(ਸਮਾਜ ਵੀਕਲੀ)
ਹਰਮਨ ਕਿੰਨਾ ਸੁਨੱਖਾ ਤੇ ਅਕਲ ਵਾਲਾ ਗੱਭਰੂ ਸੀ। ਉਹ ਮਿਹਨਤੀ ਹੋਣ ਦੇ ਨਾਲ ਨਾਲ ਬਹੁਤ ਖੁਸ਼ਮਿਜ਼ਾਜ਼ ਮੁੰਡਾ ਸੀ। ਉਸ ਦੇ ਮਾਪੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਸਨ ਕਿਉਂਕਿ ਰੱਬ ਨੇ ਉਹਨਾਂ ਨੂੰ ਹੀਰੇ ਵਰਗਾ ਪੁੱਤ ਦਿੱਤਾ ਸੀ। ਜਿਵੇਂ ਹੀ ਉਸ ਨੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੇ ਵਿਦੇਸ਼ ਜਾਣ ਦੀ ਤਿਆਰੀ ਕਰ ਲਈ ਸੀ। ਉਹ ਬਾਹਰਲੇ ਮੁਲਕ ਜਾ ਕੇ ਬਹੁਤ ਵਧੀਆ ਕੰਮ ਕਾਰ ਕਰਨ ਲੱਗਿਆ ਤੇ ਤਿੰਨ ਕੁ ਸਾਲਾਂ ਬਾਅਦ ਉਹ ਪੱਕਾ ਹੋ ਗਿਆ। ਉਸ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਉਹ ਹੁਣ ਆਪਣੇ ਕੋਲ ਆਪਣੇ ਮੰਮੀ ਪਾਪਾ ਨੂੰ ਬੁਲਾਉਣਾ ਚਾਹੁੰਦਾ ਸੀ । ਇਕਲੌਤਾ ਪੁੱਤਰ ਹੋਣ ਕਰਕੇ ਮਾਂ ਬਾਪ ਨੂੰ ਤਾਂ ਉਸ ਦੇ ਵਿਆਹ ਦੀ ਕਾਹਲੀ ਸੀ।
ਉਸ ਨੂੰ ਇੰਡੀਆ ਬੁਲਾ ਕੇ ਉਸ ਦੀ ਖਾਤਰ ਕੁੜੀ ਲੱਭਣੀ ਸ਼ੁਰੂ ਕੀਤੀ। ਬਾਹਰੋਂ ਆਇਆ ਹੋਣ ਕਰਕੇ ਰਿਸ਼ਤਿਆਂ ਵਾਲ਼ਿਆਂ ਨੇ ਤਾਂ ਉਹਨਾਂ ਦੀ ਦੇਹੜੀ ਨੀਵੀਂ ਕੀਤੀ ਪਈ ਸੀ , ਕਿਤੋਂ ਕੋਈ ਆਪਣੀ ਇਕੱਲੀ ਇਕੱਲੀ ਕੁੜੀ ਦਾ ਰਿਸ਼ਤਾ ਲਿਆ ਰਿਹਾ ਸੀ ਤੇ ਕੋਈ ਡਾਕਟਰ ਜਾਂ ਇੰਜਨੀਅਰ ਕੁੜੀ ਦੀ ਦੱਸ ਪਾ ਰਿਹਾ ਸੀ,ਤੇ ਕੋਈ ਬਹੁਤੇ ਦਾਜ ਜਾਂ ਵੱਡੀ ਗੱਡੀ ਦਾ ਲਾਲਚ ਦੇ ਕੇ ਉਸ ਨੂੰ ਰਿਸ਼ਤਾ ਕਰਨਾ ਚਾਹੁੰਦਾ ਸੀ।ਪਰ ਹਰਮਨ ਦੀ ਮੰਮੀ ਨੇ ਗਰੀਬ ਘਰ ਦੀ ਵੱਡੇ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਲੈਣਾ ਮਨਜ਼ੂਰ ਕੀਤਾ ਕਿਉਂਕਿ ਉਹ ਸੋਚਦੀ ਸੀ ਕਿ ਉਹਨਾਂ ਨੂੰ ਤਾਂ ਕੋਈ ਕਬੀਲਦਾਰ ਘਰ ਦੀ ਕੁੜੀ ਚਾਹੀਦੀ ਹੈ ਜੋ ਹਰਮਨ ਦਾ ਘਰ ਵਸਾਉਣ ਦੇ ਨਾਲ ਨਾਲ ਉਹਨਾਂ ਦੀ ਵੀ ਸੇਵਾ ਕਰੇ। ਉਹਨਾਂ ਨੂੰ ਦਾਜ ਦਹੇਜ ਦਾ ਕੋਈ ਲੋਭ ਨਹੀਂ ਸੀ।
ਵਿਆਹ ਬਹੁਤ ਵਧੀਆ ਹੋ ਗਿਆ ਸੀ। ਸਾਰੇ ਬਹੁਤ ਖੁਸ਼ ਸਨ। ਹਰਮਨ ਦੀ ਪਤਨੀ ਜਸਮੀਤ ਵੀ ਬਹੁਤ ਖੁਸ਼ ਸੀ। ਹਰਮਨ ਮਹੀਨੇ ਬਾਅਦ ਕਨੇਡਾ ਵਾਪਸ ਚਲਿਆ ਗਿਆ। ਉਸ ਨੇ ਆਪਣੀ ਪਤਨੀ ਨੂੰ ਆਪਣੇ ਕੋਲ ਜਾਣ ਲਈ ਕਾਗਜ਼ ਤਾਂ ਐਥੇ ਹੁੰਦੇ ਈ ਭਰ ਦਿੱਤੇ ਸਨ। ਹਰਮਨ ਦੇ ਜਾਣ ਤੋਂ ਤੀਜੇ ਦਿਨ ਬਾਅਦ ਹੀ ਜਸਮੀਤ ਦਾ ਪਿਓ ਉਸ ਨੂੰ ਪੇਕੇ ਲਿਜਾਣ ਲਈ ਆ ਗਿਆ। ਹਰਮਨ ਦੇ ਮੰਮੀ ਨੇ ਕਿਹਾ,” ਭਰਾ ਜੀ…. ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਇੱਕ ਗੱਲ ਆਖਾਂ….?” “ਹਾਂ ਜੀ ਭੈਣ ਜੀ …. ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ….?” ਜਸਮੀਤ ਦੇ ਪਿਓ ਨੇ ਆਖਿਆ।
“ਭਰਾ ਜੀ….. ਜਸਮੀਤ ਹੁਣ ਸਾਡੀ ਵੀ ਧੀ ਐ….. ਇਸ ਨੂੰ ਸਾਡੇ ਕੋਲ ਰਹਿਣ ਦਿਓ…… ਐਨੀ ਵੀ ਕਾਹਦੀ ਕਾਹਲ਼ੀ ਐ….. ਜੇ ਇਹ ਸਾਡੇ ਵਿੱਚ ਰਹੇਗੀ ਤਾਂ ਹੀ ਇਸ ਦਾ ਸਾਡੇ ਨਾਲ ਪਿਆਰ ਵਧੇਗਾ…..ਜਦ ਇਸਦਾ ਦਿਲ ਕਰਿਆ ਕਰੇਗਾ ਅਸੀਂ ਗੱਡੀ ਵਿੱਚ ਲਿਜਾ ਕੇ ਮਿਲਾ ਲਿਆਇਆ ਕਰਾਂਗੇ….।”
“ਭੈਣ ਜੀ…… ਪਿਆਰ ਵਧਣ ਨੂੰ ਕੀ ਆ…… ਇਹਨੇ ਕਿਹੜਾ ਤੁਹਾਡੇ ਨਾਲ ਰਹਿਣਾ ਏ….. ਇਹਦੇ ਕਾਗਜ਼ ਜਿਵੇਂ ਈ ਹਰਮਨ ਨੇ ਤਿਆਰ ਕਰਕੇ ਭੇਜੇ ….. ਉਸੇ ਵੇਲੇ ਇਹਨੇ ਕਨੇਡਾ ਦਾ ਜਹਾਜ਼ ਚੜ੍ਹ ਜਾਣਾ….. ਸੁੱਖ ਨਾਲ ਤਿੰਨ ਨਿੱਕੀਆਂ ਭੈਣਾਂ ਨੇ ਤੇ ਮਸਾਂ ਮਸਾਂ ਦਾ ਨਿੱਕਾ ਵੀਰ ਆ….. ਹੁਣ ਜਿਹੜਾ ਟੈਮ ਬਿਤਾਉਣਾ….. ਹੱਸ ਖੇਡ ਕੇ ਬਿਤਾ ਲਏ…… ਫੇਰ ਕਨੇਡਾ ਤੋਂ ਖ਼ਬਰੇ ਕਦ ਗੇੜਾ ਲੱਗੇ….!”
ਜਸਮੀਤ ਦੇ ਪਿਓ ਦੀ ਐਨੀ ਗੱਲ ਸੁਣ ਕੇ ਹਰਮਨ ਦੀ ਮੰਮੀ ਨੇ ਆਪਣੇ ਬੁੱਲ ਈ ਸਿਉਂ ਲਏ….. ਕਿਉਂ ਕਿ ਜੇ ਹੋਰ ਕੁਝ ਆਖਦੀ ਤਾਂ ਹੋ ਸਕਦਾ ਸੀ ਕਿ ਉਸ ਦਾ ਪਿਓ ਕੁਝ ਹੋਰ ਹੀ ਮੂੰਹੋਂ ਕੱਢਦਾ। ਵੈਸੇ ਵੀ ਸੱਸ ਦਾ ਤਾਂ ਨਾਂ ਈ ਸਾਡੇ ਸਮਾਜ ਵਿੱਚ ਬਦਨਾਮ ਹੈ।
ਜਸਮੀਤ ਆਪਣੇ ਡੈਡੀ ਦੇ ਸਕੂਟਰ ਮਗਰ ਬੈਠ ਕੇ ਪੇਕੇ ਚਲੀ ਗਈ । ਜਸਮੀਤ ਦੇ ਪੇਕਿਆਂ ਦਾ ਪਰਿਵਾਰ ਸਰਦਾ ਪੁੱਜਦਾ ਜਿਹਾ ਗੁਜ਼ਾਰੇ ਜੋਗਾ ਹੀ ਸੀ ਉਹਨਾਂ ਕੋਲ ਤਾਂ ਹਜੇ ਅਗਲੇ ਪੰਦਰਾਂ ਸਾਲ ਗੱਡੀ ਲੈਣ ਦੀ ਹਿੰਮਤ ਨਹੀਂ ਸੀ ਕਿਉਂਕਿ ਜਸਮੀਤ ਤੋਂ ਛੋਟੀਆਂ ਤਿੰਨ ਕੁੜੀਆਂ ਤੇ ਚੌਥਾ ਮੁੰਡਾ ਸੀ ਜਿਨ੍ਹਾਂ ਦੀ ਪੜ੍ਹਾਈ ਤੇ ਵਿਆਹਾਂ ਦੇ ਖਰਚੇ ਈ ਮਸਾਂ ਪੂਰੇ ਪੈਂਦੇ ਸਨ।
ਦੂਜੇ ਦਿਨ ਈ ਹਰਮਨ ਦਾ ਆਪਣੀ ਮੰਮੀ ਨੂੰ ਫ਼ੋਨ ਆਇਆ,” ਮੰਮੀ….. ਥੋਡੀ ਜਸਮੀਤ ਦੇ ਪਾਪਾ ਨਾਲ ਕੀ ਬਹਿਸ ਹੋ ਗਈ ਸੀ ਕੱਲ੍ਹ…..? ….. ਮੈਨੂੰ ਤਾਂ ਜਸਮੀਤ ਦਾ ਫੋਨ ਆਇਆ ਕਿ ਤੁਸੀਂ ਉਸ ਦੇ ਪਾਪਾ ਨੂੰ ਬਹੁਤ ਬੋਲੇ….!”
“ਬੇਟਾ…… ਮੈਂ ਤੈਨੂੰ ਬੋਲਣ ਵਾਲੀ ਲੱਗਦੀ ਆਂ……. (ਸਾਰੀ ਗੱਲ ਦੱਸਦੇ ਹੋਏ) ….. ਐਨੀ ਗੱਲ ਹੋਈ ਆ….. ਇਹ ਤਾਂ ਕੋਈ ਵੱਡੀ ਗੱਲ ਨੀ ਸੀ ….. ਜੋ ਜਸਮੀਤ ਨੇ ਤੈਨੂੰ ਦੱਸ ਵੀ ਦਿੱਤੀ…..ਇਹੋ ਜਿਹੀਆਂ ਗੱਲਾਂ ਤਾਂ ਆਮ ਈ ਆਪਸ ਵਿੱਚ ਹੋ ਜਾਂਦੀਆਂ ਨੇ।” ਹਰਮਨ ਸਮਝ ਗਿਆ ਸੀ। ਜਸਮੀਤ ਨੇ ਤਾਂ ਜਿਵੇਂ ਸਹੁਰੇ ਘਰ ਨਾ ਆਉਣ ਦੀ ਸਹੁੰ ਈ ਪਾ ਲਈ ਸੀ । ਜੇ ਕਦੇ ਪਿੰਡ ਸ਼ਰੀਕੇ ਦੇ ਘਰ ਕੋਈ ਵਿਆਹ ਸ਼ਾਦੀ ਤੇ ਆਉਣ ਨੂੰ ਆਖਣਾ ਤਾਂ ਉਸ ਨੇ ਸਾਫ਼ ਜਵਾਬ ਦੇ ਦੇਣਾ। ਓਧਰ ਹਰਮਨ ਤੋਂ ਪੈਸੇ ਮੰਗਵਾਉਣ ਦੀ ਤਾਂ ਹੱਦ ਈ ਟੱਪ ਗਈ ਸੀ।ਕਦੇ ਆਪਣੀ ਕਿਸੇ ਭੈਣ ਦਾ ਆਖਣਾ ਕਿ ਆਹ ਮੰਗਦੀ ਆ,ਕਦੇ ਛੋਟੇ ਭਰਾ ਲਈ ਕੁਛ ਮੰਗਣਾ, ਆਪਣੇ ਡੈਡੀ ਲਈ ਮਹਿੰਗਾ ਫੋਨ, ਆਪਣੇ ਲਈ ਮਹਿੰਗੀ ਘੜੀ,ਆਏ ਦਿਨ ਉਸ ਦੀ ਨਵੀਂ ਮੰਗ ਹੁੰਦੀ ਸੀ।
ਹਰਮਨ ਸਮਝਦਾ ਤਾਂ ਸਭ ਕੁਝ ਸੀ ਪਰ ਬੋਲਣਾ ਨਹੀਂ ਚਾਹੁੰਦਾ ਸੀ ਕਿਉਂਕਿ ਇੱਕ ਵਾਰੀ ਉਸ ਨੇ ਮੰਮੀ ਪਾਪਾ ਕੋਲ ਜਾਣ ਲਈ ਆਖ ਦਿੱਤਾ ਸੀ ਤਾਂ ਉਸ ਨੇ ਉਸ ਨਾਲ਼ ਵੀ ਕਲੇਸ਼ ਪਾਈ ਰੱਖਿਆ ਸੀ ਕਿ ਉਸ ਦੇ ਮਾਪੇ ਉਸ ਨੂੰ ਉਸ ਦੇ ਖਿਲਾਫ ਚੱਕਦੇ ਨੇ। ਹਰਮਨ ਦੇ ਉਸ ਸਮੇਂ ਸਾਹ ਵਿੱਚ ਸਾਹ ਆਇਆ ਜਦ ਉਸ ਦਾ ਵੀਜ਼ਾ ਲੱਗ ਗਿਆ।
ਜਸਮੀਤ ਕਨੇਡਾ ਜਾ ਕੇ ਵੀ ਹਰਮਨ ਨਾਲ਼ ਇਹੋ ਕੁਝ ਕਰਦੀ। ਇੱਕ ਵਾਰ ਤਾਂ ਉਸ ਨੇ ਉਸ ਦੀ ਮਾਂ ਨੂੰ ਫ਼ੋਨ ਤੇ ਇਹ ਗੱਲ ਕਹਿੰਦਿਆਂ ਆਪ ਸੁਣਿਆ ਸੀ,” ਜੱਸੀਏ…… ਤੂੰ ਪ੍ਰਾਹੁਣੇ ਨੂੰ ਹੱਥ ਤੇ ਰੱਖ…… ਤੈਂ ਕੀ ਲੈਣਾ ਇਹਦੇ ਮਾਪਿਆਂ ਤੋਂ….. ਨਾਲ਼ੇ ਧਿਆਨ ਰੱਖੀਂ…… ਓਹਨਾਂ ਦੇ ਕਾਗਜ਼ ਨਾ ਭਰਨ ਦੇਈਂ…… ਆਪਣੇ ਗਲ਼ ਸਿਆਪਾ ਨਾ ਪਾ ਲਈਂ ਐਥੇ ਬੁਲਾ ਕੇ…… ਹਾਂ ਸੱਚ ਆਪਣੀਆਂ ਛੋਟੀਆਂ ਭੈਣਾਂ ਲਈ ਵੀ ਮੁੰਡੇ ਲੱਭਣੇ ਸ਼ੁਰੂ ਕਰ ਦੇ…… ਬਹਾਨੇ ਨਾਲ ਅਸੀਂ ਵੀ ਕਨੇਡਾ ਦੇਖ ਲਵਾਂਗੇ…..।” ਹਰਮਨ ਨੇ ਇੱਕ ਦੋ ਵਾਰ ਮਨ੍ਹਾ ਵੀ ਕੀਤਾ….. ਪਰ ਉਹ ਕਿੱਥੇ ਸਮਝਦੀ ਸੀ ,ਉਸ ਨੂੰ ਤਾਂ ਉਸ ਦੇ ਮਾਂ ਪਿਓ ਦੀ ਪੂਰੀ ਚੁੱਕ ਸੀ। ਹਰਮਨ ਤਾਂ ਕਿਤੇ ਬਾਹਰ ਕੰਮ ਗਿਆ ਚੋਰੀ ਛਿਪੇ ਆਪਣੇ ਮੰਮੀ ਪਾਪਾ ਨੂੰ ਫ਼ੋਨ ਕਰਦਾ ਸੀ।ਜੇ ਕਿਤੇ ਜਸਮੀਤ ਨੂੰ ਪਤਾ ਲੱਗ ਜਾਂਦਾ ਸੀ ਤਾਂ ਕਲੇਸ਼ ਕਰਕੇ ਘਰ ਵਿੱਚ ਹਫ਼ਤਾ ਰੋਟੀ ਨੀ ਪੱਕਦੀ ਸੀ।
ਹਰਮਨ ਦੇ ਮੰਮੀ ਪਾਪਾ ਨੇ ਸਬਰ ਈ ਕਰ ਲਿਆ ਸੀ ਤੇ ਉਸ ਨੂੰ ਕਿਹਾ ਸੀ ਕਿ ਉਹ ਆਪਣਾ ਘਰ ਵਸਾਵੇ…. ਉਹਨਾਂ ਵੱਲ ਕੋਈ ਬਹੁਤਾ ਧਿਆਨ ਨਾ ਦੇਵੇ।ਪਰ ਫਿਰ ਵੀ ਮਾਂ ਬਾਪ ਤਾਂ ਮਾਂ ਬਾਪ ਈ ਹੁੰਦੇ ਨੇ, ਹਰਮਨ ਸੋਚਦਾ ਸੀ ਕਿ ਉਹਨਾਂ ਤੋਂ ਕੀ ਕਸੂਰ ਹੋਇਆ ਸੀ ਕਿ ਜੋ ਸਜ਼ਾ ਉਹਨਾਂ ਨੂੰ ਭੁਗਤਣੀ ਪੈ ਰਹੀ ਸੀ। ਹਰਮਨ ਦੇ ਤਿੰਨ ਸਾਲਾਂ ਵਿੱਚ ਦੋ ਜੁਆਕ ਹੋ ਗਏ ਸਨ। ਪਰ ਉਸ ਦੇ ਸਹੁਰਿਆਂ ਦੀ ਦਖਲਅੰਦਾਜ਼ੀ ਤੇ ਸਾਲੀਆਂ ਲਈ ਪੱਕੇ ਮੁੰਡੇ ਲੱਭਣ ਦਾ ਦਬਾਅ ਪਾਉਂਦੇ ਰਹਿੰਦੇ। ਹਰਮਨ ਨੂੰ ਪਤਾ ਸੀ ਕਿ ਜਦ ਉਹ ਉਸ ਦੇ ਮੰਮੀ ਪਾਪਾ ਨਾਲ ਗੱਲ ਵੀ ਨਹੀਂ ਕਰਨ ਦਿੰਦੀ ਤਾਂ ਉਸ ਦੇ ਸਾਰੇ ਟੱਬਰ ਨੂੰ ਬੁਲਾ ਕੇ ਉਹ ਆਪਣੇ ਲਈ ਕੰਡੇ ਕਿਉਂ ਬੀਜੇ। ਹਰਮਨ ਘਰ ਦੇ ਕਲੇਸ਼ ਤੋਂ ਦੁਖੀ ਹੋ ਕੇ ਕੰਮ ਦੀਆਂ ਦਿਨ ਰਾਤ ਦੀਆਂ ਸ਼ਿਫਟਾਂ ਲਾਉਣ ਲੱਗਿਆ। ਘਰੇ ਲੇਟ ਆਉਂਦਾ ਤੇ ਜਲਦੀ ਨਿਕਲ ਜਾਂਦਾ।
ਹਰਮਨ ਦੀ ਪਤਨੀ ਜਸਮੀਤ ਦੇ ਪੇਕਿਆਂ ਦਾ ਉਸ ਉੱਪਰ ਦਬਾਅ ਵਧਦਾ ਗਿਆ ਤੇ ਉਹ ਡਿਪਰੈਸ਼ਨ ਵਿੱਚ ਜਾਣ ਲੱਗੀ। ਵੱਡਾ ਮੁੰਡਾ ਤਿੰਨ ਸਾਲ ਦਾ ਅਤੇ ਛੋਟੀ ਕੁੜੀ ਮਸਾਂ ਡੇਢ ਸਾਲ ਦੀ ਸੀ ਕਿ ਹਰਮਨ ਜਦੋਂ ਘਰ ਆਇਆ ਤਾਂ ਜਸਮੀਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਮਰੀ ਪਈ ਸੀ। ਉਸ ਨੇ ਫਟਾਫਟ ਪਹਿਲਾਂ ਉਸ ਦੇ ਪੇਕਿਆਂ ਨੂੰ ਹੀ ਜਾਣਕਾਰੀ ਦਿੱਤੀ।ਉਸ ਦੇ ਪੇਕਿਆਂ ਨੇ ਸਾਰਾ ਪਿੰਡ ਇਕੱਠਾ ਕਰਕੇ ਹਰਮਨ ਦੇ ਮੰਮੀ ਪਾਪਾ ਦੇ ਘਰ ਮੂਹਰੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਪੂਰੇ ਦੇਸ਼ ਵਿੱਚ ਖ਼ਬਰ ਫੈਲ ਗਈ ਕਿ ਜਸਮੀਤ ਨੂੰ ਅਨੇਕਾਂ ਕਸ਼ਟ ਦੇ ਕੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ,ਜਿਸ ਵਿੱਚ ਉਸ ਦੇ ਮਾਂ ਬਾਪ ਦਾ ਹੱਥ ਹੈ। ਇੱਥੇ ਮਾਂ ਬਾਪ ਤੇ ਕੇਸ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ,ਓਧਰ ਹਰਮਨ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।
ਜਸਮੀਤ ਦੇ ਪੇਕੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਸਨ। ਆਪਣੇ ਦੋਹਤਾ ਦੋਹਤੀ ਦੀ ਸਾਂਭ ਸੰਭਾਲ ਲਈ ਆਪਣੀਆਂ ਦੋ ਧੀਆਂ ਨੂੰ ਉਹਨਾਂ ਕੋਲ ਭੇਜਣ ਦੀ ਅਰਜ਼ੀ ਲਾ ਦਿੱਤੀ ਤੇ ਛੇਤੀ ਹੀ ਅਰਜ਼ੀ ਪਾਸ ਹੋ ਗਈ। ਜਸਮੀਤ ਦੀਆਂ ਦੋ ਭੈਣਾਂ ਨੂੰ ਕਨੇਡਾ ਆ ਕੇ ਬੱਚੇ ਸੰਭਾਲਣ ਦਾ ਵੀਜ਼ਾ ਮਿਲ ਗਿਆ।ਉਹ ਉਸ ਘਰ ਦੀਆਂ ਮਾਲਕਣਾਂ ਬਣ ਕੇ ਬੈਠ ਗਈਆਂ ਸਨ। ਇੱਕ ਤਾਂ ਸਾਰੀ ਦੁਨੀਆਂ ਵਿੱਚ ਹਰਮਨ ਅਤੇ ਉਸ ਦੇ ਮੰਮੀ ਪਾਪਾ ਬਦਨਾਮ ਹੋ ਗਏ ਸਨ ਤੇ ਦੂਜਾ ਉਹ ਉਸ ਕਸੂਰ ਵਿੱਚ ਜੇਲਾਂ ਵਿੱਚ ਬੰਦ ਸਨ ਜੋ ਉਹਨਾਂ ਨੇ ਕੀਤਾ ਈ ਨਹੀਂ ਸੀ।
ਹਰਮਨ ਜੇਲ੍ਹ ਵਿੱਚ ਬੰਦ ਆਪਣੇ ਮੰਮੀ ਪਾਪਾ ਨੂੰ ਯਾਦ ਕਰਕੇ ਰੋਂਦਾ ਹੋਇਆ ਉਹਨਾਂ ਤੋਂ ਦਿਲ ਵਿੱਚ ਹੀ ਮਾਫ਼ੀ ਮੰਗਦਾ ਹੈ ਤੇ ਰੱਬ ਅੱਗੇ
ਅਰਦਾਸ ਕਰਦਾ ਹੈ,” ਰੱਬਾ! ਕਿਸੇ ਨੂੰ ਤਾਂ ਸੁਮੱਤ ਬਖਸ਼ …. ਕਿ ਦੁਨੀਆਂ ਵਿੱਚ ਕੋਈ ਐਸਾ ਕਾਨੂੰਨ ਬਣੇ ਜਿਸ ਵਿੱਚ ਮੇਰੇ ਵਰਗੇ ਮਰਦ ਦੇ ਦਰਦ ਨੂੰ ਵੀ ਸਮਝਿਆ ਜਾ ਸਕੇ।”
ਉਹ ਇਸ ਤੁਕ ਫ਼ਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਪ ।। ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ।। ਨੂੰ ਯਾਦ ਕਰਦਾ ਹੋਇਆ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly