ਏਹੁ ਹਮਾਰਾ ਜੀਵਣਾ ਹੈ -366

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਕੱਦ ਦੀ ਮਧਰੀ, ਸਰੀਰਕ ਪੱਖੋਂ ਮੋਟੀ ਸੀ ਪਰ ਬਹੁਤੀ ਮੋਟੀ ਨਹੀਂ ਸੀ, ਰੰਗ ਕਾਲ਼ਾ,ਮੋਟੇ ਮੋਟੇ ਨੈਣ ਨਕਸ਼,ਇੱਕ ਅੱਖੋਂ ਅੱਧੀ ਕੁ ਕਾਣੀ ਤੇ ਮੂੰਹ ਤੇ ਚੇਚਕ ਦੇ ਦਾਗ ਹੋਣ ਕਰਕੇ ਉਸ ਦੀ ਬਦਸੂਰਤੀ ਨੂੰ ਹੋਰ ਵਧਾਉਂਦੇ ਸਨ ਪਰ ਉਸ ਤੋਂ ਵੀ ਵੱਧ ਗਲ਼ੀ ਦੀਆਂ ਤ੍ਰੀਮਤਾਂ ਜਦ ਮੂੰਹ ਜੋੜ ਜੋੜ ਕੇ ਉਸ ਦੀਆਂ ਗੱਲਾਂ ਕਰਦੀਆਂ ਤਾਂ ਜਵਾਕਾਂ ਦੇ ਮਨ ਵਿੱਚ ਉਸ ਲਈ ਹੋਰ ਡਰ ਉਤਪੰਨ ਹੋ ਜਾਂਦਾ। ਉਹ ਲੰਬੀ ਸਾਰੀ ਗਲ਼ੀ ਦੇ ਅਖੀਰ ਵਿੱਚ ਇੱਕ ਲੰਬੇ ਜਿਹੇ ਕੱਚੇ ਘਰ ਵਿੱਚ ਰਹਿੰਦੀ ਸੀ। ਘਰ ਦੇ ਇੱਕ ਪਾਸੇ ਇੱਕ ਕਤਾਰ ਵਿੱਚ ਤਿੰਨ ਚਾਰ ਕੋਠੜੀਆਂ ਛੱਤੀਆਂ ਹੋਈਆਂ ਸਨ ਜਿਸ ਵਿੱਚ ਪਰਵਾਸੀ ਮਜ਼ਦੂਰ ਰਹਿੰਦੇ ਸਨ ਤੇ ਅਖੀਰ ਵਾਲ਼ੀ ਵੱਡੀ ਕੋਠੜੀ ਜਿਸ ਦਾ ਦਰਵਾਜ਼ਾ ਬਿਲਕੁਲ ਘਰ ਦੇ ਮੂਹਰਲੇ ਦਰਵਾਜ਼ੇ ਦੇ ਸਾਹਮਣੇ ਸੀ,ਉਸ ਵਿੱਚ ਉਹ,ਉਸ ਦਾ ਘਰਵਾਲਾ ਭਲਵਾਨ ਗੱਡੇ ਵਾਲ਼ਾ ਤੇ ਦੋ ਜਵਾਕ ਰਹਿੰਦੇ ਸਨ। ਉਸ ਦੇ ਵੱਡੀ ਕੁੜੀ ਰਾਣੋ ਸੀ ਤੇ ਛੋਟਾ ਮੁੰਡਾ ਸੀ। ਉਹਨਾਂ ਨੂੰ ਕੋਈ ਬੁਲਾਉਂਦਾ ਤਾਂ ਨਹੀਂ ਸੀ ਪਰ ਉਹਨਾਂ ਦੀਆਂ ਮੂੰਹ ਜੋੜ ਜੋੜ ਕੇ ਗੱਲਾਂ ਸਾਰੇ ਕਰਦੇ ਸਨ। ਉਹਨਾਂ ਦੀ ਦੁਨੀਆਂ ਵੀ ਉਹਨਾਂ ਦੇ ਟੁੱਟੇ ਲੱਕੜੀਆਂ ਦੀਆਂ ਫੱਟੀਆਂ ਵਾਲ਼ੇ ਛੋਟੇ ਜਿਹੇ ਦਰਵਾਜ਼ੇ ਦੇ ਅੰਦਰ ਹੀ ਸੀ। ਉਹ ਅਕਸਰ ਵਿਹੜੇ ਵਿੱਚ ਮੰਜੇ ਤੇ ਬੈਠੀ ਬੀੜੀ ਪੀਂਦੀ ਹੁੰਦੀ ਸੀ, ਸਰਦੀਆਂ ਵਿੱਚ ਆਪਣੇ ਕਿਰਾਏਦਾਰ ਭਈਆਂ ਨਾਲ਼ ਦਿਨੇ ਧੁੱਪ ਸੇਕਦੀ,ਰਾਤ ਨੂੰ ਅੱਗ ਬਾਲ਼ ਕੇ ਸੇਕਦੀ ਦੇਖੀ ਜਾਂਦੀ।

              ਅਕਸਰ ਲੋਕ ਗੱਲਾਂ ਕਰਦੇ ਹੁੰਦੇ ਸਨ ਕਿ ਕਈ ਸਾਲ ਪਹਿਲਾਂ ਬੌਰੀ ਨੇ ਹੋਰ ਤਿੰਨ ਚਾਰ ਬੰਦਿਆਂ ਨਾਲ਼ ਰਲ਼ ਕੇ ਰਾਤ ਨੂੰ ਕੋਈ ਮਾੜੇ ਮੋਟੇ ਲੈਣ ਦੇਣ ਪਿੱਛੇ ਬੰਦਾ ਮਾਰ ਦਿੱਤਾ ਸੀ ਜਿਸ ਕਰਕੇ ਉਹ ਸਜ਼ਾ ਪੂਰੀ ਕਰਕੇ ਕਈ ਸਾਲਾਂ ਬਾਅਦ ਰਿਹਾਅ ਹੋ ਕੇ ਆਈ ਸੀ। ਉਸ ਦੇ ਦੋਵੇਂ ਜਵਾਕ ਉੱਥੋਂ ਛੁੱਟ ਕੇ ਆਉਣ ਤੋਂ ਬਾਅਦ ਵਿੱਚ ਹੀ ਹੋਏ ਸਨ।ਇਹ ਗੱਲਾਂ ਸੁਣ ਕੇ ਜਵਾਕਾਂ ਨੂੰ ਉਹ ਹੋਰ ਡਰਾਉਣੀ ਲੱਗਦੀ,ਉਸ ਨੂੰ ਦੂਰੋਂ ਆਉਂਦੀ ਨੂੰ ਦੇਖ਼ ਕੇ ਹੀ ਜਵਾਕ ਗਲ਼ੀ ਵਿੱਚ ਖੇਡਦੇ ਖੇਡਦੇ ਆਪਣੇ ਘਰਾਂ ਦੇ ਅੰਦਰ ਨੂੰ ਨੱਠ ਜਾਂਦੇ। ਕਦੇ ਉਹ ਜਮ੍ਹਾਂ ਈ ਦੁੱਧ ਵਰਗਾ ਚਿੱਟਾ ਸੂਟ ਪਾ ਕੇ ਲੰਘਦੀ,ਕਦੇ ਉਹ ਲਾਲ ਸੂਹਾ ਸੂਟ ਪਾ ਕੇ ਲੰਘਦੀ ਤਾਂ ਗਲ਼ੀ ਦੀਆਂ ਤੀਵੀਂਆਂ ਆਖਦੀਆਂ,”ਨੀ ਸੁਣਿਆ….ਇਹਨੇ ਹੋਰ ਖ਼ਸਮ ਕਰ ਲਿਆ….!” ਦੂਜੀ ਨੇ ਕਹਿਣਾ,”ਐਹੇ ਜਿਹੀਆਂ ਨੂੰ ਖਸਮਾਂ ਦੇ ਘਾਟੇ…. ਨਿੱਤ ਨਵੇਂ ਖ਼ਸਮ ਬਣਾਉਂਦੀਆਂ ਨੇ ਇਹੋ ਜਿਹੀਆਂ…..!”
            ਸੁਣਿਆ ਸੀ ਕਿ ਉਸ ਦਾ ਘਰਵਾਲਾ ਉਂਝ ਤਾਂ ਜ਼ਿਮੀਂਦਾਰ ਸੀ ਪਰ ਨਸ਼ਾ ਪੱਤਾ ਕਰਦਾ ਹੋਣ ਕਰਕੇ ਆਪਣੀ ਜ਼ਮੀਨ ਵੇਚ ਦਿੱਤੀ ਸੀ ਤੇ ਵਿਆਹ ਨਾ ਹੋਣ ਕਰਕੇ ਉਹ ਇਸ ਨੂੰ ਮੁੱਲ ਖਰੀਦ ਕੇ ਲਿਆਇਆ ਸੀ। ਉਂਝ ਤਾਂ ਉਹ ਛੇ ਫੁੱਟ ਲੰਮਾ ਸੀ,ਉਸ ਨੂੰ ਲੋਕ ਸ਼ਾਇਦ ਭਲਵਾਨ ਇਸੇ ਲਈ ਹੀ ਆਖ਼ਦੇ ਹੋਣਗੇ । ਉਹ ਗੱਡਾ ਚਲਾਉਂਦਾ ਸੀ ਜਿਸ ਕਰਕੇ ਉਸ ਨੂੰ ਭਲਵਾਨ ਗੱਡੇ ਵਾਲ਼ਾ ਆਖਦੇ ਸਨ। ਪਰ ਦੋਵਾਂ ਦੀ ਉਮਰ ਦਾ ਕਾਫ਼ੀ ਫ਼ਰਕ ਸੀ। ਕਰਤਾਰੋ ਤੇ ਭਲਵਾਨ ਦੀ ਕਈ ਵਾਰ ਲੜਾਈ ਹੁੰਦੀ ਤਾਂ ਉਹ ਆਪਣੇ ਬੰਦੇ ਨੂੰ ਉੱਚੀ ਉੱਚੀ ਸਿੱਧੀਆਂ ਹੀ ਬੰਦਿਆਂ ਵਾਲ਼ੀਆਂ ਗੰਦੀਆਂ ਗੰਦੀਆਂ ਗਾਲ਼ਾਂ ਕੱਢਦੀ ਤਾਂ ਅੱਧੀ ਰਾਤ ਨੂੰ ਦੂਰ ਦੂਰ ਤੱਕ ਸੁਣਦੀਆਂ। ਆਪਣੀ ਧੀ ਰਾਣੋ ਨੂੰ ਉਸ ਨੇ ਸਕੂਲ ਪੜ੍ਹਨ ਲਾਇਆ ਹੋਇਆ ਸੀ ਤੇ ਉਹ ਆਪਣੇ ਪਿਓ ਵਾਂਗ ਸੁਨੱਖੀ ਵੀ ਸੀ ਪਰ ਮਜ਼ਾਲ ਹੈ ਕਿ ਕਰਤਾਰੋ ਬੌਰੀ ਉਸ ਦੇ ਸਿਰ ਤੋਂ ਉਸ ਦੀ ਚੁੰਨੀ ਉਤਰਨ ਦੇ ਦੇਵੇ। ਰਾਣੋ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ, ਇੱਕ ਦਿਨ ਰਾਣੋ ਜਦ ਸਕੂਲ ਤੋਂ ਘਰ ਆਈ ਤਾਂ ਕਰਤਾਰੋ ਬੌਰੀ ਨੇ ਉਸ ਨੂੰ ਆਉਂਦੀ ਨੂੰ ਹੀ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਕਰਤਾਰੋ ਬੌਰੀ ਨੇ ਦੂਰੋਂ ਹੀ ਉਸ ਦੇ ਸਿਰ ਤੋਂ ਚੁੰਨੀ ਉਤਰੀ ਦੇਖ ਲਈ ਸੀ। ਘਰ ਦੇ ਕੰਮ ਵੀ ਰਾਣੋ ਈ ਕਰਦੀ ਸੀ, ਮਜ਼ਾਲ ਹੈ ਕਿ ਕੰਮ ਕਰਦੀ ਦੇ ਵੀ ਕੁੜੀ ਦੇ ਸਿਰੋਂ ਮਾੜੀ ਜਿਹੀ ਚੁੰਨੀ ਲਹਿ ਜਾਵੇ,ਉਸੇ ਵੇਲੇ ਕੁੜੀ ਦੀ ਸ਼ਾਮਤ ਆ ਜਾਂਦੀ ਸੀ। ਉਸ ਨੇ ਆਪਣੀ ਕੁੜੀ ਨੂੰ ਸੱਤਵੀਂ ਜਮਾਤ ਵਿੱਚੋਂ ਹੀ ਪੜ੍ਹਨੋਂ ਹਟਾ ਲਿਆ ਸੀ। ਕਰਤਾਰੋ ਦੀ ਇੱਜ਼ਤ ਬਾਰੇ ਲੋਕ ਜੋ ਵੀ ਮਰਜ਼ੀ ਗੱਲ ਕਰਦੇ ਸਨ ਪਰ ਰਾਣੋ ਨੂੰ ਉਸ ਨੇ ਤੀਰ ਵਾਂਗ ਸਿੱਧੀ ਰੱਖਿਆ ਹੋਇਆ ਸੀ, ਆਪਣੀ ਧੀ ਦੀ ਇੱਜ਼ਤ ਨੂੰ ਉਸ ਮਹਿਫੂਜ਼ ਰੱਖਣਾ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਸ਼ਾਇਦ ਉਹ ਇੱਕ ਮਾਂ ਹੋਣ ਦੇ ਨਾਤੇ ਉਹ ਚੰਗੀ ਤਰ੍ਹਾਂ ਜਾਣਦੀ ਸੀ।ਰਾਣੋ ਨੂੰ ਹਜੇ ਪੰਦਰਵਾਂ ਸਾਲ ਹੀ ਮਸਾਂ ਲੱਗਿਆ ਸੀ ਕਿ ਉਸ ਨੇ ਉਸ ਦਾ ਵਿਆਹ ਕਰ ਦਿੱਤਾ ਸੀ। ਉਹ ਕੁੜੀ ਦੇ ਵਿਆਹ ਦੇ ਕਾਰਡ ਘਰ ਘਰ ਜਾ ਕੇ ਆਪ ਦੇ ਕੇ ਆਈ ਤੇ ਸਭ ਨੂੰ ਹੱਥ ਜੋੜ ਜੋੜ ਕੇ ਵਿਆਹ ਤੇ ਆਉਣ ਲਈ ਆਖ ਕੇ ਗਈ ਸੀ।ਉਸ ਦੀ ਕੁੜੀ ਦੇ ਵਿਆਹ ਤੇ ਗਲ਼ੀ ਵਿੱਚੋਂ ਕੋਈ ਗਿਆ ਤਾਂ ਨਹੀਂ ਸੀ ਪਰ ਉਸ ਦੇ ਘਰ ਕਨਾਤਾਂ ਲੱਗੀਆਂ ਹੋਈਆਂ ਤੇ ਸ਼ਹਿਨਾਈਆਂ ਵੱਜਦੀਆਂ ਦੇਖ਼ ਕੇ ਮੁਹੱਲੇ ਦੇ ਜਵਾਕਾਂ ਦੇ ਮਨ ਅੰਦਰੋਂ ਉਸ ਪ੍ਰਤੀ ਭੈਅ ਤੇ ਨਫ਼ਰਤ ਜਿਹੀ ਖ਼ਤਮ ਹੋ ਗਈ ਸੀ।ਉਹਨਾਂ ਨੇ ਆਪਣੇ ਪਰਿਵਾਰ ਦੇ ਵੱਡਿਆਂ ਦੇ ਮੂੰਹੋਂ ਹੁਣ ਤੱਕ ਉਸ ਦੀਆਂ ਜੋ ਗੱਲਾਂ ਸੁਣੀਆਂ ਸਨ ਉਹ ਧੁੰਦਲੀਆਂ ਪੈ ਕੇ ਹੁਣ ਕਰਤਾਰੋ ਉਹਨਾਂ ਨੂੰ ਹੈਵਾਨ ਤੋਂ ਇਨਸਾਨ ਜਾਪਣ ਲੱਗੀ ਸੀ।
               ਉਸ ਨੇ ਆਪਣੀ ਧੀ ਨੂੰ ਪੂਰੀ ਇੱਜ਼ਤ ਨਾਲ ਆਪਣੇ ਘਰ ਤੋਰ ਕੇ ਇੱਕ ਚੰਗੀ ਮਾਂ ਹੋਣ ਦਾ ਸਬੂਤ ਦਿੱਤਾ ਸੀ। ਮੁਹੱਲੇ ਦੇ ਲੋਕ ਚਾਹੇ ਉਸ ਨੂੰ ਬੁਲਾਉਂਦੇ ਤਾਂ ਨਹੀਂ ਸਨ ਪਰ ਹੁਣ ਧੀ ਨੂੰ ਸਮੇਂ ਸਿਰ ਇੱਜ਼ਤ ਨਾਲ ਆਪਣੇ ਘਰ ਤੋਰਨ ਦੀਆਂ ਗੱਲਾਂ ਕਰਦੇ ਤੇ ਉਹਨਾਂ ਨੇ ਕਰਤਾਰੋ ਬੌਰੀ ਦੀਆਂ ਹੋਰ ਗੱਲਾਂ ਕਰਨੀਆਂ ਘੱਟ ਕਰ ਦਿੱਤੀਆਂ ਸਨ ਤੇ ਗਲ਼ੀ ਦੇ ਜਵਾਕਾਂ ਨੂੰ ਵੀ ਉਹ ਆਮ ਜਿਹੀ ਔਰਤ ਜਾਪਣ ਲੱਗੀ ਸੀ। ਕੁਝ ਸਾਲਾਂ ਬਾਅਦ ਉਸ ਨੇ ਮੁੰਡੇ ਦਾ ਵਿਆਹ ਰੱਖ ਲਿਆ। ਉਸ ਨੇ ਪਹਿਲਾਂ ਵਾਂਗ ਹੀ ਲੋਕਾਂ ਨੂੰ ਵਿਆਹ ਤੇ ਬੁਲਾਇਆ। ਪਰ ਉਸ ਦੇ ਘਰ ਤਾਂ ਮੁਹੱਲੇ ਵਿੱਚੋਂ ਕਿਸੇ ਨੇ ਵਿਆਹ ਤੇ ਜਾਣਾ ਨਹੀਂ ਸੀ ਕਿਉਂਕਿ ਉਹ ਉਸ ਨਾਲ਼ ਵਰਤ ਕੇ ਆਪਣੀ ਹੱਤਕ ਨਹੀਂ ਕਰਵਾਉਣਾ ਚਾਹੁੰਦੇ ਸਨ।
              ਵਿਆਹ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਵਿਹੜੇ ਵਿੱਚ ਮਹਿਮਾਨਾਂ ਨਾਲ਼ ਬੈਠੀ ਹੱਸ ਖੇਡ ਰਹੀ ਸੀ ਕਿ ਅਚਾਨਕ ਉੱਚੀ ਆਵਾਜ਼ ਵਿੱਚ ਆਖਣ ਲੱਗੀ,”ਮੇਰੇ ਸਿਰ ਵਿੱਚ ਇੱਟ ਵੱਜੀ ਹੈ…” ਜਦੇ ਹੀ ਆਖਣ ਲੱਗੀ,’….. ਕਿਸੇ ਨੇ ਹੋਰ ਇੱਟ ਮਾਰੀ…!” ਭਲਵਾਨ ਤੇ ਮਹਿਮਾਨ ਉਸ ਨੂੰ ਆਖਣ ਲੱਗੇ,” ਤੂੰ ਤਾਂ ਚੰਗੀ ਭਲੀ ਬੈਠੀ ਆਂ…. ਕਿੱਥੇ ਆ ਇੱਟ…?”  ਕਰਤਾਰੋ ਬੌਰੀ ਸਮਝ ਗਈ ਸੀ ਤੇ ਭਲਵਾਨ ਨੂੰ ਆਖਣ ਲੱਗੀ,” …. ਮੈਂ ਚੱਲੀ ਆਂ…… ਮੁੰਡੇ ਦਾ ਵਿਆਹ ਨਾ ਰੋਕੀਂ …… ਸਵੇਰੇ ਬਰਾਤ ਚੜ੍ਹਾ ਕੇ ਵਿਆਹ ਲਿਆਵੀਂ…..!” ਕਹਿ ਕੇ ਉੱਥੇ ਹੀ ਡਿੱਗ ਪਈ। ਭਲਵਾਨ ਤੇ ਆਏ ਰਿਸ਼ਤੇਦਾਰਾਂ ਨੇ ਉਸ ਦਾ ਸਸਕਾਰ  ਉਸੇ ਦਿਨ ਸ਼ਾਮ ਤੱਕ ਕਰ ਦਿੱਤਾ ਤੇ ਉਸ ਦੇ ਕਹੇ ਮੁਤਾਬਕ ਦੂਜੇ ਦਿਨ ਸਵੇਰ ਨੂੰ ਮੁੰਡੇ ਦੀ ਬਰਾਤ ਵੀ ਚੜ੍ਹਾਈ ਤੇ ਮੁੰਡਾ ਵਿਆਹ ਕੇ ਲਿਆਂਦਾ।
             ਕਰਤਾਰੋ ਬੌਰੀ ਦੀ ਮੌਤ ਦੀਆਂ ਗੱਲਾਂ ਘਰ ਘਰ ਹੋ ਰਹੀਆਂ ਸਨ ਕਿ ਕਿੰਨੀ ਚੰਗੀ ਮੌਤ ਹੋਈ ਸੀ ਨਾ ਹਾਏ ਨਾ ਬੂ ਕੀਤੇ ਬਿਨਾਂ ਹੀ ਉਹ ਇਸ ਜਹਾਨੋਂ ਹੱਸਦੀ ਖੇਡਦੀ ਤੁਰ ਗਈ ਸੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ,ਕੋਈ ਔਰਤ ਆਖਦੀ,” ਮਾੜੇ ਲੋਕਾਂ ਤੋਂ ਤਾਂ ਭਾਈ …..ਰੱਬ ਵੀ ਡਰਦਾ …. ਬਿਨਾਂ ਦੁੱਖ਼ ਦਿੱਤੇ ਈ…. ਲੈ ਜਾਂਦਾ….!” ਕੋਈ ਆਖਦੀ,” ਓਹਦੇ ਪਾਪ ਤਾਂ ਸਾਰੇ…. ਲੋਕਾਂ ਨੇ ਈ ਚੁਗਲੀਆਂ ਕਰ ਕੇ ਧੋ ਦਿੱਤੇ….. ਤਾਂ ਹੀ ਤਾਂ ਉਹ ਝੱਟ ਦੇਣੇ ਤੁਰਗੀ….!”
        ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਕੁਝ ਕੁ ਕਿਰਦਾਰਾਂ ਬਾਰੇ ਆਮ ਲੋਕ ਐਨੀ ਚਰਚਾ ਕਰਦੇ ਰਹਿੰਦੇ ਹਨ ਕਿ ਉਹ ਉਹਨਾਂ ਨੂੰ ਆਮ ਤੋਂ ਖ਼ਾਸ ਬਣਾ ਕੇ ਇੱਕ ਕਹਾਣੀ ਦਾ ਨਾਇਕ ਬਣਾ ਕੇ ਦੁਨੀਆ ਸਾਹਮਣੇ ਖੜ੍ਹਾ ਕਰ ਦਿੰਦੇ ਹਨ ਚਾਹੇ ਉਹ ਕਿਰਦਾਰ ਆਪਣੀ ਜ਼ਿੰਦਗੀ ਦਾ ਖ਼ਲਨਾਇਕ ਹੀ ਕਿਉਂ ਨਾ ਹੋਵੇ।ਇਹ ਸਾਡੇ ਸਮਾਜ ਦਾ ਇੱਕ ਅਹਿਮ ਪੱਖ ਹੈ ਜਿਸ ਤੋਂ ਮੁਕਰਿਆ ਨਹੀਂ ਜਾ ਸਕਦਾ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ਼ ਸੁਸਾਇਟੀ ਵਲੋਂ ਡਾ. ਦਾਭੋਲਕਰ ਯਾਦਗਾਰੀ ਸਮਾਜਿਕ ਚੇਤਨਾ ਹਫ਼ਤਾ ਮਨਾਇਆ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਮੰਗ  ਬਰਨਾਲਾ 22 ਅਗਸਤ 2023       
Next articleਰੱਖੜੀ ਦਾ ਤਿਉਹਾਰ