ਏਹੁ ਹਮਾਰਾ ਜੀਵਣਾ ਹੈ -365

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) – ਮਨੁੱਖ ਜਿੰਨਾਂ ਜ਼ੋਰ ਆਪਣੇ ਸਰੀਰ ਨੂੰ ਫਿੱਟ ਰੱਖਣ ਤੇ ਲਾਉਂਦਾ ਹੈ ਉਸ ਤੋਂ ਕਿਤੇ ਜ਼ਿਆਦਾ ਆਪਣੇ ਚਿਹਰੇ ਨੂੰ ਸ਼ਿੰਗਾਰਨ ਤੇ ਲਗਾਉਂਦਾ ਹੈ। ਔਰਤਾਂ ਵਿੱਚ ਚਿਹਰੇ ਨੂੰ ਸ਼ਿੰਗਾਰਨ ਦਾ ਪ੍ਰਚਲਨ ਮਰਦਾਂ ਨਾਲੋਂ ਵਧੇਰੇ ਹੁੰਦਾ ਹੈ। ਔਰਤਾਂ ਦੇ ਚਿਹਰੇ ਨੂੰ ਸ਼ਿੰਗਾਰਨ ਲਈ ਬਜ਼ਾਰ  ਵਿੱਚ ਕਈ ਤਰ੍ਹਾਂ ਦੇ ਉਤਪਾਦ ਆਉਂਦੇ ਹਨ। ਬਹੁਤਾ ਕਰਕੇ ਔਰਤਾਂ ਦੇ ਚਿਹਰੇ ਉੱਪਰ ਕੀਤੇ ਸ਼ਿੰਗਾਰ ਤੋਂ ਉਸ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਦਾ ਪਤਾ ਲੱਗ ਹੀ ਜਾਂਦਾ ਹੈ। ਮਰਦ ਚਾਹੇ ਕਿਸੇ ਸ਼ੋਕ ਸਭਾ ਵਿੱਚ ਜਾਂਦੇ ਹੋਣ ਜਾਂ ਵਿਆਹ ਸਮਾਗਮ ਵਿੱਚ, ਉਹਨਾਂ ਦੇ ਚਿਹਰੇ ਤੋਂ ਅੰਦਾਜ਼ਾ ਲਗਾਉਣਾ ਅਸੰਭਵ ਹੁੰਦਾ ਹੈ। ਹਾਂ, ਐਨਾ ਜ਼ਰੂਰ ਹੈ ਕਿ ਇਸ ਚੀਜ਼ ਦਾ ਅੰਦਾਜ਼ਾ ਲਗਾਉਣ ਲਈ ਉਹਨਾਂ ਦਾ ਪਹਿਰਾਵਾ ਯੋਗਦਾਨ ਪਾਉਂਦਾ ਹੈ। ਔਰਤਾਂ ਦੀ ਗੱਲ ਕਰੀਏ ਤਾਂ, ਜੇ ਕਿਸੇ ਵਿਅਕਤੀ ਨੇ ਕਿਸੇ ਔਰਤ ਨੂੰ ਵਿਆਹ ਸਮਾਗਮ ਵਿੱਚ ਦੇਖਿਆ ਹੋਵੇ ਤਾਂ ਸ਼ੋਕ ਸਭਾ ਤੇ ਉਸ ਨੂੰ ਪਛਾਨਣਾ ਮੁਸ਼ਕਲ ਹੁੰਦਾ ਹੈ। ਇੱਕ ਵਾਰ ਇੱਕ ਉਡਦੀ ਉਡਦੀ ਗੱਲ ਸੁਣਨ ਨੂੰ ਮਿਲੀ ,ਰੱਬ ਜਾਣੇ ਸੱਚੀ ਐ ਜਾਂ ਝੂਠੀ, ਕਿ ਇੱਕ ਵਿਅਕਤੀ ਨੇ ਵਿਆਹ ਵਾਲੇ ਦਿਨ ਜਿਸ ਕੁੜੀ ਨੂੰ ਦੇਖਿਆ ਸੀ ਉਹ ਹਾਰ ਸ਼ਿੰਗਾਰ ਕਰਕੇ ਬਹੁਤ ਹੀ ਸੋਹਣੀ ਲੱਗ ਰਹੀ ਸੀ,ਪਰ ਜਿਵੇਂ ਹੀ ਉਹ ਆਪਣਾ ਹਾਰ ਸ਼ਿੰਗਾਰ ਉਤਾਰ ਕੇ ਸਹੁਰੇ ਪਰਿਵਾਰ ਸਾਹਮਣੇ ਆਈ ਤਾਂ ਉਸ ਨੂੰ ਕੋਈ ਵੀ ਪਹਿਚਾਣ ਨਾ ਪਾਇਆ ਕਿਉਂ ਕਿ ਸ਼ਿੰਗਾਰ ਤੋਂ ਬਿਨਾਂ ਸ਼ਕਲੋਂ ਉਹ ਬਹੁਤ ਭੱਦੀ ਲੱਗਦੀ ਸੀ,ਹਰਖ ਵਿੱਚ ਆਏ ਪਤੀ ਨੇ ਬਿਊਟੀ ਪਾਰਲਰ ਵਾਲਿਆਂ ਤੇ ਹੀ ਧੋਖਾਧੜੀ ਕਰਨ ਵਿੱਚ ਸਾਥ ਦੇਣ ਲਈ ਕੇਸ ਕਰ ਦਿੱਤਾ ਅਤੇ ਉਹਨਾਂ ਤੋਂ ਤਿੰਨ ਲੱਖ ਰੁਪਿਆ ਵਸੂਲਿਆ। ਇਹ ਤਾਂ ਗੱਲ ਹੋਈ ਚਿਹਰੇ ਨੂੰ ਬਣਾਵਟੀ ਤੌਰ ਤੇ ਸ਼ਿੰਗਾਰ ਕੇ‌ ਉਸ ਤੋਂ ਆਪਣੀ ਅਸਲੀ ਪਹਿਚਾਣ ਕਰਵਾਉਣੀ ਜਾਂ ਲੁਕਾਉਣੀ ?ਚਿਹਰਾ ਪਰਮਾਤਮਾ ਦੀ ਕਿੰਨੀ ਸੋਹਣੀ ਨਿਆਮਤ ਹੈ। ਇਹ ਹਰ ਕਿਸੇ ਦੀ ਪਹਿਚਾਣ ਕਰਵਾਉਂਦਾ ਹੈ।ਹਰ ਮਨੁੱਖ ਦੀ ਪਛਾਣ ਚਿਹਰੇ ਤੋਂ ਹੀ ਤਾਂ ਹੁੰਦੀ ਹੈ। ਜਦੋਂ ਤੱਕ ਆਪਾਂ ਕਿਸੇ ਦੇ ਚਿਹਰੇ ਨੂੰ ਧਿਆਨ ਨਾਲ ਦੇਖ ਕੇ ਪਛਾਣ ਨਹੀਂ ਲੈਂਦੇ ਓਨਾ ਚਿਰ ਤੱਕ ਆਪਣੀ ਉਸ ਵਿਅਕਤੀ ਨੂੰ ਬਲਾਉਣ ਦੀ ਹਿੰਮਤ ਨਹੀਂ ਪੈਂਦੀ। ਅਕਸਰ ਇਹ ਗੱਲ ਤਾਂ ਹਰ ਕੋਈ ਕਿਸੇ ਨਾ ਕਿਸੇ ਨੂੰ ਕਹਿੰਦਾ ਸੁਣਿਆ ਹੋਵੇਗਾ,” ਫਲਾਣੀ ਥਾਂ ਤੇ ਦੂਰੋਂ ਖੜਾ ਇੱਕ ਬੰਦਾ ਜਮਾਂ ਤੇਰੇ ਵਰਗਾ ਲੱਗਿਆ,ਕੋਲ ਜਾ ਕੇ ਦੇਖਿਆ ਤਾਂ ਕੋਈ ਹੋਰ ਹੀ ਸੀ। ਸ਼ੁਕਰ ਐ ਮੈਂ ਕਿਤੇ ਬੁਲਾ ਹੀ ਨੀ ਸੀ ਲਿਆ। ਨਹੀਂ ਤਾਂ ਬੇਜ਼ਤੀ ਹੋ ਜਾਣੀ ਸੀ।” ਗੱਲ ਤਾਂ ਚਿਹਰਾ ਦੇਖਕੇ ਸਮਝਣ ਦੀ ਹੈ।ਇਹ ਗੱਲ ਤਾਂ ਹੋਈ ਚਿਹਰੇ ਦਾ ਇੱਕ ਪਹਿਚਾਣ ਚਿੰਨ ਹੋਣ ਦੀ,ਪਰ ਹੁਣ ਆਪਾਂ ਚਿਹਰੇ ਦੇ ਹੋਰ ਪਹਿਲੂਆਂ ਬਾਰੇ ਵੀ ਗੱਲ ਕਰੀਏ।
                   ਅਸਲ ਗੱਲ ਤਾਂ ਚਿਹਰੇ ਦੁਆਰਾ ਮਨੁੱਖ ਦੀ ਕੁਦਰਤੀ ਤੌਰ ਤੇ ਪਹਿਚਾਣ ਕਰਵਾਉਣ ਦੀ ਹੁੰਦੀ ਹੈ।ਆਮ ਤੌਰ ਤੇ ਚਿਹਰਾ ਸਹਿਜੇ ਹੀ ਮਨੁੱਖ ਦੇ ਉਦਾਸ ਜਾਂ ਖੁਸ਼ ਹੋਣ ਦਾ ਗਿਆਨ ਕਰਵਾਉਂਦਾ ਹੈ। ਕਈ ਵਾਰੀ ਜ਼ਿੰਦਗੀ ਵਿੱਚ ਐਨੇ ਚੰਗੇ ਲੋਕ ਮਿਲ਼ਦੇ ਹਨ ਕਿ ਉਨ੍ਹਾਂ ਦੇ ਨੈਣ ਨਕਸ਼ ਚਾਹੇ ਖਿੱਚ ਨਾ ਪਾਉਣ ਪਰ ਉਹਨਾਂ ਦੇ ਅੰਦਰ ਦੂਜਿਆਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਛੁਪੀ ਹੁੰਦੀ ਹੈ, ਸਹਿਜੇ ਹੀ ਉਹਨਾਂ ਦਾ ਇਹਚਿਹਰਾ ਬਿਆਨ ਕਰ ਰਿਹਾ ਹੁੰਦਾ ਹੈ।ਇਹੋ ਜਿਹੇ ਚਿਹਰਿਆਂ ਵਿੱਚ ਇੱਕ ਅਜੀਬ ਕਿਸਮ ਦਾ ਚੁੰਬਕੀ ਆਕਰਸ਼ਣ ਹੁੰਦਾ ਹੈ ਜਿਸ ਵੱਲ ਹਰ ਕੋਈ ਆਪਣੇ ਆਪ ਆਕਰਸ਼ਿਤ ਹੋ ਜਾਂਦਾ ਹੈ। ਜੋ ਲੋਕ ਹਰ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਵੇ,ਹਰ ਕਿਸੇ ਦੇ ਕੀਤੇ ਕੰਮ ਦੀ ਸ਼ਲਾਘਾ ਕਰੇ, ਫਿਰ ਇਹੋ ਜਿਹੇ ਲੋਕਾਂ ਦੇ ਆਪਣੇ ਦੁਆਰਾ ਕੀਤੇ ਛੋਟੇ ਛੋਟੇ ਚੰਗੇ ਕੰਮ ਵੀ ਦੁਨੀਆਂ ਨੂੰ ਚੰਗੇ ਲੱਗਣਗੇ।ਇਹੋ ਜਿਹੇ ਲੋਕਾਂ ਦੇ ਚਿਹਰੇ ਦਾ ਨੂਰ ਹੀ ਵੱਖਰਾ ਹੁੰਦਾ ਹੈ ਜੋ ਹਰ ਕਿਸੇ ਨੂੰ ਆਪਣੇ ਵੱਲ ਸਹਿਜੇ ਹੀ ਖਿੱਚ ਲੈਂਦਾ ਹੈ।
               ਕਈ ਮਨੁੱਖ ਇਸ ਤੋਂ ਉਲਟ ਪ੍ਰਜਾਤੀ ਨਾਲ਼ ਸਬੰਧ ਰੱਖਦੇ ਹਨ। ਜਿਹਨਾਂ ਨੂੰ ਸ਼ਾਇਦ ਰੱਬ ਨੇ ਕਸਮ ਖੁਆ ਕੇ ਭੇਜਿਆ ਹੁੰਦਾ ਹੈ ਕਿ ਨਾ ਆਪ ਖੁਸ਼ ਰਹਿਣਾ ਤੇ ਨਾ ਕਿਸੇ ਨੂੰ ਖੁਸ਼ ਰਹਿਣ ਦੇਣਾ ਹੈ। ਇਹੋ ਜਿਹੇ ਬੰਦਿਆਂ ਦਾ ਕੰਮ ਦੂਜਿਆਂ ਨੂੰ ਹੱਸਦਿਆਂ ਨੂੰ ਦੇਖ ਦੇਖ ਕੇ ਸੜੀ ਮੱਚੀ ਜਾਣਾ ਹੁੰਦਾ ਹੈ। ਕਈ ਸੜੇ ਮੱਚੇ ਮਨੁੱਖ ਤਾਂ ਸਭ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ ਜਿਵੇਂ ਦੁਨੀਆਂ ਵਿੱਚ ਸਭ ਤੋਂ ਉੱਚੀ ਬੁੱਧੀ ਦਾ ਸਰਟੀਫਿਕੇਟ ਦੇ ਕੇ ਹੀ ਰੱਬ ਨੇ ਉਹਨਾਂ ਨੂੰ ਇਸ ਧਰਤੀ ਤੇ ਘੱਲਿਆ ਹੋਵੇ। ਜ਼ਿੰਦਗੀ ਵਿੱਚ ਅਕਸਰ ਦੋ -ਚਾਰ ਬੰਦੇ ਇਹੋ ਜਿਹੇ ਵੇਖਣ ਨੂੰ ਮਿਲ ਹੀ ਜਾਂਦੇ ਹਨ ਜੋ ਕਿਸੇ ਹੱਸਦੀ ਹੋਈ ਮਹਿਫ਼ਲ ਵਿੱਚ ਵੀ ਇਹੋ ਜਿਹੀ ਖਿਝੀ ਸੜੀ ਗੱਲ ਕਰਕੇ ਦੂਜਿਆਂ ਨੂੰ ਸਾੜ ਦਿੰਦੇ ਹਨ ਜਿਵੇਂ ਕੋਈ ਬਦਹਜ਼ਮੀ ਦਾ ਸ਼ਿਕਾਰ ਵਿਅਕਤੀ ਆਪਣੇ ਪੇਟ ਵਿੱਚੋਂ ਉੱਠਣ ਵਾਲੇ ਧੂੰਏਂ ਨਾਲ ਸਾੜ ਦਿੰਦਾ ਹੈ। ਬਹੁਤਾ ਕਰਕੇ ਇਹੋ ਜਿਹੇ ਲੋਕਾਂ ਦੇ ਚਿਹਰੇ ਮੱਚੇ,ਮੱਥੇ ਤੇ ਤਿਉੜੀਆਂ, ਚਿਹਰੇ ਦੀ ਰੰਗਤ ਖੁਸ਼ਕ ਤੇ ਲੰਬੀ ਬੀਮਾਰੀ ਵਾਲ਼ੇ ਵਿਅਕਤੀ ਦੇ ਚਿਹਰੇ ਵਰਗੀ,ਭਰੀ ਮਹਿਫ਼ਲ ਵਿੱਚ ਕਿਸੇ ਦੀ ਨਿੱਕੀ ਮੋਟੀ ਮਾੜੀ ਗੱਲ ਨੂੰ ਫ਼ੜ ਕੇ ਸ਼ਿਕਾਰ ਬਣਾਉਣ ਦੀ ਤਾਕ ਵਿੱਚ ਰਹਿੰਦੇ ਹਨ। ਇਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਤਾਂ ਸ਼ਾਇਦ ਕਦੇ ਹੀ ਈਦ ਦੇ ਚੰਨ ਵਾਂਗ ਦੇਖਣ ਨੂੰ ਮਿਲਦੀ ਹੈ ,ਨਹੀਂ ਤਾਂ ਉਹ ਵੀ ਕਾਲ਼ੇ ਖਿਆਲਾਂ ਦੇ ਬੱਦਲਾਂ ਹੇਠ ਈ ਲੁਕੀ ਰਹਿ ਜਾਂਦੀ ਹੈ। ਇਹੋ ਜਿਹੇ ਚਿਹਰੇ ਅਕਸਰ ਆਪਣੇ ਅੰਦਰ ਆਪਣੇ ਆਪ ਨੂੰ ਬੁੱਧੀਮਾਨ ਹੋਣ ਦਾ ਦਾਅਵਾ ਕਰਦੇ ਕਰਦੇ ਦੁਨੀਆ ਦੀਆਂ ਨੁਕਤਾਚੀਨੀਆਂ ਵਿੱਚ ਹੀ ਕੱਢ ਦਿੰਦੇ ਹਨ।
            ਇਸ ਤਰ੍ਹਾਂ ਖੁਸ਼ ਮਿਜਾਜ਼ ਅਤੇ ਸਾਫ਼ ਦਿਲ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਸੜੇ ਮੱਚੇ ਖਿੱਝੂ ਲੋਕ ਜੋ ਹਮੇਸ਼ਾ ਦੂਜਿਆਂ ਨੂੰ ਬੁਰਾ ਕਹਿਣ ਵਾਲੇ ਹੋਣ, ਉਹਨਾਂ ਮਨੁੱਖਾਂ ਦੇ ਚਿਹਰਿਆਂ ਤੋਂ ਉੱਡਦੀਆਂ ਧੂੜਾਂ ਤੋਂ ਉਹਨਾਂ ਦੇ ਅੰਦਰ ਵੱਜ ਰਹੇ ਛੁਣਛੁਣੇ ਭਾਵ ਅੰਦਰੂਨੀ ਵਿਚਾਰਾਂ ਦੀ ਲੜਾਈ ਦਾ ਪ੍ਰਭਾਵ ਚਿਹਰੇ ਬੋਲ ਬੋਲ ਕੇ ਦੱਸ ਦਿੰਦੇ ਹਨ, ਉਹ ਫਿੱਕੇ ਪੈ ਜਾਂਦੇ ਹਨ।ਭਾਈ ਗੁਰਦਾਸ ਜੀ ਨੇ ਭਲੇ ਤੇ ਬੁਰੇ ਲੋਕਾਂ ਨੂੰ ਇੱਕ ਤੁਕ ਵਿੱਚ ਹੀ ਬਿਆਨ ਕਰ ਦਿੱਤਾ ਸੀ:- “ਬੁਰਾ ਨਾ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਭੇਖੈ।” ਇਸ ਲਈ ਹੱਸ ਹੱਸ ਕੇ,ਸਭ ਦੀ ਖੈਰ ਮਨਾ ਕੇ, ਦੂਜਿਆਂ ਦੇ ਵਿਚਾਰਾਂ ਵਿੱਚੋਂ ਗੁਣ ਚੁਣ ਚੁਣ ਕੇ ਇਸ ਤਰ੍ਹਾਂ ਅਪਣਾਓ ਕਿ ਤੁਹਾਡਾ ਚਿਹਰਾ ਫੁੱਲ ਵਾਂਗ ਮਹਿਕਾਂ ਮਾਰ ਮਾਰ ਕੇ ਆਪਣੇ ਅੰਦਰ ਦੀ ਚੰਗਿਆਈ ਬੋਲ ਬੋਲ ਕੇ ਦੱਸੇ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਸਮ ਦੇ ਰੰਗ
Next articleਸਰਕਾਰੀ ਪ੍ਰਾਇਮਰੀ ਸਕੂਲ ਖਾਰਾ-1 ਵਿਖੇ ਹੋਈ ਨੈਤਿਕ ਪ੍ਰੀਖਿਆ