(ਸਮਾਜ ਵੀਕਲੀ)
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਅਨੁਸਾਰ ਇਸ ਵਰ੍ਹੇ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਬੀਟ ਪੋਲੀਥੀਨ ਬੈਗ’ ਦੇ ਥੀਮ ਹੇਠ ਪੂਰਾ ਵਰ੍ਹਾ ਵਾਤਾਵਰਨ ਸੁਰੱਖਿਆ ਸਬੰਧੀ ਪੋਲੀਥੀਨ ਦੀ ਵਰਤੋਂ ਤੇ ਰੋਕ ਲਗਾਉਣਾ ਮੁੱਖ ਮੰਤਵ ਹੈ ਪਰ ਅੱਜ ਦੇ ਸਮੇਂ ਵਿੱਚ ਪੋਲੀਥੀਨ ਦੀ ਵਰਤੋਂ ਨੂੰ ਠੱਲ੍ਹ ਪਾਉਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ । ਹਰ ਆਮ ਘਰ ਦੇ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਹੀ ਦੁੱਧ ਦੀ ਥੈਲੀ ਜਾਂ ਸਬਜ਼ੀ ਦੇ ਭਰੇ ਪੋਲੀਥੀਨ ਲਿਫਾਫੇ ਨਾਲ ਹੁੰਦੀ ਹੈ। ਪੋਲੀਥੀਨ-ਸਿੰਗਲ ਯੂਜ਼ ਪਲਾਸਟਿਕ ਸਭ ਤੋਂ ਵੱਧ ਖ਼ਤਰਨਾਕ ਹੈ ਪਰ ਆਮ ਲੋਕ ਇਸ ਗੱਲੋਂ ਬੇਖ਼ਬਰ ਹਨ।
ਆਮ ਵਰਤੋਂ ਵਿੱਚ ਵਰਤੇ ਜਾਣ ਵਾਲਾ ਪਲਾਸਟਿਕ ਸੂਰਜ ਦੀਆਂ ਕਿਰਨਾਂ ਦੇ ਜ਼ਿਆਦਾ ਸਮੇਂ ਲਈ ਸੰਪਰਕ ਵਿੱਚ ਆਉਣ ਕਰਕੇ ਮੇਥੀਨ ਅਤੇ ਏਥੀਲੀਨ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਹਵਾ ਵਿੱਚੋਂ ਆਕਸੀਜਨ ਦੀ ਮਾਤਰਾ ਨੂੰ ਘੱਟ ਕਰ ਦਿੰਦੀਆਂ ਹਨ, ਇਸੇ ਲਈ ਸਿੰਗਲ ਯੂਜ਼ ਪਲਾਸਟਿਕ ਨੂੰ ਮਿੱਠਾ ਜ਼ਹਿਰ ਵੀ ਕਿਹਾ ਜਾਂਦਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਲਾਸਟਿਕ ਬੈਗ ਨੂੰ ਗਲਣ ਜਾਂ ਖ਼ਤਮ ਹੋਣ ਵਿੱਚ 1,000 ਸਾਲ ਲੱਗ ਜਾਂਦੇ ਹਨ । ਪਲਾਸਟਿਕ ਦੀ ਵਧ ਰਹੀ ਵਰਤੋਂ ਕਾਰਨ ਕੈਂਸਰ, ਚਮੜੀ ਦੇ ਰੋਗ ਅਤੇ ਦਮੇ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਦਾ ਦਿਨ ਬ ਦਿਨ ਵਾਧਾ ਹੋ ਰਿਹਾ ਹੈ।
ਇਸ ਨਾਲ ਜਿੱਥੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਬੇਜ਼ੁਬਾਨ ਜਾਨਵਰ ਵੀ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਅਛੂਤੇ ਨਹੀਂ ਰਹਿ ਗਏ ਹਨ। ਹਰ ਸਾਲ ਅਨੇਕਾਂ ਥਣਧਾਰੀ ਜੀਵ, ਸਮੁੰਦਰੀ ਜੀਵ ਅਤੇ ਪੰਛੀ ਪਲਾਸਟਿਕ ਦੀਆਂ ਥੈਲੀਆਂ ਨੂੰ ਜੈਲੀ-ਭੋਜਣ ਸਮਝ ਕੇ ਨਿਗਲਣ ਕਾਰਨ ਮਰ ਰਹੇ ਹਨ। ਪਲਾਸਟਿਕ ਦੇ ਥੈਲੇ ਪੋਲੀਥਾਈਲੀਨ ਅਤੇ ਥਰਮੋਕੋਲ ਦੇ ਭਾਂਡੇ ਪੋਲੀਸਟਰਈਲੀਨ ਨਾਮਕ ਪਦਾਰਥ ਤੋਂ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ’ਤੇ ਰਿਸਦੀ ਸਿਟਰੀਨ ਗੈਸ ਮਨੁੱਖੀ ਸਿਹਤ ਲਈ ਘਾਤਕ ਸਿੱਧ ਹੋ ਰਹੀ ਹੈ। ਪੋਲੀਥੀਨ ਲਿਫ਼ਾਫ਼ੇ ਵੱਡੇ ਵੱਡੇ ਸ਼ਹਿਰਾਂ ਵਿੱਚ ਸੀਵਰੇਜ ਜਾਮ ਕਰਦੇ ਹਨ। ਕਈ ਵਾਰ ਸੀਵਰੇਜ ਦੀਆਂ ਪਾਈਪਾਂ ਜਾਮ ਹੋ ਕੇ ਥੋੜ੍ਹੀ ਜਿਹੀ ਬਰਸਾਤ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਕਰਦੇ ਹਨ।
ਪਲਾਸਟਿਕ ਦੀ ਵਰਤੋਂ ‘ਤੇ ਨਿਯੰਤ੍ਰਣ ਰੱਖਿਆ ਜਾਣਾ ਜ਼ਰੂਰੀ ਹੈ। ਕੁੱਝ ਪਲਾਸਟਿਕ ਦੀਆਂ ਚੀਜ਼ਾਂ ਜਿਵੇਂ ਕਿ ਕਾਰਾਂ, ਮੋਟਰਾਂ, ਸਾਇਕਲਾਂ ਅਤੇ ਕਈ ਹੋਰ ਪ੍ਰਮੁੱਖ ਚੀਜ਼ਾਂ ਵਿੱਚ ਇਸਤੇਮਾਲ ਕਰਨ ਤੋਂ ਚਾਹੇ ਰੋਕਿਆ ਨਹੀਂ ਜਾ ਸਕਦਾ, ਪਰ ਕੁੱਝ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਬੰਦ ਕੀਤੀ ਜਾ ਸਕਦੀ ਹੈ। ਇਹਨਾਂ ਦਾ ਧਿਆਨ ਸਾਨੂੰ ਹਰ ਵਿਅਕਤੀ ਨੂੰ ਆਪਣੀ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਸਮਝਦੇ ਹੋਏ ਰੱਖਣਾ ਚਾਹੀਦਾ ਹੈ ਜਿਵੇਂ ਘਰ ਵਿੱਚ ਪਲਾਸਟਿਕ ਦੀ ਜਗ੍ਹਾ ਕੱਚ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਵੇ।ਆਪਣੇ ਬੱਚਿਆਂ ਦੇ ਲਈ ਪਲਾਸਟਿਕ ਦੇ ਖਿਡੌਣੇ ਨਾ ਖਰੀਦੋ।ਵਾਤਾਵਰਨ ਅਨੁਕੂਲ ਸੈਨੀਟਰੀ ਨੈਪਕਿਨ ਦੀ ਵਰਤੋਂ ਕੀਤੀ ਜਾਵੇ।ਆਪਣੇ ਘਰ ਲਈ ਪਲਾਸਟਿਕ ਦੇ ਭਾਂਡੇ ਨਾ ਖਰੀਦੇ ਜਾਣ।ਰਸੋਈ ਵਿੱਚ ਪਲਾਸਟਿਕ ਦੇ ਕੰਟੇਨਰਾਂ ਦੀ ਵਰਤੋਂ ਬੰਦ ਕੀਤੀ ਜਾਵੇ।
ਦੁਕਾਨਦਾਰ ਗ੍ਰਾਹਕਾਂ ਨੂੰ ਪੋਲੀਥੀਨ ਬੈਗ ਦੀ ਥਾਂ ਅਖ਼ਬਾਰੀ ਜਾਂ ਕਾਗਜ਼ ਦੇ ਲਿਫਾਫੇ ਵਰਤੋਂ ਵਿੱਚ ਲਿਆ ਕੇ ਸਮਾਨ ਦੇਣ।ਦਫ਼ਤਰਾਂ ਵਿੱਚ ਵੀ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਨਾ ਕਰਕੇ ਗਿਲਾਸ ਵਿੱਚ ਪਾਣੀ ਦਿਓ।ਜਦੋਂ ਵੀ ਸਬਜ਼ੀਆਂ ਜਾਂ ਕਿਸੇ ਹੋਰ ਚੀਜ਼ ਦੀ ਖਰੀਦਦਾਰੀ ਕੀਤੀ ਜਾਵੇ ਤਾਂ ਕੱਪੜੇ ਦਾ ਬਣਿਆਂ ਬੈਗ ਲੈ ਕੇ ਜਾਣਾ ਚਾਹੀਦਾ ਹੈ।ਆਪਣੇ ਕੰਮ ਦੇ ਸਥਾਨ ਤੇ ਜਾਂ ਕਿਤੇ ਵੀ ਜਾਣਾ ਹੋਵੇ ਤਾਂ ਪਾਣੀ ਦੇ ਲਈ ਗਿਲਾਸ ਸਟੀਲ ਜਾਂ ਤਾਂਬੇ ਦੇ ਗਿਲਾਸ ਦੀ ਵਰਤੋਂ ਕੀਤੀ ਜਾਵੇ।ਕੋਈ ਵੀ ਡ੍ਰਿੰਕ, ਕਾੱਕਟੇਲ, ਸ਼ੇਕ ਜਾਂ ਜੋ ਕੁੱਝ ਵੀ ਪੀਣ ਸਮੇਂ ਸਟ੍ਰੋ ਪਾਈਪ ਦੀ ਵਰਤੋਂ ਨਾ ਕੀਤੀ ਜਾਵੇ।ਸੋ ਹੁਣ ਸਮਾਂ ਆ ਗਿਆ ਹੈ ਕਿ ਪਲਾਸਟਿਕ ਦੀ ਵਰਤੋਂ ਬੰਦ ਕਰ ਕੇ ਵਾਤਾਵਰਨ ਨੂੰ ਬਚਾਇਆ ਜਾਏ । ਕਿਉਂ ਕਿ ਇਹੋ ਸਾਡਾ ਕਰਤੱਵ ਹੈ ਤੇ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly