(ਸਮਾਜ ਵੀਕਲੀ)- ਹਰਨਾਮ ਵਿਹੜੇ ਵਿੱਚ ਮੰਜੇ ਤੇ ਬੈਠਾ ਆਪਣੀ ਜ਼ਿੰਦਗੀ ਦਾ ਹਿਸਾਬ ਕਿਤਾਬ ਜਿਹਾ ਲਾ ਰਿਹਾ ਸੀ ਕਿ ਉਸ ਨੇ ਕੀ ਖੱਟਿਆ ਤੇ ਕੀ ਗਵਾਇਆ ਸੀ। ਉਸ ਨੂੰ ਵੀ ਆਪਣੇ ਸੁਭਾਅ ਦੀ ਕਮਜ਼ੋਰੀ ਦਾ ਪਤਾ ਸੀ। ਹੁਣ ਉਸ ਦੀ ਉਮਰ ਸੱਤਰਾਂ ਦੇ ਨੇੜ ਤੇੜ ਸੀ,ਉਹ ਉਸ ਸਮੇਂ ਬਾਰੇ ਸੋਚਦਾ ਹੈ ਜਦ ਉਸ ਨੂੰ ਸਰਕਾਰੀ ਨੌਕਰੀ ਮਿਲੀ ਸੀ। ਦਸ ਪੜ੍ਹ ਕੇ ਹਟਿਆ ਸੀ ਕਿ ਕਿਸੇ ਨੇ ਉਸ ਨੂੰ ਦੱਸਿਆ ਕਿ ਕਲਰਕੀ ਦੀਆਂ ਸਰਕਾਰੀ ਨੌਕਰੀਆਂ ਲਈ ਅਸਾਮੀਆਂ ਖਾਲੀ ਹਨ ਜਿਸ ਲਈ ਫਾਰਮ ਭਰਨ ਦੀ ਆਖਰੀ ਤਰੀਕ ਹੈ। ਉਹ ਡਾਕਖਾਨੇ ਚੋਂ ਫ਼ਾਰਮ ਲੈ ਕੇ ਉੱਥੇ ਈ ਭਰਕੇ ਫੜਾ ਆਇਆ। ਦੋ ਕੁ ਮਹੀਨਿਆਂ ਬਾਅਦ ਨੌਕਰੀ ਦੀ ਇੰਟਰਵਿਊ ਤੇ ਛੇ ਮਹੀਨਿਆਂ ਵਿੱਚ ਸਰਕਾਰੀ ਕਲਰਕ ਦੀ ਨੌਕਰੀ ਕਰਨ ਲੱਗ ਪਿਆ ਸੀ। ਪਿੰਡ ਦੇ ਲੋਕ ਵੀ ਕਹਿੰਦੇ ਸਨ ਕਿ ਹਰਨਾਮ ਤਾਂ ਬੜਾ ਕਰਮਾਂ ਵਾਲਾ ਕਿ ਉਸ ਨੂੰ ਦਸ ਜਮਾਤਾਂ ਕਰਦੇ ਨੂੰ ਈ ਨੌਕਰੀ ਮਿਲ ਗਈ। ਉਹ ਸੁਭਾਅ ਦਾ ਕਾਹਲਾ ਹੋਣ ਕਰਕੇ ਹਰ ਕੰਮ ਤੇਜ਼ੀ ਵਿੱਚ ਹੀ ਕਰਦਾ ਸੀ।
ਤਿੰਨ ਕੁ ਮਹੀਨੇ ਨੌਕਰੀ ਕਰਦੇ ਨੂੰ ਹੋਏ ਸਨ ਕਿ ਉੱਥੇ ਕਿਸੇ ਸਹਿਕਰਮੀ ਨਾਲ ਤੂੰ – ਤੂੰ, ਮੈਂ ਮੈਂ ਹੋ ਗਈ ਤੇ ਨੌਕਰੀ ਛੱਡ ਕੇ ਆ ਗਿਆ। ਜਿੰਨੀ ਛੇਤੀ ਨੌਕਰੀ ਲੱਗੀ ਸੀ ਓਨੀ ਛੇਤੀ ਹੀ ਨੌਕਰੀ ਛੱਡ ਦਿੱਤੀ। “ਉਂਝ ਤਾਂ…. ਮੈਂ ਜੇ ਓਦੋਂ ਕਾਹਲਾ ਨਾ ਵਗਦਾ ਤਾਂ ਹੁਣ ਨੂੰ ਅਰਾਮ ਨਾਲ…. ਚੜ੍ਹੇ ਮਹੀਨੇ ਪੈਨਸ਼ਨ ਨਾਲ ਜੇਬ ਭਰ ਲਿਆ ਕਰਦਾ…. ਜਿੱਥੇ ਦੋ ਭਾਂਡੇ ਹੁੰਦੇ ਨੇ ਖੜਕਦੇ ਈ ਹੁੰਦੇ ਨੇ….ਬਾਪੂ ਨੇ ਤਾਂ ਬਥੇਰਾ ਕਿਹਾ ਸੀ ….. ਮੂਰਖ਼ ਨਾ ਬਣ ….ਪਰ…. ਗ਼ਲਤੀ ਦਾ ਅਹਿਸਾਸ ਤਾਂ ਸਮਾਂ ਲੰਘੇ ਤੋਂ ਬਾਅਦ ਚ ਈ ਹੁੰਦਾ….ਆਹ …. ਐਨਾ ਧੰਦ ਪਿੱਟਣ ਦੀ ਕੀ ਲੋੜ ਸੀ ਪਰ…. ਸੁਭਾਅ ਵਾਲ਼ਾ ਕਾਹਲਾਪਣ ਈ ਕਈ ਵਾਰ ਮਾਰ ਜਾਂਦਾ ਬੰਦੇ ਨੂੰ….!”ਉਹ ਮੰਜੇ ਤੇ ਪਿਆ ਮੱਥੇ ਉੱਤੇ ਬਾਂਹ ਰੱਖੀ ਅੱਖਾਂ ਅਕਾਸ਼ ਵੱਲ ਨੂੰ ਅੱਡੀਂ ਪਿਆ ਸੋਚਦਾ ਹੈ।
ਦਰ ਅਸਲ ਹਰਨਾਮ ਆਪਣੇ ਸਿਰ ਚੜ੍ਹੇ ਕਰਜ਼ੇ ਬਾਰੇ ਸੋਚ ਰਿਹਾ ਸੀ ਕਿ ਉਹ ਵੀ ਉਸ ਦੇ ਸੁਭਾਅ ਦੇ ਕਾਹਲੇਪਣ ਕਾਰਨ ਹੈ ਸਿਰ ਚੜ੍ਹਿਆ ਸੀ।ਚਾਹੇ ਉਹ ਕਨੇਡਾ ਦੋ ਵਾਰ ਜਾ ਆਇਆ ਸੀ ਪਰ ਸਾਰੀ ਉਮਰ ਉਹ ਆਪਣੇ ਪਿਓ ਦੀ ਨਿੱਕੀ ਜਿਹੀ ਚਾਹ ਦੀ ਦੁਕਾਨ ਜੋਗਾ ਈ ਰਿਹਾ ਸੀ। ਹੁਣ ਵੀ ਉਹ ਉਹੀ ਚਾਹ ਦੀ ਦੁਕਾਨ ਦੇ ਸਿਰ ਤੇ ਈ ਗੁਜ਼ਾਰਾ ਕਰਦਾ ਸੀ। ਮੁੰਡਾ ਦੁਬਈ ਚਲਿਆ ਗਿਆ ਸੀ ਤੇ ਪਿੱਛੇ ਉਸ ਦਾ ਪਰਿਵਾਰ ਇਹਨਾਂ ਤੋਂ ਅੱਡ ਰਹਿੰਦਾ ਸੀ ਤੇ ਦੋਵੇਂ ਕੁੜੀਆਂ ਵੀ ਵਿਆਹੀਆਂ ਹੋਈਆਂ ਸਨ। ਹੁਣ ਤਾਂ ਪਤੀ ਪਤਨੀ ਦਾ ਹੀ ਦਾਲ ਫੁਲਕਾ ਉਸ ਦੁਕਾਨ ਦੇ ਸਿਰ ਤੇ ਚੱਲੀ ਜਾਂਦਾ ਸੀ।ਪਰ ਇਸ ਉਮਰ ਵਿੱਚ ਸਾਰਾ ਦਿਨ ਮਿਹਨਤ ਤਾਂ ਕਰਨੀ ਪੈਂਦੀ ਹੈ।
ਦੋ ਸਾਲ ਪਹਿਲਾਂ ਹਰਨਾਮ ਦੇ ਜਿਗਰੀ ਯਾਰ ਹਰਬੰਤ ਨੇ ਕਨੇਡਾ ਤੋਂ ਉਸ ਨੂੰ ਰਾਹਦਾਰੀ ਦੇ ਕਾਗਜ਼ ਭੇਜ ਦਿੱਤੇ ਜਿਸ ਕਰਕੇ ਹਰਨਾਮ ਨੇ ਕਨੇਡਾ ਦੇ ਕਾਗਜ਼ ਲਾ ਦਿੱਤੇ। ਦਸ ਦਿਨਾਂ ਵਿੱਚ ਹਰਨਾਮ ਦਾ ਵੀਜ਼ਾ ਲੱਗ ਕੇ ਆ ਗਿਆ। ਹਰਨਾਮ ਦੋ ਲੱਖ ਰੁਪਈਆ ਖ਼ਰਚ ਕੇ ਕਨੇਡਾ ਗਿਆ ਤਾਂ ਉਸ ਦੇ ਦੋਸਤ ਨੇ ਉਸ ਨੂੰ ਕਿਹਾ,”ਨਾਮਿਆਂ…. ਦੇਖ਼ ਬਈ ਆਪਾਂ ਤੇਰਾ ਕਨੇਡਾ ਲਈ ਰਾਹ ਖੋਲਤਾ….. ਹੁਣ ਤੂੰ ਛੇਤੀ ਇੰਡੀਆ ਮੁੜ ਜਾਈਂ…. ਮੈਂ ਤੈਨੂੰ ਸਪੌਸਰਸਿਪ ਭੇਜੀ ਆ…. ਕਿਤੇ ਐਥੇ ਈ ਨਾ ਟਿਕ ਕੇ ਬਹਿ ਜਾਵੀਂ….. ਗੌਰਮਿੰਟ ਨੂੰ ਜਵਾਬ ਦੇਹ ਮੈਂ ਹੁੰਦਾ ਫਿਰਾਂ….!” ਹਰਬੰਤ ਦੀ ਇਸ ਗੱਲ ਨੇ ਹਰਨਾਮ ਦੇ ਮਨ ਨੂੰ ਕਾਫ਼ੀ ਗਹਿਰੀ ਸੱਟ ਮਾਰੀ।ਉਸ ਨੇ ਆਪਣੀ ਵਾਪਸੀ ਦੀ ਟਿਕਟ ਦੋ ਮਹੀਨੇ ਬਾਅਦ ਦੀ ਕਟਵਾ ਕੇ ਇਸੇ ਹਫ਼ਤੇ ਦੀ ਕਰਵਾ ਲਈ ਤੇ ਹਫ਼ਤੇ ਵਿੱਚ ਉਹ ਇੰਡੀਆ ਵਾਪਸ ਆ ਗਿਆ। ਜਿੰਨੀ ਲੋਕਾਂ ਵਿੱਚ ਉਸ ਦਾ ਛੇਤੀ ਵੀਜ਼ਾ ਆਉਣ ਦੀ ਚਰਚਾ ਸੀ ਉਸ ਤੋਂ ਵੀ ਵੱਧ ਉਸ ਦੇ ਜਲਦੀ ਵਾਪਸ ਪਰਤ ਆਉਣ ਦੀ ਚਰਚਾ ਸੀ।
ਉਸ ਨੇ ਫਿਰ ਰੁਟੀਨ ਵਿੱਚ ਚਾਹ ਦੀ ਦੁਕਾਨ ਤੇ ਜਾਣਾ ਸ਼ੁਰੂ ਕਰ ਦਿੱਤਾ। ਪਰ ਹੁਣ ਉਸ ਨੂੰ ਕਨੇਡਾ ਲਈ ਰਾਹਦਾਰੀ ਦੀ ਲੋੜ ਨਹੀਂ ਰਹੀ ਸੀ ਕਿਉਂਕਿ ਹੁਣ ਉਸ ਦਾ ਪੱਕਾ ਵੀਜ਼ਾ ਲੱਗਿਆ ਹੋਇਆ ਸੀ। ਹੁਣ ਤਾਂ ਉਹ ਕਦੇ ਵੀ ਟਿਕਟ ਲੈ ਕੇ ਕਨੇਡਾ ਕਦੇ ਵੀ ਜਾ ਸਕਦਾ ਸੀ। ਦੋ ਸਾਲ ਉਸ ਨੇ ਆਪਣੀ ਚਾਹ ਦੀ ਦੁਕਾਨ ਤੇ ਖ਼ੂਬ ਮਿਹਨਤ ਕੀਤੀ ਤੇ ਇਸ ਵਾਰ ਉਸ ਨੇ ਕਨੇਡਾ ਜਾ ਕੇ ਕਮਾਈ ਕਰਨ ਦੀ ਸੋਚੀ। ਉਸ ਨੇ ਕਨੇਡਾ ਦੀ ਟਿਕਟ ਲੈ ਲਈ ਤੇ ਫਿਰ ਮਿਹਨਤ ਕਰਕੇ ਡਾਲਰ ਕਮਾਉਣ ਦੀ ਤਾਂਘ ਨਾਲ ਕਨੇਡਾ ਲਈ ਉਡਾਰੀ ਭਰ ਲਈ। ਇਸ ਵਾਰ ਉਸ ਦੇ ਦਿਮਾਗ਼ ਤੇ ਵਾਪਸ ਜਲਦੀ ਮੁੜਨ ਵਾਲ਼ਾ ਕੋਈ ਬੋਝ ਨਹੀਂ ਸੀ। ਉਸ ਨੇ ਆਪਣੇ ਇੱਕ ਹੋਰ ਦੋਸਤ ਨੂੰ ਕੰਮ ਲੱਭ ਕੇ ਰੱਖਣ ਲਈ ਪਹਿਲਾਂ ਹੀ ਆਖ ਦਿੱਤਾ ਸੀ। ਜਿਸ ਦਿਨ ਉਹ ਐਨਾ ਲੰਮਾ ਸਫ਼ਰ ਕਰਕੇ ਕਨੇਡਾ ਪਹੁੰਚਿਆ,ਉਸੇ ਦਿਨ ਸ਼ਾਮ ਤੋਂ ਉਸ ਨੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ। ਉਮਰ ਦੇ ਹਿਸਾਬ ਨਾਲ ਦੋ ਤਿੰਨ ਦਿਨ ਅਰਾਮ ਕਰਨਾ ਤਾਂ ਬਣਦਾ ਸੀ ਪਰ ਹੁਣ ਡਾਲਰ ਕਮਾਉਣ ਦੇ ਕਾਹਲੇਪਣ ਨੇ ਉਸ ਨੂੰ ਅਰਾਮ ਵੀ ਨਾ ਕਰਨ ਦਿੱਤਾ। ਤਿੰਨ ਦਿਨ ਕੰਮ ਤੇ ਜਾ ਕੇ ਤੇ ਸਫ਼ਰ ਦੀ ਥਕਾਵਟ ਕਾਰਨ ਤੇ ਉਮਰ ਦੇ ਹਿਸਾਬ ਨਾਲ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਉਹ ਬੀਮਾਰ ਪੈ ਗਿਆ, ਦਵਾਈ ਬੂਟੀ ਦਾ ਇੰਡੀਆ ਵਾਂਗ ਕੋਈ ਬਹੁਤਾ ਸਾਧਨ ਨਾ ਹੋਣ ਕਰਕੇ ਉਸ ਦੇ ਦੋਸਤ ਨੂੰ ਉਸ ਦੀ ਚਿੰਤਾ ਹੋਣ ਲੱਗੀ।
ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਹਰਨਾਮ ਵੀ ਘਬਰਾ ਗਿਆ ਤੇ ਸੋਚਣ ਲੱਗਿਆ ਕਿ ਕਿਤੇ ਘਰ ਤੋਂ ਦੂਰ ਹੀ ਨਾ ਉਸ ਨੂੰ ਕੁਝ ਹੋ ਜਾਏ। ਉਸ ਨੇ ਆਪਣੀ ਪਤਨੀ ਨੂੰ ਕਹਿ ਕੇ ਇੰਡੀਆ ਤੋਂ ਵਾਪਸੀ ਟਿਕਟ ਦੇ ਪੈਸੇ ਮੰਗਵਾ ਕੇ ਵਾਪਸੀ ਟਿਕਟ ਕਰਵਾ ਕੇ ਵਾਪਸ ਆਉਣ ਦੀ ਕੀਤੀ। ਉੱਥੋਂ ਆ ਕੇ ਹਫ਼ਤਾ ਭਰ ਉਹ ਘਰ ਵਿੱਚ ਹੀ ਦਵਾਈ ਬੂਟੀ ਕਰਕੇ ਠੀਕ ਹੋ ਗਿਆ ਤੇ ਫਿਰ ਚਾਹ ਦੀ ਦੁਕਾਨ ਤੇ ਬੈਠਣਾ ਸ਼ੁਰੂ ਕਰ ਦਿੱਤਾ ਸੀ। ਪਰ ਕਨੇਡਾ ਦੋ ਵਾਰ ਜਾ ਕੇ ਮੁੜਨ ਕਾਰਨ ਉਹ ਚਾਰ ਪੰਜ ਲੱਖ ਦਾ ਕਰਜ਼ਾਈ ਹੋ ਗਿਆ ਸੀ।
ਹਰਨਾਮ ਵਿਹੜੇ ਵਿੱਚ ਮੰਜੇ ਤੇ ਪਿਆ ਸੋਚਦਾ ਹੈ ਕਿ ਕਾਹਲੀ ਵਿੱਚ ਜੇ ਨੌਕਰੀ ਨਾ ਛੱਡੀ ਹੁੰਦੀ ਜਾਂ ਕਨੇਡਾ ਜਾ ਕੇ ਦੋਸਤ ਦੇ ਕਹਿਣ ਤੇ ਹਫ਼ਤੇ ਵਿੱਚ ਮੁੜਨ ਦੀ ਕੀ ਲੋੜ ਸੀ ,ਜੇ ਸੰਜਮਤਾ ਵਰਤਦਾ ਤਾਂ ਦੋ ਮਹੀਨੇ ਕੰਮ ਕਰ ਕੇ ਵਾਪਸ ਆਉਂਦਾ,ਉਸ ਨੇ ਕਿਹੜਾ ਕੁਝ ਗਲਤ ਕਿਹਾ ਸੀ,ਠੀਕ ਹੀ ਤਾਂ ਕਿਹਾ ਸੀ,ਤੀਜਾ ਜਦ ਦੂਜੀ ਵਾਰ ਕਨੇਡਾ ਗਿਆ ਸੀ ਤਾਂ ਆਪਣੀ ਉਮਰ ਦੇ ਹਿਸਾਬ ਨਾਲ ਅਰਾਮ ਕਰਨ ਦੀ ਬਜਾਏ ਜੇ ਡਾਲਰ ਕਮਾਉਣ ਲਈ ਕਾਹਲ਼ੀ ਨਾ ਕਰਦਾ ਤਾਂ ਬੀਮਾਰ ਵੀ ਨਾ ਹੁੰਦਾ ਤੇ ਅਰਾਮ ਨਾਲ ਕਮਾਈ ਕਰਕੇ ਕਰਜ਼ਾ ਉਤਾਰ ਸਕਦਾ ਸੀ।ਪਰ ਹੁਣ ਪਛਤਾਉਣ ਦਾ ਕੀ ਫਾਇਦਾ…..(ਮਨ ਹੀ ਮਨ ਮੁਸਕਰਾਉਂਦਾ ਹੋਇਆ) ….”ਚੱਲ ਬਈ…. ਕਾਹਲਿਆ ਮਨਾਂ…… ਆਪਣੀ ਚਾਹ ਦੀ ਦੁਕਾਨ ਤੇ….. ।” ਕਹਿ ਕੇ ਆਪਣੇ ਆਪ ਨਾਲ ਮਜ਼ਾਕ ਕਰਦਾ ਹੈ ਤੇ ਘਰੋਂ ਕੰਮ ਲਈ ਨਿਕਲ਼ ਜਾਂਦਾ ਹੈ ਤੇ ਮਨ ਨੂੰ ਸਮਝਾਉਂਦਾ ਹੈ ਕਿ ਮਨਾਂ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324