ਏਹੁ ਹਮਾਰਾ ਜੀਵਣਾ ਹੈ -321

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅਕਸਰ ਲੋਕ ਕਿੰਨੀ ਜਲਦੀ ਦੂਜਿਆਂ ਦੀਆਂ ਪਾਈਆਂ ਚੀਜ਼ਾਂ ਦੀ ਕੀਮਤ ਲਗਾ ਲੈਂਦੇ ਹਨ।ਅਸਲ ਵਿੱਚ ਉਹਨਾਂ ਨੂੰ ਕੋਈ ਅਕਾਸ਼ਵਾਣੀ ਨਹੀਂ ਹੋਈ ਹੁੰਦੀ,ਉਹ ਇਨਸਾਨ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਅਤੇ ਆਰਥਿਕ ਸਥਿਤੀਆਂ ਤੋਂ ਅੰਦਾਜ਼ਾ ਲਾਉਂਦੇ ਹਨ। ਆਪਾਂ ਵੀ ਤਾਂ ਉਸੇ ਦੁਨੀਆਂ ਦਾ ਹਿੱਸਾ ਹਾਂ। ਇੱਕ ਦਿਨ ਮੈਂ ਬਜ਼ਾਰ ਗਈ।ਮੇਰਾ ਛੋਟਾ ਮੋਟਾ ਮੇਕ ਅੱਪ ਦਾ ਸਮਾਨ ਖ਼ਤਮ ਹੋਇਆ ਸੀ ਤਾਂ ਮੈਂ ਸੋਚਿਆ ਖ਼ਰੀਦ ਲਵਾਂ।ਭਾਈ ਲਿਪਸਟਿਕਾਂ ਦਿਖਾ ਰਿਹਾ ਸੀ ।ਉਸ ਦੇ ਕੰਧ ਵਾਲ਼ੇ ਇੱਕ ਖ਼ਾਨੇ ਵਿੱਚ ਹਰੇ ਰੰਗ ਦੀਆਂ ਲਿਪਸਟਿਕਾਂ ਪਈਆਂ ਸਨ। ਮੈਂ ਭਾਈ ਨੂੰ ਕਿਹਾ,” ਔਹ ਹਰੇ ਰੰਗ ਦੀਆਂ ਲਿਪਸਟਿਕਾਂ ਵਾਲਾ ਡੱਬਾ ਦਿਖਾਇਓ…!” ਭਾਈ ਕਹਿੰਦਾ,”ਮੈਡਮ…ਓਹ ਥੋਡੇ ਕੰਮ ਦੀਆਂ ਨੀ… ਅਸੀਂ ਵੀ ਗਾਹਕ ਨੂੰ ਦੇਖ ਕੇ ਚੀਜ਼ ਦਿਖਾਉਂਦੇ ਹੁੰਦੇ ਆਂ…।”

“ਕਿਉਂ…? ਅਸੀਂ ਇਨਸਾਨ ਨੀ… ਅਕਸਰ ਬਣੀ ਏ ਚੀਜ਼ ਤਾਂ ਕੋਈ ਵੀ ਵਰਤ ਸਕਦੈ…!” ਮੈਂ ਹੈਰਾਨ ਹੋ ਕੇ ਉਸ ਨੂੰ ਆਖਿਆ।
“ਨਹੀਂ ਮੈਡਮ…ਉਹ ਬਹੁਤ ਘਟੀਆ ਹੈ ….(ਉਸ ਨੇ ਦੋ ਚਾਰ ਵੱਡੇ ਬਰੈਂਡਾਂ ਦੇ ਡੱਬੇ ਹੋਰ ਖੋਲ੍ਹ ਕੇ ਨਾਲ਼ ਸ਼ੇਡ ਕਾਰਡ ਦਿਖਾਉਂਦਿਆਂ ਚੁਆਇਸ ਕਰਨ ਲਈ ਕਿਹਾ)…ਆਹ ਦੇਖੋ।” ਕਹਿਕੇ ਉਹਨਾਂ ਵਿੱਚੋਂ ਪਸੰਦ ਕਰਵਾਉਣ ਲੱਗਿਆ।

ਕੋਈ ਦੋ ਸੌ,ਪੰਜ ਸੌ,ਸੱਤ ਸੌ, ਹਜ਼ਾਰ ਦੇ ਭਾਅ ਵਾਲ਼ੀਆਂ ਸਨ। ਪਰ ਮੇਰੇ ਦਿਮਾਗ ਦੀ ਸੂਈ ਹਰੀ ਲਿਪਸਟਿਕ ਤੇ ਅਟਕ ਗਈ ਤੇ ਮੇਰੀ ਨਿਗ੍ਹਾ ਬਾਰ ਬਾਰ ਉਸੇ ਡੱਬੇ ਤੇ ਜਾ ਰਹੀ ਸੀ। ਆਖ਼ਰ ਭਾਈ ਵੀ ਸਮਝ ਗਿਆ ਕਿ ਹੁਣ ਬੀਬੀ ਨੂੰ ਹਰੀ ਲਿਪਸਟਿਕ ਦਿਖਾਏ ਬਿਨਾਂ ਗੁਜ਼ਾਰਾ ਨਹੀਂ ਹੋਣਾ,ਇਸ ਲਈ ਉਸ ਨੇ ਉਹ ਡੱਬਾ ਲਾਹ ਕੇ ਵੀ ਮੇਰੇ ਮੂਹਰੇ ਰੱਖ ਦਿੱਤਾ। ਮੈਂ ਖੁਸ਼ੀ ਨਾਲ ਚੁੱਕੀ ਤੇ ਥੋੜ੍ਹੀ ਜਿਹੀ ਹੱਥ ਤੇ ਲਗਾ ਕੇ ਦੇਖੀ ਤਾਂ ਬਹੁਤ ਸੋਹਣਾ ਗੂੜ੍ਹਾ ਗੁਲਾਬੀ ਰੰਗ ਦਿੰਦੀ ਸੀ। ਮੈਂ ਫਟਾਫਟ ਪੁੱਛਿਆ,” ਇਹ ਕਿੰਨੇ ਦੀ ਆ…?”

“…ਜੀ ਵੀਹ ਰੁਪਏ ਦੀ…!”

“ਇੱਕ ਲਿਪਸਟਿਕ ਇਹ ਦੇ ਦੇ ,ਤੇ ਬਾਕੀ ਸਮਾਨ ਦੇ ਪੈਸੇ ਕਿੰਨੇ ਹੋਏ.. ? ਪੁੱਛ ਕੇ ਮੈਂ ਰਕਮ ਅਦਾ ਕੀਤੀ ।

ਦੂਜੇ ਦਿਨ ਉਹੀ ਲਿਪਸਟਿਕ ਲਗਾ ਕੇ ਮੈਂ ਸਕੂਲ ਗਈ ਤਾਂ ਮੇਰੀਆਂ ਸਾਥਣਾਂ ਵਾਰੋ ਵਾਰੀ ਆਖਣ ਲੱਗੀਆਂ
” ਲਿਪਸਟਿਕ ਚੇਂਜ ਕੀਤੀ ਆ…?”
” ਟੋਨ ਬੜਾ ਸੋਹਣਾ…”
“ਸ਼ਾਈਨ ਵੀ ਬੜਾ ਕਰਦੀ ਆ…”
“ਮੈਟ ਆ ਕ ਗਲੌਸੀ ਆ…?”
“ਕਿਹੜੀ ਕੰਪਨੀ ਦੀ ਆ…?”
“ਲੱਗਦਾ ਅਮਰੀਕਾ ਤੋਂ ਆਈ ਆ …”

“ਹਾਂ… ਮੈਂ ਵੀ ਕਹਿਣ ਲੱਗੀ ਸੀ ਬਈ ਬਾਹਰਲੀ ਓ ਲੱਗਦੀ ਆ…”

ਐਨੇ ਸਾਰੇ ਕੰਪਲੀਮੈਂਟਸ ਸੁਣ ਕੇ ਮੈਂ ਵੀ “ਹਰੀ ਲਿਪਸਟਿਕ” ਦਾ ਮਾਣ ਵਧਾਉਂਦਿਆਂ ਆਖਿਆ,”ਹਾਂ… ਬਾਹਰੋਂ ਈ ਆਈ ਆ…”
“ਮੈਮ ਤੁਸੀਂ ਕੰਪਨੀ ਦਾ ਨਾਂ ਦੇਖ ਕੇ ਆਇਓ…ਅਗਲੇ ਮਹੀਨੇ ਮੇਰੀ ਨਨਾਣ ਨੇ ਆਉਣਾ ਬਾਹਰੋਂ … ਮੈਂ ਵੀ ਉਹਦੇ ਤੋਂ ਮੰਗਵਾਊਂਗੀ …!”ਮੇਰੀ ਇੱਕ ਸਾਥਣ ਬੋਲੀ।

ਮੈਂ “ਹਰੀ ਲਿਪਸਟਿਕ ” ਦਾ ਹੋਰ ਮਾਣ ਵਧਾਉਂਦਿਆਂ ਆਖਿਆ,” ਇਹ ਬਹੁਤੇ ਵੱਡੇ ਸ਼ੋਅ ਰੂਮਾਂ ਵਿੱਚ ਈ ਮਿਲ਼ਦੀ ਆ…ਬੱਸ ਉਹਨਾਂ ਤੋਂ “ਗ੍ਰੀਨ ਲਿਪਸਟਿਕ” ਕਹਿ ਕੇ ਮੰਗ ਲੈਣ…।”

ਮੈਂ ਅਜਿਹਾ ਕਿਉਂ ਕੀਤਾ ਸੀ, ਮੈਨੂੰ ਵੀ ਹਜੇ ਤੱਕ ਸਮਝ ਨਹੀਂ ਆਈ ਸੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਜ਼ਰੂਰ ਹੋ ਰਹੀ ਸੀ ਕਿ ਮੈਂ ਇੱਕ ਨਿਮਾਣੀ ਜਿਹੀ ਚੀਜ਼ ਦਾ ਮਾਣ ਵਧਾ ਦਿੱਤਾ ਸੀ ਜਿਵੇਂ ਕਿਤੇ ਸੜਕਾਂ ਤੇ ਰੁਲ਼ਦੇ ਭਿਖਾਰੀ ਨੂੰ ਸਿੰਘਾਸਨ ਤੇ ਬਿਠਾ ਕੇ ਤਾਜ ਪਹਿਨਾ ਦਿੱਤਾ ਹੋਵੇ। ਗੱਲ ਤਾਂ ਮਨ ਦੀ ਖੁਸ਼ੀ ਦੀ ਹੁੰਦੀ ਹੈ, ਜਦੋਂ ਆਪਾਂ ਕਿਸੇ ਨਿੱਕੀ ਜਿਹੀ ਚੀਜ਼ ਨੂੰ ਵੱਡਾ ਮਾਣ ਦੇ ਦੇਈਏ ਤਾਂ ਅੰਦਰੋਂ ਖੁਸ਼ੀ ਪੈਦਾ ਹੋਣਾ ਸੁਭਾਵਿਕ ਹੀ ਹੁੰਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ 
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਵਿਦਿਆਰਥੀ ਜੀਵਨ ਲਈ ਅਹਿਮ …