ਏਹੁ ਹਮਾਰਾ ਜੀਵਣਾ ਹੈ -291

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਤੱਕ ਨਾ ਕਿਸੇ ਨੇ ਰੱਬ ਨੂੰ ਦੇਖਿਆ ਹੈ ਤੇ ਨਾ ਹੀ ਕੋਈ ਦੇਖ ਸਕਦਾ ਹੈ। ਰੱਬ ਨੂੰ ਤਾਂ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਹਵਾ ਨੱਕ ਰਾਹੀਂ ਸਾਡੇ ਅੰਦਰ ਜਾਂਦੀ ਹੈ ,ਜੀਵਾਂ ਨੂੰ ਸਾਹ ਲੈਣ ਵਿੱਚ ਮਦਦ ਕਰਦੀ ਹੈ ਤੇ ਪ੍ਰਾਣੀਆਂ ਨੂੰ ਜਿੰਦਾ ਰੱਖਦੀ ਹੈ । ਇਸ ਤਰ੍ਹਾਂ ਅਸੀਂ ਹਰ ਜਗ੍ਹਾ ਹਵਾ ਨੂੰ ਮਹਿਸੂਸ ਕਰਦੇ ਹਾਂ। ਆਮ ਬੰਦੇ ਲਈ ਐਨਾ ਹੀ ਕਾਫੀ ਹੁੰਦਾ ਹੈ । ਹੋ ਸਕਦਾ ਹੈ ਸਾਇੰਸ ਵਿੱਚ ਇਸ ਨੂੰ ਹੋਰ ਬਹੁਤ ਤਰੀਕਿਆਂ ਨਾਲ ਪੇਸ਼ ਕਰਕੇ ਪ੍ਰਭਾਸ਼ਿਤ ਕੀਤਾ ਜਾਵੇ ਜਿਵੇਂ ਗੈਸਾਂ ਦਾ ਮਿਸ਼ਰਣ ਵਗੈਰਾ ਆਖ ਕੇ। ਪਰ ਇਹ ਤਾਂ ਸੱਚ ਹੈ ਕਿ ਅਸੀਂ ਹਵਾ ਨੂੰ ਮਹਿਸੂਸ ਕਰ ਸਕਦੇ ਹਾਂ ਪਰ ਦੇਖ ਨਹੀਂ ਸਕਦੇ।

ਕਈ ਵਾਰ ਕਈ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਹਨ ਕਿ ਇੱਕ ਆਸਤਕ ਵਿਅਕਤੀ ਨੂੰ ਪਰਮਾਤਮਾ ਦੀ ਹੋਂਦ ਸ਼ਾਖਸ਼ਾਤ ਮਹਿਸੂਸ ਹੁੰਦੀ ਹੈ। ਗੱਲ ਫ਼ਰਵਰੀ ਮਹੀਨੇ ਦੀ ਹੈ। ਜਦ ਹੱਡ ਚੀਰਵੀਆਂ ਠੰਡੀਆਂ ਹਵਾਵਾਂ ਵਿੱਚ ਕਾਟੋ ਨੇ ਇੱਕ ਪਲਾਟ ਵਿੱਚ ਗੱਡੀ ਥੱਲੇ ਟੋਇਆ ਪੁੱਟ ਕੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੋਇਆ ਸੀ। ਉਸ ਪਲਾਟ ਨੂੰ ਚਾਰਦੀਵਾਰੀ ਕੀਤੀ ਹੋਈ ਸੀ ਤੇ ਇੱਕ ਵੱਡਾ ਸਾਰਾ ਗੇਟ ਵੀ ਲੱਗਿਆ ਹੋਇਆ ਸੀ ਜਿਸ ਦੀਆਂ ਕਈ ਚਾਬੀਆਂ ਸਨ ਪਰ ਉਹ ਸਿਰਫ਼ ਉਹਨਾਂ – ਉਹਨਾਂ ਕੋਲ ਹੀ ਸਨ ਜਿਨ੍ਹਾਂ ਦੀਆਂ ਗੱਡੀਆਂ ਅੰਦਰ ਖੜ੍ਹਦੀਆਂ ਸਨ। ਉਹਨਾਂ ਤੋਂ ਜੇ ਕੋਈ ਮੰਗ ਵੀ ਲੈਂਦਾ ਸੀ ਤਾਂ ਉਹ ਚਾਬੀ ਕਿਸੇ ਨੂੰ ਦਿੰਦੇ ਨਹੀਂ ਸਨ ਤੇ ਸਾਫ਼ ਮੁਕਰ ਜਾਂਦੇ ਸਨ ਕਿ ਉਨ੍ਹਾਂ ਕੋਲ ਤਾਂ ਹੈ ਹੀ ਨਹੀਂ । ਮੇਰੀ ਗੱਡੀ ਚਾਹੇ ਉੱਥੇ ਨਹੀਂ ਖੜ੍ਹਦੀ ਸੀ ਪਰ ਚਾਬੀ ਤਾਂ ਮੇਰੇ ਕੋਲ ਵੀ ਸੀ। ਮੈਂ ਕਾਟੋ ਅਤੇ ਉਸ ਦੇ ਕਤੂਰਿਆਂ ਦੀ ਖੁਰਾਕ ਦਾ ਧਿਆਨ ਰੱਖਦੀ ਸੀ ਚਾਹੇ ਮੈਨੂੰ ਪਹਾੜ ਜਿੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਹਜੇ ਕਾਟੋ ਦੇ ਬੱਚੇ ਮਸਾਂ ਦਸ ਕੁ ਦਿਨ ਦੇ ਹੋਣਗੇ ਕਿ ਮੌਸਮ ਵਿਭਾਗ ਦੀ ਚੇਤਾਵਨੀ ਸੀ ਕਿ ਰਾਤ ਨੂੰ ਮੀਂਹ ਹਨੇਰੀ ਤੇ ਭਾਰੀ ਤੂਫ਼ਾਨ ਆਉਣਾ ਸੀ। ਉਸ ਰਾਤ ਮੇਰੇ ਦਿਮਾਗ਼ ਵਿੱਚ ਉਹਨਾਂ ਪ੍ਰਤੀ ਬਹੁਤ ਟੈਂਸ਼ਨ ਚੱਲ ਰਹੀ ਸੀ। ਜੇ ਕਿਸੇ ਕੋਲ ਇਹੋ ਜਿਹੀ ਟੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਬਹੁਤੀ ਸਿਆਣੀ ਹੋਣ ਕਰਕੇ ਮਜ਼ਾਕ ਹੀ ਉਡਾਊ,ਇਸ ਲਈ ਮੈਂ ਚੁੱਪ ਵਿੱਚ ਹੀ ਭਲਾਈ ਸਮਝੀ। ਰਾਤ ਨੂੰ ਗਿਆਰਾਂ ਕੁ ਵਜੇ ਛੱਤ ਉੱਪਰੋਂ ਮੈਂ ਝਾਤੀ ਮਾਰ ਕੇ ਆਈ ਤਾਂ ਕਾਟੋ ਗੱਡੀ ਹੇਠਾਂ ਪੁੱਟੇ ਟੋਏ ਵਿੱਚ ਹੀ ਕਤੂਰਿਆਂ ਨੂੰ ਢਿੱਡ ਨਾਲ਼ ਲਾਈ ਪਈ ਸੀ। ਮੈਂ ਅਕਾਸ਼ ਵੱਲ ਦੇਖਿਆ ਤਾਂ ਹਲਕੇ ਹਲਕੇ ਬੱਦਲ਼ ਹੋਣ ਲੱਗ ਪਏ ਸਨ। ਸਰਦੀਆਂ ਵਿੱਚ ਹਨੇਰੀ ਰਾਤ ਵਿੱਚ ਗਿਆਰਾਂ ਵਜੇ ਪਲਾਟ ਵਿੱਚ ਜਾਣਾ ਵੀ ਅਜੀਬ ਲੱਗਦਾ ਹੈ। ਨਾਲ਼ੇ ਇਹ ਮੇਰੇ ਦਿਮਾਗ਼ ਅੰਦਰ ਦੀ ਸੋਚ ਨਾਲ਼ ਸਬੰਧਤ ਸਮੱਸਿਆ ਸੀ ਜਿਸ ਨੂੰ ਮੈਂ ਰੱਬ ਤੋਂ ਇਲਾਵਾ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਅਕਾਸ਼ ਵੱਲ ਨੂੰ ਦੇਖ ਕੇ ਆਖਿਆ,”ਅੱਛਾ ਰੱਬਾ! ਤੇਰੀ ਮਰਜ਼ੀ…. ਹੁਣ ਇਹਨਾਂ ਦੀ ਜਿੰਮੇਵਾਰੀ ਤੇਰੀ ਹੈ….!”

ਮੈਂ ਬੈੱਡਰੂਮ ਵਿੱਚ ਆ ਕੇ ਰਜ਼ਾਈ ਲੈ ਕੇ ਪੈਣ ਲੱਗੀ ਨੇ ਫਿਰ ਦਿਲੋਂ ਰੱਬ ਅੱਗੇ ਅਰਦਾਸ ਕਰਕੇ ਜ਼ਿੰਮੇਵਾਰੀ ਉਸ ਨੂੰ ਸੰਭਾਲ ਦਿੱਤੀ। ਹਜੇ ਪਹਿਲੇ ਪਹਿਰ ਦੀ ਨੀਂਦ ਪੂਰੀ ਹੋਈ ਸੀ ਕਿ ਤੜਕੇ ਤਿੰਨ ਕੁ ਵਜੇ ਹਨੇਰੀ ਤੂਫ਼ਾਨ ਨਾਲ ਖਿੜਕੀਆਂ ਦਰਵਾਜ਼ੇ ਖੜਕਣ ਦੀਆਂ ਅਵਾਜ਼ਾਂ ਆਉਣ ਦੇ ਨਾਲ ਨਾਲ ਬਿਜਲੀ ਲਿਸ਼ਕੇ ਤੇ ਬੱਦਲ ਗਰਜਣ ਤੇ ਨਾਲ਼ ਹੀ ਨਾਲ਼ ਮੋਹਲੇਧਾਰ ਮੀਂਹ ਆ ਗਿਆ। ਮੈਂ ਸੋਚਾਂ ਕਿ ਐਨੇ ਮੀਂਹ ਨਾਲ ਤਾਂ ਓਹਦਾ ਟੋਇਆ ਜਿਹਾ ਪਾਣੀ ਨਾਲ ਭਰ ਜਾਵੇਗਾ, ਕਤੂਰਿਆਂ ਦੀਆਂ ਤਾਂ ਅੱਖਾਂ ਵੀ ਨੀ ਖੁੱਲੀਆਂ…. ਉਹਨਾਂ ਦੇ ਮੂੰਹ ਵਿੱਚ ਮਿੱਟੀ ਵਾਲਾ ਪਾਣੀ ਭਰ ਕੇ ਮਰ ਵੀ ਸਕਦੇ ਹਨ। ਮੈਂ ਉੱਠ ਕੇ ਰਜ਼ਾਈ ਵਿੱਚ ਬੈਠੀ ਸੀ ਬੈੱਡਰੂਮ ਦੀ ਖਿੜਕੀ ਵਿੱਚੋਂ ਮੀਂਹ ਪੈਂਦਾ ਦੇਖ ਰਹੀ ਸੀ। ਮੈਂ ਫਿਰ ਕਿਹਾ,”ਚੰਗਾ ਰੱਬਾ… ਹੁਣ ਤੇਰੀ ਮਰਜ਼ੀ ਆ…. ਮੈਂ ਤਾਂ ਇਸ ਸਮੇਂ ਕੁਝ ਨਹੀਂ ਕਰ ਸਕਦੀ…!”

ਸਵੇਰ ਹੋਈ, ਮੈਂ ਉੱਠ ਕੇ ਪਹਿਲਾਂ ਛੱਤ ਤੇ ਗਈ। ਮੈਨੂੰ ਦੂਰ ਖੂੰਜੇ ਵਿੱਚ ਇੱਕ ਫਲੇਕਸ ਦੀ ਸ਼ੀਟ ਨੂੰ ਇੱਕ ਪਾਸੇ ਕੰਧ ਉੱਤੇ ਅਤੇ ਦੂਜੇ ਪਾਸਿਉਂ ਧਰਤੀ ਉੱਤੇ ਇੱਟਾਂ ਨਾਲ ਦੱਬ ਕੇ ਨਿੱਕੀ ਜਿਹੀ ਝੋਂਪੜੀ ਜਿਹੀ ਬਣੀ ਹੋਈ ਦਿਖਾਈ ਦਿੱਤੀ। ਮੈਂ ਹੇਠਾਂ ਉਤਰ ਕੇ ਫਟਾਫਟ ਗੇਟ ਦੀ ਚਾਬੀ ਲੈ ਕੇ ਕਾਟੋ ਨੂੰ ਦੁੱਧ ਤੇ ਹੋਰ ਖੁਰਾਕ ਪਾਉਣ ਗਈ ਤਾਂ ਕਾਟੋ ਤੇ ਉਸ ਦੇ ਬੱਚੇ ਉਸ ਝੋਂਪੜੀ ਵਿੱਚ ਸਕੂਨ ਨਾਲ ਸੌਂ ਰਹੇ ਸਨ, ਉਹਨਾਂ ਦੇ ਹੇਠਾਂ ਬੋਰੀਆਂ ਵਿਛਾਈਆਂ ਹੋਈਆਂ ਸਨ ਤੇ ਅੰਦਰ ਪੂਰਾ ਨਿੱਘ ਸੀ। ਜਦ ਮੈਂ ਬਾਹਰ ਨਿਕਲੀ ਤਾਂ ਨਾਲ਼ ਦੇ ਘਰ ਦੀ ਔਰਤ ਜੋ ਬਾਹਰ ਖੜ੍ਹੀ ਸੀ ਉਸ ਨੂੰ ਕਾਟੋ ਦੇ ਘਰ ਬਣਾਉਣ ਬਾਰੇ ਪੁੱਛਿਆ ਤਾਂ ਉਹ ਆਪਣੀ ਨੂੰਹ ਦਾ ਨਾਂ ਲੈ ਕੇ ਆਖਣ ਲੱਗੀ ਕਿ ਰਾਤ ਉਹ ਫੰਕਸ਼ਨ ਤੋਂ ਲੇਟ ਆਏ ਸਨ,ਜਦ ਉਹ ਗੱਡੀ ਪਲਾਟ ਵਿੱਚ ਖੜ੍ਹੀ ਕਰਨ ਲੱਗੇ ਤਾਂ ਇੱਕ ਆਦਮੀ ਇੱਥੋਂ ਦੀ ਲੰਘਿਆ ਜਾਂਦਾ ਸੀ, ਇਹ ਤਾਂ ਉਸ ਨੇ ਬਣਾਇਆ।

ਮੈਂ ਪੁੱਛਿਆ ਕਿ ਕੀ ਉਹ ਆਪਣੇ ਮੁਹੱਲੇ ਦਾ ਹੀ ਸੀ ਤਾਂ ਉਹ ਆਖਣ ਲੱਗੀ,” ਨਾ… ਨਾ… ਮੈਂ ਤਾਂ ਉਹ ਬੰਦੇ ਨੂੰ ਕਦੇ ਦੇਖਿਆ ਨੀ…. ਉਹ ਗੱਡੀ ਖੜ੍ਹੀ ਕਰਦੇ ਕਰਦੇ ਆਹ ਘਰ ਜਿਹਾ ਬਣਾ ਗਿਆ….. ਮੈਂ ਤਾਂ ਓਹਨੂੰ ਬਥੇਰਾ ਰੋਕਿਆ …. ਬਈ ਸਾਡੀ ਕੰਧ ਨਾਲ ਨਾ ਬਣਾ…. ਉਹ ਕਹਿੰਦਾ ਇਹ ਜਗ੍ਹਾ ਉੱਚੀ ਆ…. ਐਥੇ ਈ ਠੀਕ ਰਹੂ….!” ਮੈਂ ਫੇਰ ਪੁੱਛਿਆ,” ਤੁਸੀਂ ਜਾਣਦੇ ਨੀ ਸੀ ਓਹਨੂੰ….?” ” ਨਾ …. ਮੈਂ ਤਾਂ ਕਦੇ ਦੇਖਿਆ ਨੀ ਓਹਨੂੰ….. ਕੋਈ ਓਪਰਾ ਈ ਸੀ…. ਐਥੋਂ ਦੀ ਲੰਘਿਆ ਜਾਂਦਾ ਸੀ…..!” ਉਸ ਨੇ ਫਿਰ ਦੱਸਿਆ।

ਮੈਂ ਉੱਥੋਂ ਘਰ ਆ ਗਈ ਤੇ ਮੇਰੀਆਂ ਅੱਖਾਂ ਵਿੱਚ ਭਾਵਨਾਵਾਂ ਦਾ ਹੜ੍ਹ ਵਹਿ ਰਿਹਾ ਸੀ ਤੇ ਮੈਂ ਪਰਮਾਤਮਾ ਨੂੰ ਸ਼ਾਖਸ਼ਾਤ ਮਹਿਸੂਸ ਕਰ ਰਹੀ ਸੀ ਜੋ ਉਸ ਅਣਜਾਣ ਵਿਅਕਤੀ ਦੇ ਰੂਪ ਵਿੱਚ ਆਇਆ ਸੀ, ਕਿਉਂਕਿ ਫਲੇਕਸ ਦੀ ਸ਼ੀਟ, ਇੱਟਾਂ, ਥੱਲੇ ਵਿਛਾਉਣ ਲਈ ਬੋਰੀਆਂ ਨਾਲ ਲੈ ਕੇ ਅੱਧੀ ਰਾਤ ਨੂੰ ਕਿਹੜਾ ਅਣਜਾਣ ਵਿਅਕਤੀ ਘੁੰਮ ਰਿਹਾ ਸੀ ਜਿਸ ਨੂੰ ਪਤਾ ਸੀ ਕਿ ਐਥੇ ਕੁੱਤੀ ਸੂਈ ਹੋਈ ਹੈ ? ਇਹ ਪ੍ਰਸ਼ਨ ਤਾਂ ਹਜੇ ਵੀ ਮੇਰੇ ਦਿਮਾਗ਼ ਵਿੱਚ ਜਿਉਂ ਦਾ ਤਿਉਂ ਘੁੰਮਦਾ ਰਹਿੰਦਾ ਹੈ। ਇਹੀ ਗੱਲਾਂ ਹਨ ਕਿ ਅਸੀਂ ਰੱਬ ਨੂੰ ਸਿੱਧੇ ਤਾਂ ਨਹੀਂ ਵੇਖ ਸਕਦੇ ਪਰ ਪਰਉਪਕਾਰੀ ਬੰਦਿਆਂ ਵਿੱਚੋਂ ਉਹਨਾਂ ਦੀ ਮੌਜੂਦਗੀ ਜ਼ਰੂਰ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇਪਨ ਦਾ ਅਹਿਸਾਸ
Next articleਚੰਗੀ ਗੱਲ ਨਈਂ