(ਸਮਾਜ ਵੀਕਲੀ)
ਨਜ਼ਰ ਤੋਂ ਉਪਜੇ ਦਿ੍ਸ਼ਟੀਕੋਣ ਨੂੰ ਪ੍ਰਗਟ ਕਰਨ ਦਾ ਹੀਆ ਭਾਵ ਕਿਸੇ ਚੀਜ਼ ਨੂੰ ਦੇਖ ਕੇ ਉਸ ਤੋਂ ਪੈਦਾ ਹੋਏ ਵਿਚਾਰਾਂ ਨੂੰ ਪ੍ਰਗਟ ਕਰਨਾ ਮਨੁੱਖ ਦਾ ਨਜ਼ਰੀਆ ਹੁੰਦਾ ਹੈ। ਆਮ ਤੌਰ ਤੇ ਮਨੁੱਖ ਦਾ ਨਜ਼ਰੀਆ ਬਦਲਦਾ ਰਹਿੰਦਾ ਹੈ।ਉਸ ਦਾ ਨਜ਼ਰੀਆ ਬਦਲਣ ਦੇ ਕਈ ਕਾਰਨ ਹੁੰਦੇ ਹਨ। ਸਾਰੇ ਮਨੁੱਖਾਂ ਦਾ ਨਜ਼ਰੀਆ ਉਹਨਾਂ ਦੀ ਦਿ੍ਸ਼ਟੀ, ਸੋਚ,ਵਕਤ, ਉਮਰ, ਆਰਥਿਕ, ਸਮਾਜਿਕ, ਸੰਸਕ੍ਰਿਤੀ, ਸੰਸਕਾਰਾਂ ਅਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੱਖ ਵੱਖ ਹੁੰਦਾ ਹੈ। ਜਿਵੇਂ ਕਿਸੇ ਨੇ ਪਾਣੀ ਦੇ ਅੱਧੇ ਗਿਲਾਸ ਨੂੰ ਅੱਧਾ ਭਰਿਆ ਕਹਿਣਾ ਹੈ ਕਿਸੇ ਨੇ ਅੱਧਾ ਖਾਲੀ ਕਹਿਣਾ ਹੈ, ਕਿਸੇ ਨੂੰ ਚਹਿਕਦੇ ਪੰਛੀਆਂ ਦੀ ਅਵਾਜ਼ ਆਨੰਦਮਈ ਲੱਗਦੀ ਹੈ ਕਿਸੇ ਨੂੰ ਉਹੀ ਅਵਾਜ਼ ਕੰਨ ਖਾਣੀ ਅਵਾਜ਼ ਲੱਗਦੀ ਹੈ।
ਹਰ ਵਿਅਕਤੀ ਦਾ ਨਜ਼ਰੀਆ ਜੀਵਨ ਦੇ ਹਰ ਪੜਾਅ ਤੇ ਆ ਕੇ ਬਦਲ ਜਾਂਦਾ ਹੈ। ਬਚਪਨ ਵਿੱਚ ਆਪਣੇ ਆਲ਼ੇ ਦੁਆਲ਼ੇ ਨੂੰ ਬਹੁਤ ਭੋਲੇਪਣ ਨਾਲ ਦੇਖਣਾ,ਜਵਾਨੀ ਵਿੱਚ ਜ਼ੋਸ਼ੀਲੇ ਅਤੇ ਤੱਤੇ ਤਾਅ ਵਿੱਚ ਲੈਣਾ ਅਤੇ ਬੁਢਾਪੇ ਵਿੱਚ ਸਮਝਦਾਰੀ ਨਾਲ ਦੇਖਣਾ ਹੀ ਤਾਂ ਨਜ਼ਰੀਆ ਬਦਲਣਾ ਹੁੰਦਾ ਹੈ । ਉਮਰ ਦੇ ਹਿਸਾਬ ਨਾਲ, ਪੈਸੇ ਦੇ ਹਿਸਾਬ ਨਾਲ ਜਾਂ ਸੁਭਾਅ ਦੇ ਹਿਸਾਬ ਨਾਲ ਆਪਣੀ ਜ਼ੋਰ ਅਜ਼ਮਾਈ ਵੀ ਕਹੀ ਜਾ ਸਕਦੀ ਹੈ ਤੇ ਅੱਜ ਉਹੀ ਨਰਮ ਸੁਭਾਅ ਅਤੇ ਦਰਿਆ ਦਿਲੀ ਦੇ ਕਾਰਨ ਨਜ਼ਰੀਏ ਵਿੱਚ ਬਦਲਾਅ ਆਇਆ ਮੰਨਿਆ ਜਾ ਸਕਦਾ ਹੈ ਜਿਵੇਂ ਦਸ ਕੁ ਸਾਲ ਪਹਿਲਾਂ ਕਬਾੜੀਏ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਵੇਚਦੇ ਹੋਏ ਉਸ ਦੀ ਤੱਕੜੀ ਵੱਲ ਨਿਗਾਹ ਰੱਖਣੀ, ਘੱਟ ਤੋਲਣ ਜਾਂ ਇੱਕ-ਦੋ ਰੁਪਏ ਭਾਅ ਪਿੱਛੇ ਵੀ ਬਹਿਸ ਹੋ ਜਾਣੀ ,ਪਰ ਅੱਜ ਕਬਾੜ ਚੁੱਕ ਕੇ ਫ੍ਰੀ ਵਿੱਚ ਦੇ ਦੇਣਾ ਵੀ ਨਜ਼ਰੀਏ ਦਾ ਬਦਲਾਅ ਹੀ ਤਾਂ ਹੁੰਦਾ ਹੈ।
ਇਸੇ ਤਰ੍ਹਾਂ ਮੈਂ ਕਿਸੇ ਜਾਣ ਪਛਾਣ ਵਾਲੇ ਦੇ ਘਰ ਗਿਆ ਤਾਂ ਚਾਹ ਪੁੱਛਣ ਤੋਂ ਇਲਾਵਾ ਦੋ ਤਿੰਨ ਘੰਟੇ ਕਿਸੇ ਦੀ ਹੋਰ ਕੁਝ ਪੁੱਛਣ ਦੀ ਹਿੰਮਤ ਨਾ ਪਈ ਜਦ ਕਿ ਉਸ ਸਮੇਂ ਦੌਰਾਨ ਉਹਨਾਂ ਦਾ ਵੀ ਰਾਤ ਦੇ ਖਾਣੇ ਦਾ ਸਮਾਂ ਹੋ ਰਿਹਾ ਸੀ।ਪਰ ਵਿਚਾਰ ਚਰਚਾ ਕਾਰਨ ਬੈਠਣ ਦੀ ਮਿਆਦ ਵੀ ਵਧ ਰਹੀ ਸੀ। ਜੇ ਮੈਂ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਹੁੰਦਾ ਤਾਂ ਉਹ ਖਾਣਾ ਖਾਧੇ ਬਿਨਾਂ ਨਾ ਆਉਣ ਦਿੰਦੇ,ਪਰ ਜਾਣ ਪਹਿਚਾਣ ਦਾ ਹੋਣ ਕਰਕੇ ਮੈਂ ਮਹਿਜ਼ ਇੱਕ ਮਹਿਮਾਨ ਸੀ।ਇਸ ਕਰਕੇ ਮੇਰੇ ਅੱਗੇ ਖਾਣਾ ਪਰੋਸਣਾ ਜ਼ਰੂਰੀ ਨਹੀਂ ਸੀ। ਗੱਲ ਨਜ਼ਰੀਏ ਤੇ ਆ ਕੇ ਮੁੱਕਦੀ ਹੈ ਕਿਉਂ ਕਿ ਢਿੱਡ ਤਾਂ ਰਿਸ਼ਤੇਦਾਰ ਅਤੇ ਆਮ ਮਹਿਮਾਨ ਦੋਹਾਂ ਦੇ ਹੀ ਲੱਗਿਆ ਹੁੰਦਾ ਹੈ, ਭੁੱਖ ਵੀ ਸਭ ਨੂੰ ਲੱਗਦੀ ਹੈ ਪਰ ਨਜ਼ਰੀਏ ਅਨੁਸਾਰ ਮਹਿਮਾਨ ਵੀ ਵੱਖ ਵੱਖ ਸ਼੍ਰੇਣੀ ਦੇ ਹੁੰਦੇ ਹਨ।
ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਚੀਜ਼ ਪਹਾੜ ਦੀ ਚੋਟੀ ਤੋਂ ਖੜ੍ਹ ਕੇ ਛੋਟੀ ਜਿਹੀ ਲੱਗਣਾ ਤੇ ਕੋਲ਼ ਖੜ੍ਹੇ ਹੋ ਕੇ ਵੱਡੀ ਸਾਰੀ ਦਿਖਣਾ। ਸਮੇਂ, ਉਮਰ ਅਤੇ ਉਸ ਦੇ ਆਲ਼ੇ ਦੁਆਲ਼ੇ ਵਿੱਚ ਬਦਲਦੀਆਂ ਕਈ ਸਥਿਤੀਆਂ ਦੇ ਹਿਸਾਬ ਨਾਲ ਮਨੁੱਖ ਦਾ ਨਜ਼ਰੀਆ ਅਤੇ ਸੋਚ ਵੀ ਬਦਲਦੀ ਰਹਿੰਦੀ ਹੈ।ਜਿਸ ਮਨੁੱਖ ਵਿੱਚ ਉਮਰ ਜਾਂ ਹਾਲਾਤਾਂ ਦੇ ਹਿਸਾਬ ਨਾਲ ਬਦਲਾਅ ਨਾ ਆਵੇ ਤਾਂ ਸਮਝੋ ਉਸ ਦੇ ਸਿਰ ਤੇ ਹਉਮੈ ਦੀ ਪੰਡ ਭਾਰੀ ਹੈ। ਸਮਾਜਿਕ ਸਥਿਤੀਆਂ ਅਨੁਸਾਰ ਬਦਲਦਾ ਨਜ਼ਰੀਆ ਵੀ ਆਪਾਂ ਸਭ ਨੇ ਦੇਖਿਆ ਹੀ ਹੈ।ਹਰ ਮਨੁੱਖ ਸਮਾਜਿਕ ਸਥਿਤੀਆਂ ਬਦਲਦੇ ਹੀ ਸੋਚ ਬਦਲਦਾ ਹੈ,ਨਾਲ ਹੀ ਨਜ਼ਰ ਤੇ ਨਜ਼ਰੀਆ ਵੀ ਬਦਲ ਦਿੰਦਾ ਹੈ ਉਸ ਦੇ ਰਹਿਣ ਸਹਿਣ, ਲੋਕਾਂ ਵਿੱਚ ਵਿਚਰਨ, ਗੱਲ ਬਾਤ ਕਰਨ ਦੇ ਢੰਗ,ਪਹਿਨਣ ਪਚਰਨ ਦੇ ਤੌਰ ਤਰੀਕਿਆਂ ਵਿੱਚ ਬਦਲਾਅ ਲੈ ਆਉਣਾ ਆਦਿ , ਉਹਨਾਂ ਦਾ ਨਜ਼ਰੀਆ ਬਦਲਣਾ ਹੀ ਤਾਂ ਹੁੰਦਾ ਹੈ।
ਸਮੇਂ ਸਮੇਂ ਅਨੁਸਾਰ, ਹਾਲਾਤਾਂ ਅਨੁਸਾਰ ਜੇ ਮਨੁੱਖ ਦਾ ਨਜ਼ਰੀਆ ਬਦਲਣਾ ਵੀ ਸੁਭਾਵਿਕ ਹੀ ਹੈ। ਜਿਹੜੇ ਮਨੁੱਖ ਆਪਣਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਖੜੋਤੇ ਪਾਣੀਆਂ ਵਰਗੇ ਹੁੰਦੇ ਹਨ ਕਿਉਂਕਿ ਕਿ ਹਰ ਮਨੁੱਖ ਦੀ ਨਜ਼ਰ ਬਹੁਤ ਵਿਸ਼ਾਲ ਹੁੰਦੀ ਹੈ ਅਤੇ ਉਸ ਵਿੱਚੋਂ ਉਪਜਦਾ ਸੋਚਾਂ ਦਾ ਦਰਿਆ ਠਾਠਾਂ ਮਾਰਦਾ ਅੱਗੇ ਵਧਦਾ ਜਾਂਦਾ ਨਵੇਂ ਰਾਹਾਂ ਦੇ ਆਨੰਦ ਮਾਣਦਾ ਉਸੇ ਅਨੁਸਾਰ ਨਜ਼ਰੀਆ ਬਦਲਦਾ ਰੱਖੇ ਤਾਂ ਹੀ ਤਾਂ ਉਹ ਪ੍ਰਗਤੀਸ਼ੀਲ ਅਤੇ ਸਾਫ਼ ਸੁਥਰਾ ਰਹਿ ਸਕਦਾ। ਜੇ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਨਾਂਹ ਪੱਖੀ ਰਵੱਈਏ ਨੂੰ ਹਾਂ ਪੱਖੀ ਨਜ਼ਰੀਏ ਵਿੱਚ ਬਦਲਣ ਦੀ ਕਲਾ ਆਉਂਦੀ ਹੋਣੀ ਜ਼ਰੂਰੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly