ਏਹੁ ਹਮਾਰਾ ਜੀਵਣਾ ਹੈ – 323

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕਿੰਨੇ ਭੋਲ਼ੇ ਭਾਲ਼ੇ ਲੋਕ, ਕਿੰਨੇ ਭੋਲ਼ੇ ਜ਼ਮਾਨੇ ਤੇ ਕਿੰਨਾ ਸਾਦਾ ਜੀਵਨ ਸੀ ਜਦੋਂ ਮੋਬਾਈਲ ਫੋਨ ਨਹੀਂ ਆਏ ਸਨ। ਕਿੰਨਾ ਵਧੀਆ ਲੱਗਦਾ ਸੀ ਜਦ ਸਾਰੇ ਇਕੱਠੇ ਬੈਠ ਕੇ ਗੱਲਾਂ ਕਰਦੇ, ਬਾਤਾਂ ਪਾਉਂਦੇ, ਖਾਂਦੇ ਪੀਂਦੇ, ਬਾਹਰ ਘੁੰਮਦੇ ਫਿਰਦੇ,ਸੁੱਖ ਦੀ ਨੀਂਦ ਸੌਂਦੇ ਸਨ। ਪਰ ਆਹ ਕੀ! ਮਨੁੱਖ ਦਾ ਗੱਲਾਂ ਬਾਤਾਂ ਦਾ,ਖਾਣ ਪੀਣ ਦਾ, ਮਿਲ਼ਣ -ਵਰਤਣ ਦਾ, ਸੁੱਖ ਦੀ ਨੀਂਦ ਸੌਣ ਦਾ ਦਾਇਰਾ ਹੀ ਸੁੰਗੜਨ ਲੱਗ ਪਿਆ ਹੈ ,ਐਨਾ ਸੁੰਗੜ ਗਿਆ ਕਿ ਸਿਰਫ਼ ਮੋਬਾਈਲ ਫੋਨ ਤੇ ਉਹ ,ਜਿਸਦਾ ਫੋਨ ਹੈ,ਬੱਸ ਐਨੀ ਕੁ ਜ਼ਿੰਦਗੀ? ਤੌਬਾ!ਤੌਬਾ! ਤੌਬਾ! ਕਿਤੇ ਸਾਡੇ ਵੱਡੇ ਵਡੇਰੇ ਧਰਤੀ ਤੇ ਆ ਕੇ ਦੇਖਣ ਤਾਂ ਉਹ ਤਾਂ ਓਹਨੀਂ ਪੈਰੀਂ ਵਾਪਸ ਚਲੇ ਜਾਣਗੇ, ਉਹਨਾਂ ਦਾ ਤਾਂ ਦਮ ਘੁੱਟਣ ਲੱਗੇਗਾ , ਇਹੋ ਜਿਹੀ ਸੌੜੀ ਜ਼ਿੰਦਗੀ ਵਿੱਚ। ਮੈਂ ਕਿਹੜਾ ਕਿਸੇ ਹੋਰ ਗ੍ਰਹਿ ਤੋਂ ਉੱਤਰੀ ਹੋਈ ਆਂ, ਮੇਰੇ ਹੱਥ ਵਿੱਚ ਵੀ ਸਾਰਾ ਦਿਨ ਫੋਨ ਤੇ ਮੈਂ ਹੀ ਰੁੱਝੀ ਰਹਿੰਦੀ ਹਾਂ।

ਅੱਜ ਆਪਾਂ ਗੱਲ ਫੋਨ ਦੀ ਘੱਟ ਪਰ ਫ਼ੋਨ ਤੋਂ ਪੈਦਾ ਹੋਈ ਇੱਕ ਭਿਆਨਕ ਬੀਮਾਰੀ ” ਲਾਈਕ, ਕੂਮੈਂਟ ਅਤੇ ਸ਼ੇਅਰ” ਵਾਲ਼ੀ ਕਰਨੀ ਹੈ।ਅਸਲ ਵਿੱਚ ਇਹ ਨਾਮੁਰਾਦ, ਲਾਇਲਾਜ ਬੀਮਾਰੀ ਫੋਨ ਵਿੱਚ ਚੱਲਣ ਵਾਲੇ ਸੋਸ਼ਲ ਮੀਡੀਆ ਅਤੇ ਨੈੱਟਵਰਕਿੰਗ ਤੋਂ ਪੈਦਾ ਹੋਈ ਹੋਈ ਹੈ। ਸੋਸ਼ਲ ਮੀਡੀਆ ਉੱਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ , ਸਨੈਪਚੈਟ ਜਾਂ ਹੋਰ ਵੀ ਹੋਣਗੀਆਂ ਪਰ ਮੈਨੂੰ ਉਹਨਾਂ ਬਾਰੇ ਹਾਲੇ ਕੋਈ ਬਹੁਤਾ ਗਿਆਨ ਹੈ ਨਹੀਂ, ਉਹਨਾਂ ਨੂੰ ਇਹ ਬੀਮਾਰੀ ਘੁਣ‌ ਵਾਂਗ ਲੱਗੀ ਹੋਈ ਹੈ।

ਇਹ ਐਨੀ ਭਿਆਨਕ ਬੀਮਾਰੀ ਹੈ ਕਿ ਵਰਤਣ ਵਾਲੇ ਦੇ ਦਿਲ, ਦਿਮਾਗ ਅਤੇ ਸਮਾਜਿਕ ਰੁਤਬੇ ਉੱਪਰ ਬਹੁਤ ਅਸਰ ਪਾਉਂਦੀ ਹੈ।ਕਈ ਕਈ ਵਾਰੀ ਤਾਂ ਇਸ ਦੇ ਗਮ ਵਿੱਚ ਕੁਝ ਲੋਕ ਭਿਆਨਕ ਕਦਮ ਵੀ ਚੁੱਕ ਲੈਂਦੇ ਹਨ। ਪਿੱਛੇ ਜਿਹੇ ਇੱਕ ਖ਼ਬਰ ਆਈ ਸੀ ਕਿ ਤਿੰਨ ਅੱਲੜ੍ਹ ਉਮਰ ਦੇ ਪੱਕੇ ਦੋਸਤਾਂ ਵਿੱਚੋਂ ਦੋ ਨੇ ਇੱਕ ਦਾ ਇਸ ਕਰਕੇ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਇੰਸਟਾਗ੍ਰਾਮ ਤੇ ਲਾਈਕ ਤੇ ਕੁਮੈਂਟ ਜ਼ਿਆਦਾ ਆਉਂਦੇ ਸਨ। ਹੁਣ ਇਸ ਨੂੰ ਕੋਈ ਕੀ ਸਮਝੇ ਕਿ ਜ਼ਿਆਦਾ ਲਾਈਕਸ ਦਾ ਉਸ ਨੂੰ ਕੀ ਫਾਇਦਾ ਹੋਇਆ ਤੇ ਤੁਹਾਨੂੰ ਕੀ ਨੁਕਸਾਨ ਸੀ? ਕਈ ਵਾਰ ਤਾਂ ਲੋਕ ਇਸ ਨੂੰ ਆਪਣਾ ਸਟੇਟਸ ਸਿੰਬਲ ਭਾਵ ਸਮਾਜਕ ਰੁਤਬਾ ਸਮਝਦੇ ਹਨ। ਜੇ ਉਹਨਾਂ ਨੂੰ ਬਹੁਤੇ ਲਾਇਕ ਜਾਂ ਕੁਮੈਂਟ ਨਾ ਆਉਣ ਤਾਂ ਆਪਣੀ ਹੇਠੀ ਸਮਝ ਕੇ ਮਾਨਸਿਕ ਰੋਗੀ ਬਣ ਬੈਠਦੇ ਹਨ।

ਆਮ ਕਰਕੇ ਕੋਈ ਵੀ ਆਪਣੀ ਜਾਣ ਪਛਾਣ ਵਾਲੇ ਜਾਂ ਸੋਸ਼ਲ ਮੀਡੀਆ “ਫਰੈਂਡਜ਼” ਜਦ ਕੋਈ ਪੋਸਟ ਪਾਉਂਦੇ ਹਨ ਤਾਂ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਨਾਲ ਇਹ ਜ਼ਰੂਰ ਲਿਖ ਕੇ ਭੇਜਦੇ ਹਨ “ਪਲੀਜ਼ ਲਾਈਕ ਕੁਮੈਂਟ ਐਂਡ ਸ਼ੇਅਰ”, ਓਹ ਵੀ ਅੱਗੋਂ ਆਪਣੇ ਹੋਰ ਦੋਸਤਾਂ ਤੋਂ ਅੱਗੇ ਹੋਰ ਦੋਸਤਾਂ ਅਤੇ ਉਸ ਤੋਂ ਵੀ ਅੱਗੇ ਹੋਰ ਦੋਸਤਾਂ ਨੂੰ ਹੋਰ ਜ਼ੋਰ ਵਾਲ਼ੇ ਤਰੀਕੇ ਨਾਲ ਆਖਣਗੇ “ਬਈ! ਆਪਣਾ ਇਹ ਫਲਾਣਾ ਵਾ …. ਜ਼ੋਰ ਲਾ ਦਿਓ ਅੱਗੋਂ ਸ਼ੇਅਰ ਲਾਈਕ ਅਤੇ ਕੁਮੈਂਟਾਂ ਤੇ….!” ਫਿਰ ਅੱਗੋਂ ਦੀ ਅੱਗੇ ਇਹ ਸਿਲਸਿਲਾ ਚੱਲਦਾ ਹੀ ਜਾਂਦਾ ਹੈ। ਚਲੋ ਮੰਨਿਆ, ਕਿ ਸ਼ੇਅਰ ਕਰਕੇ ਉਸ ਵਿਅਕਤੀ ਜਾਂ ਕਿਸੇ ਦੀ ਕਲਾ ਵਿੱਚ ਵਾਧਾ ਕਰਨਾ ਹੋ ਸਕਦਾ ਹੈ, ਵਪਾਰਕ ਮਕਸਦ ਲਈ ਵੀ ਠੀਕ ਮੰਨਿਆ ਜਾ ਸਕਦਾ ਹੈ,ਪਰ ਆਹ ਜਿਹੜੀ ਲਾਈਕ ਤੇ ਕੁਮੈਂਟਾਂ ਵਾਲ਼ੀ ਗੱਲ ਸਮਝ ਨਹੀਂ ਆਉਂਦੀ।

ਕਈ ਵਾਰੀ ਲੋਕ ਕਿਸੇ ਦੀ ਪੋਸਟ ਨੂੰ ਨਾ ਦੇਖਦੇ ਹਨ ਨਾ ਪੜ੍ਹਦੇ ਹਨ ਪਰ ਆਪਣੇ ਕਿਸੇ ਅਜ਼ੀਜ਼ ਦੀ ਪੋਸਟ ਹੋਣ ਕਰਕੇ ਅੰਗੂਠੇ ਵਾਲੇ ਬਟਨ ਨੂੰ ਦੱਬ ਕੇ ਅਗਾਂਹ ਤੁਰਦੇ ਬਣਦੇ ਹਨ,ਕੋਈ ਬਹੁਤ ਖ਼ਾਸ ਅਜ਼ੀਜ਼ ਹੋਵੇ ਤਾਂ ਥੋੜ੍ਹਾ ਜਿਹਾ ਕਸ਼ਟ ਹੋਰ ਉਠਾ ਲੈਂਦੇ ਹਨ ਇੱਕ ਕੁਮੈਂਟ ਵੀ ਕਰ ਹੀ ਦਿੰਦੇ ਹਨ, ਸ਼ੁਕਰ ਹੈ ਅੱਜ ਕੱਲ੍ਹ ਪੋਸਟ ਦੇ ਹਿਸਾਬ ਨਾਲ ਥੱਲੇ “ਰੈਡੀਮੇਡ” ਕੁਮੈਂਟ ਆਪਣੇ ਆਪ ਆ ਜਾਂਦੇ ਹਨ , ਨਹੀਂ ਤਾਂ ਕਈ ਘਟਨਾਵਾਂ ਇਹੋ ਜਿਹੀਆਂ ਵੀ ਸੁਣਨ ਨੂੰ ਆਈਆਂ ਸਨ ਕਿ ਕਿਸੇ ਨੇ ਆਪਣੇ ਬਾਪ ਦੀ ਫੋਟੋ ਪਾ ਕੇ ਲਿਖਿਆ,” ਕੱਲ੍ਹ ਰਾਤ ਚੜ੍ਹਾਈ ਕਰ ਗਏ ਹਨ” ਤੇ ਬਿਨਾਂ ਪੜ੍ਹੇ ਉਸ ਦੇ ਥੱਲੇ ਦੋਸਤਾਂ ਦੇ ਸਿਰਫ਼ ਫੋਟੋ ਦੇਖ ਕੇ ਹੀ “ਵੈਰੀ ਵਾਈਸ” ਦੇ ਕੁਮੈਂਟ ਆਈ ਜਾਣ।ਇਹ ਹਾਲ ਤਾਂ ਸਾਡੇ ਲੋਕਾਂ ਦਾ ਹੋਇਆ ਪਿਆ ਹੈ। ਦੱਸੋ ਕੀ ਸਮਝੀਏ? ਫ਼ਰਕ ਤਾਂ ਪੈਂਦਾ ਹੈ।

ਪਿੱਛੇ ਜਿਹੇ ਦੀ ਗੱਲ ਐ ਕਿ ਇੱਕ ਸਰਕਾਰੀ ਸਾਈਟ ਤੇ ਮੇਰੀ ਇੱਕ ਪੋਸਟ ਨੂੰ ਛਾਪਿਆ ਗਿਆ । ਮੈਨੂੰ ਉਹਨਾਂ ਦਾ ਮੈਸੇਜ ਆਇਆ ਕਿ “ਪਲੀਜ਼ ਲਾਈਕ ਕੁਮੈਂਟ ਐਂਡ ਸ਼ੇਅਰ” । ਮੈਂ ਉਸ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਸ਼ਾਮ ਜਿਹੇ ਨੂੰ ਉਹਨਾਂ ਦਾ ਫ਼ੋਨ ਵੀ ਆ ਗਿਆ, ਆਖਣ ਲੱਗੇ,”ਮੈਡਮ ਜੀ,ਕੁਛ ਕਰੋ…ਤੁਹਾਡੀ ਪੋਸਟ ਤੇ ਲਾਈਕ, ਕੁਮੈਂਟ ਘੱਟ ਆਏ ਹਨ, ਸ਼ੇਅਰ ਵੀ ਨੀ ਕਰਵਾ ਰਹੇ ਤੁਸੀਂ…..” ਮੈਂ ਹੱਸਦੇ ਹੋਏ ਉਨ੍ਹਾਂ ਨੂੰ ਆਖਿਆ ,ਅੱਛਾ! ਇਹ ਵੀ ਚੱਕਰ ਆ ਕੋਈ …..?” “ਹਾਂ ਜੀ… ਬਿਲਕੁਲ ਜੀ…….ਸਾਡੇ ਉੱਪਰ ਬਹੁਤ ਪਰੈਸ਼ਰ ਹੈ। ਸਾਨੂੰ ਉੱਪਰੋਂ ਸਖ਼ਤ ਹਦਾਇਤਾਂ ਨੇ …..।” ਉਹਨਾਂ ਮੇਰੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕਰਦਿਆਂ ਸਾਰੀ ਪਰਦੇ ਪਿਛਲੀ ਕਹਾਣੀ ਬਿਆਨ ਕੀਤੀ। ਮੈਂ ਉਹਨਾਂ ਨੂੰ ਹੱਸਦਿਆਂ ਆਖਿਆ ਤੇ ਗੱਲ ਸਮਝਾਉਣੀ ਚਾਹੀ,” ਦੇਖੋ ਜੀ, ਮੈਂ ਰੋਜ਼ ਆਪਣੀਆਂ ਰਚਨਾਵਾਂ ਫੇਸਬੁੱਕ ਤੇ ਪਾਉਂਦੀਆਂ ,ਪਰ ਮੈਨੂੰ ਤਾਂ ਲਾਈਕ ਇੱਕ ਦੋ ਜਾਂ ਤਿੰਨ ਹੀ ਆਉਂਦੇ ਹਨ। ਹਾਂ! ਜੇ ਮੈਂ ਆਪਣੀ ਫੋਟੋ ਪਾਊਂਗੀ ਤਾਂ ਮੈਨੂੰ ਸੌ ਤੱਕ ਵੀ ਆ ਜਾਣਗੇ,ਪਰ ਮੈਨੂੰ ਤਾਂ ਦੋਵੇਂ ਤਰ੍ਹਾਂ ਕੋਈ ਫ਼ਰਕ ਨੀ ਪੈਂਦਾ…।”

ਉਹਨਾਂ ਆਖਿਆ,” ਨਹੀਂ ਜੀ ਆਪਾਂ ਨੇ ਮਾਂ ਬੋਲੀ ਨੂੰ ਅੱਗੇ ਵਧਾਉਣਾ ਹੈ।” ਮੈਂ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ,” ਬਿਲਕੁਲ ਜੀ ! ਇਹ ਤਾਂ ਆਪਣਾ ਮੁੱਢਲਾ ਫਰਜ਼ ਹੈ,ਪਰ ਮੈਨੂੰ ਐਨਾ ਪਤਾ ਹੈ ਕਿ ਮੈਂ ਜਿੰਨੀਆਂ ਰਚਨਾਵਾਂ ਪਾਉਂਦੀ ਹਾਂ, ਮੇਰੇ ਫੇਸਬੁੱਕ ਉੱਪਰ ਜੁੜੇ ਹੋਏ ਲੋਕ ਜਦ ਆਹਮੋ ਸਾਹਮਣੇ ਮਿਲ਼ਦੇ ਹਨ ਤਾਂ ਉਹ ਮੇਰੀ ਇੱਕ ਇੱਕ ਰਚਨਾ ਬਾਰੇ ਦੱਸਦੇ ਹਨ ਕਿ ਉਹਨਾਂ ਨੇ ਔਹ ਰਚਨਾ ਪੜ੍ਹੀ ਸੀ, ਉਹਦੇ ਵਿੱਚ ਉਸ ਨੂੰ ਆਪਣੇ ਜੀਵਨ ਦੀ ਝਲਕ ਦਿਖਾਈ ਦਿੱਤੀ ਜਾਂ ਕੋਈ ਕੁਛ ਤੇ ਕੋਈ ਕੁਛ ਜ਼ਰੂਰ ਪੁੱਛਦਾ ਅਤੇ ਦੱਸਦਾ ਹੈ। ਪਰ ਕਦੇ ਲਾਈਕ ਜਾਂ ਕੁਮੈਂਟਾਂ ਵੱਲ ਧਿਆਨ ਦੇਣ ਨਾਲੋਂ ਜ਼ਿਆਦਾ ਉਹਨਾਂ ਦੇ ਜ਼ੁਬਾਨੀ ਵਿਸਥਾਰ ਪੂਰਵਕ ਸੁਣ ਕੇ ਮੇਰਾ ਉਤਸ਼ਾਹ ਜ਼ਰੂਰ ਵਧਦਾ ਹੈ।” ਪਰ ਉਹ ਆਪਣੀ ਜਗ੍ਹਾ ਮੈਨੂੰ ਮਜਬੂਰ ਦਿਸੇ। ਫੋਨ ਕੱਟਣ ਤੋਂ ਬਾਅਦ ਮੈਂ ਬਹੁਤ ਚਿਰ ਤੱਕ ਸੋਚਦੀ ਰਹੀ ਕਿ ਮੰਨਿਆ ਇਹ ਬੀਮਾਰੀ ਸਾਡੇ ਅਲੱੜ ਉਮਰ ਦੇ ਬੱਚਿਆਂ ਨੂੰ ਲੱਗੀ ਹੋਵੇ ਤਾਂ ਉਹਨਾਂ ਨੂੰ ਆਪਾਂ ਵੱਡੇ ਸਮਝਾ ਲਵਾਂਗੇ ਪਰ ਆਹ ਕੀ, ਜੇ ਇਹ ਸਾਡੇ ਸਰਕਾਰੇ ਦਰਬਾਰੇ ਦੇ ਕਰਮਚਾਰੀਆਂ ਉੱਪਰ ਇੱਕ ਦਬਾਅ ਦਾ ਹਿੱਸਾ ਬਣ ਰਹੀ ਹੈ ਤਾਂ ਸਾਡੇ ਦੇਸ਼ ਦਾ ਰੱਬ ਹੀ ਰਾਖਾ ਹੈ ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਆਮ ਇਜਲਾਸ*
Next articleਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ !