ਏਹੁ ਹਮਾਰਾ ਜੀਵਣਾ ਹੈ -391

 (ਸਮਾਜ ਵੀਕਲੀ) –  ਕੁਲਵੰਤ ਨੂੰ ਵਿਆਹੀ ਆਈ ਨੂੰ ਪਿੰਡ ਵਿੱਚ ਪੰਦਰਾਂ ਵਰ੍ਹੇ ਹੋ ਗਏ ਸਨ,ਉਹ ਪਿੰਡ ਦੇ ਕੱਲੇ ਕੱਲੇ ਜੀਅ ਨੂੰ ਜਾਣਦੀ ਸੀ। ਉਹ ਚਾਹੇ ਅਨਪੜ੍ਹ ਸੀ ਪਰ ਚਲਾਕ ਬਹੁਤ ਸੀ। ਉਸ ਦੀ ਪੇਕਿਆਂ ਵਿੱਚੋਂ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਪ੍ਰੀਤੀ ਜੋ ਉਸ ਦੀ ਭੈਣ ਲੱਗਦੀ ਸੀ, ਉਹ ਪਿੰਡ ਦੇ ਦੂਜੇ ਪਾਸੇ ਮਾਸਟਰਾਂ ਦੇ ਘਰ ਵਿਆਹੀ ਹੋਈ ਸੀ। ਉਹ ਆਪ ਵੀ ਪੜ੍ਹੀ ਲਿਖੀ ਕੁੜੀ ਸੀ। ਵੈਸੇ ਵੀ ਪ੍ਰੀਤੀ ਉਮਰ ਵਿੱਚ ਉਸ ਤੋਂ ਬਹੁਤ ਛੋਟੀ ਸੀ। ਪ੍ਰੀਤੀ ਦਾ ਸਾਰਾ ਟੱਬਰ ਪੜ੍ਹਿਆ ਲਿਖਿਆ ਹੋਣ ਕਰਕੇ ਘੱਟ ਵੱਧ ਹੀ ਕਿਸੇ ਦੇ ਆਉਂਦੇ ਜਾਂਦੇ ਸਨ। ਇੱਕ ਤਾਂ ਨੌਕਰੀ ਕਰਦੀ ਹੋਣ ਕਰਕੇ ਸਮੇਂ ਦੀ ਘਾਟ ਕਾਰਨ ਤੇ ਦੂਜਾ ਪਿੰਡ ਦੇ ਦੂਜੇ ਪਾਸੇ ਘਰ ਹੋਣ ਕਰਕੇ ਵੀ ਉਹ ਇੱਕ ਦੂਜੇ ਦੇ ਘਰ ਕਦੇ ਨਹੀਂ ਗਈਆਂ ਸਨ ਪਰ ਪੇਕਿਆਂ ਵਿੱਚ ਕਿਸੇ ਖੁਸ਼ੀ ਗਮੀ ਨੂੰ ਉਹ ਦੋਵੇਂ ਜਾਣੀਆਂ ਜ਼ਰੂਰ ਮਿਲ ਲੈਂਦੀਆਂ ਸਨ।
           ਇੱਕ ਦਿਨ ਕੁਲਵੰਤ ਪ੍ਰੀਤੀ ਦੀ ਮਾਂ ਕੋਲ ਉਸ ਦੀ ਛੋਟੀ ਭੈਣ ਦੀਪ ਲਈ ਪਿੰਡ ਵਿੱਚੋਂ ਹੀ ਕਿਸੇ ਦੇ ਮੁੰਡੇ ਦੀ ਦੱਸ ਪਾਉਣ ਆਈ ਤੇ ਮੁੰਡੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਤੇ ਪੂਰਾ ਜ਼ੋਰ ਲਾ ਦਿੱਤਾ। ਆਖਣ ਲੱਗੀ,”ਚਾਚੀ ਜੀ…. ਮੁੰਡਾ ਐਨਾ ਸੁਨੱਖਾ….. ਕਿ ਤੁਹਾਡੇ ਘਰ ਵਿੱਚ ਬੈਠਾ ਪੂਰਾ ਫੱਬੂ….. ਉਸ ਕੋਲ ਆਪਣੀ ਗੱਡੀ ਰੱਖੀ ਹੋਈ ਆ….. ਉਹ ਤਾਂ ਮਿਹਨਤੀ ਵੀ ਬਹੁਤ ਆ….. ਪੜ੍ਹਿਆ ਲਿਖਿਆ ਵੀ ਬਹੁਤ ਆ….. ਉਹਦੇ ਘਰ ਕਿਹੜੀ ਚੀਜ਼ ਆ ਜਿਹੜੀ ਨਹੀਂ ਹੈਗੀ….. ਓਹਨੂੰ ਤਾਂ ਰੋਜ਼ ਨਵੇਂ ਨਵੇਂ ਰਿਸ਼ਤਿਆਂ ਦੀ ਚੰਗਾ ਦਾਜ ਦਹੇਜ ਦੇਣ ਵਾਲ਼ਿਆਂ ਦੀ ਦੱਸ ਪਾਉਂਦੇ ਆ ਲੋਕ…. ਮੁੰਡਾ ਈ ਨੀ ਮੰਨਦਾ…..ਕਹਿੰਦਾ ਪੜ੍ਹੀ ਲਿਖੀ ਕੁੜੀ ਲੈਣੀ ਆਂ…!” ਪ੍ਰੀਤੀ ਦੀ ਮਾਂ ਨੇ ਕਿਹਾ,” ਕੋਈ ਗੱਲ ਨੀ ਕੁਲਵੰਤ…. ਧੀਆਂ ਵਾਲਿਆਂ ਲਈ ਤਾਂ ਮੁੰਡੇ ਵਾਲੇ ਸਦਾ ਈ ਉੱਚੇ ਹੁੰਦੇ ਨੇ…. ਜਿਹਨਾਂ ਨੂੰ ਆਪਣੇ ਜਿਗਰ ਦਾ ਟੁਕੜਾ ਦੇਣਾ ਹੁੰਦਾ…. ਕੋਈ ਵੀ ਮਾਂ ਬਾਪ ਆਪਣੀ ਧੀ ਲਈ ਜਾਣ ਬੁੱਝ ਕੇ….. ਮਾੜਾ ਵਰ ਤਾਂ ਨੀ ਲੱਭਦਾ….ਪਰ ਅਸੀਂ ਆਪਣੀ ਪ੍ਰੀਤੀ ਤੇ ਉਹਦੇ ਪਰਿਵਾਰ ਨੂੰ ਪੁੱਛੇ ਬਿਨਾਂ ਗੱਲ ਅਗਾਂਹ ਨੀ ਤੋਰਨੀ….. ਨਹੀ ਤਾਂ ਸਾਡੀ ਕੁੜੀ ਤੇ ਉਹਦੇ ਸਹੁਰਿਆਂ ਦੀ ਹੱਤਕ ਐ…. ਤੇ ਓਦੂੰ ਵੱਧ ਸਾਡੀ…..!”
“ਲੈ ਚਾਚੀ ਜੀ….. ਪੁੱਛਣ ਨੂੰ ਕੀ ਐ….. ਮੈਂ ਕਿਹੜਾ ਬੇਗਾਨੀ ਆਂ…… ਪ੍ਰੀਤੀ ਨੂੰ ਤਾਂ ਮੈਂ ਮਨਾ ਲਊਂ….!” ਕੁਲਵੰਤ ਨੇ ਰਿਸ਼ਤਾ ਕਰਵਾਉਣ ਨੂੰ ਯਕੀਨੀ ਬਣਾਉਂਦੇ ਹੋਏ ਕਿਹਾ।
        ਕੁਲਵੰਤ ਦੇ ਜਾਣ ਤੋਂ ਬਾਅਦ ਪ੍ਰੀਤੀ ਦੀ ਮਾਂ ਨੇ ਉਸ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਪ੍ਰੀਤੀ ਨੇ ਦੱਸਿਆ, “ਮੰਮੀ ਜੀ…. ਉਸ ਮੁੰਡੇ ਦਾ ਤੇ ਆਪਣੀ ਦੀਪ ਦਾ ਕਿੰਨਾ ਫ਼ਰਕ ਐ…. ਦੀਪ ਚੰਡੀਗੜ੍ਹ ਦੀ ਪੜ੍ਹੀ ਲਿਖੀ ਕੁੜੀ ਤੇ ਮੁੰਡਾ ਪਿੰਡ ਦੇ ਸਕੂਲ ਤੋਂ ਦਸ ਪੜ੍ਹਕੇ ਹਟਿਆ ਹੋਇਆ….. ਦੀਪ ਕੰਪਨੀ ਵਿੱਚ ਮੈਨੇਜਰ ਲੱਗੀ ਹੋਈ ਹੈ ਤੇ ਉਹ ਕਿਸੇ ਦੀ ਫੈਕਟਰੀ ਵਿੱਚ ਕੰਮ ਕਰਦਾ….!”
ਪ੍ਰੀਤੀ ਦੀ ਮਾਂ ਨੇ ਫਿਰ ਕਿਹਾ,”…. ਬੇਟਾ ਅਸੀਂ ਤੈਨੂੰ ਵਿੱਚ ਰੱਖੇ ਬਿਨਾਂ ਰਿਸ਼ਤਾ ਨਹੀਂ ਕਰਾਂਗੇ…. ਕੁਲਵੰਤ ਦੇ ਦੱਸਣ ਅਨੁਸਾਰ ਜੇ ਕੰਮ ਚੰਗਾ ਹੈ ਤਾਂ ਆਪਾਂ ਦੇਖ ਲੈਂਦੇ ਆਂ…. ਕੋਈ ਨਾ ਚਾਰ ਜਮਾਤਾਂ ਵੱਧ ਘੱਟ ਪੜ੍ਹੇ ਦੀ ਤਾਂ ਕੋਈ ਗੱਲ ਨਹੀਂ…..!”
“ਮੰਮੀ ਜੀ…… ਮੈਂ ਬਿਲਕੁਲ ਵੀ ਰਾਜ਼ੀ ਨਹੀਂ ਇਸ ਰਿਸ਼ਤੇ ਲਈ…..!” ਪ੍ਰੀਤੀ ਨੇ ਸੌ ਦੀ ਇੱਕ ਗੱਲ ਕਹਿਕੇ ਗੱਲ ਖ਼ਤਮ ਕੀਤੀ।
ਓਧਰੋਂ ਕੁਲਵੰਤ ਕਦੇ ਮੁੰਡੇ ਦੀ ਮਾਂ ਤੋਂ ਪ੍ਰੀਤੀ ਦੀ ਸੱਸ ਨੂੰ ਫ਼ੋਨ ਕਰਵਾਏ ਕਦੇ ਆਪ ਤੀਜੇ ਕੁ ਦਿਨ ਪ੍ਰੀਤੀ ਦੇ ਪੇਕਿਆਂ ਦੇ ਘਰੇ ਆ ਕੇ ਦੀਪ ਦੇ ਰਿਸ਼ਤੇ ਤੇ ਜ਼ੋਰ ਪਾਵੇ। ਹਾਰ ਕੇ ਪ੍ਰੀਤੀ ਦੀ ਮਾਂ ਨੇ ਕੁਲਵੰਤ ਨੂੰ ਇਹ ਕਹਿਕੇ ਕੋਰਾ ਜਵਾਬ ਦੇ ਦਿੱਤਾ ਕਿ ਉਹਨਾਂ ਨੇ ਨੀ ਹਜੇ ਦੋ ਸਾਲ ਦੀਪ ਦਾ ਵਿਆਹ ਕਰਨਾ।
ਕੁਲਵੰਤ ਨੇ ਪ੍ਰੀਤੀ ਤੇ ਉਸ ਦੇ ਪੇਕਿਆਂ ਨਾਲ਼ ਮੂੰਹ ਮੋਟਾ ਕਰ ਲਿਆ ਤੇ ਵਰਤਣਾ ਛੱਡ ਦਿੱਤਾ। ਸਾਲ ਕੁ ਬਾਅਦ ਉਸੇ ਮੁੰਡੇ ਦਾ ਰਿਸ਼ਤਾ ਕਿਤੇ ਹੋਰ ਹੋ ਕੇ ਵਿਆਹ ਹੋ ਗਿਆ। ਕੁਲਵੰਤ ਨੂੰ ਜਿੱਥੇ ਕਿਤੇ ਵੀ ਰਿਸ਼ਤੇਦਾਰੀ ਵਿੱਚ ਪ੍ਰੀਤੀ ਜਾਂ ਓਹਦੀ ਮਾਂ ਦਿਸਣ ਤਾਂ ਉਹਨਾਂ ਨੂੰ ਸੁਣਾ ਕੇ ਆਖੇ,” ਚੰਗੇ ਘਰਾਂ ਦੇ ਮੁੰਡੇ ਕਿਤੇ ਰੁਕਦੇ ਹੁੰਦੇ ਨੇ…. ਜਿਹੜੇ ਮੁੰਡੇ ਨੂੰ ਮੈਂ ਦੀਪ ਦਾ ਰਿਸ਼ਤਾ ਕਰਵਾਉਂਦੀ ਸੀ…. ਓਹਦਾ ਤਾਂ ਐਨੀ ਸੁਨੱਖੀ ਕੁੜੀ ਨਾਲ ਰਿਸ਼ਤਾ ਹੋਇਆ….. ਲੋਕ ਖੜ੍ਹ ਖੜ੍ਹ ਕੇ ਵੇਖਦੇ ਨੇ…. ਨਾਲ਼ੇ ਦਾਜ ਨਾਲ ਅਗਲਿਆਂ ਨੇ ਘਰ ਭਰ ਦਿੱਤਾ….।” ਇਹ ਉਸ ਦੀਆਂ ਗੱਲਾਂ ਸੁਣੀਆਂ ਅਣਸੁਣੀਆਂ ਕਰ ਦਿੰਦੇ।
          ਵਿਆਹ ਨੂੰ ਹਜੇ ਮਹੀਨਾ ਕੁ ਹੀ ਹੋਇਆ ਸੀ ਕਿ ਪਿੰਡ ਦੀ ਇੱਕ ਬੁੜੀ ਪ੍ਰੀਤੀ ਦੇ ਘਰ ਆ ਕੇ ਦੱਸਣ ਲੱਗੀ,”ਨੀ ਧੀਏ….. ਜਿਹੜੇ ਮੁੰਡੇ ਨੂੰ ਕੁਲਵੰਤ ਤੇਰੀ ਭੈਣ ਦਾ ਰਿਸ਼ਤਾ ਕਰਵਾਉਂਦੀ ਸੀ….. ਓਹਦਾ ਤਾਂ ਅੱਜ ਛੱਡ- ਛੁਡੱਈਆ ਹੋ ਗਿਆ……!”
“ਹੈਂ ਤਾਈ ਜੀ…. ਸੱਚੀਂ….?”
“ਆਹੋ….. ਧੀਏ…. ਤੂੰ ਤਾਂ ਅੜਗੀ ਸੀ …. ਰਿਸਤਾ ਨਾ ਕਰਨ ਤੇ…. ਤਾਂ ਚੰਗੀ ਰਹੀ…. ਪਰ ਕੁਲਵੰਤ ਨੇ ਤੈਨੂੰ ਸਾਰੇ ਪਿੰਡ ਵਿੱਚ  ਬਹੁਤ ਭੰਡਿਆ….!”
“ਪਰ ਤਾਈ ਜੀ …. ਉਹਨਾਂ ਦਾ ਵਿਆਹ ਐਨੀ ਜਲਦੀ ਕਿਉਂ ਟੁੱਟ ਗਿਆ….?”
“ਧੀਏ…… ਇੱਕ ਤਾਂ ਮੁੰਡਾ ਨਸ਼ਾ ਕਰਦਾ…..ਵਿਆਹ ਤੋਂ ਚੌਥੇ ਦਿਨ ਮੁੰਡਾ ਟੀਕਾ ਲਾਉਂਦਾ ਫੜ ਲਿਆ ਸੀ ਬਹੂ ਨੇ….ਦੂਜਾ….. (ਤਾਈ ਕੁਛ ਕਹਿੰਦੀ ਕਹਿੰਦੀ ਰੁਕ ਗਈ) ਕੀ ਦੱਸਾਂ ਤੈਨੂੰ….!”
“ਐਹੋ ਜਿਹੀ ਕਿਹੜੀ ਗੱਲ ਹੈ ਤਾਈ ਜੀ….?”
“ਬੱਸ ਧੀਏ….. ਆਹ ਫੋਨਾਂ ਦੇ ਗੰਦ ਨੇ ਮਾਰ ਲਿਆ….. ਬਹੂ ਨੇ ਓਹਦੇ ਫੋਨ ਚੋਂ ਕਿਸੇ ਹੋਰ ਨਾਲ ਗੱਲਾਂ ਕਰਦਾ ਤੇ ਪਿਛਲੇ ਐਤਵਾਰ ਓਹਦੇ ਨਾਲ ਘੁੰਮਣ ਗਏ ਦੀਆਂ ਫੋਟੋਆਂ ਦੇਖਲੀਆਂ…..!”
“ਅੱਛਾ….. ਤਾਈ ਜੀ ਫਿਰ ਕੀ ਹੋਇਆ….?” ਪ੍ਰੀਤੀ ਹੈਰਾਨ ਹੋ ਕੇ ਪੁੱਛਦੀ ਹੈ।
“ਬੱਸ ਧੀਏ….. ਪੁਆੜਾ ਪੈ ਗਿਆ…. ਬਹੂ ਪੇਕੇ ਚਲੀ ਗਈ….ਓਹਨੇ ਇਹਨਾਂ ਦੇ ਘਰ ਰਹਿਣ ਤੋਂ ਕੋਰਾ ਜਵਾਬ ਦੇ ਦਿੱਤਾ……ਓਹਦੇ ਬਾਪ ਭਰਾ ਪੰਚਾਇਤ ਨਾਲ਼ ਆਏ ਸੀ….. ਫੈਸਲਾ ਕਰਕੇ….. ਸਾਰਾ ਸਮਾਨ ਟਰੱਕ ਭਰ ਕੇ ਲੈ ਗਏ ….!”
“ਫੇਰ ਤਾਂ ਤਾਈ ਜੀ ਮੈਂ ਚੰਗਾ ਕੀਤਾ….. ਮੇਰੇ ਪੇਕਿਆਂ ਦਾ ਸਾਰਾ ਟੱਬਰ ਤਾਂ ਰਿਸ਼ਤਾ ਕਰਨ ਨੂੰ ਤਿਆਰ ਬੈਠਾ ਸੀ ਜੇ ਮੈਂ ਵੀ ਹਾਂ ਕਰ ਦਿੰਦੀ….!”
“….. ਹੋਰ ਨੀ ਧੀਏ….. ਤੂੰ ਤਾਂ ਚੰਗੇ ਤੋਂ ਵੀ ਚੰਗਾ ਕਰਕੇ ਪੁੰਨ ਖੱਟ ਲਿਆ…. ਨਹੀਂ ਤਾਂ ਸਾਰੀ ਉਮਰ ਦਾ ਦੁੱਖ ਪੱਲੇ ਪਾ ਲੈਣਾ ਸੀ….।”
“…….(ਪ੍ਰੀਤੀ ਨੂੰ ਕੁਲਵੰਤ ਤੇ ਗੁੱਸਾ ਆਉਂਦਾ ਹੈ) ਐਹੋ ਜਿਹੇ ਵੀ ਰਿਸ਼ਤੇਦਾਰ ਹੁੰਦੇ ਨੇ….. ਜਿਹੜੇ ਜਾਣ ਬੁੱਝ ਕੇ…. ਆਪਣੀਆਂ ਕੁੜੀਆਂ ਨੂੰ ਖੂਹ ਵਿੱਚ ਸੁਟਵਾ ਦਿੰਦੇ ਨੇ….!”
“ਨੀ ਧੀਏ….. ਼ਉਹਨਾਂ ਨੂੰ ਚੰਗੇ ਮਾੜੇ ਤੱਕ ਕੋਈ ਮਤਲਬ ਨੀ ਹੁੰਦਾ….. ਇਹੀ ਤਾਂ ਵਿਚੋਲਿਆਂ ਦੇ ਓਹਲੇ ਹੁੰਦੇ ਨੇ… ਚੰਗਾ ਮਾੜਾ ਤਾਂ ਆਪਾਂ ਆਪ ਵਿਚਾਰਨਾ ਹੁੰਦਾ ਕਿਉਂ ਕਿ ਇਹ ਦੁਨੀਆਦਾਰੀ ਹੈ ਤੇ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ…..!”
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਕੂਲ ਦੇ 37 ਵਿਦਿਆਰਥੀਆਂ ਨੂੰ ਪ੍ਰਵਾਸੀ ਭਾਰਤੀ ਨੇ ਸਟੇਸ਼ਨਰੀ ਮੁਹੱਈਆ ਕਰਵਾਈ 
Next articleਤਰਕਸ਼ੀਲਾਂ ਨੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ  ਦਿੱਤਾ ਵਿਗਿਆਨਕ ਸੋਚ ਦਾ ਸੱਦਾ