ਏਹੁ ਹਮਾਰਾ ਜੀਵਣਾ ਹੈ -310

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਚਰਨੋ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ। ਉਹ ਅਠਾਰਾਂ ਕੁ ਵਰ੍ਹਿਆਂ ਦੀ ਸੀ ਕਿ ਉਸ ਦੀ ਬੇਬੇ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ,ਉਸ ਦੀਆਂ ਦੋ ਵੱਡੀਆਂ ਭਰਜਾਈਆਂ ਨੇ ਉਸ ਦਾ ਦਾਜ ਵਗੈਰਾ ਤਿਆਰ ਕਰਕੇ ਉਸ ਦੇ ਹੱਥ ਪੀਲੇ ਕੀਤੇ ਸਨ। ਉਹ ਲਾਗਲੇ ਪਿੰਡ ਈ ਬੜੇ ਤਕੜੇ ਘਰ ਵਿਆਹੀ ਗਈ ਸੀ। ਸਾਲ ਕੁ ਬਾਅਦ ਉਸ ਦੇ ਵੱਡੀ ਕੁੜੀ ਸਿੰਮੀ ਹੋ ਗਈ ਸੀ ਤੇ ਉਸ ਤੋਂ ਦੋ ਸਾਲ ਬਾਅਦ ਛੋਟਾ ਮੁੰਡਾ ਦੀਪਾ ਹੋ ਗਿਆ ਸੀ। ਉਸ ਦਾ ਘਰਵਾਲਾ ਬੜਾ ਤਕੜੇ ਜੁੱਸੇ ਵਾਲਾ ਛੇ ਫੁੱਟ ਲੰਮਾ ਕਹਿੰਦਾ ਕਹਾਉਂਦਾ ਜੁਆਨ ਸੀ। ਜਦ ਉਸ ਨੇ ਬੁਲੇਟ ਮੋਟਰਸਾਈਕਲ ਤੇ ਦੁੱਗ ਦੁੱਗ ਕਰਦੇ ਨੇ ਸਹੁਰਿਆਂ ਦੇ ਗੇਟ ਵਿੱਚੋਂ ਅੰਦਰ ਵੜਨਾ ਤਾਂ ਚਰਨੋ ਦੇ ਪਿਓ ਤੇ ਭਰਾਵਾਂ ਦੇ ਸੀਨੇ ਮਾਣ ਨਾਲ ਚੌੜੇ ਹੋ ਜਾਂਦੇ ਕਿਉਂਕਿ ਉਸ ਜਿੰਨਾਂ ਸੁਨੱਖਾ ਤੇ ਅਕਲ ਵਾਲਾ ਜਵਾਈ ਪਿੰਡ ਵਿੱਚ ਕਿਸੇ ਦਾ ਨੀ ਸੀ।

ਨਿਆਣੇ ਹਜੇ ਛੋਟੇ ਈ ਸਨ ਕਿ ਉਨ੍ਹਾਂ ਦਾ ਕਿਸੇ ਨਾਲ ਆਪਣੀ ਕੁਝ ਕੁ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਛੁਡਵਾਉਣ ਲਈ ਰੌਲ਼ਾ ਚੱਲਦਾ ਸੀ। ਦੁਸ਼ਮਣਾਂ ਦੇ ਮਨ ਵਿੱਚ ਪਤਾ ਨਹੀਂ ਕੀ ਬਦੀ ਉੱਠੀ ਕਿ ਉਸ ਨੂੰ ਕਿਤੋਂ ਕੰਮ ਜਾ ਕੇ ਆਉਂਦੇ ਨੂੰ ਪਿੰਡ ਦੀ ਫਿਰਨੀ ਤੇ ਹੀ ਰੋਕ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਾਰਾ ਘਰ ਉਸ ਦੇ ਸਿਰ ਤੇ ਹੀ ਚੱਲਦਾ ਸੀ ਕਿਉਂਕਿ ਚਰਨੋ ਦਾ ਜੇਠ ਤਾਂ ਪਹਿਲਾਂ ਹੀ ਕਿਸੇ ਬਿਮਾਰੀ ਕਾਰਨ ਭਰ ਜਵਾਨੀ ਵਿੱਚ ਨਿੱਕੇ ਨਿੱਕੇ ਨਿਆਣੇ ਛੱਡ ਕੇ ਪੂਰਾ ਹੋ ਗਿਆ ਸੀ।ਉਸ ਤੋਂ ਪਹਿਲਾਂ ਉਸ ਦੀ ਵਿਧਵਾ ਸੱਸ ਨੇ ਬੰਦਿਆਂ ਵਰਗੇ ਹੌਂਸਲੇ ਨਾਲ ਜ਼ਮੀਨ ਦੇ ਸਿਰ ਤੇ ਆਪਣੇ ਦੋਵੇਂ ਪੁੱਤ ਪਾਲੇ ਸਨ।

ਹੁਣ ਘਰ ਵਿੱਚ ਇੱਕ ਸੱਸ ਤੇ ਦੋ ਨੂੰਹਾਂ ਤੇ ਉਹਨਾਂ ਦੇ ਚਾਰ ਬੱਚੇ ਰਹਿ ਗਏ ਸਨ। ਓਧਰ ਪਹਿਲਾਂ ਹੀ ਜਠਾਣੀ ਦੇ ਪੇਕੇ ਆਪਣੀ ਧੀ ਤੇ ਉਸ ਦੇ ਜਵਾਕਾਂ ਦੀ ਸਾਰੀ ਜ਼ਿੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਅ ਰਹੇ ਸਨ,ਓਹੀ ਜ਼ਿੰਮੇਵਾਰੀ ਹੁਣ ਚਰਨੋ ਦੇ ਪੇਕਿਆਂ ਤੇ ਵੀ ਆ ਪਈ ਸੀ। ਚਰਨੋ ਦੇ ਭਰਾਵਾਂ ਨੇ ਆਪਣੇ ਜਵਾਈ ਦੇ ਕਾਤਲਾਂ ਖਿਲਾਫ਼ ਕੇਸ ਲੜਨ ਲਈ ਤਰੀਕਾਂ ਭੁਗਤਣ ਲਈ ਭੈਣ ਦਾ ਸਾਥ ਦੇਣਾ,ਉਸ ਦੇ ਘਰ ਦਾ ਰਾਸ਼ਨ ਪਾਣੀ ਅਤੇ ਹੋਰ ਸਭ ਜ਼ਿੰਮੇਵਾਰੀਆਂ ਦਾ ਸਾਰਾ ਬੋਝ ਆਪਣੇ ਸਿਰ ਲੈ ਲਿਆ ਸੀ। ਚਰਨੋ ਦੇ ਬੱਚੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੇ ਸਨ। ਜਦੋਂ ਸਿੰਮੀ ਨੇ ਦਸਵੀਂ ਪਾਸ ਕਰ ਲਈ ਤਾਂ ਚਰਨੋ ਦੇ ਬਾਪੂ ਅਤੇ ਭਰਾਵਾਂ ਨੇ ਦੋਹਤੀ ਨੂੰ ਆਪਣੇ ਕੋਲ ਰੱਖ ਕੇ ਕਾਲਜ ਦੀ ਪੜ੍ਹਾਈ ਕਰਵਾਉਣ ਲਈ ਲੈ ਆਂਦਾ।

ਚਰਨੋ ਆਪਣੇ ਬਾਪੂ ਜੀ ਨੂੰ ਆਖਣ ਲੱਗੀ,” ਬਾਪੂ ਜੀ…… ਸਿੰਮੀ…. ਤਾਂ ਨਿਆਣੀ ਐਂ….. ਤੁਸੀਂ ਧਿਆਨ ਰੱਖਿਓ….. ਕਿਤੇ ਭਾਬੀ ਹੋਰੀਂ ਓਹਤੋ ਘਰ ਦੇ ਕੰਮ ਈ ਨਾ ਕਰਵਾਈ ਜਾਣ…!”

ਚਰਨੋ ਦਾ ਬਾਪੂ ਆਖਣ ਲੱਗਿਆ,”ਕੁੜੇ ਤੂੰ ਕਿਉਂ ਫ਼ਿਕਰ ਕਰਦੀ ਐਂ….ਹਜੇ ਤਾਂ ਮੈਂ ਬੈਠਾਂ…… ਮੇਰੇ ਹੁੰਦੇ ਤੈਨੂੰ ਕੀ ਫ਼ਿਕਰ ਲੱਗ ਗਿਆ…. ਮੇਰੇ ਸਾਹਮਣੇ ਤਾਂ ਇਹਨਾਂ ਦੀ ਉੱਚੀ ਅਵਾਜ਼ ਨੀ ਨਿਕਲੀ ਅੱਜ ਤੱਕ…. ਕਰਵਾਉਣਗੀਆਂ ਮੇਰੀ ਦੋਹਤੀ ਤੋਂ ਕੰਮ….?”
ਚਰਨੋ ਦਾ ਉਂਝ ਤਾਂ ਆਪਣੀਆਂ ਚਾਰੇ ਭਰਜਾਈਆਂ ਨਾਲ਼ ਬਹੁਤ ਪਿਆਰ ਸੀ।ਪਰ ਉਸ ਨੂੰ ਆਪਣੀ ਧੀ ਨਾਲ ਓਦੂੰ ਵੀ ਵੱਧ ਮੋਹ ਹੋਣ ਕਰਕੇ ਇਹ ਗੱਲ ਕਰਨੀ ਪਈ ਸੀ। ਸੱਚੀਂ ਮੁੱਚੀਂ ਇੱਕ ਦਿਨ ਸਵੇਰੇ ਸਵੇਰੇ ਸਿੰਮੀ ਵਿਹੜੇ ਵਿੱਚ ਝਾੜੂ ਮਾਰਨ ਲੱਗੀ ਤਾਂ ਚਰਨੋ ਦੇ ਬਾਪੂ ਨੇ ਵੱਡੀ ਨੂੰਹ ਨੂੰ ਉੱਚੀ ਅਵਾਜ਼ ਵਿੱਚ ਬੁਲਾ ਕੇ ਪੁੱਛਿਆ,” ਕੁੜੇ! ਆਹ ਸਿੰਮੂ ਪੁੱਤ ਨੂੰ ਤੁਸੀਂ ਕੰਮ ਕਿਉਂ ਕਰਨ ਲਾਇਆ ਹੋਇਆ…..?”

ਇਸ ਤੋਂ ਪਹਿਲਾਂ ਕਿ ਵੱਡੀ ਨੂੰਹ ਜਵਾਬ ਦਿੰਦੀ,ਸਿੰਮੀ ਪਹਿਲਾਂ ਹੀ ਬੋਲ ਪਈ,” ਬਾਪੂ ਜੀ….. ਮੈਨੂੰ ਮਾਮੀ ਜੀ ਹੋਰਾਂ ਨੇ ਕੰਮ ਕਰਨ ਨੂੰ ਥੋੜ੍ਹਾ ਕਿਹਾ…… ਅੱਜ ਐਤਵਾਰ ਆ……ਛੁੱਟੀ ਆ ਮੈਨੂੰ…… ਮਾਮੀ ਜੀ ਨੂੰ ਤਾਂ ਪਤਾ ਵੀ ਨੀ…… ਮੈਂ ਸੋਚਿਆ ਰੋਜ਼ ਮਾਮੀ ਜੀ ਹੋਰੀਂ ਕੰਮ ਕਰਦੇ ਨੇ….. ਅੱਜ ਮੈਂ ਓਹਨਾਂ ਨੂੰ ਥੋੜ੍ਹਾ ਜਿਹਾ ਅਰਾਮ ਦੇ ਦਾਂ……!”

” ਸਿੰਮੂ ਪੁੱਤ….. ਤੂੰ ਤਾਂ ਬੜੀ ਸਿਆਣੀ ਹੋਗੀ….. ਆਪਣੀਆਂ ਮਾਮੀਆਂ ਦਾ ਕਿੰਨਾ ਸੋਚਦੀ ਏਂ….!” ਬਾਪੂ ਜੀ ਹੱਸ ਕੇ ਆਖਣ ਲੱਗੇ।
ਸਿੰਮੀ ਵੀ ਹੱਸ ਪਈ ਤੇ ਆਖਣ ਲੱਗੀ,” ਬਾਪੂ ਜੀ,ਮਾਮੀ ਜੀ ਹੋਰੀਂ ਵੀ ਤਾਂ ਮੇਰਾ ਕਿੰਨਾ ਸੋਚਦੇ ਨੇ….. ਮੈਨੂੰ ਕਦੇ ਕੰਮ ਨੀ ਕਰਨ ਦਿੰਦੇ….. ਕਾਲਜ ਜਾਣ ਤੋਂ ਘੰਟਾ ਪਹਿਲਾਂ ਈ ਉਠਾਉਂਦੇ ਨੇ……ਘਰੇ ਤਾਂ ਮੰਮੀ ਮੇਰੇ ਜਲਦੀ ਉੱਠਣ ਪਿੱਛੇ ਈ ਰੌਲ਼ਾ ਪਾਈ ਰੱਖਦੀ ਸੀ…..!”
ਸਿੰਮੀ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਉਸ ਦਾ ਰਿਸ਼ਤਾ ਇੱਕ ਚੰਗੇ ਪਰਿਵਾਰ ਵਿੱਚ ਹੋ ਗਿਆ ਜੋ ਸਾਰਾ ਟੱਬਰ ਇੰਗਲੈਂਡ ਵਿੱਚ ਰਹਿੰਦਾ ਸੀ। ਸਿੰਮੀ ਦੇ ਮਾਮਿਆਂ ਨੇ ਸਿੰਮੀ ਦੀ ਇੱਕ ਇੱਕ ਰੀਝ ਪੂਰੀ ਕੀਤੀ,ਜਿਸ ਚੀਜ਼ ਨੂੰ ਹੱਥ ਲਾਇਆ ਉਹੀ ਉਹਨਾਂ ਨੇ ਓਹਨੂੰ ਲੈ ਕੇ ਦਿੱਤੀ।

ਬਹੁਤ ਵਧੀਆ ਵਿਆਹ ਕੀਤਾ। ਸਿੰਮੀ ਉਸ ਪਰਿਵਾਰ ਦੀ ਵੱਡੀ ਨੂੰਹ ਬਣ ਕੇ ਗਈ ਸੀ। ਉਸ ਦੇ ਪਰਿਵਾਰ ਵਿੱਚ ਤਿੰਨ ਦਿਓਰ, ਸੱਸ,ਸਹੁਰਾ ਅਤੇ ਦਾਦਾ ਦਾਦੀ ਸਨ।ਉਹ ਇੱਕ ਭਰੇ ਪਰਿਵਾਰ ਵਿੱਚ ਗਈ ਸੀ। ਸਿੰਮੀ ਨੇ ਜਾਂਦੀ ਨੇ ਈ ਆਪਣੇ ਪਰਿਵਾਰ ਨਾਲ਼ ਐਨਾ ਪਿਆਰ ਪਾ ਲਿਆ ਸੀ ਕਿ ਸਾਰੇ ਉਸ ਦਾ ਸਤਿਕਾਰ ਕਰਦੇ ਸਨ। ਉਹ ਤਿੰਨ ਵਜੇ ਉੱਠ ਕੇ ਸਾਰਿਆਂ ਦਾ ਖਾਣਾ ਤਿਆਰ ਕਰਦੀ, ਟਿਫਨ ਬਣਾ ਕੇ ਰੱਖਦੀ, ਘਰ ਦੇ ਬੰਦਿਆਂ ਦੇ ਕੰਮ ਤੇ ਜਾਣ ਤੋਂ ਬਾਅਦ ਘਰ ਦੀ ਛੋਟੀ ਮੋਟੀ ਖ਼ਰੀਦੋ ਫਰੋਖਤ, ਘਰ ਦੇ ਬਜ਼ੁਰਗਾਂ ਨੂੰ ਦਵਾਈ ਬੂਟੀ ਸਭ ਆਪ ਕਰਦੀ।
ਵਿਆਹ ਨੂੰ ਪੰਜ ਵਰ੍ਹੇ ਹੋ ਗਏ ਸਨ ਉਸ ਦੇ ਆਪਣੇ ਵੀ ਦੋ ਜੁੜਵੇਂ ਬੱਚੇ ਹੋ ਗਏ ਸਨ।

ਦੋ ਦਿਓਰਾਂ ਦਾ ਵਿਆਹ ਵੀ ਕਰ ਲਿਆ ਸੀ। ਅਸਲ ਵਿੱਚ ਇਹ ਸਾਰਾ ਕੁਝ ਉਸ ਨੇ ਆਪਣੇ ਨਾਨਕੇ ਰਹਿੰਦੇ ਹੋਏ ਆਪਣੀਆਂ ਮਾਮੀਆਂ ਤੋਂ ਹੀ ਤਾਂ ਸਿੱਖਿਆ ਸੀ। ਇੱਕ ਦਿਨ ਚਰਨੋ ਆਪਣੀ ਵੱਡੀ ਭਾਬੀ ਨੂੰ ਆਖਣ ਲੱਗੀ,”ਮੇਰੀ ਧੀ ਜਿਸ ਦਿਨ ਦੀ ਇੰਗਲੈਂਡ ਵਿਆਹ ਕੇ ਗਈ ਹੈ….. ਇੱਕ ਦਿਨ ਵੀ ਓਹਨੇ ਵਿਹਲੀ ਬੈਠ ਕੇ ਨਹੀਂ ਵੇਖਿਆ….. ਇੱਥੇ ਕਦੇ ਨੌਂ ਵਜੇ ਤੋਂ ਪਹਿਲਾਂ ਨਹੀਂ ਸੀ ਉੱਠੀ….. ਤੇ ਉੱਥੇ ਕਦੇ ਤੜਕੇ ਤਿੰਨ ਵਜੇ ਤੋਂ ਲੇਟ ਨਹੀਂ ਉੱਠੀ……!”

“ਭੈਣ ਜੀ….. ਇੱਥੇ ਉਹ ਆਪਣੀ ਲਾਡਲੀ ਨਿਆਣੀ ਜਿਹੀ ਧੀ ਸੀ ….. ਹੁਣ ਉੱਥੇ ਉਹ ਘਰ ਦੀ ਵੱਡੀ ਨੂੰਹ ਬਣ ਗਈ ਹੈ … ਹੁਣ ਉੱਥੇ ਓਹਦਾ ਰੁਤਬਾ ਐਥੇ ਨਾਲੋਂ ਬਹੁਤ ਉੱਚਾ ਹੈ…. ਤਾਂ ਸਾਰੀਆਂ ਜ਼ਿੰਮੇਵਾਰੀਆਂ ਓਹਨੇ ਈ ਨਿਭਾਉਣੀਆਂ ਨੇ…!”

ਚਰਨੋ ਨੂੰ ਜਿਵੇਂ ਹੀ ਉਸ ਦੀ ਭਾਬੀ ਨੇ ਸਿੰਮੀ ਦੇ ਉੱਚੇ ਰੁਤਬੇ ਦਾ ਅਹਿਸਾਸ ਕਰਵਾਇਆ ਤਾਂ ਉਸ ਨੂੰ ਸਿੰਮੀ ਵਿੱਚੋਂ ਇੱਕ ਆਪਣੀ ਨਿੱਕੀ ਜਿਹੀ ਸੋਹਲ ਜਿਹੀ ਬਾਲੜੀ ਨਾਲੋਂ ਜ਼ਿਆਦਾ ਇੱਕ ਪਰਿਵਾਰ ਦੀ ਜ਼ਿੰਮੇਵਾਰ ਨੂੰਹ ਨਜ਼ਰ ਆ ਰਹੀ ਸੀ ਤੇ ਉਸ ਨੂੰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦੇਖ ਕੇ ਆਪਣਾ ਆਪ ਵੱਡਾ ਵੱਡਾ ਜਿਹਾ ਲੱਗ ਰਿਹਾ ਸੀ ।

ਉਹ ਮਨ ਵਿੱਚ ਸੋਚ ਰਹੀ ਸੀ ਕਿ ਭਾਬੀ ਠੀਕ ਹੀ ਤਾਂ ਕਹਿੰਦੀ ਹੈ । ਮਾਪਿਆਂ ਨੂੰ ਵਿਆਹ ਤੋਂ ਬਾਅਦ ਆਪਣੀ ਧੀ ਨੂੰ ਸਿਰਫ਼ ਇੱਕ ਧੀ ਦੇ ਹਿਸਾਬ ਨਾਲ ਨਹੀਂ ਸਗੋਂ ਉਸ ਦੇ ਸਹੁਰੇ ਘਰ ਵਿੱਚ ਉਸ ਘਰ ਦੀ ਨੂੰਹ ਦੀ ਨਿਗਾਹ ਨਾਲ ਹੀ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਉਣ ਦਾ ਅੰਦਾਜ਼
Next articleUK knife attack: Indian-origin teen tried to get inside a house before collapsing