ਏਹੁ ਹਮਾਰਾ ਜੀਵਣਾ ਹੈ -307

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਮਰਾ ਪੰਜ ਵਰ੍ਹਿਆਂ ਦਾ ਹੋ ਗਿਆ ਸੀ। ਉਸ ਦਾ ਭਾਪਾ ਗੇਲਾ, ਨਾਜਰ ਸਿਉਂ ਤੇ ਉਸ ਦੇ ਛੋਟੇ ਭਰਾ ਸੋਖੀ ਦੇ ਨਾਲ ਸੀਰੀ ਰਲਿਆ ਹੋਇਆ ਸੀ। ਉਸ ਤੋਂ ਪਹਿਲਾਂ ਸਮਰੇ ਦਾ ਦਾਦਾ ਵੀ ਇਹਨਾਂ ਨਾਲ ਈ ਸੀਰੀ ਰਲਿਆ ਹੋਇਆ ਸੀ। ਪਹਿਲਾਂ ਤਾਂ ਜੱਟ ਤੇ ਸੀਰੀ ਦਾ ਰਿਸ਼ਤਾ ਪਿਓ ਪੁੱਤ ਵਰਗਾ ਹੀ ਹੁੰਦਾ ਸੀ। ਜੱਦੀ ਰਿਸ਼ਤੇ ਨਿਭ ਜਾਂਦੇ ਸਨ। ਗੇਲਾ ਵੀ ਸੀਰੀ ਤਾਂ ਨਾਂ ਕਰਕੇ ਹੀ ਸੀ ਉਂਝ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ ਉੱਤੇ ਹੀ ਸੁੱਟੀਆਂ ਹੋਈਆਂ ਸਨ ਕਿਉਂਕਿ ਉਸ ਦੀ ਘਰਵਾਲੀ ਜੀਤੋ ਨੇ ਘਰ ਦੀਆਂ ਔਰਤਾਂ ਨਾਲ ਕੰਮ ਕਰਾਉਂਦੇ ਰਹਿਣਾ ਤੇ ਉਹਨਾਂ ਨੇ ਆਪ ਸਾਰਾ ਦਿਨ ਖੇਤਾਂ ਤੇ ਡੰਗਰ ਪਸ਼ੂਆਂ ਦਾ ਕੰਮ ਕਰਨਾ,ਕਦੇ ਗੇਲੇ ਨੇ ਨਾਜਰ ਨਾਲ ਟਰੈਕਟਰ ਤੇ ਘਰ ਤੇ ਕਦੇ ਖੇਤਾਂ ਵਿੱਚ ,ਬੱਸ ਸਾਰਾ ਦਿਨ ਕੰਮ ਕਰਦਿਆਂ ਦੇ ਦਿਨ ਵਿਆਹ ਵਰਗੇ ਬੀਤਣੇ। ਨਾਜਰ ਸਿਉਂ ਤੇ ਪ੍ਰੀਤੋ ਨੇ ਵੀ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਵਾਂਗ ਸਾਂਭਿਆ ਹੋਇਆ ਸੀ। ਸੋਖੀ ਨਾਲੋਂ ਜਦੋਂ ਤੋਂ ਜ਼ਮੀਨ ਅੱਡ ਕੀਤੀ ਸੀ ਗੇਲੇ ਨੇ ਨਾਜਰ ਨਾਲ਼ ਹੀ ਰਲਣ ਦਾ ਫੈਸਲਾ ਕੀਤਾ ਸੀ ਕਿਉਂਕਿ ਸੋਖੀ ਤੇ ਓਹਦੀ ਪਤਨੀ ਤੇ ਬੱਚੇ ਉਹਨਾਂ ਨਾਲ਼ ਵਧੀਆ ਵਿਵਹਾਰ ਨਹੀਂ ਕਰਦੇ ਸਨ।

ਜਦੋਂ ਤੋਂ ਦੋਵੇਂ ਭਾਈ ਅੱਡ ਹੋਏ ਸਨ, ਉਦੋਂ ਤੋਂ ਹੀ ਗੇਲਾ ਤੇ ਜੀਤੋ ਸਮਰੇ ਨੂੰ ਗੋਦੀ ਚੁੱਕ ਕੇ ਸਵੇਰ ਤੜਕਸਾਰ ਨਾਜਰ ਦੇ ਘਰ ਆ ਜਾਂਦੇ ਸਨ । ਪ੍ਰੀਤੋ ਨੇ ਉਹਨਾਂ ਨੂੰ ਚਾਹ ਪੀਣ ਨੂੰ ਦੇਣੀ ਤਾਂ ਚਾਹ ਪੀ ਕੇ ਗੇਲੇ ਨੇ ਪੱਠੇ ਵੱਢਣ ਲਈ ਚਲੇ ਜਾਣਾ ਤੇ ਜੀਤੋ ਨੇ ਤਿੰਨ ਮੈਸਾਂ ਦੀਆਂ ਧਾਰਾਂ ਚੋ ਕੇ ਸਾਰੇ ਬਹੁਕਰ ਫੇਰਨੀ। ਸਮਰੇ ਨੂੰ ਤਾਂ ਸੁੱਤੇ ਪਏ ਨੂੰ ਈ ਜੀਤੋ ਮੋਢੇ ਲਾ ਕੇ ਚੁੱਕ ਲਿਆਉਂਦੀ ਸੀ। ਓਹਦੇ ਲਈ ਪ੍ਰੀਤੋ ਨੇ ਦਲਾਨ ਵਿੱਚ ਹੀ ਇੱਕ ਮੰਜੀ ਡਾਹੀ ਹੋਈ ਸੀ। ਸਮਰੇ ਨੂੰ ਤਾਂ ਆਪਣੇ ਘਰ ਦਾ ਪਤਾ ਵੀ ਨਹੀਂ ਹੋਣਾ ਕਿਉਂ ਕਿ ਜਦੋਂ ਗੇਲਾ ਤੇ ਜੀਤੋ ਘਰ ਜਾਂਦੇ ਸਨ ਉਦੋਂ ਵੀ ਉਹ ਸੁੱਤਾ ਹੁੰਦਾ ਸੀ ਤੇ ਜਦੋਂ ਸਵੇਰ ਨੂੰ ਆਉਂਦੇ ਸਨ ਓਦੋਂ ਵੀ ਸੁੱਤਾ ਈ ਹੁੰਦਾ ਸੀ। ਜਦੋਂ ਸਮਰੇ ਨੇ ਸਵੇਰੇ ਉੱਠ ਕੇ ਜਵਾਕਾਂ ਵਾਲ਼ੀ ਰੀਂ ਰੀਂ ਕਰਨੀ ਤਾਂ ਪ੍ਰੀਤੋ ਨੇ ਜੀਤੋ ਨੂੰ ਹਾਕ ਮਾਰਨੀ,” ਨੀ ਜੀਤੋ! ਆਹ ਸਮਰਾ ਉੱਠ ਗਿਆ… ਕੰਮ ਬਾਅਦ ਚ ਕਰਲੀਂ… ਪਹਿਲਾਂ ਨਿਆਣੇ ਨੂੰ ਸਾਂਭ ਲੈ।” ਜਦ ਜੀਤੋ ਨੇ ਸਮਰੇ ਨੂੰ ਚਾਹ ਵਿੱਚ ਦੁੱਧ ਪਾ ਕੇ ਪੀਣ ਨੂੰ ਦੇਣੀ ਤਾਂ ਵੀ ਪ੍ਰੀਤੋ ਨੇ ਉਸ ਨੂੰ ਝਿੜਕ ਕੇ ਆਖਣਾ,” ਮੈਂ ਤੈਨੂੰ ਪੰਜਾਹ ਵਾਰੀ ਕਿਹਾ…. ਜਵਾਕ ਨੂੰ ਦੁੱਧ ਦੇ ਦਿਆ ਕਰ ਪੀਣ ਨੂੰ… ਚਾਹ ਨਾ ਦਿਆ ਕਰ…. ਤੂੰ ਹੁਣੇ ਓਹਨੂੰ ਅਮਲੀ ਬਣਾਉਣੈਂ…!”

ਨਾਜਰ ਤੇ ਪ੍ਰੀਤੋ ਦੀ ਕੁੜੀ ਵੀ ਕਨੇਡਾ ਵਿਆਹੀ ਹੋਈ ਸੀ ਤੇ ਮੁੰਡੇ ਦਾ ਵਿਆਹ ਵੀ ਓਧਰ ਪੱਕੀ ਕੁੜੀ ਨਾਲ ਕੀਤਾ ਸੀ। ਜਦੋਂ ਨਾਜਰ ਦੇ ਬੱਚਿਆਂ ਦੇ ਵਿਆਹ ਹੋਏ ਸਨ ਤਾਂ ਮਜਾਲ ਆ ਕਿ ਗੇਲੇ ਤੇ ਜੀਤੋ ਦੀ ਅੱਡੀ ਲੱਗੀ ਹੋਵੇ। ਮੁੰਡੇ ਦੇ ਵਿਆਹ ਵੇਲ਼ੇ ਹਲਵਾਈ ਕੋਲ਼ ਬੈਠੇ ਪਿੰਡ ਦੇ ਮੁੰਡਿਆਂ ਨੂੰ ਜਦ ਗੇਲੇ ਨੇ ਲੱਡੂ ਵੱਟਣ ਤੇ ਹਦਾਇਤ ਦੇਣੀ,” ਓਏ ਜਵਾਨੋ! ਲੱਡੂ… ਮੀਂਗਣਾਂ ਵਰਗੇ ਨਾ ਵੱਟੀ ਜਾਓ…. ਥੋੜ੍ਹੇ ਜਿਹੇ ਵੱਡੇ ਵੱਟੋ….. ਪਤਾ ਤਾਂ ਲੱਗੇ ਸਾਡੇ ਸਰਦਾਰਾਂ ਦੇ ਮੁੰਡੇ ਦਾ ਵਿਆਹ ਆ…!” ਮੁੰਡਿਆਂ ਨੇ ਵੀ ਉਸ ਨੂੰ ਹੱਸਦੇ ਹੋਏ ਆਖ ਦੇਣਾ ,” ਓਏ ਦੇਖੀਂ ਗੇਲਿਆ… ਕਿਤੇ ਓਥੇ ਆਪਦੀ ਮਿਲਣੀ ਨਾ ਕਰਵਾਉਣ ਬਹਿ ਜੀਂ….. ਚਾਚਿਆਂ ਤਾਇਆਂ ਨਾਲ ਕਿਤੇ ਓਹਨਾਂ ਦੇ ਸੀਰੀ ਨਾਲ ਮਿਲਣੀ ਕਰਾਉਣੀ ਪੈਜੇ ….।” ਸਾਰੇ ਉੱਚੀ ਉੱਚੀ ਹੱਸ ਪਏ।

ਉਂਝ ਤਾਂ ਨਾਜਰ ਤੇ ਪ੍ਰੀਤੋ ਦੋ ਵਾਰੀ ਆਪਣੇ ਬੱਚਿਆਂ ਕੋਲ ਛੇ ਛੇ ਮਹੀਨੇ ਲਾ ਆਏ ਸਨ। ਉਦੋਂ ਵੀ ਸਾਰਾ ਘਰ,ਖੇਤੀ ਡੰਗਰ ਪਸ਼ੂ ਗੇਲੇ ਦੇ ਹਵਾਲੇ ਕਰਕੇ ਗਏ ਸਨ। ਉਦੋਂ ਗੇਲਾ ਤੇ ਓਹਦੀ ਘਰਵਾਲੀ ਇੱਥੇ ਹੀ ਇਹਨਾਂ ਦੇ ਘਰ ਹੀ ਰਹਿੰਦੇ ਸਨ ਕਿਉਂ ਕਿ ਸਮਰਾ ਵੀ ਬਹੁਤ ਛੋਟਾ ਸੀ। ਨਾਜਰ ਤੇ ਪ੍ਰੀਤੋ ਦਾ ਪੱਕੇ ਤੌਰ ਤੇ ਕਨੇਡਾ ਰਹਿਣ ਦਾ ਕੋਈ ਇਰਾਦਾ ਨਹੀਂ ਸੀ। ਉਂਝ ਨਾਜਰ ਕਹਿੰਦਾ ਸੀ, “ਕੰਮ ਕਰਦੇ ਰਹੋ ਤਾਂ ਹੱਡ ਪੈਰ ਚੱਲਦੇ ਰਹਿੰਦੇ ਨੇ…. ਜੇ ਜ਼ਮੀਨ ਠੇਕੇ ਤੇ ਦੇ ਦਿੱਤੀ ਤਾਂ ਸਾਰਾ ਦਿਨ ਕਦੇ ਓਥੇ ਖੜ੍ਹ ਕੇ,ਕਦੇ ਓਥੇ ਖੜ੍ਹ ਕੇ ਟਾਈਮ ਪਾਸ ਕਰਨਾ ਪਊ…. ।” ਜਦੋਂ ਦੀ ਸਮਰੇ ਨੇ ਸੁਰਤ ਸੰਭਾਲੀ ਸੀ ਨਾਜਰ ਨੇ ਗੇਲੇ ਨੂੰ ਰੋਜ਼ ਕਹਿਣਾ ਕਿ ਓਹਨੂੰ ਸਕੂਲੇ ਪੜ੍ਹਨ ਲਾ ਦੇਵੇ, ਗੇਲੇ ਨੇ ਹੱਸ ਕੇ ਟਾਲ਼ ਦੇਣਾ। ਇੱਕ ਦਿਨ ਨਾਜਰ ਨੇ ਆਪ ਹੀ ਪਿੰਡ ਦੇ ਸਕੂਲ ਵਿੱਚ ਸਮਰੇ ਨੂੰ ਦਾਖਲ ਕਰਵਾ ਦਿੱਤਾ ਤੇ ਉਸ ਲਈ ਵਰਦੀ ਤੇ ਕਿਤਾਬਾਂ ਵੀ ਲਿਆ ਦਿੱਤੀਆਂ। ਸਮਰਾ ਹੁਣ ਸਕੂਲ ਜਾਣ ਲੱਗ ਪਿਆ ਸੀ।

ਇੱਕ ਦਿਨ ਨਾਜਰ ਦੇ ਮੁੰਡੇ ਨੇ ਵਿਦੇਸ਼ ਵਿੱਚ ਕੰਮਾਂ ਕਾਰਾਂ ਕਾਰਨ ਆਪਣੇ ਬੱਚਿਆਂ ਨੂੰ ਸੰਭਾਲਣ ਵਿੱਚ ਮੁਸ਼ਕਲ ਆਉਣ ਕਰਕੇ ਨਾਜਰ ਤੇ ਪ੍ਰੀਤੋ ਨੂੰ ਆਪਣੇ ਕੋਲ ਪੱਕਾ ਆਉਣ ਲਈ ਆਖ ਦਿੱਤਾ। ਉਹਨਾਂ ਨੂੰ ਗੇਲੇ ਤੇ ਜੀਤੋ ਦੇ ਸਿਰ ਤੇ ਕੋਈ ਫ਼ਿਕਰ ਨਹੀਂ ਸੀ। ਫਿਰ ਉਹਨਾਂ ਨੂੰ ਘਰ ਸੰਭਾਲ ਕੇ ਉਹ ਮੁੰਡੇ ਕੋਲ ਕਨੇਡਾ ਚਲੇ ਗਏ। ਜਾਂਦਾ ਹੋਇਆ ਨਾਜਰ,ਗੇਲੇ ਨੂੰ ਸਖ਼ਤ ਹਦਾਇਤ ਕਰਕੇ ਗਿਆ ਕਿ ਸਮਰੇ ਨੂੰ ਸਕੂਲੋਂ ਕਦੇ ਛੁੱਟੀ ਨਾ ਕਰਾਵੇ। ਛੇ ਕੁ ਮਹੀਨੇ ਵਧੀਆ ਚੱਲਦਾ ਰਿਹਾ। ਇੱਕ ਦਿਨ ਮੋਟਰ ਤੇ ਸੁੱਤੇ ਪਏ ਗੇਲੇ ਨੂੰ ਸੱਪ ਡੰਗ ਗਿਆ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ।

ਇਸ ਕਰਕੇ ਨਾਜਰ ਤੇ ਪ੍ਰੀਤੋ ਨੂੰ ਥੋੜੀ ਦੇਰ ਲਈ ਇੱਥੇ ਆਉਣਾ ਪਿਆ ਕਿਉਂਕਿ ਇੱਕ ਤਾਂ ਹੁਣ ਜ਼ਮੀਨ ਠੇਕੇ ਤੇ ਦੇਣੀ ਪੈਣੀ ਸੀ ਤੇ ਦੂਜਾ ਗੇਲੇ ਦੇ ਪਰਿਵਾਰ ਦਾ ਕੁਝ ਕਰਨਾ ਪੈਣਾ ਸੀ। ਨਾਜਰ ਨੇ ਜੀਤੋ ਨੂੰ ਕਿਹਾ,” ਭਾਈ ਜੀਤੋ…. ਚਾਹੇ ਅਸੀਂ ਜ਼ਮੀਨ ਠੇਕੇ ਤੇ ਦੇ ਦਿੱਤੀ ਹੈ…. ਪਰ ਤੂੰ ਫ਼ਿਕਰ ਨਾ ਕਰ…. ਅਸੀਂ ਤੈਨੂੰ ਧੱਕ ਨੀ ਸਕਦੇ….. ਤੂੰ ਸਾਡੀ ਨੂੰਹ ਧੀ ਵਰਗੀ ਐਂ….. ਆਪਣੇ ਪੁਸ਼ਤਾਂ ਦੇ ਰਿਸ਼ਤੇ ਨੇ…. ਇਹ ਆਏਂ ਥੋੜ੍ਹਾ ਟੁੱਟ ਜਾਣਗੇ….. ਤੂੰ ਸਮਰੇ ਨਾਲ ਇੱਥੇ ਹੀ ਘਰ ਵਿੱਚ ਰਹੇਂਗੀ…. ਤੈਨੂੰ ਅਸੀਂ ਮਹੀਨੇ ਬਾਅਦ ਸਮਰੇ ਦੀ ਪੜ੍ਹਾਈ ਤੇ ਘਰ ਦੇ ਖਰਚੇ ਲਈ ਪੈਸਾ ਧੇਲਾ ਜੋ ਤੈਨੂੰ ਲੋੜ ਹੋਊ ਅਸੀਂ ਸਭ ਭੇਜਾਂਗੇ….. ।” ਜਿਹੜੀ ਜੀਤੋ ਆਪਣੇ ਆਪ ਨੂੰ ਆਪਣੇ ਜਵਾਕ ਨਾਲ਼ ਯਤੀਮਾਂ ਵਾਂਗ ਲਾਚਾਰ ਖੜ੍ਹੀ ਸੀ,ਉਸ ਦੀਆਂ ਅੱਖਾਂ ਵਿੱਚ ਆਸ ਦੀ ਚਮਕ ਜਿਹੀ ਆ ਗਈ।

ਨਾਜਰ ਤੇ ਪ੍ਰੀਤੋ ਵਾਪਸ ਕਨੇਡਾ ਚਲੇ ਗਏ। ਉਹਨਾਂ ਨੇ ਜੀਤੋ ਨੂੰ ਮਹੀਨੇ ਬਾਅਦ ਪੂਰਾ ਖਰਚਾ ਭੇਜਣਾ,ਜਦ ਕਦੇ ਵੀ ਉਸ ਨੂੰ ਲੋੜ ਹੁੰਦੀ ਉਹ ਦੱਸ ਦਿੰਦੀ ਤੇ ਉਹ ਹੋਰ ਪੈਸੇ ਭੇਜ ਦਿੰਦੇ। ਪਿੰਡ ਦੇ ਲੋਕਾਂ ਦੇ ਭੋਗ,ਮਰਗ ਤੇ ਵਿਆਹਾਂ ਦੇ ਸੱਦੇ ਨਾਜਰ ਸਿਉਂ ਤੇ ਉਸ ਦੇ ਪਰਿਵਾਰ ਵੱਲੋਂ ਸਭ ਜੀਤੋ ਹੀ ਨਿਪਟਾਉਂਦੀ। ਕਈ ਵਰ੍ਹੇ ਬੀਤ ਗਏ ਸਨ।ਸਮਰੇ ਨੇ ਬਾਰਵੀਂ ਪਾਸ ਕਰ ਲਈ ਸੀ। ਹੁਣ ਉਹਨਾਂ ਨੇ ਸਮਰੇ ਨੂੰ ਉੱਚ ਪੜ੍ਹਾਈ ਲਈ ਆਪਣੇ ਕੋਲ ਕਨੇਡਾ ਬੁਲਾ ਲਿਆ ਅਤੇ ਕੁਝ ਸਮੇਂ ਬਾਅਦ ਜੀਤੋ ਨੂੰ ਵੀ ਉੱਥੇ ਬੁਲਾ ਲਿਆ। ਇਸ ਤਰ੍ਹਾਂ ਨਾਜਰ ਸਿਉਂ ਤੇ ਪ੍ਰੀਤੋ ਨੇ ਗੇਲੇ ਦੇ ਪਰਿਵਾਰ ਨੂੰ ਵਸਦਾ ਰੱਖ ਕੇ ਪੁਸ਼ਤਾਂ ਦਾ ਰਿਸ਼ਤਾ ਪੂਰੀ ਸ਼ਿੱਦਤ ਨਾਲ ਨਿਭਾਇਆ। ਉਸ ਦੀ ਗੱਲ ਕਰਦੇ ਲੋਕ ਉਸ ਦੀ ਵਡਿਆਈ ਕਰਦੇ ਤੇ ਕਹਿੰਦੇ ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਜਿਹੜਾ ਦੂਜਿਆਂ ਦਾ ਕੁਝ ਕਰੇ ਅਸਲ ਵਿੱਚ ਤਾਂ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਜੋਈ
Next articleਉੱਚਾ ਆਚਰਣ