(ਸਮਾਜ ਵੀਕਲੀ)- ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜ੍ਹਦੀ ਜਵਾਨੀ ਦੇ ਚਰਚੇ ਦੁਨੀਆ ਭਰ ਵਿੱਚ ਹਨ। ਆਏ ਦਿਨ ਗੁਆਂਢੀ ਮੁਲਕ ਤੋਂ ਨਸ਼ਿਆਂ ਦੀ ਖੇਪ ਆ ਰਹੀ ਹੈ । ਨਸ਼ਿਆਂ ਦੇ ਵਪਾਰੀਆਂ ਦੀ ਚਾਂਦੀ ਹੋਈ ਪਈ ਹੈ। ਨੌਜਵਾਨ ਇਸ ਤਰ੍ਹਾਂ ਨਸ਼ਿਆਂ ਦੇ ਅੰਨ੍ਹੇ ਖੂਹ ਵਿੱਚ ਡੁੱਬ ਚੁੱਕੇ ਹਨ ਕਿ ਉਹਨਾਂ ਨੂੰ ਉੱਥੋਂ ਕੱਢਣ ਦਾ ਰਸਤਾ ਬਹੁਤ ਧੁੰਦਲਾ ਨਜ਼ਰ ਆਉਂਦਾ ਹੈ। ਨੌਜਵਾਨ ਨਸ਼ੇ ਦੀ ਪੂਰਤੀ ਕਰਨ ਦੀ ਖਾਤਰ ਪਤਾ ਨਹੀਂ ਕਿੰਨੇ ਕੁਕਰਮ ਕਰਦੇ ਹਨ, ਚੋਰੀਆਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਤੇਜ਼ੀ ਨਾਲ਼ ਇਜ਼ਾਫਾ ਹੋ ਰਿਹਾ ਹੈ। ਨਸ਼ਿਆਂ ਦੀ ਪੂਰਤੀ ਲਈ ਆਏ ਦਿਨ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ, ਘਰਾਂ ਦੇ ਘਰ ਬਰਬਾਦ ਹੋ ਰਹੇ ਹਨ।ਪਤਾ ਨਹੀਂ ਕਿੰਨੇ ਕੁ ਯੁਵਕ ਨਸ਼ਾ ਕਰਦੇ ਕਰਦੇ ਤੇ ਕਿੰਨੇ ਕੁ ਮਾਪੇ ਨਸ਼ਾ ਖ਼ਤਮ ਕਰਨ ਦੀਆਂ ਦੁਹਾਈਆਂ ਦਿੰਦੇ ਦਿੰਦੇ ਮਰ ਗਏ। ਪਰ ਕੋਈ ਨਹੀਂ ਇਹਨਾਂ ਦੀ ਬਾਂਹ ਫੜਦਾ। ਸ਼ਰੇਆਮ ਨਸ਼ੇ ਦੇ ਵਪਾਰੀ ਨਸ਼ੇੜੀਆਂ ਨੂੰ ਨਸ਼ਾ ਪਹੁੰਚਾਉਣ ਵਿੱਚ ਲੱਗੇ ਹੋਏ ਹਨ।
ਪਿੰਡ ਅਤੇ ਮੁਹੱਲੇ ਨਸ਼ਾ ਵਿਕਰੀ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਹੁੰਦੀਆਂ ਹਨ। ਇੱਥੋਂ ਅਸਾਨੀ ਨਾਲ਼ ਪਤਾ ਲੱਗ ਸਕਦਾ ਹੁੰਦਾ ਹੈ ਕਿ ਉੱਥੇ ਕੌਣ ਵੇਚਣ ਆਉਂਦਾ ਹੈ ਤੇ ਕਿੱਥੋਂ ਦੇ ਉਹ ਲੋਕ ਹੁੰਦੇ ਹਨ? ਇੱਕ ਕਹਾਵਤ ਆਮ ਪ੍ਰਚਲਿਤ ਹੈ ( nip the evil from the bud) ਕਿ ਬੁਰਾਈ ਨੂੰ ਉਸ ਦੀ ਡੋਡੀ ਤੋਂ ਨੱਪ ਦੇਣਾ ਚਾਹੀਦਾ ਹੈ। ਇਹ ਬੁਰਾਈ ਜੇ ਸ਼ੁਰੂ ਤੋਂ ਨਹੀਂ ਦਬਾ ਸਕੇ ਤਾਂ ਆਪਾਂ ਇਸ ਕਹਾਵਤ ਨੂੰ ਦੂਜੇ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ।ਜਿਹੜਾ ਦਰਖ਼ਤ ਆਪਣੀਆਂ ਜੜ੍ਹਾਂ ਨੂੰ ਦੂਰ ਦੂਰ ਤੱਕ ਫੈਲਾ ਚੁੱਕਿਆ ਹੋਵੇ ਉਸ ਦੀਆਂ ਧਰਤੀ ਹੇਠਲੀਆਂ ਜੜਾਂ ਉੱਪਰ ਆਸ਼ਿਆਨੇ ਵਸ ਰਹੇ ਹੋਣ ਤੇ ਸੋਚਿਆ ਜਾਵੇ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਬਾਹਰ ਕੱਢਣਾ ਤਾਂ ਸ਼ਾਇਦ ਨਾਮੁਮਕਿਨ ਹੋਵੇਗਾ।ਉਸ ਦੀ ਟਾਹਣੀਆਂ ਨੂੰ ਛੰਡ ਛੰਡ ਕੇ ਉਸ ਨੂੰ ਘਟਾਉਂਦੇ ਘਟਾਉਂਦੇ ਖ਼ਤਮ ਕੀਤਾ ਜਾ ਸਕਦਾ ਹੈ। ਹੁਣ ਇਹ ਨਸ਼ਿਆਂ ਵਾਲ਼ਾ ਦਰਖ਼ਤ ਵੀ ਆਪਣੀਆਂ ਜੜਾਂ ਨੂੰ ਐਨੀ ਡੂੰਘਾਈ ਤੱਕ ਫੈਲਾ ਚੁੱਕਿਆ ਹੈ ਕਿ ਉਸ ਦੀਆਂ ਜੜ੍ਹਾਂ ਤੋਂ ਪਹਿਲਾਂ ਤਣਿਆਂ ਨੂੰ ਛੰਡਣਾ ਸ਼ੁਰੂ ਕਰਨਾ ਪਵੇਗਾ। ਪਿੰਡਾਂ ਦੀਆਂ ਪੰਚਾਇਤਾਂ ਤੇ ਮੁਹੱਲਿਆਂ ਦਿਆਂ ਮੁਖੀਆਂ ਤੋਂ ਸਹਿਯੋਗ ਲੈ ਕੇ ਸਬੰਧਤ ਥਾਣਿਆਂ ਵੱਲੋਂ ਇਹ ਛੋਟੇ ਨਸ਼ਾ ਤਸਕਰਾਂ ਉੱਤੇ ਕੁੰਡੀ ਪਾ ਕੇ ਕਾਬੂ ਕੀਤਾ ਜਾਵੇ ਤਾਂ ਦੱਸੋ ਨਸ਼ਾ ਕੌਣ ਵੇਚਣ ਆਏਗਾ? ਪਰ ਕਹਿੰਦੇ ਹਨ ਕਿ ਡੁੱਬੀ ਤਾਂ ਜੇ ਸਾਹ ਨੀ ਆਇਆ। ਜਿਹੜੇ ਬਜ਼ੁਰਗਾਂ ਨੇ ਆਪ ਨਸ਼ਿਆਂ ਦੀਆਂ ਲੀਹਾਂ ਤੇ ਉੰਗਲੀ ਫ਼ੜ ਕੇ ਆਪਣੇ ਨੰਨੇ ਬਚਪਨਾਂ ਨੂੰ ਤੋਰਿਆ ਹੋਏ ਉਹ ਇਹੋ ਜਿਹੇ ਠੋਸ ਕਦਮ ਕਿੱਥੋਂ ਚੁੱਕ ਲੈਣਗੇ? ਕੋਈ ਵੀ ਵਸਤੂ ਬਜ਼ਾਰ ਵਿੱਚ ਤਾਂ ਵਿਕਦੀ ਹੈ ਜੇ ਉਸ ਦੇ ਖ਼ਰੀਦਦਾਰ ਪੈਦਾ ਕੀਤੇ ਜਾਣ। ਜੇ ਛੋਟੇ ਨਸ਼ਾ ਤਸਕਰ ਫ਼ੜਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਹੀ ਨਸ਼ੇ ਦੇ ਖ਼ਰੀਦਦਾਰ ਖ਼ਤਮ ਹੋ ਸਕਣਗੇ। ਜਦ ਖ਼ਰੀਦਦਾਰ ਘਟਣ ਲੱਗ ਪੈਣਗੇ ਤਾਂ ਵੱਡੇ ਨਸ਼ਾ ਤਸਕਰਾਂ ਨੂੰ ਢਾਹ ਲੱਗੇਗੀ।
ਪਿੰਡਾਂ ਜਾਂ ਮੁਹੱਲਿਆਂ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਸਮਾਜ ਦੇ ਕਈ ਹੋਰ ਵਰਗ ਸਾਥ ਦੇ ਰਹੇ ਹੁੰਦੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਇਹੋ ਜਿਹੇ ਮਿਸ਼ਨ ਅਧੂਰੇ ਰਹਿ ਜਾਂਦੇ ਹਨ। ਮੁਨਾਫ਼ਾਖੋਰ, ਤਸਕਰਾਂ ਦੇ ਕਰਿੰਦੇ ਜੋ ਚੋਰੀ ਛਿਪੇ ਨਸ਼ੇ ਥਾਂ ਥਾਂ ਜਾ ਕੇ ਸਪਲਾਈ ਕਰਦੇ ਹਨ, ਔਰਤਾਂ ਜੋ ਨਸ਼ਿਆਂ ਦੀ ਤਸਕਰੀ ਕਰਕੇ ਮੋਟੇ ਪੈਸੇ ਵਸੂਲਦੀਆਂ ਹਨ ਜਾਂ ਫਿਰ ਅਸਰ ਰਸੂਖ ਵਾਲੇ ਬੰਦਿਆਂ ਨਾਲ਼ ਲਿਹਾਜਾਂ ਵਾਲ਼ਾ ਰਾਹ ਆਪਣਾ ਕੇ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਨਾਲ਼ ਲੱਥ ਪੱਥ ਕੀਤਾ ਜਾ ਰਿਹਾ ਹੁੰਦਾ ਹੈ।ਇਹ ਲੋਕ ਆਮ ਲੋਕਾਂ ਦਾ ਹਿੱਸਾ ਹੀ ਹੁੰਦੇ ਹਨ। ਉਹਨਾਂ ਨੂੰ ਆਪਣੀ ਕਮਾਈ ਦਾ ਸਾਧਨ ਹੀ ਨਜ਼ਰ ਆ ਰਿਹਾ ਹੁੰਦਾ ਹੈ। ਉਹਨਾਂ ਨੂੰ ਬੇਬਸ ਮਾਪੇ ਨਜ਼ਰ ਨਹੀਂ ਆਉਂਦੇ, ਉਹਨਾਂ ਨੂੰ ਸਾਡੀ ਨੌਜਵਾਨੀ ਬਰਬਾਦ ਹੁੰਦੀ ਨਜ਼ਰ ਨਹੀਂ ਆਉਂਦੀ, ਉਹਨਾਂ ਨੂੰ ਤਾਂ ਰਾਤਾਂ ਦੇ ਹਨੇਰਿਆਂ ਵਿੱਚ ਨਸ਼ੇ ਵੇਚ ਕੇ ਨੋਟ ਹੀ ਨਜ਼ਰ ਆਉਂਦੇ ਹਨ।
ਜਦ ਨੌਜਵਾਨੀ ਇਸ ਹੜ੍ਹ ਵਿੱਚ ਰੁੜ੍ਹਦੀ ਜਾ ਰਹੀ ਹੋਵੇ,ਸਾਡਾ ਸਰਕਾਰੀ ਤੰਤਰ ਫੇਲ੍ਹ ਹੋ ਚੁੱਕਿਆ ਹੋਵੇ ਤੇ ਨੌਜਵਾਨ ਉਸ ਹੜ੍ਹ ਵਿੱਚ ਡੁੱਬ ਕੇ ਮਰ ਰਹੇ ਹੋਣ, ਘਰਾਂ ਦੇ ਚਿਰਾਗ ਨਸ਼ਿਆਂ ਕਰਕੇ ਬੁਝ ਰਹੇ ਹੋਣ ਤੇ ਬਾਪ ਮੋਢਿਆਂ ਤੇ ਅਰਥੀਆਂ ਦੇ ਭਾਰ ਚੁੱਕਣ ਤਾਂ ਸਾਡੇ ਸਮਾਜ ਦਾ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ?ਜੇ ਅਸੀਂ ਆਪਣਾ ਨਵਾਂ ਨਰੋਆ ਪੰਜਾਬ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ। ਇਸ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਉਪਰਾਲੇ ਤਾਂ ਕਰਨੇ ਹੀ ਪੈਣਗੇ। ਨਸ਼ਿਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਕ੍ਰਾਂਤੀ ਦਾ ਦੀਵਾ ਘਰ ਘਰ ਬਾਲ਼ ਕੇ ਜਾਗਰੂਕਤਾ ਪੈਦਾ ਕਰਨੀ ਹੀ ਪੈਣੀ ਹੈ ਕਿਉਂਕਿ ਇਹੀ ਸਾਡੇ ਸਮੇਂ ਦੀ ਲੋੜ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324