ਏਹੁ ਹਮਾਰਾ ਜੀਵਣਾ ਹੈ-269

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹਰਬੰਸ ਕੌਰ ਜ਼ਿੰਦਗੀ ਦੀ ਪਿਛਲੇਰੀ ਉਮਰ ਵਿੱਚ ਸਰਕਾਰੇ ਦਰਬਾਰੇ ਚੱਕਰ ਲਾਉਂਦੀ ਥੱਕ ਗਈ ਸੀ। ਉਹ ਆਪਣੇ ਪਤੀ ਨਾਲ ਬਿਤਾਏ ਤੀਹ ਸਾਲਾਂ ਦੀ ਜ਼ਿੰਦਗੀ ਦੇ ਸਫ਼ਰ ਵਿੱਚੋਂ ਸਿਰਫ਼ ਆਪਣਾ ਹੱਕ ਲੈਣ ਲਈ ਹੱਥ ਪੈਰ ਮਾਰ ਰਹੀ ਸੀ। ਉਸਨੂੰ ਕਿਧਰੇ ਇਨਸਾਫ਼ ਮਿਲ਼ਦਾ ਨਜ਼ਰ ਨਹੀਂ ਆ ਰਿਹਾ ਸੀ। ਉਹ ਪੈਂਹਠ ਵਰ੍ਹਿਆਂ ਦੀ ਉਮਰ ਵਿੱਚ ਨਾ ਤਾਂ ਕਿਧਰੇ ਹੋਰ ਘਰ ਵਸਾ ਸਕਦੀ ਸੀ ਤੇ ਨਾ ਹੀ ਹੁਣ ਕੋਈ ਪੇਕਿਆਂ ਦਾ ਸੀ ਜਿੱਥੇ ਜਾ ਕੇ ਉਹ ਡੇਰੇ ਲਾ ਕੇ ਬੈਠ ਜਾਂਦੀ। ਜੇ ਕਿਸਮਤ ਚੰਗੀ ਹੁੰਦੀ ਤਾਂ ਪਹਿਲੀ ਥਾਂ ਈ ਉਸ ਦਾ ਘਰ ਬਰਬਾਦ ਨਾ ਹੁੰਦਾ।

ਮਾੜ੍ਹਾ ਜਿਹਾ ਬੁਖਾਰ ਚੜ੍ਹ ਕੇ ਈ ਭਰ ਜਵਾਨੀ ਵਿੱਚ ਬਲਵੰਤ ਉਸ ਨੂੰ ਵਿਧਵਾ ਕਰ ਗਿਆ ਸੀ। ਚੰਗਾ ਭਲਾ ਕੰਮ ਕਰਦਾ ਸੀ,ਘਰ ਵਸਿਆ ਹੋਇਆ ਸੀ ਕੋਈ ਕਮੀ ਨਹੀਂ ਸੀ। ਦੋਵੇਂ ਜੀਅ ਵਧੀਆ ਆਪਸ ਵਿੱਚ ਖੁਸ਼ ਸਨ। ਉਂਝ ਤਾਂ ਵਿਆਹ ਨੂੰ ਤੀਜਾ ਸਾਲ ਜਾਂਦਾ ਸੀ,ਪਰ ਉਸ ਦੇ ਕੋਈ ਜਵਾਕ ਨਹੀਂ ਸੀ ਹੋਇਆ। ਜੇ ਜਵਾਕ ਵੀ ਹੋ ਜਾਂਦਾ ਤਾਂ ਵੀ ਕਾਹਦੇ ਸਹਾਰੇ ਉਸ ਨੂੰ ਪਾਲਦੀ ਤੇ ਕਿਵੇਂ ਦਿਨ ਕੱਟਦੀ , ਨਾ ਕੋਈ ਕਮਾਈ ਦਾ ਸਾਧਨ ਸੀ ਤੇ ਨਾ ਕੋਈ ਚੱਜਦਾ ਘਰਬਾਰ, ਸਧਾਰਨ ਜਿਹੇ ਘਰ ਵਿੱਚ ਤਿੰਨ ਕਮਰਿਆਂ ਵਿੱਚੋਂ ਇੱਕ ਕਮਰਾ ਇਹਨਾਂ ਨੂੰ, ਇੱਕ ਦਿਓਰ ਦਰਾਣੀ ਤੇ ਇੱਕ ਵਿੱਚ ਉਸ ਦੇ ਸੱਸ ਸਹੁਰਾ ਰਹਿੰਦੇ ਸਨ। ਹੁਣ ਉਹ ਉੱਥੇ ਕਿਸ ਸਹਾਰੇ ਤੇ ਕਿਸ ਕਰਕੇ ਰਹਿੰਦੀ? ਇਸ ਲਈ ਉੱਥੋਂ ਪੇਕੇ ਆ ਗਈ, ਦੋ ਕੁ ਸਾਲ ਬੁੱਢੇ ਮਾਪਿਆਂ ਦੇ ਬੈਠੀ ਰਹੀ, ਇੱਕ ਸਿੱਧਰਾ ਜਿਹਾ ਭਰਾ ਸੀ ਜੋ ਸਾਰਾ ਦਿਨ ਪਿੰਡ ਵਿੱਚ ਤੁਰਿਆ ਫਿਰਦਾ, ਰੋਟੀ ਪਾਣੀ ਜਿੱਥੇ ਮਿਲਦਾ ,ਖਾ ਲੈਂਦਾ, ਜੀ ਕਰਦਾ ਤਾਂ ਘਰ ਆ ਜਾਂਦਾ ਨਹੀਂ ਤਾਂ ਬਾਹਰ ਈ ਪਿੱਪਲਾਂ ਬੋਹੜਾਂ ਹੇਠ ਸੌਂ ਕੇ ਰਾਤ ਕੱਟ ਲੈਂਦਾ ਸੀ।

ਓਧਰ ਪਿੰਡ ਵਿੱਚੋਂ ਈ ਕਿਸੇ ਦੀ ਵਹੁਟੀ ਨੇ ਆਪਣੀ ਜਾਣ ਪਛਾਣ ਵਾਲਿਆਂ ਦੇ ਹੀ ਹਰਬੰਸ ਕੌਰ ਦਾ ਰਿਸ਼ਤਾ ਫੌਜ ਵਿੱਚ ਸੂਬੇਦਾਰ ਨਾਲ਼ ਕਰਵਾ ਦਿੱਤਾ। ਉਹ ਦੋ ਧੀਆਂ ਦਾ ਬਾਪ ਸੀ, ਵੱਡੀ ਸੱਤ ਕੁ ਵਰ੍ਹਿਆਂ ਦੀ ਅਤੇ ਛੋਟੀ ਚਾਰ ਕੁ ਵਰ੍ਹਿਆਂ ਦੀ ਸੀ। ਸੂਬੇਦਾਰ ਦੀ ਪਹਿਲੀ ਪਤਨੀ ਦੇ ਪੇਟ ਵਿੱਚ ਤੀਜਾ ਜਵਾਕ ਕੁੜੀ ਹੋਣ ਕਰਕੇ ਜਦ ਪਿੰਡ ਛੁੱਟੀ ਆਇਆ ਤਾਂ ਉਸ ਦੀ ਸਫ਼ਾਈ ਕਰਵਾ ਕੇ ਉਸ ਅਣਜੰਮੀ ਧੀ ਤੋਂ ਛੁਟਕਾਰਾ ਪਾਉਂਦੇ ਪਾਉਂਦੇ ਉਹ ਪਤਨੀ ਤੋਂ ਹੱਥ ਧੋ ਬੈਠਾ ਸੀ। ਪਤਨੀ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਦਿਲ ਟੁੱਟ ਗਿਆ ਤੇ ਉਹ ਨੌਕਰੀ ਤੋਂ ਡਿਸਚਾਰਜ ਭਰਕੇ ਸੂਬੇਦਾਰੀ ਪੈਨਸ਼ਨ ਆ ਗਿਆ ਸੀ।

ਹਰਬੰਸ ਕੌਰ ਨੂੰ ਭਰਿਆ ਭਰਾਇਆ ਘਰ ਮਿਲ਼ ਗਿਆ ਸੀ।ਉਹ ਕੁੜੀਆਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਨਾਲ ਕਰਨ ਲੱਗੀ। ਸੂਬੇਦਾਰ ਨੇ ਕੁੜੀਆਂ ਦੀ ਵਧੀਆ ਪੜ੍ਹਾਈ ਲਿਖਾਈ ਲਈ ਸ਼ਹਿਰ ਰਹਿਣ ਦਾ ਫ਼ੈਸਲਾ ਕੀਤਾ।ਉਸ ਨੇ ਪਿੰਡ ਵਾਲ਼ਾ ਘਰ ਵੇਚ ਕੇ ਸ਼ਹਿਰ ਵਿੱਚ ਇੱਕ ਵਧੀਆ ਘਰ ਬਣਾ ਲਿਆ। ਕੁੜੀਆਂ ਨੂੰ ਵਧੀਆ ਸਕੂਲ ਵਿੱਚ ਲਾ ਦਿੱਤਾ ਸੀ। ਹਰਬੰਸ ਕੌਰ ਨੇ ਕੁੜੀਆਂ ਨੂੰ ਕਦੇ ਓਪਰਾ ਨਾ ਸਮਝਿਆ ਤੇ ਕੁੜੀਆਂ ਵੀ ਉਸ ਨੂੰ ਬਹੁਤ ਪਿਆਰ ਕਰਦੀਆਂ ਸਨ। ਸੂਬੇਦਾਰ ਦਾ ਘਰ ਪਰਿਵਾਰ ਬਹੁਤ ਖੁਸ਼ਹਾਲ ਸੀ।

ਕੁੜੀਆਂ ਪੜ੍ਹ ਲਿਖ ਕੇ ਸਰਕਾਰੀ ਟੀਚਰ ਲੱਗ ਗਈਆਂ ਸਨ। ਉਹਨਾਂ ਲਈ ਮੁੰਡੇ ਵੀ ਸਰਕਾਰੀ ਨੌਕਰੀਆਂ ਵਾਲ਼ੇ ਮਿਲ ਗਏ ਸਨ। ਇੱਕ ਕੁੜੀ ਦਾ ਪ੍ਰਾਹੁਣਾ ਸਰਕਾਰੀ ਅਧਿਆਪਕ ਤੇ ਦੂਜੀ ਦਾ ਇੰਜੀਨੀਅਰ ਸੀ। ਕੁੜੀਆਂ ਦੇ ਵਿਆਹ ਕਰਕੇ ਸੂਬੇਦਾਰ ਤੇ ਉਸ ਦੀ ਪਤਨੀ ਹੁਣ ਸੁਰਖ਼ਰੂ ਹੋ ਗਏ ਸਨ। ਦੋਵੇਂ ਵਧੀਆ ਜੀਵਨ ਨਿਰਬਾਹ ਕਰ ਰਹੇ ਸਨ। ਇੱਕ ਦਿਨ ਅਚਾਨਕ ਸੂਬੇਦਾਰ ਨੂੰ ਸਵੇਰੇ ਸਵੇਰੇ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। ਹਜੇ ਮਹੀਨਾ ਕੁ ਹੀ ਹੋਇਆ ਸੀ ਕਿ ਵੱਡੀ ਕੁੜੀ ਨੇ ਘਰ ਵਿੱਚ ਦੋ ਕਮਰਿਆਂ ਤੇ ਆਪਣਾ ਹੱਕ ਜਮਾਉਂਦਿਆਂ ਆਪਣਾ ਦਾਜ ਵਾਲ਼ਾ ਸਮਾਨ ਚੁੱਕ ਲਿਆਂਦਾ ਤੇ ਏਥੋਂ ਹੀ ਨੌਕਰੀ ਤੇ ਜਾਣ ਲੱਗੀ।

ਉਸ ਦੇ ਪ੍ਰਾਹੁਣੇ ਨੇ ਵੀ ਏਥੇ ਦੀ ਹੀ ਬਦਲੀ ਕਰਵਾ ਲਈ। ਹਰਬੰਸ ਕੌਰ ਸੂਬੇਦਾਰ ਦੀ ਪਤਨੀ ਹੋਣ ਦੇ ਨਾਤੇ ਜਦ ਪੈਨਸ਼ਨ ਅਤੇ ਉਸ ਦੇ ਜਮਾਂ ਪੈਸਿਆਂ ਲਈ ਬੈਂਕ ਗਈ ਤਾਂ ਉਸ ਨੂੰ ਬੈਂਕ ਵਾਲਿਆਂ ਨੇ ਦੱਸਿਆ ਕਿ ਸੂਬੇਦਾਰ ਦੇ ਖਾਤਿਆਂ ਵਿੱਚ ਉਸ ਦੇ ਨਾਂ ਦਾ ਕੋਈ ਜ਼ਿਕਰ ਨਹੀਂ ਹੈ ਇਸ ਲਈ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀਆਂ ਦੋਵੇਂ ਧੀਆਂ ਉਸ ਦੀ ਜਮ੍ਹਾਂ ਪੂੰਜੀ ਦੀਆਂ ਹੱਕਦਾਰ ਹਨ। ਹਰਬੰਸ ਕੌਰ ਨੇ ਦੋਹਾਂ ਕੁੜੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਪਿਓ ਦੀ ਜਾਇਦਾਦ ਅਤੇ ਪੈਸੇ ਤੇ ਉਹਨਾਂ ਦਾ ਹੀ ਹੱਕ ਹੈ।

ਹਰਬੰਸ ਕੌਰ ਕਦੇ ਪੰਚਾਇਤਾਂ ਤੱਕ ਪਹੁੰਚ ਕਰਦੀ ਕਦੇ ਵਕੀਲਾਂ ਰਾਹੀਂ ਪਰ ਸੂਬੇਦਾਰ ਦੇ ਕਾਗਜ਼ਾਂ ਵਿੱਚ ਉਸ ਦਾ ਜ਼ਿਕਰ ਨਾ ਹੋਣ ਕਰਕੇ ਉਹ ਬਿਲਕੁਲ ਬੇਬਸ ਹੋ ਜਾਂਦੀ। ਉਸ ਨੂੰ ਪੈਂਤੀ ਵਰ੍ਹਿਆਂ ਦੀ ਐਸ਼ ਇਸ਼ਰਤ ਦੀ ਜ਼ਿੰਦਗੀ ਦੇਣ ਤੋਂ ਬਾਅਦ ਸੂਬੇਦਾਰ ਅਣਜਾਣੇ ਵਿੱਚ ਉਸ ਨਾਲ਼ ਇਹ ਕਿਹੋ ਜਿਹਾ ਧੋਖਾ ਕਰ ਗਿਆ ਸੀ। ਦੋ ਦੋ ਕਮਰਿਆਂ ਤੇ ਦੋਹਾਂ ਕੁੜੀਆਂ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਹਰਬੰਸ ਕੌਰ ਧੱਕੇ ਨਾਲ ਇੱਕ ਸਟੋਰ ਵਿੱਚ ਰਹਿੰਦੀ ਸੀ। ਇੱਕ ਦਿਨ ਉਸ ਨੂੰ ਕੁੜੀਆਂ ਵੱਲੋਂ ਵਕੀਲ ਰਾਹੀਂ ਭੇਜਿਆ ਹੋਇਆ ਸਟੋਰ ਖ਼ਾਲੀ ਕਰਨ ਦਾ ਨੋਟਿਸ ਆਇਆ ਜਿਸ ਵਿੱਚ ਉਸ ਘਰ ਨੂੰ ਵੇਚਣ ਦੀ ਗੱਲ ਆਖੀ ਗਈ ਸੀ। ਉਹ ਮੁਹੱਲੇ ਦੀ ਪੰਚਾਇਤ ਤੱਕ ਪਹੁੰਚ ਕਰਦੀ ਹੈ।

ਜਿਹੜੀਆਂ ਕੁੜੀਆਂ ਦੇ ਪਾਲਣ ਪੋਸ਼ਣ ਵਿੱਚ ਉਸ ਨੇ ਕੋਈ ਕਮੀ ਨਹੀਂ ਛੱਡੀ ਸੀ , ਸਾਰੇ ਲੋਕ ਉਸ ਗੱਲ ਦੇ ਗਵਾਹ ਸਨ, ਸਭ ਨੂੰ ਪਤਾ ਸੀ ਕਿ ਹਰਬੰਸ ਕੌਰ ਸੂਬੇਦਾਰ ਦੀ ਪਤਨੀ ਸੀ ਪਰ ਭਰੀ ਪੰਚਾਇਤ ਵਿੱਚ ਲਾਲਚੀ ਧੀਆਂ ਉਸ ਨੂੰ ਆਪਣੀ ਮਾਂ ਮੰਨਣ ਤੋਂ ਮੁਕਰ ਜਾਂਦੀਆਂ ਹਨ ਤੇ ਉਸ ਨੂੰ ਘਰ ਵੇਚ ਕੇ ਮਿਲ਼ਣ ਵਾਲੇ ਪੈਸਿਆਂ ਵਿੱਚੋਂ ਉਸ ਦੇ ਹੱਕ ਦਾ ਹਿੱਸਾ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੰਦੀਆਂ ਹਨ। ਮੁਹੱਲੇ ਦੀ ਪੰਚਾਇਤ ਵੀ ਉਸ ਨੂੰ ਜ਼ਾਇਦਾਦ ਵਿੱਚੋਂ ਹੱਕ ਦਿਵਾਉਣ ਦੀ ਬੇਬਸੀ ਜ਼ਾਹਿਰ ਕੀਤੀ।

ਪਰ ਪ੍ਰਧਾਨ ਸਾਹਿਬ ਨੇ ਇਨਸਾਨੀਅਤ ਨਾਤੇ ਅਤੇ ਪੁਰਾਣੇ ਬਸ਼ਿੰਦੇ ਹੋਣ ਕਰਕੇ ਹਮਦਰਦੀ ਜਤਾਉਂਦੇ ਹੋਏ ਕਿਹਾ,”ਬੀਬਾ ਹਰਬੰਸ ਕੌਰ ਜੀ…. ਅਸੀਂ ਤੁਹਾਡੀ ਸਚਾਈ ਜਾਣਦੇ ਹੋਏ ਵੀ ਬੇਬਸ…… ਇਸ ਲਈ ਹਾਂ….. ਕਿਉਂ ਕਿ….. ਸੂਬੇਦਾਰ ਸਾਹਿਬ ਦੇ ਕਾਗਜ਼ਾਂ ਵਿੱਚ……. ਕਿਤੇ ਤੁਹਾਡਾ ਨਾਂ ਨਹੀਂ ਬੋਲਦਾ …… ਕਾਗਜ਼ਾਂ ਵਿੱਚ ਪਹਿਲੀ ਪਤਨੀ ਦਾ ਨਾਂ ਚੱਲਦਾ ਹੋਣ ਕਰਕੇ…… ਕਾਨੂੰਨ ਵੀ ਇਹ ਦੋਵੇਂ ਧੀਆਂ ਨੂੰ ਹੀ ਹੱਕਦਾਰ ਸਮਝਦਾ ਹੈ….. ਪਰ ਅਸੀਂ ਤੁਹਾਨੂੰ ਜਾਣਦੇ ਹਾਂ……. ਅਸੀਂ ਤੁਹਾਨੂੰ ਵਧੀਆ ਸੁੱਖ ਸਹੂਲਤਾਂ ਵਾਲੇ….. ਬਿਰਧ ਆਸ਼ਰਮ ਵਿੱਚ ਛੱਡ ਦਿੰਦੇ ਹਾਂ……ਪਰ …… ਅਸੀਂ ਸਾਰੇ ਮੁਹੱਲਾ ਵਾਸੀ ਤੁਹਾਡਾ ਪਰਿਵਾਰ ਹਾਂ…… ਤੁਸੀਂ ਜਦ ਮਰਜੀ ਆ ਕੇ ਜਿਸ ਦੇ ਘਰ ਮਰਜ਼ੀ ਰਹਿ ਕੇ ਜਾਵੋ…… ਤੁਸੀਂ ਸਾਡੇ ਸਾਰਿਆਂ ਦੇ ਸਾਂਝੇ ਅਤੇ ਸਤਿਕਾਰ ਯੋਗ ‘ਬੀਬੀ ਜੀ’ ਹੋ…।”

ਹਰਬੰਸ ਕੌਰ ਚੁੱਪ ਚਾਪ ਮੁਹੱਲੇ ਦੀ ਪੰਚਾਇਤ ਨਾਲ ਗੱਡੀ ਵਿੱਚ ਬੈਠ ਕੇ ਬਿਰਧ ਆਸ਼ਰਮ ਵੱਲ ਜਾਂਦੀ ਹੈ ।ਉੱਥੇ ਪਹੁੰਚ ਕੇ ਉਸ ਦਾ ਨਾਂ ਦਰਜ ਕਰਵਾਇਆ ਗਿਆ ਫਿਰ ਬਿਰਧ ਆਸ਼ਰਮ ਵਾਲ਼ਿਆਂ ਦੇ ਪੁੱਛਣ ਤੇ ਜਦ ਪ੍ਰਧਾਨ ਸਾਹਿਬ ਨੇ ਉਸ ਦੇ ਪਤੀ ਦਾ ਨਾਂ ਲਿਖਵਾਇਆ ਤਾਂ ਉਹ ਇੱਕ ਦਮ ਬੋਲੀ,” ਪ੍ਰਧਾਨ ਸਾਹਿਬ…. ਇਹ ਜਿਸ ਮਰਦ ਦੀ ਪਤਨੀ ਤੁਸੀਂ ਮੈਨੂੰ ਲਿਖਵਾਇਆ ਹੈ…..ਕੀ ਤੁਹਾਡੇ ਕੋਲ ਕੋਈ ਕਾਗਜ਼ ਹੈ ਜਿੱਥੇ ਮੇਰਾ ਉਸ ਦੀ ਪਤਨੀ ਹੋਣ ਦਾ ਨਾਂ ਬੋਲਦਾ ਹੈ? ”

ਪ੍ਰਧਾਨ ਸਾਹਿਬ ਸਮਝ ਗਿਆ ਸੀ । ਉਸਨੇ ਉਸੇ ਸਮੇਂ ਫੈਸਲਾ ਕੀਤਾ,”ਤੁਸੀਂ ਹਰਬੰਸ ਕੌਰ ਸੀ, ਤੁਹਾਨੂੰ ਸਾਡੇ ਮੁਹੱਲੇ ਵਿੱਚ ਰਹਿੰਦੇ ਐਨਾ ਸਮਾਂ ਹੋ ਗਿਆ ਹੈ…. ਹੁਣ ਤੁਹਾਡੀ ਪਛਾਣ ਬਣਾਉਣ ਲਈ ਕਿਸੇ ਕਾਗਜ਼ ਵਿੱਚ ਨਾਂ ਬੋਲਣ ਦੀ ਲੋੜ ਨਹੀਂ, ਤੁਸੀਂ ‘ ਸਾਡੇ ਬੀਬੀ ਜੀ’ ਹੋ ਤੇ ਆਪਣੇ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਤੁਹਾਨੂੰ ਪੱਕਾ ਕੁਆਰਟਰ ਦੇ ਕੇ ਤੁਹਾਨੂੰ ਹਮੇਸ਼ਾ ਲਈ ਅਸੀਂ ਸਾਰੇ ਮੁਹੱਲਾ ਨਿਵਾਸੀ ਮਾਣ ਸਤਿਕਾਰ ਸਹਿਤ ਅਪਣਾ ਰਹੇ ਹਾਂ। ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਦ ਦੀ ਖੋਜ
Next articleਏਕਮ ਪਬਲਿਕ ਸਕੂਲ ਵਿਖੇ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਦੀ ਫ਼ਨ ਵਿੱਧ ਬੈਲੂਨ ਅਤੇ ਕਲੇਅ ਮੋਲਡਿੰਗ ਐਕਟੀਵਿਟੀ ਕਰਵਾਈ ।