(ਸਮਾਜ ਵੀਕਲੀ) – ਦੁਨੀਆ ਪਹਿਲਾਂ ਜਿੰਨੀ ਮਜ਼ਬੂਤ ਸੀ ਉਨ੍ਹਾਂ ਹੀ ਹੁਣ ਅੰਦਰੋਂ ਅੰਦਰੀਂ ਖੋਖਲੀ ਹੋਈ ਜਾਂਦੀ ਹੈ। ਭਲਾ ਉਹ ਕਿਵੇਂ…. ? ਅੱਜ ਦਾ ਮਨੁੱਖ ਦਿਨ ਬ ਦਿਨ ਤਰੱਕੀ ਕਰਦਾ ਜਾ ਰਿਹਾ ਹੈ।ਇਸ ਦਾ ਸਿੱਧੇ ਤੌਰ ਤੇ ਮਤਲਬ ਹੈ ਕਿ ਦੁਨੀਆ ਵੀ ਬਹੁਤ ਤਰੱਕੀ ਕਰ ਰਹੀ ਹੈ। ਤਰੱਕੀ ਕਰਨ ਦਾ ਭਾਵ ਸਿੱਧੇ ਤੌਰ ਤੇ ਇਹ ਹੁੰਦਾ ਹੈ ਕਿ ਅਸੀਂ,ਸਾਡਾ ਆਲਾ ਦੁਆਲਾ ਤੇ ਸਾਡਾ ਦੇਸ਼ ਵਿਕਾਸ ਕਰ ਰਿਹਾ ਹੈ , ਦੁਨੀਆ ਵਿਕਸਿਤ ਹੋ ਰਹੀ ਹੈ।ਪਰ ਇਸ ਤਰੱਕੀ ਦੇ ਪਿੱਛੇ ਉਸ ਦੀਆਂ ਨਵੀਆਂ ਨਵੀਆਂ ਇਜਾਦਾਂ ਸਦਕਾ ਬੇਸ਼ੱਕ ਉਹ ਬਹੁਤ ਐਸ਼ ਪ੍ਰਸਤੀ ਦੀ ਜ਼ਿੰਦਗੀ ਬਸ਼ਰ ਕਰ ਰਿਹਾ ਹੈ ਪਰ ਉਸ ਐਸ਼ ਪ੍ਰਸਤੀ ਵਿੱਚ ਉਸ ਦਾ ਸਕੂਨ ਲੁੱਟਦਾ ਜਾ ਰਿਹਾ ਹੈ। ਉਸ ਦੀਆਂ ਸੁੱਖ ਸਹੂਲਤਾਂ ਉਸ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਉਸ ਕੋਲ ਖਾਣ ਲਈ ਬਹੁਤ ਕੁਝ ਹੈ ਪਰ ਉਹ ਖਾ ਨਹੀਂ ਸਕਦਾ,ਉਹ ਨਵੇਂ ਨਵੇਂ ਬਸਤਰ ਖ਼ਰੀਦ ਕੇ ਪਹਿਨ ਸਕਦਾ ਹੈ, ਉਹਨਾਂ ਦੀ ਨੁਮਾਇਸ਼ ਲਗਾ ਸਕਦਾ ਹੈ ਪਰ ਉਹਨਾਂ ਅੰਦਰ ਕੱਜੇ ਤਨ ਦੀ ਬੇਅਰਾਮੀ ਦੂਰ ਨਹੀਂ ਕਰ ਸਕਦਾ,ਉਹ ਵੱਡੀਆਂ ਵੱਡੀਆਂ ਗੱਡੀਆਂ ਲੈਕੇ ਘੁੰਮ ਸਕਦਾ ਹੈ ਪਰ ਆਪਣੇ ਦਿਮਾਗ ਦੇ ਅੰਦਰ ਘੁੰਮ ਰਹੀ ਵਾਵਰੋਲਿਆਂ ਵਰਗੀ ਚਿੰਤਾਵਾਂ ਨੂੰ ਸ਼ਾਂਤ ਨਹੀਂ ਕਰ ਸਕਦਾ। ਸਮਾਜਿਕ ਰਿਸ਼ਤੇ ਘਟਦੇ ਜਾ ਰਹੇ ਹਨ, ਉਹਨਾਂ ਦੀਆਂ ਤੰਦਾਂ ਕਮਜ਼ੋਰ ਹੋ ਰਹੀਆਂ ਹਨ। ਇਸ ਸਭ ਪਿੱਛੇ ਦੇ ਕੀ ਕਾਰਨ ਹਨ। ਜੇ ਆਪਾਂ ਕੁਝ ਕੁ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਦੁਨੀਆ ਇਸ ਤੋਂ ਥੋੜ੍ਹੀ ਠੋਸ ਲੱਗਦੀ ਸੀ।ਇਹ ਉਹ ਦੁਨੀਆਂ ਸੀ ,ਜਿਸ ਅੰਦਰ ਮੋਹ ਦੀਆਂ ਤੰਦਾਂ ਪੀਡੀਆਂ ਸਨ,ਜਿਸ ਅੰਦਰ ਪਿਆਰ ਦੀ ਖਿੱਚ ਸੀ,ਜਿਸ ਅੰਦਰ ਜਜ਼ਬਾਤਾਂ ਦੀ ਕਦਰ ਸੀ,ਜਿਸ ਅੰਦਰ ਇਨਸਾਨੀਅਤ ਜ਼ਿੰਦਾ ਸੀ, ਉਸ ਦੁਨੀਆ ਅੰਦਰ ਜੀਓ ਅਤੇ ਜਿਊਣ ਦਿਓ ਦੀ ਗੱਲ ਬਾਤ ਸੀ।ਉਹ ਦੁਨੀਆਂ ਦੇ ਬੰਦੇ ਚਾਹੇ ਘਰਾਂ ਵਿੱਚ ਹੀ ਰਹਿੰਦੇ ਸਨ ਪਰ ਆਨੰਦ ਅਤੇ ਖੁਸ਼ੀਆਂ ਰੱਜ ਰੱਜ ਕੇ ਮਾਣਦੇ ਸਨ। ਉਸ ਦੁਨੀਆ ਦੇ ਲੋਕਾਂ ਅੰਦਰ ਇੱਕ ਉਹ ਧਰਮ ਸੀ ਜੋ ਸਰਬਸਾਂਝੀਵਾਲਤਾ ਦੇ ਸੰਦੇਸ਼ ਦੀ ਪਾਲਣਾ ਕਰਦਾ ਤੇ ਕਰਵਾਉਂਦਾ ਸੀ। ਉਸ ਅੰਦਰ ਸਦਾਚਾਰਕ ਕਦਰਾਂ ਕੀਮਤਾਂ ਆਪਣਾ ਆਲ਼ਾ ਦੁਆਲਾ ਵੇਖ ਕੇ ਪੈਦਾ ਹੋ ਜਾਂਦੀਆਂ ਸਨ ਨਾ ਕਿ ਉਹਨਾਂ ਨੂੰ ਪੈਦਾ ਕਰਨ ਲਈ ਕੋਈ ਸਿਖ਼ਲਾਈ ਕੈਂਪ ਲਗਾਏ ਜਾਂਦੇ ਸਨ। ਅੱਜ ਦੀ ਦੁਨੀਆਂ ਦਾ ਖੋਖਲਾਪਣ ਉਸ ਦੇ ਝੂਠੇ ਵਿਖਾਵਿਆਂ ਵਿੱਚੋਂ ਝਲਕਦਾ ਹੈ, ਉਹ ਲੱਖਾਂ ਰੁਪਏ ਖ਼ਰਚ ਕੇ ਬਾਹਰ ਇਸ ਲਈ ਘੁੰਮਣ ਜਾਂਦਾ ਹੈ ਤਾਂ ਕਿ ਉਹ ਲੋਕਾਂ ਨੂੰ ਦਿਖਾ ਸਕੇ ਕਿ ਉਹ ਕਿੰਨਾ ਅਮੀਰ ਹੈ। ਅੱਜ ਦੁਨੀਆਂ ਧਰਮ ਨੂੰ ਸਿਆਸਤ ਦਾ ਹੱਥਕੰਡਾ ਬਣਾ ਕੇ ਵਰਤ ਰਹੀ ਹੈ,ਅੱਜ ਦੇ ਧਰਮ ਵਿੱਚੋਂ ਰੱਬ ਉਡ ਗਿਆ ਹੈ ਸਿਰਫ਼ ਸਿਆਸਤ ਦਾ ਬੋਲਬਾਲਾ ਹੈ। ਅੱਜ ਦੀ ਦੁਨੀਆਂ ਦਾ ਪਰਿਵਾਰ ਬਹੁਤ ਛੋਟਾ ਹੈ ਪਰ ਇੱਕ ਕਮਰੇ ਦੀ ਚਾਰਦੀਵਾਰੀ ਵਿੱਚ ਵੀ ਬਿਖਰਿਆ ਹੋਇਆ ਹੈ।ਹਰ ਕੋਈ ਆਪਣੇ ਆਪਣੇ ਸਾਧਨ ਮੁਤਾਬਕ ਰੁੱਝਿਆ ਹੋਇਆ ਹੈ। ਅੱਜ ਦੀ ਦੁਨੀਆਂ ਵਿੱਚ ਕਿਸੇ ਦੀ ਧੀ ਦੀ ਗੱਲ ਤਾਂ ਛੱਡੋ ਆਪਣੀ ਧੀ ਦੀ ਇੱਜ਼ਤ ਵੀ ਚਾਰਦੀਵਾਰੀ ਵਿੱਚ ਮਹਿਫੂਜ਼ ਨਹੀਂ। ਅੱਜ ਦਾ ਨੌਜਵਾਨ ਬਹਾਦਰੀ ਕਰਕੇ ਨਹੀਂ ਬਲਕਿ ਨਸ਼ਿਆਂ ਅਤੇ ਕ੍ਰੋਧ ਖਿੱਝੂਪੁਣੇ ਕਰਕੇ ਮਸ਼ਹੂਰ ਹੋ ਰਿਹਾ ਹੈ, ਅੱਜ ਦੀ ਦੁਨੀਆਂ ਵਿੱਚ ਜ਼ਿੰਦਗੀ ਨਾਲੋਂ ਮੌਤ ਸਸਤੀ ਹੋ ਗਈ ਹੈ। ਇਨਸਾਨ ਨੂੰ ਮਿੰਟਾਂ ਵਿੱਚ ਜਾਨਵਰਾਂ ਵਾਂਗ ਝਟਕਾ ਕੇ ਲੁੱਟ ਲਿਆ ਜਾਂਦਾ ਹੈ। ਅੱਜ ਦੀਆਂ ਸੜਕਾਂ ਚਾਹੇ ਚਹੁੰ ਪਹੀਆਂ ਨਾਲ ਗਹਿਮਾ ਗਹਿਮੀ ਕਰ ਰਹੀਆਂ ਹਨ ਪਰ ਪਤਾ ਹੀ ਨਹੀਂ ਕਿੱਥੇ ਮੌਤ ਮੂੰਹ ਅੱਡੀ ਖੜੀ ਹੋਵੇ। ਅੱਜ ਦੀ ਦੁਨੀਆਂ ਦਾ ਪੈਸੇ ਅਤੇ ਸ਼ਾਨੋ ਸ਼ੌਕਤ ਕਰਕੇ ਰੁਤਬਾ ਤਾਂ ਉੱਚਾ ਹੋ ਰਿਹਾ ਹੈ ਪਰ ਇਖਲਾਕੀ ਤੌਰ ਤੇ ਜ਼ਮੀਨ ਤੇ ਡਿੱਗ ਰਿਹਾ ਹੈ।ਪੈਸਾ ਕਮਾਉਣ ਦੀ ਦੌੜ ਵਿੱਚ ਘੱਟ ਸਮੇਂ ਵਿੱਚ ਮਸ਼ਹੂਰ ਹੋਣ ਦੀ ਹੋੜ ਲੱਗੀ ਹੋਈ ਹੈ, ਕਈ ਲੋਕ ਘਰਾਂ ਦੀਆਂ ਔਰਤਾਂ ਜਾਂ ਕੁੜੀਆਂ ਤੋਂ ਸੜਕਾਂ ਤੇ ਨਾਚ ਕਰਵਾ ਕੇ ਇੰਟਰਨੈੱਟ ਤੇ ਪਾ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਪਸੰਦ ਕਰਨ ਜਾਂ ਦੇਖਣ। ਇਸ ਨਾਲ਼ ਕਈ ਲੋਕ ਆਪਣਾ ਸ਼ਿਸ਼ਟਾਚਾਰ ਅਤੇ ਸੱਭਿਆਚਾਰ ਨੂੰ ਭੁੱਲ ਕੇ ਇਸ ਇੰਟਰਨੈੱਟ ਨੁਮਾ ਬਾਂਸਰੀ ਤੇ ਪੈਸਾ ਕਮਾਉਣ ਲਈ ਘਰ ਦੀਆਂ ਕੁੜੀਆਂ, ਔਰਤਾਂ ਜਾਂ ਪਤਨੀਆਂ ਤੋਂ ਇਤਰਾਜ਼ਯੋਗ ਵੀਡੀਓਜ਼ ਬਣਵਾ ਕੇ ਦੁਨੀਆ ਨੂੰ ਪਰੋਸੀਆਂ ਜਾਂਦੀਆਂ ਹਨ ਜਿਸ ਨਾਲ ਪੈਸਾ ਵੀ ਕਮਾਇਆ ਜਾ ਸਕੇ ਤੇ ਮਸ਼ਹੂਰ ਵੀ ਛੇਤੀ ਛੇਤੀ ਹੋਇਆ ਜਾ ਸਕੇ। ਘਰ ਦੀ ਇੱਜ਼ਤ ਵੇਚ ਕੇ ਮਸ਼ਹੂਰੀ ਖੱਟੀ ਜਾਂ ਪੈਸਾ ਕਮਾਇਆ ਲੋਕਾਂ ਨੂੰ ਅਸੱਭਿਅਕ ਬਣਾ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਚੀਜ਼ਾਂ ਹੋਰ ਵੀ ਘਾਤਕ ਸਿੱਧ ਹੋ ਸਕਦੀਆਂ ਹਨ ਕਿਉਂ ਕਿ ਇਹ ਸਭ ਗੱਲਾਂ ਦੁਨੀਆਂ ਨੂੰ ਕਮਜ਼ੋਰ ਬਣਾਉਂਦੀਆਂ ਹਨ ।ਜਦ ਇਹੋ ਜਿਹੀਆਂ ਗੱਲਾਂ ਧਿਆਨ ਵਿੱਚ ਆਉਂਦੀਆਂ ਹਨ ਤਾਂ ਵਾਕਿਆ ਹੀ ਲੱਗਦਾ ਹੈ ਕਿ ਦੁਨੀਆ ਖੋਖਲੀ ਹੁੰਦੀ ਜਾ ਰਹੀ ਹੈ। ਸਾਡੇ ਸਮਾਜ ਦਾ ਦਰਪਣ ਧੁੰਦਲਾ ਕਰਦੀਆਂ ਜਾ ਰਹੀਆਂ ਹਨ ਜਿਸ ਨਾਲ ਮਨੁੱਖ ਆਪਣੀ ਅਸਲੀਅਤ ਹੀ ਭੁੱਲਦਾ ਜਾ ਰਿਹਾ ਹੈ। ਆਓ ਇੱਕ ਪ੍ਰਣ ਕਰੀਏ ਕਿ ਨਵੀਆਂ ਤਕਨੀਕਾਂ ਨੂੰ ਅਸੀਂ ਸਿਰਫ਼ ਆਪਣੀਆਂ ਸਹੂਲਤਾਂ ਅਨੁਸਾਰ ਹੀ ਵਰਤਣਾ ਹੈ ਨਾ ਕਿ ਇਹਨਾਂ ਦੇ ਗੁਲਾਮ ਬਣਨਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly