(ਸਮਾਜ ਵੀਕਲੀ)
ਬਿੰਦਰੀ ਘਰ ਵਿੱਚ ਸਾਰਿਆਂ ਤੋਂ ਛੋਟਾ ਮੁੰਡਾ ਸੀ।ਇਸ ਲਈ ਮਾਂ ਦਾ ਬਹੁਤ ਲਾਡਲਾ ਪੁੱਤਰ ਸੀ। ਉਸ ਦੇ ਦੋਵੇਂ ਵੱਡੇ ਭਰਾ ਵਿਆਹੇ ਹੋਏ ਸਨ ਤੇ ਦੋ ਚੁਬਾਰਿਆਂ ਵਿੱਚ ਅੱਡ ਅੱਡ ਰਹਿੰਦੇ ਸਨ।ਬਿੰਦਰੀ ਨੇ ਵੀ ਦਸਵੀਂ ਪਾਸ ਕਰ ਲਈ ਸੀ। ਉਹ ਵਿਹਲੜ ਮੁੰਡਿਆਂ ਨਾਲ ਕਦੇ ਐਥੇ ਬੈਠਦਾ ਕਦੇ ਉੱਥੇ ਬੈਠਦਾ।ਕਦੇ ਕੋਈ ਮੁੰਡਾ ਹਾਕ ਮਾਰ ਲੈਂਦਾ ਤਾਂ ਉਸਦੇ ਸਾਈਕਲ ਮਗਰ ਬਹਿ ਕੇ ਤੁਰ ਜਾਂਦਾ। ਅਗਾਂਹ ਹੋਰ ਉਹ ਪੜ੍ਹਨਾ ਨਹੀਂ ਚਾਹੁੰਦਾ ਸੀ। ਪਹਿਲਾਂ ਈ ਦਸਵੀਂ ਬੜੀ ਔਖੀ ਨਕਲ ਮਾਰ ਕੇ ਪਾਸ ਕੀਤੀ ਸੀ। ਪਿਓ ਦਾ ਘਰ ਬਜ਼ਾਰ ਵਿੱਚ ਹੋਣ ਕਰਕੇ ਦੋ ਤਿੰਨ ਦੁਕਾਨਾਂ ਦਾ ਕਿਰਾਇਆ ਆਉਂਦਾ ਸੀ ਜਿਸ ਨਾਲ਼ ਉਹਨਾਂ ਦਾ ਰੋਟੀ ਪਾਣੀ ਤੁਰੀ ਜਾਂਦਾ ਸੀ।
ਵੱਡੇ ਦੋਨਾਂ ਮੁੰਡਿਆਂ ਦੀ ਨਾ ਆਪਸ ਵਿੱਚ ਬਣਦੀ ਸੀ ਤੇ ਨਾ ਹੀ ਮਾਂ ਪਿਉ ਨੂੰ ਪੁੱਛਦੇ ਸਨ। ਇਸ ਲਈ ਸਾਰਿਆਂ ਤੋਂ ਛੋਟੇ ਮੁੰਡੇ ਬਾਰੇ ਬੁੱਢੇ ਮਾਪੇ ਸਲਾਹ ਵੀ ਕਿਸ ਤੋਂ ਲੈਂਦੇ।ਇੱਕ ਦਿਨ ਉਹ ਆਪਣੇ ਦੁਕਾਨਦਾਰ ਕਿਰਾਏਦਾਰ ਕੋਲ਼ ਬੈਠਾ ਮੁੰਡੇ ਦੀ ਦਿਨ ਬ ਦਿਨ ਵਧ ਰਹੀ ਅਵਾਰਾਗਰਦੀ ਦੀਆਂ ਗੱਲਾਂ ਕਰਦੇ ਹੋਏ ਚਿੰਤੁਤ ਹੋ ਰਿਹਾ ਸੀ ਕਿ ਉੱਥੇ ਇੱਕ ਗਾਹਕ ਆਇਆ।ਉਹ ਵੀ ਗੱਲਾਂ ਵਿੱਚ ਦਿਲਚਸਪੀ ਦਿਖਾਉਂਦਾ ਹੋਇਆ ਉਹਨਾਂ ਨੂੰ ਮੁੰਡਾ ਬਾਹਰ ਭੇਜਣ ਦੀ ਸਲਾਹ ਦੇਣ ਲੱਗਾ। ਉਹਨਾਂ ਨੂੰ ਕਿਸੇ ਬੰਦੇ ਦਾ ਐਡਰੈੱਸ ਦੇ ਕੇ ਉਸ ਵੱਲੋਂ ਘੱਟ ਪੈਸਿਆਂ ਵਿੱਚ ਬਾਹਰ ਭੇਜਣ ਦੀ ਗੱਲ ਕਹਿ ਕੇ ਚਲਾ ਗਿਆ। ਬਿੰਦਰੀ ਦੇ ਪਿਓ ਨੇ ਆਪਣੀ ਪਤਨੀ ਨਾਲ ਸਲਾਹ ਕਰਕੇ ਉਸ ਬੰਦੇ ਨਾਲ਼ ਸੰਪਰਕ ਕੀਤਾ ਤਾਂ ਉਸ ਬੰਦੇ ਨੇ ਉਹਨਾਂ ਨੂੰ ਮੁੰਡਾ ‘ਦੋ ਨੰਬਰ’ ਵਿੱਚ ਮਹੀਨੇ ਦੇ ਵਿੱਚ ਵਿੱਚ ਹੀ ਬਾਹਰ ਭੇਜਣ ਦੀ ਗੱਲ ਆਖੀ। ਬਿੰਦਰੀ ਦੇ ਪਿਓ ਨੇ ਕੁਝ ਪੈਸੇ ਉਧਾਰ ਫੜੇ ਤੇ ਕੁਝ ਕੋਲੋਂ ਲਾ ਕੇ ਪੈਸੇ ਦਾ ਇੰਤਜ਼ਾਮ ਕਰ ਕੇ ਬਿੰਦਰੀ ਨੂੰ ਬਾਹਰ ਤੋਰ ਦਿੱਤਾ। ਜਿਹੜੀ ਮਾਂ ਨੇ ਕਦੇ ਇੱਕ ਪਲ ਵੀ ਆਪਣੇ ਪੁੱਤਰ ਨੂੰ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਉਸ ਲਈ ਪੁੱਤਰ ਨੂੰ ਬਾਹਰ ਤੋਰ ਕੇ ਰਹਿਣਾ ਔਖਾ ਹੋ ਰਿਹਾ ਸੀ।
ਬਿੰਦਰੀ ਦਾ ਪਿਓ ਹਫ਼ਤੇ ਕੁ ਬਾਅਦ ਜਾ ਕੇ ਉਸ ਬੰਦੇ ਨੂੰ ਪੁੱਛਦਾ ਰਹਿੰਦਾ ਕਿ ਉਹਨਾਂ ਦਾ ਪੁੱਤਰ ਕਿੱਥੇ ਕੁ ਪਹੁੰਚਿਆ ਹੈ ਤਾਂ ਏਜੰਟ ਉਸ ਨੂੰ ‘ਬਸ ਛੇਤੀ ਹੀ ਪਹੁੰਚਣ ਵਾਲ਼ਾ ਹੈ ” ਕਹਿ ਕੇ ਲਾਰਾ ਲਾ ਕੇ ਭੇਜ ਦਿੰਦਾ। ਮਾਂ ਰੋਜ਼ ਦਰਵਾਜ਼ੇ ਵਿੱਚ ਖੜ੍ਹ ਕੇ ਡਾਕੀਏ ਨੂੰ ਉਡੀਕਦੀ ਰਹਿੰਦੀ।ਜਦ ਚਿੱਠੀ ਦਿੱਤੇ ਬਿਨਾਂ ਡਾਕੀਆ ਲੰਘ ਜਾਂਦਾ ਤਾਂ ਮਾਯੂਸ ਹੋ ਜਾਂਦੀ।ਦੋ ਮਹੀਨੇ ਲੰਘ ਗਏ ਸਨ। ਹੁਣ ਜਦ ਬਿੰਦਰੀ ਦਾ ਪਿਓ ਏਜੰਟ ਨੂੰ ਮਿਲਣ ਗਿਆ ਤਾਂ ਉੱਥੇ ਦਫ਼ਤਰ ਦੀ ਜਗ੍ਹਾ ਕੱਪੜੇ ਦੀ ਦੁਕਾਨ ਸੀ। ਉਹਨਾਂ ਤੋਂ ਦਫ਼ਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ,”ਬਾਪੂ ਜੀ,ਉਹ ਬੰਦੇ ਤਾਂ ਦਿੱਲੀ ਤੋਂ ਕਿਤੋਂ ਆ ਕੇ ਇੱਥੇ ਰਹਿੰਦੇ ਸਨ, ਉਹਨਾਂ ਲੋਕਾਂ ਨੂੰ ਤਾਂ ਕੁਝ ਦਿਨ ਪਹਿਲਾਂ ਪੁਲਿਸ ਫ਼ੜ ਕੇ ਲੈ ਗਈ ਕਿਉਂਕਿ ਬਾਹਰਲੇ ਦੇਸ਼ ਵਿੱਚ ਜਿਹੜੀ ਕਿਸ਼ਤੀ ਵਿੱਚ ਕਈ ਮੁੰਡੇ ਸਮੁੰਦਰ ਵਿੱਚ ਡੁੱਬਣ ਵਾਲ਼ੀ ਘਟਨਾ ਵਾਪਰੀ ਹੈ ਕਹਿੰਦੇ ਨੇ ਕਿ ਉਸ ਵਿੱਚ ਇਹਨਾਂ ਦਾ ਹੱਥ ਹੈ।” ਬਿੰਦਰੀ ਦਾ ਪਿਓ ਇੱਕ ਬੁੱਤ ਜਿਹਾ ਬਣ ਗਿਆ ਸੀ।ਉਹ ਹਫ਼ਤੇ ਬਾਅਦ ਉਸ ਦਫ਼ਤਰ ਵਾਲ਼ੀ ਜਗ੍ਹਾ ਤੇ ਜਾ ਕੇ ਖੜ੍ਹਾ ਹੋ ਜਾਂਦਾ ਤੇ ਵਾਪਸ ਆ ਜਾਂਦਾ।
ਆਪਣੀ ਪਤਨੀ ਨੂੰ ਹਰੇਕ ਹਫ਼ਤੇ ਆ ਕੇ ਕਹਿ ਦਿੰਦਾ “ਪਹੁੰਚਣ ਵਾਲ਼ਾ” ਹੈ।ਦੋ ਸਾਲ ਲੰਘ ਗਏ ਸਨ ਪਰ ਮਾਂ ਬਾਪ ਦਸ ਸਾਲ ਜਿੰਨੇ ਬੁੱਢੇ ਹੋ ਗਏ ਸਨ। ਛੋਟੀ ਲਾਡਲੀ ਔਲਾਦ ਦੇ ਦੁੱਖ ਨੇ ਉਹਨਾਂ ਦੀ ਰੂਹ ਨੂੰ ਪਿੰਜ ਕੇ ਰੱਖ ਦਿੱਤਾ ਸੀ।ਕੋਈ ਆਖਦਾ ਸੀ ਬਿੰਦਰੀ ਮਰ ਗਿਆ, ਕੋਈ ਆਖੇ ਬਾਹਰ ਪਹੁੰਚ ਗਿਆ ਪਰ ਜੇਲ੍ਹ ਵਿੱਚ ਬੰਦ ਹੋਊ, ਕੋਈ ਕੁਛ ਤੇ ਕੋਈ ਕੁਛ ਆਖੇ। ਇੱਕ ਦਿਨ ਬੀਮਾਰ ਮਾਂ ਡਿਓਢੀ ਵਿੱਚ ਪਈ ਬਾਹਰ ਡਾਕੀਏ ਦੇ ਲੰਘਣ ਤੋਂ ਬਾਅਦ ਦਰਵਾਜ਼ੇ ਵੱਲ ਨੂੰ ਤੱਕਦੀ ਤੱਕਦੀ ਖੁੱਲ੍ਹੀਆਂ ਅੱਖਾਂ ਅੱਡੀ ਪ੍ਰਾਣ ਤਿਆਗ ਗਈ।ਬਿੰਦਰੀ ਦਾ ਪਿਓ ਕੋਲ਼ ਕੁਰਸੀ ਤੇ ਪੱਥਰ ਦੀ ਮੂਰਤ ਬਣਿਆ ਬਿਟ ਬਿਟ ਬੂਹੇ ਵੱਲ ਨੂੰ ਤੱਕ ਰਿਹਾ ਸੀ।ਪਰ ਜਦੋਂ ਨਾਲ਼ ਦੀ ਗੁਆਂਢਣ ਲਾਜੋ ,ਜੋ ਉਹਨਾਂ ਦਾ ਆਪਣੇ ਮਾਂ ਬਾਪ ਵਾਂਗ ਧਿਆਨ ਰੱਖਦੀ ਸੀ ,ਉਸ ਨੇ ਆ ਕੇ ਦੇਖਿਆ ਤਾਂ ਮਾਂ ਆਪਣੇ ਲਾਡਲੇ ਬਿੰਦਰੀ ਨੂੰ ਮਿਲਣ ਲਈ ਆਖ਼ਰੀ ਸਫ਼ਰ ਤੇ ਨਿਕਲ ਗਈ ਸੀ ।
ਪਿਓ ਵੀ ਬੱਸ ਇੱਕ ਜਿਊਂਦੀ ਲਾਸ਼ ਹੀ ਸੀ ਜੋ ਉਸ ਕੋਲ ਕੁਰਸੀ ਤੇ ਬੈਠਾ ਉਸ ਵੱਲ ਬਿਨਾਂ ਅੱਖਾਂ ਝਪਕੇ ਬਿਟ ਬਿਟ ਤੱਕ ਰਿਹਾ ਸੀ। ਲਾਜੋ ਉਹਨਾਂ ਦਾ ਅਸਹਿ ਦੁੱਖ ਵੇਖ ਕੇ ਫ਼ਰੀਦ ਜੀ ਦੇ ਸਲੋਕ ਨੂੰ ਯਾਦ ਕਰਦੀ ਹੋਈ ਆਪਣੇ ਆਪ ਨੂੰ ਸੰਭਾਲਦੀ ਹੋਈ ਜੀਵਨ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ।
ਫ਼ਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ।।
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ।।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly