉਸ ਨਾਲ ਸਰਕਾਰੀ ਕੋਠੀ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ।
        ਹੁਣ ਕੰਮੋਂ ਅਤੇ ਚੰਨੋਂ ਦੀ ਪੜ੍ਹਾਈ ਵੀ ਪੂਰੀ ਹੋ ਗਈ ਸੀ। ਚੰਨੋਂ ਦੇ ਕੰਮੋਂ ਨਾਲੋਂ ਵੱਧ ਅੰਕ ਆਏ। ਦੋਨਾਂ ਨੇ  ਸਰਕਾਰੀ ਬੈਂਕ ਵਿਐ ਅਫ਼ਸਰ ਦੀ ਨੌਕਰੀ ਲਈ ਕਾਗਜ਼ ਭਰੇ ਤਾਂ ਕੰਮੋਂ ਨੂੰ ਨੌਕਰੀ ਲਈ ਬੁਲਾਵਾ ਆ ਗਿਆ।ਜਦ ਚੰਨੋਂ ਨੇ ਆਪਣੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉੱਚੀ ਜਾਤ ਦੀ ਹੋਣ ਕਰਕੇ ਨੌਕਰੀ ਲੈਣ ਲਈ ਉਸ ਦਾ ਨੰਬਰ ਬਹੁਤ ਪਿੱਛੇ ਰਹਿ ਗਿਆ ਸੀ।ਜਦ ਕਿ ਹੁਣ ਚੰਨੋਂ ਦੇ ਬਾਪੂ ਦੀ ਮੌਤ ਹੋ ਜਾਣ ਕਰਕੇ ਉਨ੍ਹਾਂ ਦੇ ਘਰ ਵਿੱਚ ਕਮਾਉਣ ਵਾਲ਼ਾ ਕੋਈ ਨਹੀਂ ਸੀ। ਬੱਸ ਜ਼ਮੀਨ ਦਾ ਠੇਕਾ ਆਉਂਦਾ ਸੀ। ਚੰਨੋਂ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਸੀ। ਚੰਨੋਂ ਇਕਲੌਤੀ ਹੋਣ ਕਰਕੇ ਉਸ ਨੂੰ ਨੌਕਰੀ ਦੀ ਬਹੁਤ ਜ਼ਰੂਰਤ ਸੀ। ਕੰਮੋਂ ਨੂੰ ਇਸ ਗੱਲ ਦਾ ਬਹੁਤ ਧੱਕਾ ਲੱਗਿਆ।ਉਸ ਨੇ ਉਹ ਨੌਕਰੀ ਲੈਣ ਤੋਂ ਨਾਂਹ ਕਰ ਦਿੱਤੀ।ਉਸ ਨੇ ਆਪਣੇ ਅਤੇ ਚੰਨੋਂ ਦੇ ਨਾਂ ਤੇ ਸਵੈ ਰੁਜ਼ਗਾਰ ਲਈ ਕਰਜ਼ੇ ਦੇ ਫਾਰਮ ਭਰ ਕੇ ਕਰਜ਼ਾ ਲੈ ਲਿਆ।ਉਸ ਨੇ ਚੰਨੋਂ ਦੀ ਜ਼ਮੀਨ ਵਿੱਚ ਇੱਕ ਬਹੁਤ ਵੱਡਾ ਸਕੂਲ ਖੋਲ੍ਹ ਕੇ‌ ਚੰਨੋਂ ਨੂੰ ਉਸ ਦੀ ਮਾਲਕ ਅਤੇ ਆਪ ਉਸ ਦੇ ਅਧੀਨ ਪ੍ਰਬੰਧਕ ਬਣ ਕੇ ਨੌਕਰੀ ਕਰਨ ਲੱਗੀ। ਬਹੁਤ ਵਧੀਆ ਸਕੂਲ ਹੋਣ ਕਰਕੇ ਥੋੜ੍ਹੇ ਸਮੇਂ ਵਿੱਚ ਹੀ ਉਹ ਇਲਾਕੇ ਦਾ ਬਹੁਤ ਵੱਡਾ ਸਕੂਲ ਬਣ ਗਿਆ ਸੀ । ਚੰਨੋਂ ਤੇ ਕੰਮੋਂ ਉਸ ਨੂੰ ਬਹੁਤ ਸੋਹਣੇ ਢੰਗ ਨਾਲ ਚਲਾ ਰਹੀਆਂ ਸਨ। ਕੰਮੋਂ ਉਰਫ਼ ਮੈਡਮ ਕਮਲਜੀਤ ਕੌਰ ਨੇ ਇੱਕ ਚੰਗੇ ਪ੍ਰਬੰਧਕ ਹੋਣ ਕਰਕੇ ਇਹ ਨਿਯਮ ਲਾਗੂ ਕੀਤਾ ਹੋਇਆ ਸੀ ਕਿ ਉਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਨੂੰ ਸਹੂਲਤ ਜਾਂ ਵਜ਼ੀਫਾ ਗ਼ਰੀਬੀ ਦੇਖ ਕੇ ਦਿੱਤਾ ਜਾਵੇਗਾ ਨਾ ਕਿ ਜਾਤ ਤੋਂ ਪਰਖਿਆ ਜਾਵੇਗਾ।ਇਹੀ ਅਸੂਲ ਅਧਿਆਪਕ ਰੱਖਣ ਸਮੇਂ ਲਾਗੂ ਕੀਤਾ ਗਿਆ। ਕਿਸੇ ਵੀ ਅਧਿਆਪਕ ਨੂੰ ਨੌਕਰੀ ਦੇਣ ਲਈ ਉਸ ਦੀ ਵਿੱਦਿਅਕ ਯੋਗਤਾ ਦੇ ਨਾਲ ਨਾਲ ਉਸ ਦੀ ਘਰ ਦੀ ਸਥਿਤੀ ਨੂੰ ਜ਼ਰੂਰ ਵੇਖਦੀਆਂ।ਇਸ ਤਰ੍ਹਾਂ ਇਹ ਇਲਾਕੇ ਵਿੱਚ ਇੱਕ ਨਿਵੇਕਲੇ ਕਿਸਮ ਦਾ ਸਕੂਲ ਬਣ ਗਿਆ ਸੀ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਸੀ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਸਰਕਾਰ ਜੀ , ਮੁਲਾਜਮ ਵਰਗ ਨੂੰ ਤਿਉਹਾਰਾਂ ਤੋਂ ਪਹਿਲਾਂ  ਡੀ.ਏ ਦੇਣ ਬਾਰੇ ਸੋਚੋ- ਅਧਿਆਪਕ ਦਲ ਪੰਜਾਬ
Next article“ਯਖ਼ ਰਾਤਾਂ ਪੋਹ ਦੀਆਂ.. ਇਤਿਹਾਸਕ ਕਾਵਿ ਸੰਗ੍ਰਹਿ ਲੋਕ ਅਰਪਣ