(ਸਮਾਜ ਵੀਕਲੀ)
ਅੱਜ ਕੱਲ੍ਹ ਸਾਡੀ ਰਹਿਣੀ ਬਹਿਣੀ,ਜੀਵਨ ਸ਼ੈਲੀ ਅਤੇ ਸਭਿਆਚਾਰ ਉੱਪਰ ਪੱਛਮੀ ਸੱਭਿਅਤਾ ਦਾ ਰੰਗ ਦਿਨ-ਬ-ਦਿਨ ਗੂੜ੍ਹਾ ਚੜ੍ਹਦਾ ਜਾ ਰਿਹਾ ਹੈ। ਜਿਵੇਂ ਜਿਵੇਂ ਸੰਚਾਰ ਦੇ ਸਾਧਨ ਵਧ ਰਹੇ ਹਨ ਤਿਵੇਂ ਤਿਵੇਂ ਲੋਕਾਂ ਦੀ ਸੋਚ ਅਤੇ ਵਿਵਹਾਰ ਵਿੱਚ ਬਦਲਾਅ ਆ ਰਿਹਾ ਹੈ। ਵਿਸ਼ਵੀਕਰਨ ਅਤੇ ਸੰਚਾਰ ਦੇ ਸਾਧਨਾਂ ਦੇ ਵਾਧੇ ਕਰਕੇ ਪਰਿਵਾਰਾਂ ਦੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਵਿੱਚ ਵੀ ਨਵੀਨਤਾ ਆ ਰਹੀ ਹੈ। ਕਈ ਗੱਲਾਂ ਦਾ ਅਜੋਕੇ ਭਾਰਤੀ ਪਰਿਵਾਰਿਕ ਜੀਵਨ ਉੱਪਰ ਬੁਰਾ ਅਸਰ ਵੱਧ ਪੈ ਰਿਹਾ ਹੈ ਅਤੇ ਚੰਗਾ ਘੱਟ। ਨਵੀਂ ਪੀੜ੍ਹੀ ਦੇ ਬੱਚਿਆਂ ਦੀਆਂ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਰਾਵੇ ਦੀਆਂ ਆਦਤਾਂ ਪੂਰੀ ਤਰ੍ਹਾਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਗਈਆਂ ਹਨ ਜਦ ਕਿ ਘਰਾਂ ਵਿੱਚ ਬਜ਼ੁਰਗਾਂ ਦੀ ਸੋਚ ਉਹਨਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਕਈ ਘਰਾਂ ਵਿੱਚ ਇਹ ਸਥਿਤੀ ਤਣਾਅ ਦਾ ਮਾਹੌਲ ਪੈਦਾ ਕਰਦੀ ਹੈ। ਇਹੋ ਜਿਹੀ ਸਥਿਤੀ ਵਿੱਚ ਵਿਚਕਾਰਲੀ ਪੀੜ੍ਹੀ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ।
ਉਹ ਹੀ ਇੱਕ ਜ਼ਰੀਆ ਹੁੰਦਾ ਹੈ ਜੋ ਦੋਵਾਂ ਪੀੜ੍ਹੀਆਂ ਵਿੱਚ ਇੱਕ ਸੁਖਾਵਾਂ ਮਾਹੌਲ ਸਿਰਜਣ ਵਿੱਚ ਸਹਾਈ ਹੋ ਸਕਦੇ ਹਨ। ਉਹ ਵੱਡਿਆਂ ਨੂੰ ਸਤਿਕਾਰ ਸਹਿਤ ਥੋੜ੍ਹਾ ਸੋਚ ਬਦਲਣ ਲਈ ਪ੍ਰੇਰਿਤ ਕਰਨ ਅਤੇ ਛੋਟਿਆਂ ਨੂੰ ਘਰ ਦੀਆਂ ਹੱਦਾਂ ਅਤੇ ਮਰਿਆਦਾ ਤਹਿਤ ਹੀ ਚੱਲਣ ਦੀ ਸਮੇਂ-ਸਮੇਂ ਤੇ ਤਾਕੀਦ ਕਰਦੇ ਰਹਿਣ। ਜੇ ਉਹ ਪੱਖਪਾਤੀ ਰਵੱਈਆ ਅਪਣਾਉਣਗੇ ਤਾਂ ਘਰ ਦੇ ਮਾਹੌਲ ਨੂੰ ਕੋਈ ਬਾਹਰੋਂ ਆ ਕੇ ਠੀਕ ਨਹੀਂ ਕਰ ਸਕਦਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਤਿਆਗ ਕੇ ਵਫ਼ਾਦਾਰੀ ਨਾਲ ਆਪਣਾ ਰਿਸ਼ਤਾ ਨਿਭਾਉਣ ਲਈ ਤਤਪਰ ਰਹਿਣਾ ਚਾਹੀਦਾ ਹੈ।ਇਸ ਲਈ ਪਰਿਵਾਰ ਦੇ ਸਾਰੇ ਜੀਆਂ ਨੂੰ ਆਪਣੀ ਅੰਤਰ ਆਤਮਾ ਅਤੇ ਸੋਚ ਨੂੰ ਠੋਸ ਬਣਾਉਣਾ ਪਵੇਗਾ।ਘਰ ਦੇ ਕੰਮਾਂ ਨੂੰ ਆਪਸੀ ਸਹਿਯੋਗ ਨਾਲ ਰਲ਼ ਮਿਲ਼ ਕੇ ਕਰ ਲੈਣ ਨਾਲ ਵੀ ਵਿਚਾਰਾਂ ਵਿੱਚ ਵਖਰੇਵਾਂ ਨਹੀਂ ਆ ਸਕਦਾ।
ਇਸ ਲਈ ਬਸ ਇੱਕ ਸੋਚ ਸਿਰਜਣ ਦੀ ਲੋੜ ਹੁੰਦੀ ਹੈ।ਪਰਿਵਾਰ ਦੇ ਜੀਆਂ ਵਿਚਲਾ ਆਪਸੀ ਸਹਿਯੋਗ ਹੀ ਘਰ ਵਿੱਚ ਪਿਆਰ ਦਾ ਮਾਹੌਲ ਪੈਦਾ ਕਰ ਸਕਦਾ ਹੈ। ਪਰਿਵਾਰ ਦੇ ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਨਰਮ ਰਵੱਈਆ ਅਪਣਾ ਕੇ, ਘਰ ਅੰਦਰ ਦੇ ਕੰਮਕਾਜ ਅਤੇ ਵੱਡੇ ਛੋਟੇ ਵਾਲ਼ੇ ਭੇਦ ਮਿਟਾ ਕੇ ਇੱਕ ਦੂਜੇ ਨੂੰ ਸਹਿਯੋਗ ਦੇਣ ਨਾਲ ਜਿੱਥੇ ਘਰ ਦੇ ਸਾਰੇ ਕੰਮ ਸਹਿਜੇ ਹੀ ਨਿਪਟ ਸਕਦੇ ਹਨ ਤੇ ਨਾਲ ਹੀ ਘਰ ਦਾ ਮਾਹੌਲ ਖੁਸ਼ਨੁਮਾ ਹੋ ਜਾਵੇਗਾ। ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਘਰ ਆਪਣਾ ਹੈ ਅਤੇ ਪਰਿਵਾਰ ਵੀ ਆਪਣਾ ਹੈ ਸੋ ਇਸ ਨੂੰ ਖੁਸ਼ਗਵਾਰ ਬਣਾਉਣਾ ਵੀ ਆਪਣਾ ਹੀ ਫਰਜ਼ ਹੈ।
ਇਸ ਲਈ ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜ਼ੀ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਹੋਰ ਘਰ ਅੰਦਰ ਦਾ ਤਾਣਾ ਬਾਣਾ ਨਾ ਉਲਝਾ ਦੇਵੇ।ਘਰ ਅਤੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਲਈ ਚਾਹੇ ਪਰਿਵਾਰ ਦੇ ਸਾਰੇ ਜੀਆਂ ਨੂੰ ਬਰਾਬਰ ਦਾ ਯੋਗਦਾਨ ਪਾਉਣਾ ਹੀ ਪਵੇਗਾ ਪਰ ਉਸ ਵਿੱਚ ਮੱਧਮ ਸੋਮਾ ਭਾਵ ਵਿਚਕਾਰਲੀ ਪੀੜ੍ਹੀ ਘਰ ਨੂੰ ਜੋੜਨ ਦੀ ਅਹਿਮ ਭੂਮਿਕਾ ਨਿਭਾ ਰਿਹਾ ਹੁੰਦੀ ਹੈ।ਇਸ ਤਰ੍ਹਾਂ ਰਲ਼ ਮਿਲ਼ ਕੇ ਰਹਿਣਾ ਅਤੇ ਏਕਤਾ ਜਿਸ ਘਰ ਦੀ ਪਹਿਚਾਣ ਹੁੰਦੀ ਹੈ ਉਸੇ ਘਰ ਦੀ ਵੱਖਰੀ ਸ਼ਾਨ ਹੁੰਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly