(ਸਮਾਜ ਵੀਕਲੀ) ਰੁਲ਼ਦੂ ਦੀ ਵਿਚਾਲੜੀ ਕੁੜੀ ,ਜੀਤੀ ਨੂੰ ਸਹੁਰਿਆਂ ਤੋਂ ਆਈ ਨੂੰ ਪੰਦਰਾਂ ਵੀਹ ਦਿਨ ਹੋ ਗਏ ਸਨ। ਉਸ ਨੂੰ ਵਿਆਹੀ ਨੂੰ ਵੀ ਦੋ ਵਰ੍ਹੇ ਹੋ ਗਏ ਸਨ ਪਰ ਹਜੇ ਤੱਕ ਉਸ ਦੇ ਕੋਈ ਜਵਾਕ ਨਹੀਂ ਹੋਇਆ ਸੀ। ਪਿੰਡ ਦੀਆਂ ਤੀਵੀਂਆਂ ਕੁੜੀ ਤੋਂ ਬਹਾਨੇ ਨਾਲ ਉਹਦੇ ਆਉਣ ਦਾ ਕਾਰਨ ਪੁੱਛਦੀਆਂ ਫੇਰ ਦੂਜੀਆਂ ਗੁਆਂਢਣਾਂ ਕੋਲ ਜਾ ਕੇ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ। ਪਿੰਡ ਵਿੱਚ ਉਹਨਾਂ ਦੇ ਗੁਆਂਢੀਆਂ ਦੀ ਕੁੜੀ ਦਾ ਵਿਆਹ ਆ ਗਿਆ। ਕੁੜੀ ਦੇ ਮਾਈਆਂ ਲੱਗਣ ਵੇਲ਼ੇ ਪਿੰਡ ਦੀਆਂ ਸਾਰੀਆਂ ਤੀਵੀਂਆਂ ਆਈਆਂ ਹੋਈਆਂ ਸਨ।ਸਭ ਦਾ ਧਿਆਨ ਜੀਤੀ ਤੇ ਸੀ । ਜੀਤੀ ਦੇ ਕੰਨੀਂ ਅਵਾਜ਼ ਪਈ ,”ਦੋ ਸਾਲ ਹੋ ਗਏ ਨੇ ਵਿਆਹ ਨੂੰ, ਜਵਾਕ ਨੀ ਹੁੰਦਾ ਹੋਣਾ , ਅਗਲਿਆਂ ਨੇ ਤੋਰਤੀ ਹੋਣੀ ਆ,ਭਾਈ ਜਾਹ।” “ਆਹੋ ਭੈਣੇ ਵਿਹੜੇ ਵਿੱਚ ਕੋਈ ਸੁੱਕਾ ਰੁੱਖ ਨੀ ਖੜਾ ਰਹਿਣ ਦਿੰਦਾ।” ਇੱਕ ਨੇ ਕੋਲ਼ ਆ ਕੇ ਪੁੱਛਿਆ,” ਹੋਰ ਜੀਤੀਏ ਕਦੋਂ ਆਈ ਸੀ? ਰਹੇਂਗੀ ਹੁਣ?ਮੇਰੀ ਕੁੜੀ ਤਾਂ ਭਾਈ,ਪ੍ਰਾਹੁਣੇ ਨਾਲ ਈ ਗੱਡੀ ‘ਚ ਸਵੇਰ ਨੂੰ ਆਉਂਦੀ ਆ ਸ਼ਾਮ ਨੂੰ ਪ੍ਰਾਹੁਣੇ ਨਾਲ਼ ਈ ਮੁੜ ਜਾਂਦੀ ਆ” ਜੀਤੀ ਪੜ੍ਹੀ ਲਿਖੀ ਕੁੜੀ ਸੀ।ਉਹ ਸਭ ਸਮਝਦੀ ਸੀ । ਚਾਹੇ ਉਹ ਆਪਣੇ ਪ੍ਰਾਹੁਣੇ ਨਾਲ ਕਿਸੇ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਕੇ ਆਈ ਸੀ ਪਰ ਸੱਸ ਸਹੁਰੇ ਦੀ ਸਹਿਮਤੀ ਨਾਲ ਹੀ ਕੁਝ ਦੇਰ ਲਈ ਰਹਿਣ ਆਈ ਸੀ। ਕੋਲ਼ ਬੈਠੀ ਪਿੰਡ ਦੀ ਇੱਕ ਸਿਆਣੀ ਬਜ਼ੁਰਗ ਔਰਤ ਨੇ ਸਵਾਲ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਆਖਿਆ,”ਨੀ , ਤੁਸੀਂ ਵੀ ਕਿਹੜੇ ਪੋਤੜੇ ਫਰੋਲਣ ਬੈਠੀਓਂ,ਦੋ ਸਾਲਾਂ ਬਾਅਦ ਕੁੜੀ ਦਾ ਮਹੀਨਾ ਖੰਡ ਪੇਕੀਂ ਰਹਿਣ ਨੂੰ ਜੀਅ ਤਾਂ ਕਰਦਾ ਈ ਆ। ਆਹ ਗੁਆਂਢ ‘ਚ ਵਿਆਹ ਆ, ਤਾਂ ਕਰਕੇ ਆਈ ਸੀ।ਇਹ ਤਾਂ ਇਹਦੇ ਸਹੁਰੇ ਚੰਗੇ ਆ ਜਿਨ੍ਹਾਂ ਨੇ ਚਾਰ ਦਿਨ ਛੱਡ ਦਿੱਤੀ ਆ, ਨਹੀਂ ਤਾਂ ਮਾੜੇ ਬੰਦੇ ਘੜੀ ਨੀ ਛੱਡਦੇ।” ਸਾਰੀਆਂ ਘੁਸਰ ਮੁਸਰ ਕਰਨ ਵਾਲੀਆਂ ਦੇ ਮੂੰਹ ਬੰਦ ਕਰ ਦਿੱਤੇ।ਓਧਰ ਉਸ ਨੇ ਜੀਤੀ ਦੇ ਕੰਨ ਵਿੱਚ ਜਿਹੜੀ ਗੱਲ ਆਖੀ ਜੀਤੀ ਨੇ ਸਾਰੀ ਉਮਰ ਪੱਲੇ ਨਾਲ ਬੰਨ੍ਹ ਲਈ ਤੇ ਮੁੜ ਕੇ ਕਦੇ ਰੁੱਸ ਕੇ ਪੇਕੇ ਨਾ ਆਈ।ਬੇਬੇ ਕਹਿੰਦੀ,”ਕੁੜੀਏ! ਵਿਆਹ ਤੋਂ ਬਾਅਦ ਜੇ ਕੁੜੀ ਚਾਰ ਦਿਨ ਰਹਿਣ ਆ ਜਾਵੇ ਤਾਂ ਤੀਵੀਂਆਂ ਆਏਂ ਈ ਗੱਲਾਂ ਕਰ ਕਰ ਕੇ ਮਾਰ ਦਿੰਦੀਆਂ ਨੇ। ਮਾੜੀ ਮੋਟੀ ਗੱਲ ਤਾਂ ਨਾਲ਼ ਦੀ ਨਾਲ਼ ਉੱਥੇ ਈ ਸੁਲਝਾ ਲਈਦੀ ਆ। ਇਹਨਾਂ ਦੀਆਂ ਗੱਲਾਂ ਦੇ ਜਵਾਬ ਦੇਣ ਨਾਲੋਂ ਤਾਂ ਆਪਣਾ ਘਰ ਈ ਚੰਗਾ ਹੁੰਦਾ, ਕੁੜੀਆਂ ਨੂੰ ਤਾਂ ਦਲੇਰੀ ਨਾਲ ਹਰ ਹੱਲ ਆਪ ਈ ਕੱਢਣਾ ਪੈਂਦਾ। ਕੁੜੀ ਆਪਣੇ ਸਹੁਰੇ ਘਰ ਵਿੱਚ ਰਾਣੀ ਹੁੰਦੀ ਆ ,ਧੀਏ! ਆਪਣੇ ਘਰ ਨੂੰ ਤੋੜਨਾ ਜਾਂ ਵਸਾਉਣਾ ਆਪਦੇ ਵਸ ਹੁੰਦਾ, ਉਹਨਾਂ ਨੂੰ ਨਫ਼ਰਤ ਕਰੇਂਗੀ ਤਾਂ ਉਹ ਤੈਨੂੰ ਬੇਗਾਨੇ ਲੱਗਣਗੇ, ਪਿਆਰ ਕਰੇਂਗੀ ਤਾਂ ਤੈਨੂੰ ਆਪਣੇ ਲੱਗਣਗੇ। ” ਇਹ ਗੱਲ ਜੀਤੀ ਨੇ ਆਪਣੇ ਮਨ ਵਿੱਚ ਪੱਕੀ ਕਰ ਲਈ ਸੀ।ਇਹ ਗੱਲ ਲੰਘੀ ਨੂੰ ਦਸ ਵਰ੍ਹੇ ਬੀਤ ਗਏ ਸਨ,ਜੀਤੀ ਸੱਚ ਮੁੱਚ ਹੀ ਆਪਣੇ ਘਰ ਵਿੱਚ ਰਾਣੀਆਂ ਵਾਂਗ ਰਾਜ ਕਰਦੀ ਸੀ ਤੇ ਬੈਠੀ ਸੋਚ ਰਹੀ ਸੀ ਕਿ ਇਹ ਕਹਾਵਤ ਸੱਚ ਹੀ ਹੈ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ…. ਉਹਨਾਂ ਦੀ ਗੱਲ ਧਿਆਨ ਨਾਲ ਸੁਣ ਕੇ ਗ਼ੌਰ ਕਰਨਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly