ਏਹੁ ਹਮਾਰਾ ਜੀਵਣਾ ਹੈ -357

 (ਸਮਾਜ ਵੀਕਲੀ)   ਜਦੋਂ ਮਨਮੀਤ ਸਵੇਰੇ ਸਵੇਰੇ ਮੂੰਹ ਹਨੇਰੇ ਵਿੱਚ ਆਪਣੇ ਘਰ ਦੇ ਮੂਹਰੇ ਗਲ਼ੀ ਵਿੱਚ ਝਾੜੂ ਮਾਰਦੀ ਤਾਂ ਪੰਜ ਕੁ ਵਜੇ ਤਿੰਨ ਚਾਰ ਔਰਤਾਂ ਵਾਰੀ ਵਾਰੀ ਮੰਦਰ ਮੱਥਾ ਟੇਕਣ ਲਈ ਜਾਂਦੀਆਂ ਤਾਂ ਕੰਮ ਕਰਦੇ ਕਰਦੇ ਆਪਣੀਂ ਸਮੇਂ ਸਾਰਣੀ ਨਾਲ ਮਿਲਾ ਕੇ ਸਹੀ ਸਮੇਂ ਕੰਮ ਹੋ ਰਹੇ ਹੋਣ ਦੀ ਪੁਸ਼ਟੀ ਕਰ ਲੈਂਦੀ। ਦੋ ਤਿੰਨ ਜ਼ਨਾਨੀਆਂ ਤਾਂ ਪਰਲੇ ਮੁਹੱਲੇ ਦੀਆਂ ਹੁੰਦੀਆਂ ਸਨ ਤੇ ਇੱਕ ਇਹਦੇ ਗੁਆਂਢ ਦੀ ਸੀ। ਜਦੋਂ ਔਰਤਾਂ ਮਨਮੀਤ ਦੇ ਕੋਲ ਦੀ ਲੰਘਦੀਆਂ ਹੋਈਆਂ ਮੂੰਹ ਵਿੱਚ ਬੁੜ ਬੁੜ ਕਰਦੀਆਂ ਰੱਬ ਦਾ ਨਾਂ ਲੈਂਦੀਆਂ ਲੰਘਦੀਆਂ ਤਾਂ ਉਸ ਨੂੰ ਵੀ ਲੱਗਦਾ ਕਿ ਉਹ ਵੀ ਮੂੰਹ ਵਿੱਚ ਰੱਬ ਦਾ ਨਾਂ ਲਏ। ਥੋੜ੍ਹੀ ਕੁ ਦੇਰ ਉਹ ਵੀ ਮੂੰਹ ਵਿੱਚ ਰੱਬ ਦਾ ਨਾਂ ਲੈਣ ਲੱਗਦੀ ਪਰ ਥੋੜ੍ਹੀ ਦੇਰ ‘ਚ ਈ ਆਪਣਾ ਕੰਮ ਕਰਦੇ ਕਰਦੇ ਧਿਆਨ ਭਟਕ ਜਾਂਦਾ । ਉਸ ਨੂੰ ਕਈ ਵਾਰੀ ਆਪਣੇ ਆਪ ਦਾ ਨਾਸਤਿਕ ਹੋਣ ਦਾ ਭੁਲੇਖਾ ਜਿਹਾ ਪੈ ਜਾਂਦਾ ਕਿਉਂ ਕਿ ਉਹ ਤਾਂ ਕਿਸੇ ਖਾਸ ਦਿਨ ਹੀ ਗੁਰੂ ਘਰ ਮੱਥਾ ਟੇਕਣ ਜਾਂਦੀ ਸੀ। ਨਾ ਉਹ ਆਪਣੇ ਆਪ ਨੂੰ ਰੱਬ ਦੀ ਭਗਤਣੀ ਹੋਣ ਦਾ ਕੋਈ ਬਹੁਤਾ ਵਿਖਾਵਾ ਕਰਦੀ ਸੀ।

       ਵੱਖ ਵੱਖ ਸਮੇਂ ਤੇ ਮੱਥਾ ਟੇਕ ਕੇ ਵਾਪਸ ਮੁੜਨ ਵਾਲੀਆਂ ਚਾਰੇ ਔਰਤਾਂ ਇੱਕ ਦਿਨ ਇਕੱਠੀਆਂ ਟੋਲਾ ਬਣਾ ਕੇ ਘੁਸਰ ਮੁਸਰ ਗੱਲਾਂ ਕਰਦੀਆਂ ਆ ਰਹੀਆਂ ਸਨ। ਮਨਮੀਤ ਨੂੰ ਲੱਗਿਆ ਕਿ ਕੀ ਪਤਾ ਕੋਈ ਖਾਸ ਗੱਲ ਹੋਵੇ ਜੋ ਸਾਰੀਆਂ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਸੀ ਪਿਆਰ ਦੀ ਸਾਂਝ ਵਧਾ ਰਹੀਆਂ ਸਨ ਜਾਂ ਕੋਈ ਹੋਰ ਵਾਰਦਾਤ ਬਗੈਰਾ ਦੀ ਗੱਲ ਕਰ ਰਹੀਆਂ ਹੋਣ। ਵੈਸੇ ਵੀ ਜਦੋਂ ਚਾਰ ਔਰਤਾਂ ਕੱਠੀਆਂ ਹੋ ਕੇ ਗੱਲਾਂ ਮਾਰਦੀਆਂ ਹਨ ਤਾਂ ਗੱਲ ਕਰਨ ਵਾਲ਼ੀ ਔਰਤ ਆਪਣੇ ਆਪ ਦੇ ਸਿਆਣੇ ਹੋਣ ਦੀ ਪ੍ਰਪੱਕਤਾ ਕਰਨ ਲਈ ਆਪਣੇ ਨਾਲ ਜੁੜੀ ਵਧੀਆ ਤੋਂ ਵਧੀਆ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਐਨੀ ਤੜਕੇ ਗੱਲਾਂ ਕਰਨੀਆਂ ਤਾਂ ਕੁਝ ਅਜੀਬ ਲੱਗ ਰਹੀਆਂ ਸਨ ਕਿਉਂ ਕਿ ਇਹ ਤਾਂ ਧਰਮ ਕਰਮ ਦਾ ਵੇਲ਼ਾ ਹੁੰਦਾ,ਐਨੀ ਤੜਕੇ ਤੜਕੇ ਤਾਂ ਕਿਸੇ ਨਾਲ ਗੱਲ ਕਰਨ ਨੂੰ ਊਈਂ ਜੀਅ ਨੀ ਕਰਦਾ।ਜਦ ਉਹ ਜਾਂਦੀਆਂ ਜਾਂਦੀਆਂ ਹੁਣ ਖੜ੍ਹੀਆਂ ਹੋ ਕੇ ਗੱਲਾਂ ਕਰਨ ਲੱਗੀਆਂ ਤਾਂ ਮਨਮੀਤ ਨੂੰ ਲੱਗਿਆ ਕਿ ਕਿਤੇ ਕੋਈ ਖਾਸ ਘਟਨਾ ਈ ਨਾ ਵਾਪਰੀ ਹੋਵੇ ਜਿਹੜਾ ਇਹ ਐਨੇ ਤੜਕੇ ਨ੍ਹੇਰੇ ਨ੍ਹੇਰੇ ਗਲ਼ੀ  ਦੇ ਮੋੜ ਤੇ ਖੜੀਆਂ ਹੋ ਗਈਆਂ ਹਨ।ਮਨਮੀਤ ਨੇ ਵੀ ਆਪਣੇ ਕੰਨ ਉਹਨਾਂ ਵੱਲ ਨੂੰ ਲਾ ਲਏ । ਇੱਕ ਔਰਤ ਬੋਲੀ,” ਭੈਣ ਜੀ, ਮੇਰਾ ਮੁੰਡਾ ਤੇ ਨੂੰਹ ਵੀ ਮੈਨੂੰ ਕਹਿੰਦੇ ਆ ਕਿ ਜਿਹੜਾ ਦਾਨ ਇੱਥੇ ਕਰਨਾ ਉਹਨਾਂ ਪੈਸਿਆਂ ਨਾਲ ਗਰੀਬ ਨੂੰ ਖਾਣਾ ਖੁਆ ਆਇਆ ਕਰੋ …ਇਹ ਤਾਂ ਕੱਲਾ ਇਹਦੇ ਢਿੱਡ ਚ ਪੈਣਾ….. ਨਾਲ਼ੇ ਰੱਜੇ ਨੂੰ ਕੀ ਰਜਾਉਣਾ ਹੋਇਆ….!”
ਦੂਜੀ ਔਰਤ ਬੋਲੀ,” ਪਹਿਲੇ ਪੰਡਤ ਜੀ ਤਾਂ ਬੜੇ ਚੰਗੇ ਸੀ …….ਜੋ ਚੜ੍ਹਾਵਾ ਚੜ੍ਹਦਾ ਸੀ ਸਾਰਿਆਂ ਨੂੰ ਵੰਡ ਦਿੰਦੇ ਸੀ। ਇਹ ਤਾਂ ਸਾਰਿਆਂ ਨੂੰ ਚਾਰ ਚਾਰ ਖਿੱਲਾਂ ਹੱਥ ਤੇ ਰੱਖੀ ਜਾਂਦਾ…..ਐਨਾ ਫ਼ਲ ਫਰੂਟ ਚੜ੍ਹਦਾ ………ਪਤਾ ਨੀ ਕੀ ਕਰਦਾ ਓਹਦਾ।” ਸਾਰੀਆਂ ਨੇ ਓਹਦੀ ਹਾਂ ਵਿੱਚ ਹਾਂ ਮਿਲਾਈ। ਇੱਕ ਹੋਰ ਦੀ ਅਵਾਜ਼ ਆਈ….”ਆਹ ਵਾਲੇ ਪੰਡਤ ਨੇ ਤਾਂ ਲੁੱਟ ਈ ਮਚਾਈ ਹੋਈ ਆ …… ਮੈਂ ਇੱਕ ਦਿਨ ਆਪਣੇ ਮੁੰਡੇ ਦਾ ਟੇਵਾ ਦਿਖਾ ਕੇ ਉਹਦੇ ਰਿਸ਼ਤੇ ਬਾਰੇ ਪੁੱਛਿਆ….ਮੇਰੇ ਤੋਂ ਸੌ ਰੁਪਈਆ ਲੈ ਲਿਆ…..ਪਹਿਲੇ ਪੰਡਤ ਨੂੰ ਕੁੜੀ ਦੇ ਵਿਆਹ ਬਾਰੇ ਪੁੱਛਿਆ ਸੀ…..ਓਹਨੇ ਇੱਕ ਰੁਪਿਆ ਨੀ ਲਿਆ ਸੀ…. ਮੈਂ ਮੱਲੋਮੱਲੀ ਪੰਜਾਹ ਰੁਪਏ ਦੇ ਕੇ ਆਈ ਸੀ।”
 ਉਹ ਜ਼ਨਾਨੀਆਂ ਦੀਆਂ ਗੱਲਾਂ ਕੰਨੀਂ ਪੈਂਦੇ ਪੈਂਦੇ ਮਨਮੀਤ ਦਾ ਕੰਮ ਖ਼ਤਮ ਹੋ ਗਿਆ ਤੇ ਉਹ ਘਰ ਦੇ ਅੰਦਰ ਵੱਲ ਚਲੀ ਗਈ , ਉਹਨਾਂ ਦੀਆਂ ਗੱਲਾਂ ਜਾਰੀ ਰਹੀਆਂ।ਉਹ ਔਰਤਾਂ ਅੱਧਾ ਘੰਟਾ ਹੋਰ ਘੁਸਰ ਮੁਸਰ ਗੱਲਾਂ ਕਰਦੀਆਂ ਰਹੀਆਂ ਤੇ ਹਲਕਾ ਹਲਕਾ ਦਿਨ ਵੀ ਚੜ੍ਹਨ ਲੱਗ ਪਿਆ ਸੀ……. ਗਲ਼ੀ ਚ ਆਵਾਜਾਈ ਵੀ ਵਧਣ ਲੱਗੀ ਸੀ ਜਾਂ ਫਿਰ ਪੰਡਤ ਜੀ ਬਾਰੇ ਗੱਲਾਂ ਮੁੱਕ ਗਈਆਂ ਸਨ ‌‌‌‌‌‌‌‌‌‌‌‌‌‌‌‌‌‌‌, ਸਾਰੀਆਂ ਫਿਰ ਮੂੰਹ ਵਿੱਚ ਭਗਤੀ ਵਾਲ਼ਾ ਬੁੜ ਬੁੜ ਕਰਦੀਆਂ ਆਪਣੇ ਆਪਣੇ ਰਸਤੇ ਪੈ ਗਈਆਂ।
             ਮਨਮੀਤ ਦੇ ਦਿਮਾਗ ਵਿੱਚ ਸਾਰਾ ਦਿਨ ਉਹਨਾਂ ਦੀਆਂ ਗੱਲਾਂ ਘੁੰਮਦੀਆਂ ਰਹੀਆਂ।ਉਹ ਉਹਨਾਂ ਦੀ ਭਗਤੀ ਖਾਤਰ ਕੀਤੀ ਐਨੀ ਮਿਹਨਤ ਬਾਰੇ ਸੋਚ ਰਹੀ ਸੀ ਕਿ ਤੜਕੇ ਤੜਕੇ ਉੱਠ ਕੇ ਨ੍ਹਾ ਧੋ ਕੇ ਮੰਦਰ ਵਿੱਚ ਜਾ ਕੇ ਭਗਤੀ ਕਰਨਾ ਕਿਹੜਾ ਸੌਖਾ ਕੰਮ ਹੈ?ਉਹ ਆਪਣੇ ਆਪ ਬਾਰੇ ਸੋਚ ਕੇ ਮਨ ਹੀ ਮਨ ਗੱਲਾਂ ਕਰ ਰਹੀ ਸੀ,” ਰੱਬ ਦਾ ਨਾਂ ਕਮਾਉਣਾ ਕਿੰਨਾ ਔਖਾ ਹੈ….. ਮੈਂ ਵੀ ਤਾਂ ਤੜਕੇ ਉੱਠਦੀਆਂ, ਪਰ…….. ਮੇਰੇ ਤੋਂ ਤਾਂ……! ” ਫਿਰ ਉਹ ਸੋਚਦੀ ਸੋਚਦੀ ਚੁੱਪ ਕਰ ਗਈ ਤੇ ਉਸ ਨੂੰ ਲੱਗਿਆ ਕਿ ਉਹ ਸਾਰੀਆਂ ਔਰਤਾਂ ਜਿਵੇਂ ਐਨੀ ਮਿਹਨਤ ਨਾਲ ਕੀਤੀ ਕਮਾਈ ਨੂੰ ਸਾਂਭਣ ਦੀ ਬਜਾਏ ਰਸਤੇ ਵਿੱਚ ਹੀ ਵਿਅਰਥ ਰੁੜ੍ਹਾ ਗਈਆਂ ਹੋਣ‌ ਕਿਉਂ ਕਿ ਕਮਾਈ ਤਾਂ ਕਮਾਈ ਹੁੰਦੀ ਹੈ ਚਾਹੇ ਉਹ ਸੂਖਮ ਧਨ ਹੋਵੇ ਜਾਂ ਸਥੂਲ…. ਉਸ ਨੂੰ ਨਾਲ਼ ਦੀ ਨਾਲ਼ ਸੰਭਾਲਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਏਹੁ ਹਮਾਰਾ ਜੀਵਣਾ ਹੈ -356
Next articleਅੱਗ ਲਾਈ ਏ