ਏਹੁ ਹਮਾਰਾ ਜੀਵਣਾ ਹੈ -359

ਬਰਜਿੰਦਰ-ਕੌਰ-ਬਿਸਰਾਓ.

(ਸਮਾਜ ਵੀਕਲੀ)– ਜਿਸ ਦਿਨ ਹਰਬੰਸ ਕੌਰ ਦੇ ਮੁੰਡੇ ਦੇ ਵਿਆਹ ਦੀ ਚਿੱਠੀ ਆਉਣੀ ਸੀ ਉਸ ਨੇ ਪਿੰਡੋਂ ਈ ਦੋ ਲਾਗਣਾਂ ਕੰਮ ਤੇ ਲਾਈਆਂ ਹੋਈਆਂ ਸਨ। ਇੱਕ ਨੇ ਚੁੱਲ੍ਹਾ ਚੌਂਕਾ ਸੰਭਾਲਿਆ ਹੋਇਆ ਸੀ ਤੇ ਦੂਜੀ ਇਕੱਠੇ ਹੋਏ ਰਿਸ਼ਤੇਦਾਰਾਂ ਤੇ ਸ਼ਰੀਕੇ ਕਬੀਲੇ ਵਾਲ਼ਿਆਂ ਨੂੰ ਚਾਹ ਪਾਣੀ ਦੇ ਕੇ ਫਟਾਫਟ ਨਾਲ਼ ਦੀ ਨਾਲ਼ ਗਲਾਸ ਇਕੱਠੇ ਕਰਦੀ ਘੁੰਮਦੀ ਨਜ਼ਰ ਆ ਰਹੀ ਸੀ। ਸੁੱਖ ਨਾਲ ਅੱਧੇ ਮੇਲ਼ ਜਿੰਨਾਂ ਤਾਂ ਹਰਬੰਸ ਕੌਰ ਨੇ ਇਕੱਠ ਕੀਤਾ ਹੋਇਆ ਸੀ। ਜਿਵੇਂ ਹੀ ਬਾਹਰ ਇੱਕ ਕਾਰ ਆ ਕੇ ਰੁਕੀ ਤਾਂ ਹਰਬੰਸ ਕੌਰ ਕੱਚੇ ਵਿਹੜੇ ਵਿੱਚ ਦੀ ਭੱਜੀ ਗੇਟ ਵੱਲ ਨੂੰ ਗਈ ਕਿਉਂਕਿ ਉਸ ਦੇ ਕੰਨ ਤੇ ਉਸ ਦਾ ਧਿਆਨ ਤਾਂ ਗੇਟ ਵੱਲ ਹੀ ਸੀ।ਉਸ ਨੇ ਲਾਗਣ ਨੂੰ ਤੇ ਹੋਰਾਂ ਨੂੰ ਹਾਕ ਮਾਰੀ,” ਨੀ ਵੀਰੋ….. ਤੇਲ ਲੈ ਕੇ ਆ ਨੀ….ਆਜੋ ਨੀ ਤੁਸੀਂ ਵੀ…. ਮਸਾਂ ਇਹ ਦਿਨ ਆਇਆ….!” ਲਾਗਣ ਫਟਾਫਟ ਨੰਗੇ ਪੈਰੀਂ, ਮਲਮਲ ਦੀ ਰੰਗੀਨ ਚੁੰਨੀ ਸਿਰ ਤੇ ਲਈ,ਥਾਲ਼ੀ ਚੁੱਕੀ ਗੇਟ ਵੱਲ ਨੂੰ ਕਾਹਲ਼ੀ ਕਾਹਲ਼ੀ ਸਾਰਿਆਂ ਤੋਂ ਮੂਹਰੇ ਵੱਡੇ ਵੱਡੇ ਪੱਬ ਰੱਖਦੀ ਵਧੀ। ਉਸ ਨੇ ਦੋਹਾਂ ਕੌਲਿਆਂ ਤੇ ਤੇਲ ਚੋਇਆ ਤੇ ਕੁੜੀ ਵਾਲਿਆਂ ਦੇ ਲਾਗੀ ਨੂੰ ਦੋ ਗੁੜ ਦੀਆਂ ਭੇਲੀਆਂ ਤੇ ਪੰਜ ਲੱਡੂ ਫੜਾ ਕੇ ਅੰਦਰ ਆਉਣ ਦਾ ਸਾਰਿਆਂ ਨੂੰ ਸੰਕੇਤ ਦਿੱਤਾ। ਹਰਬੰਸ ਕੌਰ ਲਾਗਣ ਨੂੰ ਤੇਲ ਚੁਆਈ ਦੇ ਪੰਜ ਰੁਪਏ ਦੇ ਕੇ ਅੰਦਰ ਜਾਣ ਦਾ ਇਸ਼ਾਰਾ ਕਰਦੀ ਹੈ ਤਾਂ ਕਿ ਆਏ ਪ੍ਰਾਹੁਣਿਆਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰੇ। ਕੁੜੀ ਵਾਲਿਆਂ ਦਾ ਲਾਗੀ ,ਵਿਚੋਲਾ ਤੇ ਤਿੰਨ ਹੋਰ ਬੰਦਿਆਂ ਨੂੰ ਹਰਬੰਸ ਕੌਰ ਦਾ ਘਰਵਾਲਾ ਬਿੱਲੂ, ਉਸ ਦਾ ਛੜਾ ਜੇਠ ਰਾਮ ਸਿਉਂ ਗੇਟ ਦੇ ਅੰਦਰ ਵੜਦਿਆਂ ਹੀ ਖੱਬੇ ਹੱਥ ਬਣੀ ਬੈਠਕ ਵਿੱਚ ਬਿਠਾਉਂਦੇ ਹਨ। ਉਹਨਾਂ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਪਿੰਡ ਦੀ ਪੰਚਾਇਤ, ਰਿਸ਼ਤੇਦਾਰ ਅਤੇ ਆਏ ਮਹਿਮਾਨ ਦਰੀਆਂ ਤੇ ਬੈਠ ਗਏ। ਵਿਚੋਲੇ ਨੇ ਕੁੜੀ ਵਾਲਿਆਂ ਵੱਲੋਂ ਭੇਜੀ ਚਿੱਠੀ ਪੜ੍ਹ ਕੇ ਸੁਣਾਈ। ਹਰਬੰਸ ਕੌਰ ਦੇ ਇਕਲੌਤੇ ਮੁੰਡੇ ਸੇਪੀ ਦਾ ਸਵਾ ਮਹੀਨੇ ਬਾਅਦ ਅੱਸੂ ਦੇ ਦੂਜੇ ਨਰਾਤੇ ਦਾ ਵਿਆਹ ਪੱਕਾ ਹੋ ਗਿਆ। ਇਹ ਸ਼ਗਨਾਂ ਦਾ ਦਿਨ ਲੰਘੇ ਨੂੰ ਦੋ ਦਿਨ ਹੋ ਗਏ ਸਨ। ਘਰ ਵਿੱਚ ਸ਼ਗਨਾਂ ਦੇ ਉਪਰਲੇ ਉਪਰਲੇ ਕੰਮ ਸ਼ੁਰੂ ਹੋ ਗਏ ਸਨ ਜਿਵੇਂ ਹਲਵਾਈ ਕਰਨਾ, ਦਰਜੀ ਨਾਲ਼ ਗੱਲ ਕਰਨੀ, ਕੁੜੀ ਦੇ ਕੱਪੜਿਆਂ ਦਾ ਨਾਪ ਮੰਗਵਾਉਣਾ ਆਦਿ।

         ਹਰਬੰਸ ਕੌਰ ਦਾ ਘਰਵਾਲਾ ਵਿਆਹ ਦੇ ਸਿਲਸਿਲੇ ਵਿੱਚ ਸਲਾਹ ਮਸ਼ਵਰਾ ਕਰਨ ਵਿਚੋਲੇ ਕੋਲ਼ ਗਿਆ ਹੋਇਆ ਸੀ। ਉਸ ਦਾ ਵੱਡਾ ਭਰਾ ਰਾਮ ਸਿਉਂ ਜੋ ਇਹਨਾਂ ਦੀ ਸਾਂਝੀ ਕੰਧ ਨਾਲ ਲੱਗਦੇ ਵੱਡੇ ਸਾਰੇ ਵਿਹੜੇ ਵਿੱਚ ਇੱਕ ਪਾਸੇ ਬਣੇ ਇੱਕ ਕਮਰੇ ਵਿੱਚ ਹੀ ਰਹਿੰਦਾ ਸੀ। ਸਵੇਰੇ ਨੌਂ ਕ ਵਜੇ ਉਹ ਅਚਾਨਕ ਬਿਮਾਰ ਹੋ ਗਿਆ।ਉਸ ਨੇ ਕੰਧ ਤੋਂ ਦੀ ਹਾਕ ਮਾਰਕੇ ਸੇਪੀ ਨੂੰ ਬੁਲਾਇਆ ਤੇ ਘਬਰਾਹਟ ਹੋਣ ਦੀ ਗੱਲ ਆਖੀ। ਸੇਪੀ ਫਟਾਫਟ ਉਸ ਕੋਲ ਗਿਆ ਤੇ ਉਸ ਨੂੰ ਮੰਜੇ ਤੇ ਪਾਇਆ।ਉਹ ਉਸ ਲਈ ਪਾਣੀ ਦਾ ਗਿਲਾਸ ਲੈ ਕੇ ਉਸ ਨੂੰ ਪਿਆਉਣ ਲੱਗਿਆ ਤਾਂ ਉਹ ਮੂੰਹ ਨਾ ਖੋਲ੍ਹੇ। ਦੋਹਾਂ ਘਰਾਂ ਦੀ ਕੰਧ ਛੋਟੀ ਹੋਣ ਕਰਕੇ ਸੇਪੀ ਨੇ ਘਬਰਾਏ ਹੋਏ ਨੇ ਆਪਣੀ ਮਾਂ ਨੂੰ ਹਾਕ ਮਾਰੀ ਤੇ ਆਖਿਆ,”ਬੀਬੀ….ਬੀਬੀ ….. ਆਈਂ ਛੇਤੀ….. ਤਾਏ ਨੂੰ ਪਤਾ ਨੀ ਕੀ ਹੋ ਗਿਆ….?”
ਹਰਬੰਸ ਕੌਰ ਭੱਜੀ ਗਈ ਤਾਂ ਦੇਖਿਆ ਕਿ ਰਾਮ ਸਿਉਂ ਵਿੱਚ ਤਾਂ ਸਾਹ ਸੱਤ ਖ਼ਤਮ ਹੋ ਗਏ ਲੱਗਦੇ ਸਨ।ਉਸ ਨੇ ਸੇਪੀ ਨੂੰ ਫਟਾਫਟ ਪਿੰਡ ਵਿੱਚੋਂ ਇੱਕ ਦੋ ਬੰਦਿਆਂ ਨੂੰ ਬੁਲਾਉਣ ਲਈ ਕਿਹਾ। ਪਿੰਡ ਵਿੱਚੋਂ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਕਿਉਂਕਿ ਰਾਮ ਸਿਉਂ ਪੂਰਾ ਹੋ ਗਿਆ ਸੀ। ਕੁਛ ਦੇਰ ਬਾਅਦ ਦੁਪਹਿਰ ਹੁੰਦੇ ਬਿੱਲੂ ਵੀ ਆ ਗਿਆ ਸੀ। ਹਰਬੰਸ ਕੌਰ ਨੇ ਹੌਲੀ ਜਿਹੀ ਸੇਪੀ ਨੂੰ ਕਹਿ ਦਿੱਤਾ ਸੀ,”ਪੁੱਤ….. ਤੂੰ ਜਾਹ ਘਰ ਨੂੰ….. ਤੂੰ ਸੁੱਖ ਨਾਲ ਸਾਹੇ ਬੱਝਿਆ ਹੋਇਆਂ…. ਹੁਣ ਨਾ ਆਈਂ ਐਧਰ ਨੂੰ…. ਆਪੇ ਤੇਰਾ ਪਿਓ ਸਾਂਭ ਲਊ ਸਭ ਕੁਛ…..!”
     ਕਿਸੇ ਨੇ ਕੱਠ ਵਿੱਚੋਂ ਈ ਕਿਹਾ,” ਮੈਂ ਤਾਂ ਕਹਿੰਨਾਂ….. ਗਰਮੀ ਬਾਹਲ਼ੀ ਆ….. ਬੰਦੇ ਇੱਥੇ ਈ ਦੋ ਡੇਕਾਂ ਥੱਲੇ ਦਰੀਆਂ ਵਿਛਾ ਕੇ ਬਹਿ ਜਾਂਦੇ ਨੇ…… ਤੇ ਬੁੜੀਆਂ ਦੇ ਬੈਠਣ ਲਈ ਬਿੱਲੂ ਦੇ ਵਿਹੜੇ ਵਿੱਚ ਦੋ ਦਰੀਆਂ ਵਿਛਾ ਦਿੰਨੇਂ ਆਂ…..!”
ਇਸ ਤੋਂ ਪਹਿਲਾਂ ਕਿ ਬਿੱਲੂ ਕੁਛ ਬੋਲਦਾ, ਹਰਬੰਸ ਕੌਰ ਫਟਾਫਟ ਬੋਲੀ,” ਚਾਚਾ ਜੀ….. ਤੁਸੀਂ ਤਾਂ ਆਪ ਸਿਆਣੇਂ ਓਂ….. ਮੇਰੇ ਘਰ ਤਾਂ ਸੁੱਖ ਨਾਲ ਵਿਆਹ ਰੱਖਿਆ ਹੋਇਆ…… ਮੈਂ ਇਹ ਬਦਸ਼ਗਨੀ ਨੀ ਕਰ ਸਕਦੀ…..!”
ਉਹ ਬੰਦਾ ਉੱਥੇ ਹੀ ਚੁੱਪ ਕਰ ਗਿਆ। ਸ਼ਾਮ ਤੱਕ ਉਸ ਦਾ ਸਸਕਾਰ ਕਰ ਦਿੱਤਾ ਗਿਆ। ਸਾਰੇ ਲੋਕ ਬਾਹਰੋ ਬਾਹਰ ਗੁਰਦੁਆਰੇ ਤੋਂ ਹੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਬਿੱਲੂ ਦੀ ਸਾਰਿਆਂ ਤੋਂ ਵੱਡੀ ਭੈਣ ਆਪਣੇ ਮੁੰਡੇ ਨਾਲ਼ ਆਈ ਹੋਈ ਸੀ। ਉਹ ਦੂਰ ਵਿਆਹੀ ਹੋਣ ਕਰਕੇ ਵਾਪਸ ਜਾ ਨਹੀਂ ਸਕਦੀ ਸੀ। ਉਸ ਨੇ ਵਾਪਸ ਰਾਮ ਸਿਉਂ ਦੇ ਘਰ ਆ ਕੇ ਚਾਹ ਪਾਣੀ ਪੀਤਾ ਤੇ ਆਖਣ ਲੱਗੀ,” ਨੀ ਬੰਸ….. ਮੈਂ ਤਾਂ ਸਵੇਰ ਦੀ ਬੈਠੀ ਬੈਠੀ ਥੱਕਗੀ ਆਂ….. ਖਸਮਾਂ ਨੂੰ ਖਾਣਾਂ ਰੋ ਰੋ ਕੇ ਸਿਰ ਪੋਲਾ ਹੋ ਗਿਆ….. ਨਾਲ਼ ਦੇ ਜੰਮੇ ਕਿਤੇ ਲੱਭਦੇ ਨੇ…..(ਫਿਸ ਫਿਸ ਕੇ ਰੋ ਪਈ ਤੇ ਫੇਰ ਚੁੰਨੀ ਨਾਲ ਅੱਖਾਂ ਪੂੰਝ ਕੇ)….. ਮੈਨੂੰ ਆਪਣੀ ਬੈਠਕ ਵਿੱਚ ਹੀ ਮੰਜਾ ਡਾਹ ਦੇ….. ਮੈਂ ਬਿੰਦ ਝੱਟ ਅਰਾਮ ਕਰ ਲਾਂ…..।”
“ਬੀਬੀ….. ਤੂੰ ਤਾਂ ਐਨੀ ਸਿਆਣੀ ਆਂ….. ਅਸੀਂ ਤਾਂ ਤੇਰੇ ਤੋਂ ਸਲਾਹ ਲੈ ਕੇ ਕੰਮ ਕਰਦੇ ਆਂ…..ਆਹ… ਤੂੰ ਕੀ ਗੱਲ ਕਰਤੀ…..ਮੇਰੇ ਘਰ ਤਾਂ ਹੁਣ ਸੁੱਖ ਨਾਲ ਸਾਹੇ ਦੀ ਚਿੱਠੀ ਆਈ ਹੋਈ ਆ…. ਮੈਂ ਐਹੇ ਜਿਹੇ ਕੰਮ ਤੇ ਆਏ ਨੂੰ ਭਲਾ ਸੁੱਖੀ ਸਾਂਦੀ ਘਰ ਕਿਉਂ ਵਾੜਾਂ….. ਬੀਬੀ ਤੂੰ ਖੁਸ਼ੀ ਨਾਲ ਆਵੇਂ…. ਤਾਂ ਤੈਨੂੰ ਤੇਲ ਚੋ ਕੇ ਲੈ ਕੇ ਜਾਵਾਂ….. ਮੈਂ ਤੁਹਾਡੇ ਮਾਂ ਪੁੱਤ ਦੇ ਮੰਜੇ ਡੇਕ ਥੱਲੇ ਈ ਡਾਹ ਦਿੰਨੀਂ ਆਂ…..!” ਹਰਬੰਸ ਕੌਰ ਨੇ ਕਿਹਾ।
ਬੀਬੀ ਵੀ ਸਮਝ ਗਈ ਸੀ। ਮਕਾਣਾਂ ਤੋਂ ਲੈ ਕੇ ਭੋਗ ਪੈਣ ਤੱਕ ਹਰਬੰਸ ਕੌਰ ਦਾ ਸਭ ਨੂੰ ਇਹੀ ਜਵਾਬ ਰਿਹਾ। ਪਾਠ ਵੀ ਰਾਮ ਸਿਉਂ ਦੇ ਟੁੱਟੇ ਜਿਹੇ ਕਮਰੇ ਵਿੱਚ ਖੁਲਵਾਇਆ ਗਿਆ ਸੀ। ਹਰਬੰਸ ਕੌਰ ਦੇ ਵਤੀਰੇ ਦੀ ਇਸ ਗੱਲ ਦੀ ਚਰਚਾ ਸਾਰੇ ਪਿੰਡ ਵਿੱਚ ਸੀ।
          ਭੋਗ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਗੱਠਾਂ ਭੇਜਣ ਦਾ ਕੰਮ, ਸੇਪੀ ਨੂੰ ਨਾਨਕਿਆਂ ਵੱਲੋਂ ਮਾਈਆਂ ਦੇਣ ਵਰਗੇ ਸ਼ਗਨਾਂ ਦੇ ਕੰਮ  ਸ਼ੁਰੂ ਹੋ ਗਏ। ਸਭ ਕੁਝ ਵਧੀਆ ਨਿੱਬੜ ਗਿਆ।ਵਿਆਹ ਦਾ ਦਿਨ ਆ ਗਿਆ। ਵਿਆਹ ਬਹੁਤ ਵਧੀਆ ਹੋਇਆ। ਬਿੱਲੂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਸ਼ਾਮ ਨੂੰ ਜਦ ਵਹੁਟੀ ਵਿਆਹ ਕੇ ਲਿਆਂਦੀ ਤਾਂ ਵਿਹੜੇ ਵਿੱਚ ਕੁੜੀਆਂ ਗਿੱਧਾ ਪਾਉਣ ਲੱਗੀਆਂ। ਨੱਚਦੀਆਂ ਕੁੜੀਆਂ ਦੇ ਉੱਤੋਂ ਦੀ ਖੁਸ਼ੀ ਵਿੱਚ ਬਿੱਲੂ ਨੋਟ ਵਾਰ ਵਾਰ ਕੇ ਸੁੱਟ ਰਿਹਾ ਸੀ। ਰਾਤ ਨੂੰ ਵੀ ਦੇਰ ਰਾਤ ਤੱਕ ਚੋਬਰ ਨੱਚਦੇ ਟੱਪਦੇ ਰਹੇ। ਤੜਕਸਾਰ ਹੀ ਬਿੱਲੂ ਦੇ ਦਿਲ ਵਿੱਚ ਐਸੀ ਪੀੜ ਉੱਠੀ ਕਿ ਉਹ ਥਾਂ ਹੀ ਦਮ ਤੋੜ ਗਿਆ। ਵਿਆਹ ਵਾਲੇ ਘਰ ਵਿੱਚ ਹਜੇ ਸ਼ਗਨ ਵੀ ਪੂਰੇ ਨਹੀਂ ਹੋਏ ਸਨ ਕਿ ਰੋਣ ਪਿੱਟਣ ਪੈ ਗਿਆ। ਉਸ ਦੀ ਵੱਡੀ ਭੈਣ ਹਰਬੰਸ ਦੇ ਗਲ਼ ਲੱਗ ਕੇ ਰੋਂਦੀ ਰੋਂਦੀ ਦੇ ,ਕੀਰਨੇ ਪਾਉਂਦੀ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ਼ ਗਿਆ,”ਨੀ ਬੰਸ….. ਸ਼ਗਨਾਂ ਵਾਲ਼ੇ ਘਰ ਵਿੱਚੋਂ ਬਿੱਲੂ ਤੁਰ ਗਿਆ…. ਹੁਣ ਤੂੰ ਸਾਨੂੰ ਰੋਣ ਤੋਂ ਰੋਕੇਂਗੀ ਜਾਂ ਆਪ ਨੀ ਰੋਵੇਂਗੀ….. ਤੂੰ ਓਹਦਾ ਕੀ ਨੀ ਕਰੇਂਗੀ…..?” ਹਰਬੰਸ ਆਪਣੀ ਵੱਡੀ ਨਣਦ ਦੇ ਗਲ਼ ਲੱਗ ਕੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗਦੀ ਹੈ ਜਿਵੇਂ ਉਦੋਂ ਹੋਈ ਗੁਸਤਾਖ਼ੀ ਦੀ ਭੁੱਲ ਮੰਨ ਰਹੀ ਹੋਵੇ ਕਿਉਂ ਕਿ ਦੁੱਖ਼ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਹਨ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -358
Next articleਮਹਿੰਦਰ ਸੂਦ ਵਿਰਕ ਦਾ ਪਹਿਲਾ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” ਨੂੰ ਖੁਸ਼ ਆਮਦੀਦ