ਭਾਰਤ ਇੱਕ ਲੋਕਤੰਤਰਿਕ ਦੇਸ਼ ਹੋਣ ਕਰਕੇ ਇਸ ਦੇ ਹਰ ਬਾਸ਼ਿੰਦੇ ਲਈ ਵੋਟ ਦੀ ਬਹੁਤ ਅਹਿਮੀਅਤ ਹੁੰਦੀ ਹੈ। ਵੋਟਾਂ ਵਾਲੇ ਦਿਨ ਹਰ ਵਿਅਕਤੀ ਆਪਣੇ ਇਸ ਵੋਟ ਵਾਲੇ ਜਮਹੂਰੀ ਹੱਕ ਨੂੰ ਵਰਤ ਕੇ ਬਹੁਤ ਮਾਣ ਮਹਿਸੂਸ ਕਰਦਾ ਹੈ। ਸਾਡੇ ਦੇਸ਼ ਵਿੱਚ ਪੰਚਾਇਤੀ ਚੋਣਾਂ,ਨਗਰ ਕਾਊਂਸਿਲ ਦੀਆਂ ਚੋਣਾਂ, ਵਿਧਾਨ ਸਭਾ ਚੋਣਾਂ,ਲੋਕ ਸਭਾ ਦੀਆਂ ਚੋਣਾਂ ਵਿੱਚ ਆਮ ਨਾਗਰਿਕ ਸਿੱਧੇ ਤੌਰ ਤੇ ਆਪਣੇ ਕੀਮਤੀ ਵੋਟ ਪਾ ਕੇ ਉਸੇ ਉਸੇ ਪੱਧਰ ਦੇ ਨੇਤਾ ਚੁਣ ਕੇ ਸਰਕਾਰਾਂ ਜਾਂ ਪੰਚਾਇਤਾਂ ਬਣਾਉਂਦੇ ਹਨ। ਜਿੰਨਾ ਵੱਡਾ ਪੱਧਰ ਹੁੰਦਾ ਜਾਂਦਾ ਹੈ,ਜਨਤਾ ਅਤੇ ਨੇਤਾਵਾਂ ਵਿਚਲਾ ਅੰਤਰ ਵਧਦਾ ਜਾਂਦਾ ਹੈ ਤੇ ਬਹੁਤੀਆਂ ਅੰਦਰਲੀਆਂ ਗੱਲਾਂ ਦਾ ਆਮ ਨਾਗਰਿਕ ਨੂੰ ਪਤਾ ਨਹੀਂ ਚੱਲਦਾ। ਵੋਟਾਂ ਵੇਲੇ ਜੇ ਕਿਤੇ ਗੜਬੜ ਹੁੰਦੀ ਵੀ ਹੈ ਤਾਂ ਉਹ ਨੇਤਾਵਾਂ ਦੀ ਸਿੱਧੀ ਆਹਮੋ ਸਾਹਮਣੇ ਵਾਲ਼ੀ ਬਹਿਸਬਾਜ਼ੀ ਜਾਂ ਲੜਾਈ ਝਗੜਾ ਨਹੀਂ ਹੁੰਦਾ ਸਗੋਂ ਉਹ ਪਾਰਟੀਆਂ ਦੇ ਕਰਿੰਦਿਆਂ ਵਿੱਚ ਖਿੱਚੋਤਾਣ ਪੈਦਾ ਹੁੰਦੀ ਹੈ ਪਰ ਜੇ ਕਿਤੇ ਸਰਪੰਚੀ ਦੀਆਂ ਚੋਣਾਂ ਵੇਲੇ ਸਿੱਧੇ ਤੌਰ ਤੇ ਦੋ ਗਰਮ ਧਿਰਾਂ ਦੀ ਟੱਕਰ ਦੇਖੀ ਜਾਵੇ ਤਾਂ ਸਿਆਸਤ ਐਨੀ ਗਰਮਾਈ ਹੁੰਦੀ ਹੈ ਕਿ ਦੋ ਖ਼ਾਨਦਾਨਾਂ ਦੇ ਸਦੀਆਂ ਤੋਂ ਚਲੇ ਆ ਰਹੇ ਆਪਸੀ ਪਿਆਰ ਉਮਰ ਭਰ ਦੀਆਂ ਦੁਸ਼ਮਣੀਆਂ ਵਿੱਚ ਬਦਲ ਜਾਂਦੇ ਹਨ, ਜਿੱਤ ਨੂੰ ਨਿੱਜੀ ਅਣਖ਼ ਸਮਝ ਕੇ ਜ਼ਮੀਨਾਂ ਵੇਚ ਕੇ ਵੋਟਾਂ ਖਰੀਦਣ ਲਈ ਪੈਸਾ ਪਾਣੀ ਵਾਂਗ ਰੁੜ੍ਹਾਇਆ ਜਾਂਦਾ ਹੈ,ਕੀਮਤੀ ਜਾਨਾਂ ਦਾਅ ਤੇ ਲਾ ਦਿੱਤੀਆਂ ਜਾਂਦੀਆਂ ਹਨ। ਕਈ ਪਿੰਡਾਂ ਵਿੱਚ ਸਾਰੀਆਂ ਧਿਰਾਂ ਆਪਸੀ ਸਹਿਮਤੀ ਨਾਲ ਬੈਠ ਕੇ ਸਰਬ ਸੰਮਤੀ ਨਾਲ ਪਿੰਡ ਦੇ ਕਿਸੇ ਮੋਹਤਬਰ ਜਾਂ ਧੜੱਲੇਦਾਰ ਵਿਅਕਤੀ ਨੂੰ ਸਰਪੰਚ ਚੁਣ ਲੈਂਦੇ ਹਨ।ਉਹ ਪਾਰਟੀਬਾਜ਼ੀ ਜਾਂ ਧੜੇਬੰਦੀਆਂ ਵਾਲ਼ੀ ਸਿਆਸਤ ਤੋਂ ਬਚ ਜਾਂਦੇ ਹਨ। ਉਹ ਵੋਟਾਂ ਵੇਲੇ ਹੋਣ ਵਾਲੀ ਆਪਸੀ ਖਿਚੋਤਾਣ, ਖ਼ਰਚੇ ਅਤੇ ਲੜਾਈਆਂ ਝਗੜਿਆਂ ਦੀ ਸਿਰਦਰਦੀ ਤੋਂ ਮੁਕਤ ਹੋ ਜਾਂਦੇ ਹਨ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ ਕਿ ਪਿੰਡ ਦੇ ਵਿਕਾਸ ਲਈ ਅਤੇ ਆਮ ਲੋਕਾਂ ਦੀਆਂ ਮੁਸਕਲਾਂ ਦੇ ਹੱਲ ਲੱਭਣ ਲਈ ਕਿਹੜਾ ਵਿਅਕਤੀ ਸਹੀ ਹੈ। ਇਸ ਤਰ੍ਹਾਂ ਕਰਨ ਨਾਲ ਉਹਨਾਂ ਪਿੰਡਾਂ ਦੀ ਨੌਜਵਾਨ ਪੀੜ੍ਹੀ ਨੂੰ ਵੀ ਸਹੀ ਸੇਧ ਮਿਲਦੀ ਹੈ। 2018 ਵਿੱਚ 1860 ਸਰਪੰਚ ਅਤੇ 22,203 ਪੰਚ ਸਰਬਸੰਮਤੀ ਨਾਲ ਚੁਣੇ ਗਏ ਸਨ ਜਿਸ ਦਾ ਮਤਲਬ ਸਿੱਧੇ ਤੌਰ ਤੇ ਕਿ 1860 ਪਿੰਡਾਂ ਦੇ ਲੋਕਾਂ ਨੇ ਸਮਝਦਾਰੀ ਵਰਤਦਿਆਂ ਸਮੇਂ ਅਤੇ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਤੇ ਨਾਲ ਹੀ ਉਹਨਾਂ ਵੱਲੋਂ ਆਪਸੀ ਪਿਆਰ, ਸਹਿਯੋਗ ਅਤੇ ਏਕੇ ਦੀ ਮਿਸਾਲ ਕਾਇਮ ਕੀਤੀ ਗਈ ਸੀ।
https://play.google.com/store/apps/details?id=in.yourhost.samajweekly