“ਏਹੁ ਹਮਾਰਾ ਜੀਵਣਾ ਹੈ -332”

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ – ਧੀਆਂ ਦੀ ਜੀਵਨਸ਼ੈਲੀ ਬਦਲੀ ਤਾਂ ਤੀਆਂ ਵੀ ਬਦਲੀਆਂ। ਵੈਸੇ ਤਾਂ ਸਮੇਂ ਦੇ ਨਾਲ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ। ਉਂਝ ਕਿਹਾ ਵੀ ਜਾਂਦਾ ਹੈ ਕਿ ਵਕਤ ਦਾ ਸੰਗੀ ਬਣਨਾ ਪ੍ਰਗਤੀ ਦੀ ਨਿਸ਼ਾਨੀ ਹੁੰਦੀ ਹੈ । ਜੇ ਦੇਖਿਆ ਜਾਵੇ ਤਾਂ ਸਮੇਂ ਨੇ ਬਦਲਣ ਵਾਲੀ ਰਫ਼ਤਾਰ ਬਹੁਤ ਤੇਜ਼ ਫੜੀ ਹੋਈ ਹੈ, ਹੁਣ ਤਾਂ ਇਸ ਦੇ ਨਾਲ ਨਾਲ ਭੱਜਣਾ ਪੈ ਰਿਹਾ ਹੈ। ਭੱਜਦੇ ਭੱਜਦੇ ਬਹੁਤ ਕੁਝ ਪਿੱਛੇ ਛੁੱਟਦਾ ਜਾ ਰਿਹਾ ਹੈ ਤੇ ਬਹੁਤ ਕੁਝ ਪੁਰਾਣਾ ਧੁੰਦਲਾ ਧੁੰਦਲਾ ਜਿਹਾ ਹੋ ਰਿਹਾ ਹੈ। ਬਹੁਤ ਕੁਝ ਫਿਰ ਵੀ ਨਾਲ਼ ਨਾਲ਼ ਚੱਲ ਰਿਹਾ ਹੈ। ਸਾਡਾ ਰਹਿਣ ਸਹਿਣ ਬਦਲਿਆ, ਸੁਭਾਅ ਬਦਲੇ, ਸੋਚ ਬਦਲੀ, ਸੰਸਕਾਰ ਬਦਲੇ,ਕੰਮ ਕਾਜ ਬਦਲੇ, ਰਿਵਾਜ ਬਦਲੇ, ਦਿਨ ਬਦਲੇ , ਤਿਉਹਾਰ ਬਦਲੇ ਮਤਲਬ ਕਿ ਮੁੱਢ ਕਦੀਮ ਤੋਂ ਹੀ “ਅੱਜ” ਵਿੱਚ ਪ੍ਰਵੇਸ਼ ਹੁੰਦਿਆਂ ਹੀ ਅੱਜ ਦੀ ਦੁਨੀਆਂ ਰੰਗਲੀ ਰੰਗਲੀ ਜਾਪਣ ਲੱਗਦੀ ਹੈ। ਹਰ ਤਿਉਹਾਰ ਨੂੰ ਮਨਾਉਣ ਦੇ ਤਰੀਕੇ ਬਦਲ ਰਹੇ ਹਨ। ਵਿਸ਼ਵੀਕਰਨ ਹੋਣ ਕਰਕੇ ਸਾਡੇ ਪ੍ਰਚਲਿਤ ਤਿਉਹਾਰਾਂ ਉੱਪਰ ਵੀ ਪੱਛਮੀ ਸੱਭਿਅਤਾ ਦਾ ਰੰਗ ਤੇਜ਼ੀ ਨਾਲ ਚੜ੍ਹ ਰਿਹਾ ਹੈ।

        ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਖਾਸ ਵਿਸ਼ੇਸ਼ਤਾ ਹੈ। ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਜਿੱਥੇ ਜੇਠ ਹਾੜ ਦੀਆਂ ਧੁੱਪਾਂ ਤੋਂ ਰਾਹਤ ਪਾਉਂਦੀਆਂ ਕਾਲ਼ੀਆਂ ਘਟਾਵਾਂ, ਕਣੀਆਂ ਦੀ ਕਿਣਮਿਣ, ਧਰਤੀ ਉੱਤੇ ਹਰਿਆਵਲ ਤੇ ਰੌਣਕ ਜਿਹੀ ਦਿਸਦੀ ਹੈ ਉੱਥੇ ਹੀ ਮਨ ਵਿੱਚ ਵੱਖਰਾ ਹੀ ਸਰੂਰ ਤੇ ਆਨੰਦ ਜਿਹਾ ਜਿਹਾ ਆਉਂਦਾ ਹੈ। ਘਰ ਦੀਆਂ ਰੌਣਕਾਂ, ਧੀਆਂ ਅਤੇ ਨੂੰਹਾਂ ਦੇ ਮਨਾਂ ਵਿੱਚ ਚਾਅ ਉਮੰਗ ਉਮੜਦੇ ਹਨ, ਪੇਕਿਆਂ ਵੱਲੋਂ ਵਿਆਹੀਆਂ ਧੀਆਂ ਨੂੰ ਸੰਧਾਰੇ ਵਿੱਚ ਬਿਸਕੁਟ , ਮਠਿਆਈਆਂ ਅਤੇ ਕੱਪੜੇ ਆਦਿ ਦੇਣ ਦਾ ਸ਼ਗਨ,ਕੁਆਰੀਆਂ ਕੁੜੀਆਂ ਵੱਲੋਂ ਹੱਥਾਂ ਤੇ ਮਹਿੰਦੀ ਰਚਾ ਕੇ ਤੇ ਰੰਗ ਬਿਰੰਗੀਆਂ ਵੰਗਾਂ ਚੜਾਉਣ ਦਾ ਚਾਅ, ਵਿਆਹੀਆਂ ਵੱਲੋਂ ਪੇਕੇ ਘਰ ਜਾ ਕੇ ਆਪਣੀਆਂ ਸਖ਼ੀਆਂ ਨੂੰ ਮਿਲਣ ਦੀ ਤਾਂਘ ਚਾਰੇ ਪਾਸੇ ਖੁਸ਼ੀਆਂ ਦਾ ਵਾਤਾਵਰਨ ਪੈਦਾ ਕਰ ਦਿੰਦੀ ਹੈ। ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਓਹਾਰ ਹੈ।
                    ਪਹਿਲਿਆਂ ਸਮਿਆਂ ਵਿੱਚ ਧੀਆਂ ਧਿਆਣੀਆਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ, ਧੀਆਂ ਵਿਦੇਸ਼ਾਂ ਵੱਲ ਨੂੰ ਤੁਰ ਪਈਆਂ ਹਨ,ਇੱਥੇ ਰਹਿੰਦੀਆਂ ਧੀਆਂ ਉੱਤੇ ਵੀ ਪੱਛਮੀ ਸੱਭਿਅਤਾ ਦਾ ਰੰਗ ਚੜ੍ਹ ਗਿਆ ਹੈ। ਪਦਾਰਥਵਾਦੀ ਯੁੱਗ ਹੋਣ ਕਰਕੇ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟ ਰਹੀ ਹੈ, ਨਵੀਂ ਸੱਭਿਅਤਾ ਦੇ ਪ੍ਰਭਾਵ ਹੇਠ ਪੁਰਾਣੇ ਰੀਤੀ ਰਿਵਾਜਾਂ ਦਾ ਕਤਲ ਹੋ ਰਿਹਾ ਹੈ,ਜਿਸ ਕਰਕੇ  ਤੀਆਂ ਦਾ ਰੰਗ ਵੀ ਕੁਝ ਫਿੱਕਾ ਪੈਂਦਾ ਜਾ ਰਿਹਾ ਹੈ। ਪਿੰਡਾਂ ਵਿੱਚ ਪਿੱਪਲਾਂ ਬੋਹੜਾਂ ਥੱਲੇ ਇਕੱਠੇ ਹੋਣ ਦੀ ਰੀਤ ਲਗਭਗ ਅਲੋਪ ਹੋ ਰਹੀ ਹੈ ਜਿਸ ਕਰਕੇ ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਗਿੱਧਿਆਂ ਤੇ ਕੁੜੀਆਂ ਦੀਆਂ ਵੰਗਾਂ ਦੀ ਛਣਕਾਹਟ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਜਾਂ ਸਮਾਜ ਸੇਵੀ ਸੰਸਥਾਵਾਂ ਦੀਆਂ ਸਟੇਜਾਂ ਉੱਤੇ ਇੱਕ ਅੱਧੇ ਘੰਟੇ ਦਾ ਰੌਣਕ ਮੇਲਾ ਬਣਕੇ ਰਹਿ ਗਿਆ ਹੈ । ਇਸ ਵਿੱਚ ਵੀ ਬਹੁਤਾ ਕਰਕੇ ਅਖ਼ਬਾਰਾਂ, ਟੈਲੀਵਿਜ਼ਨ ਤੇ ਤੀਆਂ ਮਨਾਉਣ ਦੀਆਂ ਫੋਟੋਆਂ ਛਪਵਾਉਣ ਤੇ ਜ਼ਿਆਦਾ ਜ਼ੋਰ ਲਾ ਦਿੱਤਾ ਜਾਂਦਾ ਹੈ।  ਸਕੂਲਾਂ ਕਾਲਜਾਂ ਵਿੱਚ ਵਪਾਰੀਕਰਨ ਵਧਣ ਕਾਰਨ ਇਸ ਨੂੰ ਸਿਰਫ਼ ਸੰਸਥਾ ਦੇ ਪ੍ਰਚਾਰ ਦੇ ਇੱਕ ਅਹਿਮ ਸਾਧਨ ਵਜੋਂ ਵਰਤਿਆ ਜਾਂਦਾ ਹੈ। ਇਹਨਾਂ ਵਿੱਚ ਤਿਉਹਾਰ ਦੀ ਅਹਿਮੀਅਤ ਤੇ ਘੱਟ ਜ਼ੋਰ ਦਿੱਤਾ ਜਾਂਦਾ ਹੈ ਤੇ ਸੰਸਥਾ ਦਾ ਨਾਂ ਮੋਟੇ ਅੱਖਰਾਂ ਵਿੱਚ ਛਪਵਾਉਣ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
        ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੇ ਨਾਂ ਤੇ ਇਹ ਤਿਉਹਾਰ ਸ਼ਹਿਰਾਂ ਵਿੱਚ ਔਰਤਾਂ ਦੇ ਕਲੱਬਾਂ ਦੀ ਸ਼ਾਨ ਬਣ ਕੇ ਰਹਿ ਗਿਆ ਹੈ। ਅੱਜ ਦੀਆਂ ਔਰਤਾਂ ਸੋਹਲ ਹੋ ਚੁੱਕੀਆਂ ਹਨ।ਉਹ ਪਿੱਪਲਾਂ ਬੋਹੜਾਂ ਹੇਠ ਗਰਮੀ ਵਿੱਚ ਜਾਣ ਨਾਲੋਂ ਏਸੀਆਂ ਦੀਆਂ ਸਹੂਲਤਾਂ ਵਾਲੀਆਂ ਸਟੇਜਾਂ ਤੇ ਤੀਆਂ ਮਨਾਉਂਦੀਆਂ ਨਜ਼ਰ ਆਉਂਦੀਆਂ ਹਨ। ਬਹੁਤੀ ਜਗ੍ਹਾ ਤਾਂ ਡੀਜੇਆਂ ਤੇ ਰਿਕਾਰਡ ਕੀਤੀਆਂ ਬੋਲੀਆਂ ਉੱਪਰ ਨੱਚ ਟੱਪ ਕੇ ਹੀ ਉਸ ਨੂੰ ਤੀਆਂ ਦਾ ਨਾਂ ਦੇ ਕੇ ਵਾਹ ਵਾਹ ਖੱਟ ਲਈ ਜਾਂਦੀ ਹੈ। ਅੱਜ ਦੀਆਂ ਤੀਆਂ ਸਾਡੀਆਂ ਧੀਆਂ ਦੇ ਨਾਲ਼ ਨਾਲ਼ ਵਿਦੇਸ਼ਾਂ ਦੀਆਂ ਸਟੇਜਾਂ ਤੱਕ ਵੀ ਪਹੁੰਚ ਗਈਆਂ ਹਨ। ਜਿਸ ਵਿੱਚ ਪੰਜਾਬਣਾਂ ਦੇ ਸੁੰਦਰਤਾ ਦੇ ਮੁਕਾਬਲੇ, ਸਭਿਆਚਾਰ ਦੀ ਸੰਭਾਲ ਸਬੰਧੀ ਮੁਕਾਬਲੇ ਕਰਵਾਏ ਜਾਂਦੇ ਹਨ, ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਵਿਦੇਸ਼ਾਂ ਤੋਂ ਆਉਂਦੀਆਂ ਅਖ਼ਬਾਰਾਂ ਜਾਂ ਖਬਰਾਂ ਵਿੱਚ ਉੱਥੋਂ ਦੀਆਂ ਤੀਆਂ ਦੀਆਂ ਤਸਵੀਰਾਂ ਵੀ ਸਾਉਣ ਮਹੀਨੇ ਹਰ ਰੋਜ਼ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ।
               ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਇਹੋ ਜਿਹੇ ਬੋਲਾਂ ਰਾਹੀਂ ਮਨੋਭਾਵ ਪ੍ਰਗਟ ਕਰਦੀਆਂ ਸਨ:-
 ਆਉਂਦੀ ਕੁੜੀਏ ਜਾਂਦੀ ਕੁੜੀਏ, ਤੁਰਦੀ ਪਿਛਾਂਹ ਨੂੰ ਜਾਵੇਂ,

ਹੌਲੀ-ਹੌਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।

 ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਣ ਵਾਲੀਆਂ ਔਰਤਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਉਮੜਦਾ ਹੈ, ਉਹ ਨਵੀਂ ਪੀੜ੍ਹੀ ਦੀਆਂ ਕੁੜੀਆਂ ਨਾਲ ਇਸ ਨੂੰ ਸਾਂਝਾ ਕਰਨੀਆਂ ਚਾਹੁੰਦੀਆਂ ਹਨ ਪਰ ਅੱਜ ਕੱਲ੍ਹ ਦੇ ਬੱਚਿਆਂ ਕੋਲ ਸਮੇਂ ਦੀ ਘਾਟ ਹੋਣ ਕਰਕੇ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਜੇ ਕਿਤੇ ਕਲੱਬਾਂ ਸੰਸਥਾਵਾਂ ਵਿੱਚ ਜਾ ਕੇ ਤੀਆਂ ਮਨਾਉਣ ਨਾਲੋਂ ਪਿੰਡਾਂ ਦੇ ਪਿੱਪਲਾਂ ਬੋਹੜਾਂ ਹੇਠ ਜਾ ਕੇ ਤੀਆਂ ਮਨਾਉਣ ਲਈ ਪ੍ਰੇਰਿਤ ਕਰਕੇ ਬਜ਼ੁਰਗਾਂ ਦੀਆਂ ਪਾਈਆਂ ਪਿਰਤਾਂ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਇਆ ਜਾਵੇ ਤਾਂ ਅਸੀਂ ਆਪਣੇ ਤੀਆਂ ਦੇ ਸੱਭਿਆਚਾਰਕ ਪਿਛੋਕੜ ਨੂੰ ਮੁੜ ਤੋਂ ਸੁਰਜੀਤ ਕਰ ਸਕਦੇ ਹਾਂ। ਫਿਰ ਵੀ ਤੀਆਂ ਮਨਾਉਣ ਦਾ ਚਾਅ ਤਾਂ ਹਰ ਇੱਕ ਔਰਤ ਅੰਦਰ ਮੌਜੂਦ ਹੈ ਇਹ ਗੱਲ ਵੱਖਰੀ ਹੈ ਕਿ ਮਨਾਉਣ ਦੇ ਢੰਗ ਤਰੀਕੇ ਬਦਲ ਗਏ ਹਨ ਜਿਸ ਕਰਕੇ ਇਹੋ ਜਿਹੀਆਂ ਬੋਲੀਆਂ ਸੁਣਨ ਨੂੰ ਵੀ ਕੰਨ ਤਰਸ ਗਏ ਹਨ ਜਿਨ੍ਹਾਂ ਰਾਹੀਂ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇਕੱਠੀਆਂ ਹੋਈਆਂ ਕੁੜੀਆਂ ਦੇ ਇਕੱਠ ਤੋਂ ਲੈਕੇ ਵਿਛੜਨ ਤੱਕ ਦਾ ਭਾਵ ਪ੍ਰਗਟ ਕੀਤਾ ਜਾਂਦਾ ਸੀ ।
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਹੈ ਅਤੇ ਗਿੱਧਾ ਤੇ ਬੋਲੀਆਂ ਇਸ ਦੀ ਰੂਹ ਹਨ, ਸਮੇਂ ਦੇ ਬਦਲਣ ਨਾਲ ਬਦਲਿਆ ਹੋਇਆ ਰੰਗ ਰੂਪ ਤਾਂ ਵੇਖਣ ਨੂੰ ਮਿਲ ਸਕਦਾ ਹੈ ਪਰ ਕਦੇ ਪੰਜਾਬੀਆਂ ਦੀ ਜ਼ਿੰਦਗੀ ਵਿੱਚੋਂ ਮਨਫੀ ਨਹੀਂ ਹੋ ਸਕਦਾ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
 
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 
Previous articleਰਿਸ਼ੀ ਤੇ ਨਰਤਕੀ
Next articleਮੋਹ ਦੇ ਰਿਸ਼ਤੇ