ਏਹੁ ਹਮਾਰਾ ਜੀਵਣਾ ਹੈ -401

ਬਰਜਿੰਦਰ ਕੌਰ ਬਿਸਰਾਓ

 (ਸਮਾਜ ਵੀਕਲੀ)- ਸੱਤੀ ਦੇ ਪਾਪਾ ਨੇ ਫੌਜ ਵਿੱਚੋਂ ਰਿਟਾਇਰਮੈਂਟ ਹੁੰਦੇ ਸਾਰ ਹੀ ਆਪਣੇ ਸਾਰੇ ਟੱਬਰ ਦੇ ਪੱਕੇ ਵਿਦੇਸ਼ ਜਾਣ ਲਈ ਕਾਗਜ਼ ਭਰ ਦਿੱਤੇ ਸਨ ਕਿਉਂਕਿ ਹੁਣ ਤਾਂ ਉਸ ਕੋਲ ਚਾਰ ਪੈਸੇ ਸਨ,ਉਹ ਖ਼ਰਚਾ ਕਰ ਕੇ ਬਾਹਰ ਜਾ ਸਕਦਾ ਸੀ। ਨਹੀਂ ਤਾਂ ਫਿਰ ਉਸ ਕੋਲ ਆਪਣੇ ਹਿੱਸੇ ਦੀ ਥੋੜ੍ਹੀ ਜਿਹੀ ਜ਼ਮੀਨ ਵਿੱਚ ਖੇਤੀ ਕਰਨ ਜਾਂ ਫਿਰ ਕਿਤੇ ਡਰਾਈਵਰੀ ਕਰਨ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਉਸ ਦੇ ਦਿਮਾਗ਼ ਵਿੱਚ ਸ਼ੁਰੂ ਤੋਂ ਹੀ ਸੀ ਕਿ ਜਦ ਮਿਹਨਤ ਤਾਂ ਕਰਨੀ ਹੀ ਹੈ ਤਾਂ ਕਿਉਂ ਨਾ ਬਾਹਰ ਜਾ ਕੇ ਚਾਰ ਪੈਸੇ ਵੱਧ ਕਮਾਏ ਜਾਣ, ਨਾਲ਼ੇ ਬੱਚਿਆਂ ਦੀ ਪਰਵਰਿਸ਼ ਵਧੀਆ ਮਾਹੌਲ ਵਿੱਚ ਹੋ ਜਾਵੇਗੀ। ਇੱਥੇ ਰਹਿ ਕੇ ਉਸ ਤੋਂ ਖੇਤੀ ਹੋਣੀ ਨਹੀਂ ਸੀ ਤੇ ਡਰਾਈਵਰੀ ਕਰਕੇ ਘਰ ਦਾ ਗੁਜ਼ਾਰਾ ਔਖਾ ਹੋਣਾ ਸੀ। ਬੱਚੇ ਤੇ ਉਸ ਦੀ ਪਤਨੀ ਸ਼ੁਰੂ ਤੋਂ ਹੀ ਫੌਜ ਵਿੱਚ ਉਸ ਦੇ ਨਾਲ ਹੀ ਰਹੇ ਸਨ ਜਿਸ ਕਰਕੇ ਉਹਨਾਂ ਨੂੰ ਪਿੰਡ ਰਹਿਣਾ ਔਖਾ ਲੱਗਦਾ ਸੀ। ਸੱਤੀ ਉਦੋਂ ਮਸਾਂ ਦਸ ਕੁ ਸਾਲ ਦੀ ਸੀ। ਉਸ ਦਾ ਭਰਾ ਮੀਤੂ ਬਾਰਾਂ ਵਰ੍ਹਿਆਂ ਦਾ ਸੀ । ਪਰਮਾਤਮਾ ਦੀ ਕਿਰਪਾ ਹੋਈ ਕਿ ਸਾਰੇ ਟੱਬਰ ਦਾ ਪੱਕਾ ਵੀਜ਼ਾ ਲੱਗ ਕੇ ਆ ਗਿਆ ਤੇ ਉਹ ਸਾਰਾ ਟੱਬਰ ਵਿਦੇਸ਼ ਨੂੰ ਕੂਚ ਕਰ ਗਿਆ।

  ਵਿਦੇਸ਼ ਵਿੱਚ ਜਾ ਕੇ ਉਹ ਵਧੀਆ ਸੈੱਟ ਹੋ ਗਏ ਸਨ। ਬੱਚਿਆਂ ਦੀ ਪੜ੍ਹਾਈ ਤੇ ਘਰ ਪਰਿਵਾਰ ਵਧੀਆ ਚੱਲਦਾ ਰਿਹਾ। ਪਿੰਡ ਤਾਂ ਦੋ ਤਿੰਨ ਸਾਲਾਂ ਬਾਅਦ ਪੰਦਰਾਂ ਕੁ ਦਿਨ ਰਹਿਕੇ ਸਭ ਨੂੰ ਮਿਲ ਕੇ ਚਲੇ ਜਾਂਦੇ। ਉਹਨਾਂ ਨੂੰ ਗਇਆਂ ਨੂੰ ਦਸ ਸਾਲ ਕਿਵੇਂ ਨਿਕਲ਼ ਗਏ ਪਤਾ ਈ ਨਾ ਚੱਲਿਆ। ਬੱਚਿਆਂ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਹ ਆਪੋ ਆਪਣੇ ਕੰਮਾਂ ਤੇ ਲੱਗ ਗਏ। ਪਰ ਸੱਤੀ ਦੇ ਪਾਪਾ ਦੀ ਰੀਝ ਬੱਚਿਆਂ ਨੂੰ ਪੰਜਾਬ ਆ ਕੇ ਵਿਆਹੁਣ ਦੀ ਸੀ। ਇਸ ਲਈ ਉਸ ਨੇ ਵਾਰ ਵਾਰ ਆਉਣ ਦੀ ਬਿਜਾਏ ਆਪਣੇ ਦੋਹਾਂ ਬੱਚਿਆਂ ਲਈ ਰਿਸ਼ਤੇ ਲੱਭ ਕੇ ਇੱਕ ਦਿਨ ਦੇ ਵਕਫੇ ਨਾਲ ਵਿਆਹ ਕਰ ਦਿੱਤਾ। ਸੱਤੀ ਦੋ ਮਹੀਨੇ ਸਹੁਰੇ ਘਰ ਰਹਿ ਕੇ ਵਾਪਸ ਬਾਹਰ ਗਈ ਤੇ ਬਾਕੀ ਸਾਰਾ ਟੱਬਰ ਮਹੀਨੇ ਬਾਅਦ ਹੀ ਚਲਿਆ ਗਿਆ ਸੀ। ਸੱਤੀ ਦੀ ਭਰਜਾਈ ਦੇ ਕਾਗਜ਼ ਤਾਂ ਛੇ ਕੁ ਮਹੀਨੇ ਬਾਅਦ ਹੀ ਆ ਗਏ ਸਨ ਤੇ ਉਹ ਵੀ ਉਹਨਾਂ ਕੋਲ ਚਲੀ ਗਈ ਸੀ।
  ਸੱਤੀ ਨੂੰ ਦੂਜੇ ਸ਼ਹਿਰ ਨੌਕਰੀ ਮਿਲ ਗਈ ਸੀ ਜਿੱਥੋਂ ਉਹ ਆਪਣੇ ਪੇਕੇ ਛੇਤੀ ਨਹੀਂ ਆ ਸਕਦੀ ਸੀ। ਵੈਸੇ ਵੀ ਉਸ ਨੇ ਆਪਣਾ ਘਰ ਖ਼ਰੀਦ ਲਿਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਨੇ ਆਪਣੇ ਪਤੀ ਦੇ ਕਾਗਜ਼ ਲਗਾਏ ਹੋਏ ਸਨ ਤੇ ਉਸ ਨੇ ਵੀ ਉਸ ਕੋਲ ਆ ਹੀ ਜਾਣਾ ਹੈ। ਉਂਝ ਵੀ ਉਸ ਦੇ ਬੱਚਾ ਹੋਣ ਵਾਲਾ ਸੀ ਤੇ ਆਪਣੇ ਪਰਿਵਾਰ ਨਾਲ਼ ਆਪਣੇ ਘਰ ਵਿੱਚ ਰਹਿਣ ਵਰਗੀ ਰੀਸ ਨਹੀਂ ਹੁੰਦੀ। ਸੱਤੀ ਨੇ ਪੁੱਤਰ ਨੂੰ ਜਨਮ ਦਿੱਤਾ। ਸੱਤੀ ਤੇ ਉਸ ਦਾ ਪਤੀ ਸਿਮਰ ਬਹੁਤ ਖੁਸ਼ ਸਨ। ਪਰ ਸਿਮਰ ਹਜੇ ਤੱਕ ਬਾਹਰ ਨਹੀਂ ਆ ਸਕਿਆ ਸੀ ਕਿਉਂਕਿ ਉਸ ਦੇ ਕਾਗਜ਼ਾਂ ਵਿੱਚ ਥੋੜ੍ਹਾ ਬਹੁਤ ਨੁਕਸ ਹੋਣ ਕਰਕੇ ਉਸ ਨੂੰ ਵੀਜ਼ਾ ਨਹੀਂ ਮਿਲ਼ਿਆ ਸੀ। ਸੱਤੀ ਆਪਣੇ ਬੱਚੇ ਨਾਲ਼ ਆ ਕੇ ਸਹੁਰਿਆਂ ਨੂੰ ਮਿਲ ਜਾਂਦੀ ਤੇ ਕੁਝ ਮਹੀਨੇ ਬਿਤਾ ਕੇ ਚਲੀ ਜਾਂਦੀ। ਇਸ ਤਰ੍ਹਾਂ ਮੁੰਡੇ ਤੋਂ ਤਿੰਨ ਸਾਲ ਛੋਟੀ ਇੱਕ ਕੁੜੀ ਵੀ ਹੋ ਗਈ ਸੀ। ਕਿੰਨੀ ਵਾਰ ਉਸ ਦੇ ਪਤੀ ਦੇ ਕਾਗਜ਼ ਬਿਨਾਂ ਵੀਜ਼ਾ ਲੱਗੇ ਮੁੜਦੇ ਰਹੇ। ਬੱਚੇ ਸਕੂਲ ਜਾਣ ਲੱਗ ਪਏ ਸਨ ਇਸ ਕਰਕੇ ਸੱਤੀ ਦਾ ਹਰ ਸਾਲ ਪਿੰਡ ਆਉਣਾ ਮੁਸ਼ਕਿਲ ਹੁੰਦਾ। ਜਦੋਂ ਬੱਚੇ ਨਿੱਕੇ ਹੁੰਦੇ ਸਨ ਤਾਂ ਉਹਨਾਂ ਨੂੰ ਪਿਓ ਦਾ ਮੋਹ ਆਉਂਦਾ ਸੀ ਪਰ ਜਿਵੇਂ ਜਿਵੇਂ ਵੱਡੇ ਹੋ ਰਹੇ ਸਨ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ਼ ਘੁਲ਼ ਮਿਲ ਰਹੇ ਸਨ ਤੇ ਉਹਨਾਂ ਨੂੰ ਆਪਣੇ ਪਿਓ ਦਾ ਬਹੁਤਾ ਖਿਆਲ ਨਾ ਆਉਂਦਾ। ਸੱਤੀ ਤੇ ਉਸ ਦੇ ਪਤੀ ਨੇ ਆਪਣੇ ਕਰਮਾਂ ਵਿੱਚ ਪਤਾ ਨੀ ਰੱਬ ਤੋਂ ਕਿਹੜੀ ਤਪੱਸਿਆ ਲਿਖਾ ਕੇ ਲਿਆਂਦੀ ਸੀ ਜੋ ਸਾਰੀ ਉਮਰ ਇੱਕ ਦੂਜੇ ਦੇ ਸਾਥ ਬਿਨਾਂ ਦੂਰ ਰਹਿੰਦਿਆਂ ਕੱਢ ਦਿੱਤੀ ਸੀ।
  ਸੱਤੀ ਨੂੰ ਤਾਂ ਬੇਆਸ ਹੋ ਗਈ ਸੀ ਕਿ ਉਸ ਦਾ ਪਤੀ ਕਦੇ ਉਸ ਕੋਲ ਆਵੇਗਾ ਵੀ ਕਿ ਨਹੀਂ ਕਿਉਂਕਿ ਇੱਕ ਦੋ ਵਾਰ ਵੀਜ਼ਾ ਮਨ੍ਹਾ ਹੋਣ ਤੋਂ ਬਾਅਦ ਸਫਾਰਤਖਾਨੇ ਵਾਲ਼ੇ ਬਿਨਾਂ ਦੇਖਿਆਂ ਹੀ ਕਾਗਜ਼ ਰੱਦ ਕਰ ਦਿੰਦੇ ਸਨ। ਪਤਾ ਨਹੀਂ ਪਰਮਾਤਮਾ ਨੂੰ ਹੀ ਉਹਨਾਂ ਤੇ ਤਰਸ ਆ ਗਿਆ ਕਿ ਪੂਰੇ ਸਤਾਈ ਵਰ੍ਹਿਆਂ ਬਾਅਦ ਸਿਮਰ ਦਾ ਵੀਜ਼ਾ ਲੱਗ ਗਿਆ। ਹੁਣ ਨਾ ਤਾਂ ਜਵਾਨੀ ਵਾਲ਼ੀ ਚਿਹਰਿਆਂ ਤੇ ਰੌਣਕ ਸੀ ਤੇ ਨਾ ਕੋਈ ਚਾਅ ਬਚੇ ਸਨ। ਫਿਰ ਵੀ ਸੱਤੀ ਬਹੁਤ ਖੁਸ਼ ਸੀ ਉਸ ਦਾ ਚਾਅ ਨਹੀਂ ਚੱਕਿਆ ਜਾਂਦਾ ਸੀ। ਪਰ ਬੱਚਿਆਂ ਨੂੰ ਕੋਈ ਚਾਅ ਨਹੀਂ ਸੀ। ਉਹ ਬਾਹਰਲੇ ਮਹੌਲ ਵਿੱਚ ਜੰਮੇ, ਪਲ਼ੇ,ਪੜ੍ਹੇ ਤੇ ਬਾਹਰਲੇ ਬੱਚਿਆਂ ਵਰਗੇ ਈ ਉਹਨਾਂ ਦੇ ਸੁਭਾਅ ਹੋ ਗਏ ਸਨ। ਸਿਮਰ ਨੂੰ ਜਿਵੇਂ ਹੀ ਸੱਤੀ ਏਅਰਪੋਰਟ ਤੋਂ ਲੈਕੇ ਆਈ ਤਾਂ ਸਿਮਰ ਦੇ ਮਨ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦੀ ਬਹੁਤ ਤਾਂਘ ਸੀ। ਉਹ ਘਰ ਅੰਦਰ ਜਾ ਕੇ ਖੁਸ਼ੀ ਖੁਸ਼ੀ ਆਪਣੇ ਬੱਚਿਆਂ ਦੇ ਕਮਰਿਆਂ ਵਿੱਚ ਗਿਆ ਤਾਂ ਉਸ ਨੂੰ ਉਸ ਦੇ ਆਪਣੇ ਹੀ ਬੱਚੇ ਓਪਰਿਆਂ ਵਾਂਗ ਵੇਖ ਰਹੇ ਸਨ ਜਿਵੇਂ ਉਹ ਕੋਈ ਅਜਨਬੀ ਹੋਵੇ। ਉਹਨਾਂ ਨੂੰ ਇਸ ਸ਼ਖਸ ਦਾ ਸਿੱਧਾ ਈ ਉਹਨਾਂ ਦੇ ਕਮਰਿਆਂ ਵਿੱਚ ਜਾਣਾ ਚੰਗਾ ਨਹੀਂ ਲੱਗਿਆ ਸੀ। ਸਿਮਰ ਉਦਾਸ ਹੋ ਗਿਆ ਸੀ ਕਿਉਂਕਿ ਹੁਣ ਸਿਮਰ ਤੇ ਸੱਤੀ ਅੱਧਖੜ੍ਹ ਉਮਰ ਦੇ ਪੜਾਅ ਵਿੱਚ ਪੁੱਜ ਚੁੱਕੇ ਸਨ। ਉਹਨਾਂ ਦੇ ਆਪਣੇ ਜਵਾਨੀ ਵਾਲ਼ੇ ਚਾਅ ਤਾਂ ਅਧੂਰੇ ਰਹਿ ਹੀ ਗਏ ਸਨ ਪਰ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਰੀਝ ਵੀ ਅਧੂਰੀ ਜਾਪਦੀ ਸੀ। ਸੱਤੀ ਸਿਮਰ ਦੇ ਚਿਹਰੇ ਤੋਂ ਉਸ ਦੇ ਅੰਦਰਲੇ ਹਾਵ ਭਾਵ ਪੜ੍ਹਦੀ ਹੋਈ ਉਸ ਦੇ ਮੋਢੇ ਤੇ ਹੱਥ ਰੱਖ ਕੇ ਦਿਲਾਸਾ ਦਿੰਦੀ ਹੈ,” ਸਿਮਰ….. ਤੁਸੀਂ ਉਦਾਸ ਨਾ ਹੋਵੋ…. ਇਹ ਏਧਰ ਦੇ ਕਲਚਰ ਵਿੱਚ ਜੰਮੇਂ ਪਲ਼ੇ ਹੋਏ ਬੱਚੇ ਨੇ….. ਇਸ ਕਰਕੇ ਇਹਨਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਘੱਟ ਹੈ….. ਦੂਜਾ ਉਹਨਾਂ ਨੇ ਕਦੇ ਇਸ ਘਰ ਵਿੱਚ ਮੇਰੇ ਤੋਂ ਸਿਵਾਏ ਦੂਜੇ ਕਿਸੇ ਸ਼ਖਸ ਨੂੰ ਕਦੇ ਵੇਖਿਆ ਨਹੀਂ….. ਇਸ ਲਈ ਉਹਨਾਂ ਨੂੰ ਹਜੇ ਤੁਹਾਡੀ ਆਦਤ ਨਹੀਂ ਪਈ…. ਹੌਲ਼ੀ ਹੌਲ਼ੀ ਸਭ ਠੀਕ ਹੋ ਜਾਵੇਗਾ….!” ਉਹ ਸਿਮਰ ਨੂੰ ਘਰ ਦੀ ਬਗੀਚੀ ਵਿੱਚ ਪਈਆਂ ਕੁਰਸੀਆਂ ਤੇ ਲਿਜਾ ਕੇ ਬਿਠਾਉਂਦੀ ਹੈ…. ਤੇ ਚਾਹ ਪਰੋਸਦੀ ਹੈ….. ਤੇ ਆਪ ਵੀ ਬੈਠ ਕੇ ਉਸ ਨਾਲ਼ ਚਾਹ ਪੀਂਦੀ…..ਆਪਣੇ ਜਵਾਨੀ ਵਿੱਚ ਰਹਿ ਗਏ ਅਧੂਰੇ ਚਾਅ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਸੋਚਦੀ ਹੈ ਕਿ ਮਰ ਚੁੱਕੀਆਂ ਰੀਝਾਂ ਨੂੰ ਮੁੜ ਤੋਂ ਜੀਵਤ ਕਰ ਕੇ ਜਿਊਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ…. ਉਮਰ ਦਾ ਪੜਾਅ ਚਾਹੇ ਕੋਈ ਵੀ ਹੋਵੇ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਰਿਵਾਰ ਵਿੱਚ ਮਰਦ ਦੀ ਹਸਤੀ-
Next articleਮਿੰਨੀ ਕਹਾਣੀ ! ਆਪਣਾ ਘਰ