ਅੰਤਰਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ
ਨੌਜਵਾਨ ਹਰੇਕ ਦੇਸ਼ ਦਾ ਅਨਮੋਲ ਸਰਮਾਇਆ ਹੁੰਦੇ ਹਨ। ਉਹਨਾਂ ਨੂੰ ਸਮੇਂ ਸਮੇਂ ਤੇ ਸਹੀ ਸੇਧ ਦੇਣ ਲਈ ਅਤੇ ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੁੰਦਾ ਹੈ। ਅੰਤਰਰਾਸ਼ਟਰੀ ਨੌਜਵਾਨ ਦਿਵਸ ਦਾ ਉਦੇਸ਼ ਵੀ ਦੇਸ਼ ਦੇ ਵਿਕਾਸ ਕਾਰਜਾਂ ਲਈ ਨੌਜਵਾਨਾਂ ਦੀ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਸਮਾਜਿਕ ਅਤੇ ਆਰਥਿਕ ਵਿਕਾਸ ਦੇ ਵਾਧੇ ਲਈ ਕੀਤੇ ਜਾਂਦੇ ਵਿਕਾਸ ਕਾਰਜਾਂ ਲਈ ਨੌਜਵਾਨਾਂ ਦੀ ਪਸੰਦ ਅਤੇ ਭੂਮਿਕਾ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ। ਇਸੇ ਲਈ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਉਣ ਦਾ ਮਕਸਦ ਇਸ ਮੌਕੇ ਤੇ ਨੌਜਵਾਨਾਂ ਨੂੰ ਪਛਾਣ ਦਿਵਾਉਣ ਤੇ ਉਨ੍ਹਾਂ ਦੇ ਕੰਮ ਦੀ ਸਰਾਹਨਾ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਹੁੰਦਾ ਹੈ ਤਾਂ ਜੋ ਉਹਨਾਂ ਨੂੰ ਉਤਸ਼ਾਹਿਤ ਕਰਦਿਆਂ ਇੱਕ ਥੀਮ ਹੇਠ ਵਿਕਾਸ ਕਾਰਜਾਂ ਲਈ ਇਕੱਤਰ ਕੀਤਾ ਜਾ ਸਕੇ।ਅੰਤਰਰਾਸ਼ਟਰੀ ਯੁਵਾ ਦਿਵਸ ਉਹਨਾਂ ਮੁਸ਼ਕਲਾਂ ‘ਤੇ ਕੇਂਦਰਿਤ ਹੁੰਦਾ ਹੈ ਜੋ ਦੁਨੀਆ ਭਰ ਵਿੱਚ ਨੌਜਵਾਨ ਅਨੁਭਵ ਕਰ ਰਹੇ ਹਨ। ਅੰਤਰਰਾਸ਼ਟਰੀ ਯੁਵਾ ਦਿਵਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਇਹਨਾਂ ਮੁੱਦਿਆਂ ਪ੍ਰਤੀ ਜਾਗਰੂਕਤਾ ਲਿਆਉਣ ਵਿੱਚ ਮਦਦ ਕਰਨ ਲਈ ਹੀ ਬਣਾਇਆ ਗਿਆ ਸੀ ਕਿਉਂਕਿ ਇਸ ਖਾਸ ਦਿਨ ਨੂੰ ਮਨਾ ਕੇ ਸਾਰੇ ਦੇਸ਼ਾਂ ਦੁਆਰਾ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀਆਂ ਕੋਸ਼ਿਸ਼ ਕੀਤੀਆਂ ਜਾ ਸਕਣ।
ਅੰਤਰਰਾਸ਼ਟਰੀ ਯੁਵਾ ਦਿਵਸ ਮਨਾਉਣ ਦੇ ਪਿਛੋਕੜ ਤੇ ਵੀ ਨਜ਼ਰ ਮਾਰੀਏ ਤਾਂ ਸੰਨ 1998 ਵਿੱਚ ਨੌਜਵਾਨਾਂ ਲਈ, ਉਸ ਸਮੇਂ ਦੇ ਜ਼ਿੰਮੇਵਾਰ ਮੰਤਰੀਆਂ ਦੇ ਵਿਸ਼ਵ ਸੰਮੇਲਨ ਦੌਰਾਨ ਦਿੱਤੇ ਗਏ ਸੁਝਾਅ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ 17 ਦਸੰਬਰ 1999 ਨੂੰ ਇਹ ਫੈਸਲਾ ਲਿਆ ਗਿਆ ਸੀ ਕਿ 12 ਅਗਸਤ ਨੂੰ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਜਾਵੇਗਾ। ਇਸ ਫੈਸਲੇ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਨੌਜਵਾਨ ਦਿਵਸ ਦੀ ਸ਼ੁਰੂਆਤ ਪਹਿਲੀ ਵਾਰ ਸਾਲ 2000 ਵਿੱਚ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਲਈ, ਵੱਖ -ਵੱਖ ਗਤੀਵਿਧੀਆਂ ਜਿਵੇਂ ਸਮਾਰੋਹਾਂ, ਵਰਕਸ਼ਾਪਾਂ, ਸੱਭਿਆਚਾਰਕ ਸਮਾਗਮਾਂ ਅਤੇ ਮੀਟਿੰਗਾਂ ਦਾ ਆਯੋਜਨ, ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੁਆਰਾ ਕੀਤਾ ਜਾਂਦਾ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੂੰ ਸ਼ਾਮਲ ਕਰਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦੁਨੀਆਂ ਤੱਕ ਪਹੁੰਚਾਉਣਾ, ਉਹਨਾਂ ਦੁਆਰਾ ਕੀਤੇ ਜਾਂਦੇ ਕਾਰਜਾਂ ਅਤੇ ਉਹਨਾਂ ਦੁਆਰਾ ਕੀਤੀਆਂ ਜਾਂਦੀਆਂ ਪਹਿਲਕਦਮੀਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਂਦਾ ਹੈ।ਨੌਜਵਾਨਾਂ ਦੇ ਮੁੱਦਿਆਂ ਨੂੰ ਅੰਤਰ ਰਾਸ਼ਟਰੀ ਭਾਈਚਾਰੇ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਅਤੇ ਅੱਜ ਦੇ ਵਿਸ਼ਵਵਿਆਪੀ ਸਮਾਜ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਭਾਈਵਾਲ ਵਜੋਂ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਯੁਵਾ ਦਿਵਸ ਮਨਾਉਣ ਲਈ ਇਸ ਦਿਨ ਨੂੰ ਹਰ ਸਾਲ ਇੱਕ ਥੀਮ ਦੇ ਨਾਲ ਚਿੰਨ੍ਹਿਤ ਕੀਤਾ ਜਾਂਦਾ ਹੈ। ਜਿਵੇਂ 2022 ਦਾ ਥੀਮ ‘ਅੰਤਰਜਨਕ ਏਕਤਾ: ਸਾਰੇ ਯੁੱਗਾਂ ਲਈ ਇਕ ਵਿਸ਼ਵ ਬਣਾਉਣਾ’ ਸੀ । ਇਸ ਤੋਂ ਪਹਿਲਾਂ ਵੀ ਹਰ ਵਰ੍ਹੇ ਵੱਖਰਾ ਵੱਖਰਾ ਥੀਮ ਚੁਣਿਆ ਜਾਂਦਾ ਰਿਹਾ ਹੈ। ਉਸੇ ਤਰ੍ਹਾਂ ਇਸ ਸਾਲ ਦਾ ਥੀਮ ਵੀ ਹੈ “green skills for youth: towards a sustainable world.” ਭਾਵ “ਨੌਜਵਾਨਾਂ ਲਈ ਹਰੇ ਹੁਨਰ: ਇੱਕ ਟਿਕਾਊ ਸੰਸਾਰ ਵੱਲ”। ਗ੍ਰੀਨ ਵਿਸ਼ਵ ਵੱਲ ਇੱਕ ਸਫ਼ਲ ਪਰਿਵਰਤਨ ਅਵਾਮ ਵਿੱਚ ਹਰੇ ਹੁਨਰ ਦੇ ਵਿਕਾਸ ਤੇ ਨਿਰਭਰ ਕਰੇਗਾ।ਇੱਕ ਟਿਕਾਊ ਅਤੇ ਲਾਹੇਵੰਦ ਹੁਨਰ ਸਮਾਜ ਵਿੱਚ ਵਿਚਰਨ, ਵਿਕਸਿਤ ਕਰਨ ਅਤੇ ਸਮਰਥਨ ਕਰਨ ਲਈ ਜ਼ਰੂਰੀ ਗਿਆਨ, ਯੋਗਤਾਵਾਂ, ਕਦਰਾਂ ਕੀਮਤਾਂ ਅਤੇ ਦ੍ਰਿਸ਼ਟੀਕੋਣ ਹੁੰਦਾ ਹੈ। ਇਸ ਥੀਮ ਤਹਿਤ ਇਸ ਦਿਨ ਵਿਸ਼ਵ ਭਰ ਵਿੱਚ ਨੌਜ਼ਵਾਨਾਂ ਨੂੰ ਉਹਨਾਂ ਦੇ ਗ੍ਰੀਨ ਹੁਨਰ ਜਿਵੇਂ ਗ੍ਰੀਨ ਤਕਨਾਲੋਜੀ, ਨਵਿਆਉਣਯੋਗ ਊਰਜਾ,ਸਰੋਤ, ਵੇਸਟ ਮੈਨੇਜਮੈਂਟ (ਕੂੜਾ ਪ੍ਰਬੰਧਨ), ਟਿਕਾਊ ਖੇਤੀਬਾੜੀ ਦੀ ਪਛਾਣ ਕਰਵਾਉਣ ਤੇ ਆਪਣੇ ਇਸ ਟਿਕਾਊ ਹੁਨਰ ਨੂੰ ਵਿਕਸਿਤ ਕਰਨ ਲਈ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਇੱਕ ਟਿਕਾਊ ਹੁਨਰ ਰਾਹੀਂ ਹੀ ਟਿਕਾਊ ਹਰੀ ਕ੍ਰਾਂਤੀ ਵਾਲ਼ਾ ਸੰਸਾਰ ਸਿਰਜਣ ਵੱਲ ਵਧਿਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਯੁਵਾ ਦਿਵਸ ਮਨਾਉਣ ਦਾ ਮਕਸਦ ਇਹ ਵੀ ਹੈ ਕਿ ਯੁਵਕ ਸਿਰਫ਼ ਕਮਾਊ ਲਾਭਦਾਇਕ ਸਰੋਤ ਨਾ ਹੋ ਕੇ ਇਸ ਧਰਤੀ ਨੂੰ ਪ੍ਰਭਾਵਿਤ ਕਰਨ ਵਿੱਚ ਮੁੱਖ ਭਾਗੀਦਾਰ ਵੀ ਹਨ। ਉਹਨਾਂ ਦੁਆਰਾ ਦਿੱਤੇ ਸੁਝਾਅ, ਉਹਨਾਂ ਦੀ ਸ਼ਮੂਲੀਅਤ ਅਤੇ ਉਹਨਾਂ ਦੁਆਰਾ ਲਏ ਜਾਂਦੇ ਨਿਰਣਿਆਂ ਨੂੰ ਸਮਾਜ ਦੁਆਰਾ ਸਰਾਹਿਆ ਜਾਵੇ। ਸਰਕਾਰਾਂ,ਸਿਵਿਲ ਪ੍ਰਬੰਧਕਾਂ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਨੌਜਵਾਨਾਂ ਨੂੰ ਉਹਨਾਂ ਦੇ ਕਾਰਜਾਂ ਵਿੱਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇੱਕ ਟਿਕਾਊ ਸਹਿਯੋਗੀ ਵਾਤਾਵਰਨ ਸਿਰਜਿਆ ਜਾ ਸਕੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਯੁਵਾ ਦਿਵਸ ਨੌਜਵਾਨਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਯੁਵਾ ਸ਼ਕਤੀ ਨੂੰ ਧਿਆਨ ਗੋਚਰੇ ਲਿਆਉਣ ਲਈ ਸਹਾਈ ਹੁੰਦਾ ਹੈ। ਸਮੇਂ ਦੀ ਲੋੜ ਮੁਤਾਬਿਕ ਇਸ ਵਾਰ ਦਾ ਥੀਮ ਵੀ ਨੌਜਵਾਨਾਂ ਨੂੰ ਹਰੀ ਕ੍ਰਾਂਤੀ ਲਿਆਉਣ ਲਈ ਇੱਕ ਹੁਨਰ ਦੀ ਯੋਗਤਾ ਲਈ ਜਾਗਰੂਕ ਕਰਕੇ ਤਿਆਰ ਕਰਨਾ ਹੋਵੇਗਾ। ਇਸ ਤਰ੍ਹਾਂ ਨੌਜਵਾਨਾਂ ਅੰਦਰ ਉਹਨਾਂ ਦੇ ਗ੍ਰੀਨ ਹੁਨਰ ਭਾਵ ਵਾਤਾਵਰਨ ਪੱਖੀ ਹੁਨਰ ਦੀ ਪਛਾਣ ਕਰਵਾ ਕੇ ਉਨ੍ਹਾਂ ਨੂੰ ਸਹਿਯੋਗ ਦੇ ਕੇ ਅਤੇ ਉਤਸ਼ਾਹਿਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਤਿਆਰ ਰਹਿੰਦੇ ਹੋਏ ਧਰਤੀ ਨੂੰ ਇੱਕ ਹਰਾ ਗ੍ਰਹਿ ਬਣਾਉਣ ਲਈ ਉਹਨਾਂ ਨੂੰ ਤਿਆਰ ਕਰੀਏ ਕਿਉਂ ਕਿ ਨੌਜਵਾਨ ਹਰ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਹ ਕਿਸੇ ਵੀ ਦੇਸ਼ ਦੇ ਵਿਕਾਸ ਲਈ ਦੇਸ਼ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਆਪਣੇ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਹਰ ਪੱਖੋਂ ਸਹਿਯੋਗ ਦੇਣਾ ਚਾਹੀਦਾ ਹੈ ,ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly