(ਸਮਾਜ ਵੀਕਲੀ)
(ਸਿਆਸਤ ਦੇ ਬਾਬਾ ਬੋਹੜ ਦੇ ਸਨਮਾਨ ਵਿੱਚ)
ਸਿਆਸਤ ਦੇ ਬਾਬਾ ਬੋਹੜ, ਸੰਤ ਸਿਆਸਤਦਾਨ, ਆਪਣੇ ਆਪ ਵਿੱਚ ਇੱਕ ਸੰਸਥਾ ਵਰਗੀਆਂ ਕਿੰਨੀਆਂ ਹੀ ਉਪਾਧੀਆਂ ਆਪਣੇ ਨਾਮ ਕਰਵਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 95 ਵਰ੍ਹਿਆਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ ।ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ 25 ਅਪ੍ਰੈਲ ਦੀ ਦੇਰ ਸ਼ਾਮ ਆਖ਼ਰੀ ਸਾਹ ਲਏ ਸਨ। ਇੱਕ ਖੇਤਰੀ ਪਾਰਟੀ ਦੇ ਨੇਤਾ ਦਾ ਰਾਸ਼ਟਰੀ ਪੱਧਰ ’ਤੇ ਕੱਦ ਹੋਣਾ ਸਧਾਰਨ ਗੱਲ ਨਹੀਂ ਹੈ। ਉਹ ਉਹਨਾਂ ਕੁਝ ਕੁ ਲੀਡਰਾਂ ਵਿੱਚੋਂ ਸਨ ਜੋ ਖੇਤਰੀ ਪੱਧਰ ’ਤੇ ਵਿਚਰਦੇ ਸਨ ਪਰ ਉਹਨਾਂ ਦਾ ਕੱਦ ਨੈਸ਼ਨਲ ਪੱਧਰ ਦਾ ਸੀ।ਦੇਸ਼ ਦੀ ਵੰਡ ਤੋਂ ਲੈ ਕੇ ਪੰਜਾਬ ਦੀ ਵੰਡ ਅਤੇ ਫਿਰ ਐਮਰਜੈਂਸੀ ਤੋਂ ਲੈ ਕੇ ਅੱਤਵਾਦ ਦੇ ਦੌਰ ਤੱਕ ਵਾਰ-ਵਾਰ ਪੰਜਾਬ ਨੇ ਪ੍ਰੀਖਿਆ ਦਿੱਤੀ ਅਤੇ ਪ੍ਰੀਖਿਆ ਦੇ ਇਸ ਸਮੇਂ ਵਿੱਚ ਪ੍ਰਕਾਸ਼ ਸਿੰਘ ਬਾਦਲ ਇੱਕ ਸੂਝਵਾਨ ਸਿਆਸਤਦਾਨ ਅਤੇ ਕੱਦਾਵਰ ਆਗੂ ਵਜੋਂ ਉਭਰਦੇ ਰਹੇ, ਇਸ ਪੂਰੇ ਦੌਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਲੰਮਾ ਸਮਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਬਿਤਾਇਆ।
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ, ਪਰ ਉਨ੍ਹਾਂ ਨੇ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬੇ ਦੀ ਸਿਆਸਤ ਉੱਤੇ ਕ੍ਰੇਂਦਿਤ ਕੀਤਾ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਹੀ ਹਾਸਲ ਨਹੀਂ ਕੀਤੀ, ਬਲਕਿ ਇਸ ਦੇ ਨਾਲ-ਨਾਲ ਖਾੜਕੂਵਾਦ ਦੇ ਦੌਰ ਦੌਰਾਨ ਮਾਯੂਸੀ ਵਿਚ ਗਈ ਸਿੱਖ ਲੀਡਰਸ਼ਿਪ ਨੂੰ ਕੌਮੀ ਧਾਰਾ ਵਿਚ ਲਿਆਂਦਾ।
ਸੱਤਾ ਵਿਚ ਵੀ ਉਨ੍ਹਾਂ ਵਿਰੋਧੀਆਂ ਦਾ ਇਹ ਭਰਮ ਤੋੜਿਆ ਕਿ ਅਕਾਲੀ ਸਿਰਫ਼ ਮੋਰਚੇ ਲਾਉਣੇ ਜਾਂਣਦੇ ਹਨ, ਰਾਜ ਕਰਨਾ ਨਹੀਂ।ਪ੍ਰਕਾਸ਼ ਸਿੰਘ ਬਾਦਲ ਆਪਣੇ ਕਾਰਜਕਾਲ ਦੌਰਾਨ ਪਿੰਡਾਂ -ਸ਼ਹਿਰਾਂ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਉਹਨਾਂ ਦਾ ਮੌਕੇ ਉਪਰ ਹੀ ਹੱਲ ਕਰਦੇ ਸਨ। ਉਹਨਾਂ ਨੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸੰਗਤ ਦਰਸ਼ਨ ਸ਼ੁਰੂ ਕੀਤੇ ਸਨ ਜੋ ਸਰਕਾਰ ਤੱਕ ਪਹੁੰਚ ਨਹੀਂ ਕਰ ਸਕਦੇ ਸਨ।ਸ. ਪਰਕਾਸ਼ ਸਿੰਘ ਜੀ ਬਾਦਲ ਦੇ ਵਿਛੋੜੇ ਨਾਲ ਰਾਜਨੀਤੀ ਦੇ ਇੱਕ ਯੁੱਗ ਦੀ ਸਮਾਪਤੀ ਹੋਈ ਹੈ। ਉਨ੍ਹਾਂ ਵਰਗਾ ਦੂਰ ਅੰਦੇਸ਼ੀ, ਲਾਮਿਸਾਲ, ਮਿਹਨਤੀ, ਸਬਰ ਅਤੇ ਦਿਆ ਨਾਲ ਭਰਪੂਰ ਇਨਸਾਨ ਮਿਲਣਾ ਬਹੁਤ ਔਖਾ ਹੈ।ਪੰਜਾਬ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਤਿਕਾਰ ਵਜੋਂ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ,ਕੇਂਦਰ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਦੋ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ,ਇਹ ਸਨਮਾਨ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸਮੂਹ ਪੰਜਾਬੀਆਂ ਅਤੇ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਪੰਜਾਬ ਦੀ ਤਸਵੀਰ ਨੂੰ ਬਦਲਣ ਦੇ ਆਪਣੇ ਸੁਫਨੇ ਨੂੰ ਸਾਕਾਰ ਕੀਤਾ, ਅਤੇ ਸੜਕਾਂ ਦੇ ਜਾਲ, ਨਵੀਂ ਸਰਕਾਰੀ ਇਮਾਰਤਾਂ, ਬਾਈਪਾਸ, ਮੈਰੀਟੋਰੀਅਸ ਸਕੂਲ ਵਰਗੇ ਸੈਂਕੜੇ ਪ੍ਰੋਜੈਕਟਸ ਰਾਹੀਂ ਪੰਜਾਬ ਨੂੰ ਖੁਸ਼ਹਾਲ ਸੂਬਿਆਂ ਦੀ ਫੇਹਰਿਸਤ ਵਿੱਚ ਲਿਆ ਖੜ੍ਹਾ ਕੀਤਾ।ਕਿਸਾਨ ਅੰਦੋਲਨ ਦੌਰਾਨ ਸਿੱਖ ਕੌਮ ਦੇ ਨਾਲ ਨਾਲ ਸੂਬੇ ਲਈ ਨਿਭਾਈਆਂ ਗਈਆਂ ਸੇਵਾਵਾਂ ਲਈ ਸਾਲ 2011 ਚ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਫਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ, ਤੇ 30 ਮਾਰਚ 2015 ਨੂੰ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਦੇਸ਼ ਦਾ ਦੂਜਾ ਸਰਬਉੱਚ ਸਨਮਾਨ ਪਦਮ ਵਿਭੂਸ਼ਣ ਦਿੱਤਾ ਗਿਆ, ਬਤੌਰ ਮੁੱਖ ਮੰਤਰੀ ਇਹ ਸਨਮਾਨ ਹਾਸਿਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਪਹਿਲੇ ਸ਼ਖ਼ਸ ਬਣੇ। ਹਾਲਾਂਕਿ ਕਿਸਾਨ ਅੰਦੋਲਨ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਜੋਂ ਉਨ੍ਹਾਂ ਆਪਣਾ ਇਹ ਸਨਮਾਨ ਸਰਕਾਰ ਨੂੰ ਵਾਪਿਸ ਕਰ ਦਿੱਤਾ।
ਜਿਸ ਉਮਰ ਦੇ ਵਿੱਚ ਅਕਸਰ ਲੋਕ ਰਿਟਾਇਰ ਹੋ ਕੇ ਅਰਾਮ ਫਰਮਾਉਂਦੇ ਹਨ,ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਉਸ ਪੜਾਅ ਵਿੱਚ ਵੀ ਪੰਜਾਬ ਦੇ ਲੋਕਾਂ ਦੀ ਸੇਵਾ ‘ਚ ਜੁਟੇ ਰਹੇ। ਸੰਗਤ ਦਰਸ਼ਨ ਦੇ ਜ਼ਰੀਏ ਉਹ ਨਾ ਸਿਰਫ਼ ਲੋਕਾਂ ਵਿੱਚ ਵਿਚਰਦੇ, ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਦੇ, ਤੇ ਉਨ੍ਹਾਂ ਦਾ ਇਹੀ ਸੁਭਾਅ ਅਤੇ ਆਚਰਣ ਉਨ੍ਹਾਂ ਨੂੰ ਹਰਮਨ ਪਿਆਰਾ ਬਣਾਉਂਦਾ ਸੀ। ਉਨ੍ਹਾਂ ਦੇ ਦੁਨੀਆ ਤੋਂ ਰੁਖ਼ਸਤ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹੀ ਥਾਂ ਖਾਲੀ ਹੋ ਗਈ ਹੈ, ਜਿਸਨੂੰ ਮੁੜ ਕਦੇ ਨਹੀਂ ਭਰਿਆ ਜਾ ਸਕਦਾ, ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ, ਕਿ ਲੋਕਾਂ ਦੇ ਦਿਲਾਂ ਚ ਜ਼ਿੰਦਾ ਰਹਿਣ ਵਾਲੇ ਕਦੇ ਮਰਦੇ ਨਹੀਂ। ਦੁਨੀਆਂ ਤੋਂ ਚਲੇ ਤਾਂ ਸਭ ਨੇ ਜਾਣਾ ਹੈ ਪਰ ਪਿੱਛੇ ਲੋਕਾਂ ਲਈ ਮਾਰਗ ਦਰਸ਼ਕ ਬਣ ਕੇ ਜਾਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਿਆਸਤ ਦਾ ਬਾਬਾ ਬੋਹੜ ਜਾਂ ਆਪਣੇ ਆਪ ਵਿੱਚ ਇੱਕ ਯੂਨੀਵਰਸਿਟੀ ਕਹਾਈ ਜਾਣ ਵਾਲੀ ਮਹਾਨ ਸ਼ਖ਼ਸੀਅਤ ਦੇ ਨਿਮਰਤਾ ਅਤੇ ਹਲੀਮੀ ਭਰਪੂਰ ਜੀਵਨ ਤੋਂ ਆਪਾਂ ਸਭ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿਉਂਕਿ ਮਹਾਨ ਸ਼ਖ਼ਸੀਅਤਾਂ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly