ਏਹੁ ਹਮਾਰਾ ਜੀਵਣਾ – 275

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪਰਮਾਤਮਾ ਨੇ ਮਨੁੱਖ ਦਾ ਪਾਲਣ ਪੋਸ਼ਣ ਕਰਨ ਲਈ ਉਸ ਦੀ ਹਰ ਇੱਕ ਜ਼ਰੂਰਤ ਨੂੰ ਧਰਤੀ ਉੱਤੇ ਪਹਿਲਾਂ ਹੀ ਪੂਰਾ ਕਰਕੇ ਭੇਜਿਆ ਹੈ। ਮਨੁੱਖ ਵੀ ਕਾਦਰ ਦੀ ਕੁਦਰਤ ਦਾ ਇੱਕ ਹਿੱਸਾ ਹੀ ਹੈ ਪਰ ਉਹ ਇਸ ਗੱਲੋਂ ਬੇਖ਼ਬਰ ਹੋ ਕੇ ਕੁਦਰਤ ਦਾ ਹੀ ਘਾਣ ਕਰ ਰਿਹਾ ਹੈ ਅਤੇ ਇਸ ਧਰਤੀ ਉੱਤੇ ਆਪਣੇ ਆਪ ਨੂੰ ਸਭ ਤੋਂ ਬੁੱਧੀਮਾਨ, ਤਾਕਤਵਰ ਅਤੇ ਹੱਕਦਾਰ ਸਮਝਦਾ ਹੋਇਆ ਕੁਦਰਤੀ ਸੋਮਿਆਂ ਨੂੰ ਦਿਨ ਪ੍ਰਤੀ ਦਿਨ ਘਟਾਉਂਦਾ ਜਾ ਰਿਹਾ ਹੈ । ਵੈਸੇ ਤਾਂ ਮਨੁੱਖ ਦੁਆਰਾ ਕੁਦਰਤ ਦੀ ਕੀਤੀ ਜਾ ਰਹੀ ਇੱਕ ਇੱਕ ਚੀਜ਼ ਦੀ ਦੁਰਗਤੀ ਵੱਲ ਨਿਗਾਹ ਮਾਰੀਏ ਤਾਂ ਕੋਈ ਪਹਿਲੂ ਵੀ ਅਛੂਤਾ ਨਹੀਂ ਰਹਿ ਜਾਵੇਗਾ।

ਅੱਜ ਆਪਾਂ ਪਾਲਤੂ ਕੁੱਤਿਆਂ ਦੀ ਗੱਲ ਕਰਨ ਲੱਗੇ ਹਾਂ। ਜੇ ਆਪਾਂ ਸੋਚੀਏ ਤਾਂ ਕਿਸੇ ਵੀ ਮੁੱਦੇ ਨੂੰ ਲੈਕੇ ਸਾਡੇ ਦੇਸ਼ ਵਿੱਚ ਹੀ ਬਹੁਤ ਸਾਰੀਆਂ ਸਮੱਸਿਆਵਾਂ ਕਿਉਂ ਉਪਜਦੀਆਂ ਹਨ? ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਘਰਾਂ ਵਿੱਚ ਕੁੱਤੇ ਪਾਲਦੇ ਹਨ ਪਰ ਜਿਹੋ ਜਿਹੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਹੁੰਦੀਆਂ ਹਨ ਉਹ ਕਿਸੇ ਹੋਰ ਦੇਸ਼ ਵਿੱਚ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ। ਕਿਉਂ ਕਿ ਪੱਛਮੀ ਦੇਸ਼ਾਂ ਵਿੱਚ ਕਾਨੂੰਨ ਬਣਾਉਣ ਲੱਗੇ ਸਭ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ ਜਾਂਦਾ ਹੈ। ਉੱਥੇ ਕਾਨੂੰਨ ਦੀ ਪਾਲਣਾ ਵੀ ਅਨੁਸ਼ਾਸਿਤ ਤਰੀਕੇ ਨਾਲ ਕੀਤੀ ਜਾਂਦੀ ਹੈ।ਸਾਡੇ ਦੇਸ਼ ਵਿੱਚ ਕੁੱਤੇ ਪਾਲਣ ਦਾ ਸ਼ੌਕ ਮੁੱਢ ਕਦੀਮ ਤੋਂ ਹੀ ਸ਼ਾਹੀ ਸ਼ੌਂਕ ਸਮਝਿਆ ਜਾਂਦਾ ਰਿਹਾ ਹੈ।

ਮਹਿੰਗੇ ਅੰਗਰੇਜ਼ੀ ਨਸਲਾਂ ਦੇ ਕੁੱਤਿਆਂ ਨੂੰ ਪਾਲਣ ਦੇ ਨਾਲ ਨਾਲ ਉਹਨਾਂ ਦੇ ਮੁਕਾਬਲੇ ਕਰਵਾਉਣੇ, ਉਹਨਾਂ ਦੇ ਜੁੱਸਿਆਂ ਦੀ ਨੁਮਾਇਸ਼ ਲਗਾਉਂਣਾ ਆਮ ਜਿਹੀ ਗੱਲ ਹੈ। ਚਲੋ ਇਹ ਤਾਂ ਹੋਈ ਕਈ ਵੱਡੇ ਘਰਾਂ ਦੇ ਲੋਕਾਂ ਦੀ ਗੱਲ ਕਿਉਂ ਕਿ ਉਹ ਮਹਿੰਗੀਆਂ ਨਸਲਾਂ ਦੇ ਕੁੱਤਿਆਂ ਦੀ ਖੁਰਾਕ ਅਤੇ ਹੋਰ ਸਹੂਲਤਾਂ ਤੋਂ ਭਲੀਭਾਂਤ ਜਾਣੂ ਹੁੰਦੇ ਹੋਏ ਉਹਨਾਂ ਨੂੰ ਉਸੇ ਢੰਗ ਨਾਲ ਰੱਖਦੇ ਸਨ।ਪਰ ਜੇ ਕਿਸੇ ਆਮ ਜਿਹੇ ਘਰ ਵਿੱਚ ਕੋਈ ਕੁੱਤਾ ਕਿਸੇ ਤੋਂ ਲੈ ਲਿਆ ਜਾਏ ਤੇ ਅਗਾਂਹ ਤੋਂ ਅਗਾਂਹ ਦਿੰਦੇ ਦਿੰਦੇ ਉਹ ਜਿਸ ਕੋਲ ਪਹੁੰਚ ਜਾਏ ਤੇ ਫ਼ੇਰ ਉਸ ਪਰਿਵਾਰ ਦਾ ਕੋਈ ਜੀਅ ਘਰ ਵਿੱਚ ਜਦ ਲੈ ਆਏ ਤਾਂ ਪਹਿਲਾਂ ਉਹਨਾਂ ਘਰਾਂ ਵਿੱਚ ਪਰਿਵਾਰ ਦੇ ਅੱਧੇ ਲੋਕ ਕੁੱਤਾ ਰੱਖਣ ਲਈ ਰਾਜ਼ੀ ਨਹੀਂ ਹੁੰਦੇ,ਉਹ ਉਹਨਾਂ ਨੂੰ ਹਰ ਵੇਲੇ ਫਿਟਕਾਰਦੇ ਹਨ, ਉਹਨਾਂ ਤੋਂ ਘਿਣ ਖਾਂਦੇ ਹਨ, ਉਹਨਾਂ ਨੂੰ ਖੁਰਾਕ ਪੂਰੀ ਨਾ ਦੇਣਾ, ਉਹਨਾਂ ਨੂੰ ਅਣਗੌਲਿਆਂ ਕਰਨਾ ਆਦਿ ਆਮ ਜਿਹੀ ਗੱਲ ਹੈ।ਇਹਨਾਂ ਗੱਲਾਂ ਕਾਰਨ ਕੁੱਤੇ ਅੰਦਰ ਇੱਕ ਹਮਲਾਵਰ ਵਾਲੀ ਪ੍ਰਵਰਿਤੀ ਉਤਪੰਨ ਹੋ ਜਾਂਦੀ ਹੈ।

ਉਹ ਜਾਂ ਤਾਂ ਮੌਕਾ ਮਿਲਦੇ ਹੀ ਘਰ ਤੋਂ ਬਾਹਰਲੇ ਲੋਕਾਂ ਤੇ ਹਮਲਾ ਕਰ ਦਿੰਦੇ ਹਨ ਜਾਂ ਫਿਰ ਘਰ ਵਿੱਚ ਹੀ ਨਫ਼ਰਤ ਕਰਨ ਵਾਲਿਆਂ ਤੇ ਹਮਲਾ ਬੋਲ ਦਿੰਦੇ ਹਨ। ਘਰ ਵਿੱਚ ਹੀ ਪਰਿਵਾਰਕ ਮੈਂਬਰਾਂ ਤੇ ਕੁੱਤਿਆਂ ਵੱਲੋਂ ਹੱਲਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲੀ ਗੱਲ ਘਰ ਵਿੱਚ ਪਾਲਤੂ ਜਾਨਵਰ ਰੱਖਣ ਤੋਂ ਪਹਿਲਾਂ ਸਭ ਜੀਆਂ ਦੀ ਅਨੁਮਤੀ ਜ਼ਰੂਰ ਲੈਣੀ ਚਾਹੀਦੀ ਹੈ। ਕਿਉਂਕਿ ਜੇ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਘਰ ਵਿੱਚ ਸਭ ਤੋਂ ਪਿਆਰ ਨਹੀਂ ਮਿਲਦਾ ਤਾਂ ਉਹਨਾਂ ਦੇ ਮਨ ਵਿੱਚ ਨਫ਼ਰਤ ਕਰਨ ਵਾਲਿਆਂ ਤੋਂ ਡਰ ਬਣ ਜਾਂਦਾ ਹੈ।ਉਹ ਉਹਨਾਂ ਤੋਂ ਆਪਣੇ ਆਪ ਦੀ ਰੱਖਿਆ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਹੋ ਸਕਦਾ ਹੈ ਕਦੇ ਉਹਨਾਂ ਨੂੰ ਆਪਣੇ ਵੱਲ ਵਧਦਾ ਦੇਖ ਕੇ ਉਹਨਾਂ ਉੱਤੇ ਹਮਲਾ ਹੀ ਕਰ ਦੇਣ।

ਪਾਲਤੂ ਕੁੱਤਿਆਂ ਦੇ ਨੇੜੇ ਜਾਣ ਤੋਂ ਪਹਿਲਾਂ ਦੂਰੋਂ ਹੀ ਉਸ ਦਾ ਨਾਂ ਪਿਆਰ ਨਾਲ ਲੈ ਕੇ ਉਸ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਹੈ। ਪਾਲਤੂ ਕੁੱਤੇ ਚੌਵੀ ਘੰਟੇ ਆਪਣੇ ਮਾਲਕ ਬਾਰੇ ਹੀ ਸੋਚਦੇ ਰਹਿੰਦੇ ਹਨ ,ਜੇਕਰ ਉਹਨਾਂ ਨੂੰ ਹਨੇਰੇ ਵਿੱਚ ਪਰਿਵਾਰ ਦੇ ਕਿਸੇ ਜੀਅ ਦੀ ਪਛਾਣ ਨਾ ਆਵੇ ਤਾਂ ਉਹ ਓਪਰਾ ਬੰਦਾ ਸਮਝ ਕੇ ਵੀ ਵੱਢ ਸਕਦੇ ਹਨ। ਪਾਲਤੂ ਕੁੱਤਿਆਂ ਨੂੰ ਖਾਣਾ ਖਾਂਦੇ ਸਮੇਂ ਕਦੇ ਛੇੜਨਾ ਨਹੀਂ ਚਾਹੀਦਾ,ਖਾਣਾ ਖਾਂਦੇ ਨੂੰ ਛੇੜਿਆਂ ਵੀ ਉਹ ਗੁੱਸੇ ਵਿੱਚ ਆ ਜਾਂਦੇ ਹਨ। ਬੱਚਿਆਂ ਦੁਆਰਾ ਬੇਮਤਲਬ ਵਾਰ ਵਾਰ ਛੇੜੇ ਜਾਣ ਕਾਰਨ ਵੀ ਉਹ ਕ੍ਰੋਧ ਵਿੱਚ ਆ ਜਾਂਦੇ ਹਨ। ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਛੇੜਨਾ ਤਾਂ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅਚਾਨਕ ਤੇਜ਼ ਦੌੜਿਆਂ ਵੀ ਕੁੱਤੇ ਪਿੱਛੇ ਦੌੜਦੇ ਹੋਏ ਕ੍ਰੋਧਿਤ ਹੋ ਸਕਦੇ ਹਨ। ਕੁੱਤਿਆਂ ਨੂੰ ਘਰ ਵਿੱਚ ਪਾਲਣ ਲਈ ਉਹਨਾਂ ਖ਼ਾਤਰ ਪਹਿਲਾਂ ਤੋਂ ਹੀ ਪਿਆਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।

ਉਸ ਨੂੰ ਪਰਿਵਾਰ ਦਾ ਇੱਕ ਮੈਂਬਰ ਸਮਝ ਕੇ ਰੱਖਣਾ ਚਾਹੀਦਾ ਹੈ ਨਾ ਕਿ ਇੱਕ ਵਸਤੂ ਦੇ ਵਾਂਗ ਰੱਖਿਆ ਜਾਵੇ। ਇਹਨਾਂ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ।ਇਹ ਵੀ ਆਪਣੇ ਵੱਲ ਧਿਆਨ ਮੰਗਦੇ ਹਨ, ਇਹਨਾਂ ਦੀ ਖੁਰਾਕ ਅਤੇ ਰਹਿਣ ਦੀ ਥਾਂ ਦਾ ਧਿਆਨ ਰੱਖਿਆ ਜਾਵੇ।ਇਸ ਨੂੰ ਵਸਤੂ ਦੀ ਤਰ੍ਹਾਂ ਕਦੇ ਕਿਸੇ ਨੂੰ ਤੇ ਅਗਾਂਹ ਕਦੇ ਕਿਸੇ ਨੂੰ ਨਾ ਦਿੱਤਾ ਜਾਵੇ। ਜੇ ਪਰਿਵਾਰ ਦੇ ਸਾਰੇ ਜੀਅ ਸਹਿਮਤ ਨਾ ਹੋਣ ਤਾਂ ਘਰ ਵਿੱਚ ਕੁੱਤਾ ਨਾ ਰੱਖਿਆ ਜਾਵੇ। ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਪਾਲਤੂ ਜਾਨਵਰ ਦਾ ਆਪਣੇ ਮਾਲਕ ਨਾਲ ਮਾਪਿਆਂ ਵਰਗਾ ਰਿਸ਼ਤਾ ਬਣ ਜਾਂਦਾ ਹੈ। ਜੇ ਕਿਸੇ ਵੀ ਜਾਨਵਰ ਨੂੰ ਉਸ ਦਾ ਪੂਰਾ ਹੱਕ ਦੇ ਕੇ ਪਾਲ਼ਿਆ ਜਾਵੇਗਾ ਤਾਂ ਉਸ ਜਿੰਨਾ ਕੋਈ ਵਫਾਦਾਰ ਨਹੀਂ ਹੋ ਸਕਦਾ,ਪਰ ਜੇ ਉਸ ਨਾਲ ਗ਼ਲਤ ਵਿਵਹਾਰ ਕੀਤਾ ਜਾਵੇਗਾ ਤਾਂ ਉਹ ਇੱਕ ਹਮਲਾਵਰ ਵੀ ਸਿੱਧ ਹੋ ਸਕਦਾ ਹੈ।

ਇਸ ਲਈ ਘਰ ਵਿੱਚ ਰੱਖੇ ਜਾਨਵਰ ਪ੍ਤੀ ਪਿਆਰ, ਹਮਦਰਦੀ ਪ੍ਗਟ ਕਰਨਾ, ਉਨ੍ਹਾਂ ਦੀਆਂ ਜਰੂਰਤਾਂ ਦਾ ਧਿਆਨ ਰੱਖਣਾ, ਸਮੇਂ ਸਿਰ ਖਾਣਾ ਦੇਣਾ ਬਹੁਤ ਜਰੂਰੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਇੱਕ ਜੀਅ ਬਣਾ ਕੇ ਰੱਖਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਾਖੀ ਸਪੋਰਟਸ 20-20 ਯਾਦਗਾਰੀ ਹੋ ਨਿਬੜਿਆ
Next article“ਲੋਕ ਇੰਨਸਾਫ ਪਾਰਟੀ” ਦੀ ਯੂਰੋਪੀਅਨ ਕੋਰ ਭੰਗ, ਜਲੰਧਰ ਤੋ ਸ. ਗੁਰਜੰਟ ਸਿੰਘ ਕੱਟੂ ਨੂੰ ਪੂਰਨ ਹਿਮਾਇਤ। ਸ. ਘੁੰਮਣ