ਏਹੁ ਹਮਾਰਾ ਜੀਵਣਾ ਹੈ -276

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

( ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਨੂੰ ਸਮਰਪਿਤ)

ਹਰ ਸਾਲ 3 ਮਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੱਸਿਆ ਜਾਂਦਾ ਹੈ ਕਿ ਸਮਾਜ ‘ਚ ਮੀਡੀਆ ਦੀ ਕਿੰਨੀ ਮਹੱਤਵਪੂਰਣ ਭੂਮਿਕਾ ਹੈ। ਮੀਡੀਆ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 3 ਮਈ 1993 ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਐਲਾਨ ਕੀਤਾ, ਤਾਂ ਜੋ ਦੁਨੀਆ ਨੂੰ ਪ੍ਰੈਸ ਦੀ ਆਜ਼ਾਦੀ ਦੀ ਮਹੱਤਤਾ ਬਾਰੇ ਚੇਤਾਵਨੀ ਦਿੱਤੀ ਜਾ ਸਕੇ। ਇਸ ਦਾ ਉਦੇਸ਼ ਸਰਕਾਰਾਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਅਤੇ ਸਤਿਕਾਰ ਕਰਨਾ ਉਨ੍ਹਾਂ ਦਾ ਕਰਤੱਵ ਹੈ। ਮੀਡੀਆ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਅਤੇ ਉਹਨਾਂ ਦੀ ਬਹਾਲੀ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਉਂਦਾ ਹੈ।ਇਸ ਲਈ ਸਰਕਾਰਾਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

1991 ਵਿੱਚ, ਦੱਖਣੀ ਅਫਰੀਕਾ ਵਿੱਚ ਪੱਤਰਕਾਰਾਂ ਨੇ ਪ੍ਰੈਸ ਦੀ ਆਜ਼ਾਦੀ ਲਈ ਪਹਿਲ ਕੀਤੀ ਸੀ। ਉਨ੍ਹਾਂ ਨੇ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਨਾਲ ਸਬੰਧਤ ਬਿਆਨ ਜਾਰੀ ਕੀਤਾ ਸੀ। 4 ਜੁਲਾਈ 1966 ਨੂੰ ਭਾਰਤੀ ਪ੍ਰੈਸ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਜਿਸਨੇ 16 ਨਵੰਬਰ 1966 ਤੋਂ ਆਪਣਾ ਕੰਮ ਸ਼ੁਰੂ ਕੀਤਾ। ਐਮਰਜੈਂਸੀ ਦੌਰਾਨ ਜਦੋਂ ਪ੍ਰੈਸ ਤੇ ਸੈਂਸਰ ਲੱਗਿਆ ਸੀ ਉਦੋਂ ਮੀਡੀਆ ਇੱਕ ਵਾਰ ਫਿਰ ਥੋੜ੍ਹੇ•ਸਮੇਂ ਲਈ ਭ੍ਰਿਸ਼ਟਾਚਾਰ ਮਿਟਾਓ ਅਭਿਆਨ ਨੂੰ ਲੈ ਕੇ ਮਿਸ਼ਨ ਬਣ ਗਈ ਸੀ। ਹੌਲੀ-ਹੌਲੀ ਪੱਤਰਕਾਰਿਤਾ ਪ੍ਰੋਡਕਸ਼ਨ ਤੋਂ ਸੈਂਨਸੇਸ਼ਨ ਅਤੇ ਸੈਨਸੇਸ਼ਨ ਤੋਂ ਕਮਿਸ਼ਨ ਬਣ ਗਈ । ਇਹਨਾਂ ਸਾਰੀਆਂ ਸਮਾਜਿਕ ਬੁਰਾਈਆਂ ਦੇ ਲਈ ਸਿਰਫ ਮੀਡੀਆ ਨੂੰ ਦੋਸ਼ੀ ਠਹਿਰਾਉਣਾ ਉਚਿਤ ਨਹੀਂ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਮੀਡੀਆ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਪਰ ਦੂਜੇ ਪਾਸੇ ਅਕਸਰ ਮੀਡੀਆ ਵੀ ਸਮਾਜ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਦੁਨੀਆ ਦੇ ਕਈ ਦੇਸ਼ ਮੀਡੀਆ ਅਤੇ ਪੱਤਰਕਾਰਾਂ ‘ਤੇ ਜ਼ੁਲਮ ਕਰਦੇ ਹਨ। ਜੇਕਰ ਪ੍ਰੈੱਸ ਅਤੇ ਪੱਤਰਕਾਰ ਸਰਕਾਰ ਦੀ ਮਰਜ਼ੀ ਨਾਲ ਨਹੀਂ ਚੱਲਣਗੇ। ਫਿਰ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾਂਦਾ ਹੈ।

ਮੀਡੀਆ ਅਦਾਰਿਆਂ ‘ਤੇ ਕਈ ਤਰ੍ਹਾਂ ਦਾ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਕਿ ਉਨ੍ਹਾਂ ‘ਤੇ ਜੁਰਮਾਨੇ ਲਗਾਉਣੇ, ਇਨਕਮ ਟੈਕਸ ਦੇ ਛਾਪੇ,ਇਸ਼ਤਿਹਾਰ ਬੰਦ ਕਰਨਾ ਆਦਿ। ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਇਹ ਗੱਲਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਰਾਹ ਵਿੱਚ ਵੱਡੀ ਰੁਕਾਵਟ ਬਣਦੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦੁਨੀਆ ਭਰ ਵਿੱਚ ਪ੍ਰੈੱਸ ਦੀ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਹੈ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਮੀਡੀਆ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰਾਂ ਨੂੰ ਮੀਡੀਆ ਪ੍ਰਤੀ ਜ਼ਿੰਮੇਵਾਰ ਬਣਨ ਲਈ ਵੀ ਪ੍ਰੇਰਿਆ ਜਾਂਦਾ ਹੈ । ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਨੂੰ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ 180 ਵਿਚੋਂ 142ਵਾਂ ਸਥਾਨ ਪ੍ਰਾਪਤ ਹੈ। ਇਸ ਸੂਚੀ ਵਿੱਚ ਪਹਿਲਾ ਨਾਮ ਨਾਰਵੇ ਦਾ ਹੈ, ਜਦਕਿ ਫਿਨਲੈਂਡ ਦੂਜੇ ਸਥਾਨ ‘ਤੇ ਅਤੇ ਡੈਨਮਾਰਕ ਤੀਜੇ ਸਥਾਨ ‘ਤੇ ਹੈ।

ਏਰੀਟਰੀਆ ਦਾ ਨਾਮ 180 ਦੇਸ਼ਾਂ ਦੀ ਸੂਚੀ ‘ਚ ਆਖਰੀ ਨੰਬਰ ‘ਤੇ ਆਉਂਦਾ ਹੈ। ਸਾਡੇ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਵਿੱਚ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਪ੍ਰੈਸ ਦੀ ਅਜ਼ਾਦੀ ਵੀ ਖ਼ਸ ਤੌਰ ਤੇ ਸ਼ਾਮਿਲ ਹੈ। ਦੁਨੀਆਂ ਵਿਚ ਅੱਜ ਲਗਭਗ 50 ਦੇਸ਼ਾਂ ਵਿੱਚ ਮੀਡੀਆ ਪਰਿਸ਼ਦ ਹੈ। ਅੱਜ ਪ੍ਰੈਸ ਅਤੇ ਪੱਤਰਕਾਰੀ ਦਾ ਖੇਤਰ ਬਹੁਤ ਵਿਸ਼ਾਲ ਹੋ ਗਿਆ ਹੈ। ਇਸ ਲਈ ਇਸ ਨੂੰ ਹਰ ਇੱਕ ਸਨ ਤੱਕ ਸੂਚਨਾ ਸ੍ਰੋਤ, ਸਿੱਖਿਆ ਦਾ ਸਾਧਨ ਅਤੇ ਮਨੋਰੰਜਨ ਨਾਲ ਸੰਬੰਧਤ ਸੰਦੇਸ਼ਾਂ ਨੂੰ ਪਹੁੰਚਾਉਣ ਦੀ ਇੱਕ ਕਲਾ ਅਤੇ ਵਿੱਦਿਆ ਮੰਨਿਆ ਜਾਣ ਲੱਗਾ ਹੈ। ਪਰ ਅੱਜ ਦੀ ਪੱਤਰਕਾਰੀ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਵਧਾ-ਚੜ੍ਹਾ ਕੇ ਪੇਸ਼ ਕਰਨਾ ਜਾਂ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਹੋੜ ਵਧਣ ਲੱਗੀ ਹੈ।

ਬੇਸ਼ੱਕ ਪ੍ਰੈਸ ਦੀ ਆਜ਼ਾਦੀ ਲਈ 3 ਮਈ ਦੇ ਦਿਨ ਨੂੰ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਪਰ ਇਸ ਤਰ੍ਹਾਂ ਖ਼ਬਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਿੱਚ ਨਿੱਜੀ ਸਵਾਰਥ ਸਾਫ ਝਲਕਣ ਲੱਗ ਜਾਂਦਾ ਹੈ। ਮੀਡੀਆ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਪਰ ਕਈ ਵਾਰ ਮੀਡੀਆ ਵੀ ਸਮਾਜ ਤੋਂ ਪ੍ਰਭਾਵਿਤ ਹੋਣ ਲੱਗਦਾ ਹੈ। ਪਰ ਦੋਵਾਂ ਪੱਖਾਂ ਤੋਂ ਬਿਨਾਂ ਦਬਾਅ,ਸਾਫ਼ ਸੁਥਰੀ ਅਤੇ ਨਿਰਸਵਾਰਥ ਪੱਤਰਕਾਰਤਾ ਵਿਸ਼ਵ ਪ੍ਰੈਸ ਅਜ਼ਾਦੀ ਨੂੰ ਸਮਰਪਿਤ ਹੋ ਮੰਨੀ ਜਾ ਸਕਦੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ’ਚ ਸ. ਵਿਕਰਮਜੀਤ ਸਿੰਘ ਚੌਧਰੀ, ਤ੍ਰਿਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਤੇ ਅੰਗਦ ਸਿੰਘ ਸਾਬਕਾ ਵਿਧਾਇਕ ਨੇ ਕੀਤਾ ਚੋਣ ਪ੍ਰਚਾਰ
Next articleਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਰੀ ਬਹੁਮਤ ਨਾਲ ਜਿੱਤਣਗੇ – ਸਤਨਾਮ ਸਿੰਘ ਲੋਹਗੜ੍ਹ