ਏਹੁ ਹਮਾਰਾ ਜੀਵਣਾ ਹੈ -268

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮਨੁੱਖ ਨੂੰ ਜੀਵਨ ਵਿੱਚ ਉਮਰ ਦੇ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ । ਬਹੁਤ ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜੋ ਆਪਣੀ ਉਮਰ ਦੇ ਸਾਰੇ ਪੜਾਅ ਖੁਸ਼ੀ ਖੁਸ਼ੀ ਹੰਢਾਉਂਦੇ ਹਨ। ਬਚਪਨ ਤੋਂ ਸ਼ੁਰੂ ਹੋ ਕੇ ਬੁਢਾਪੇ ਨੂੰ ਵੀ ਪੂਰੀ ਤਰ੍ਹਾਂ ਮਾਣ ਕੇ ਜਾਣਾ ਖੁਸ਼ਨਸੀਬਾਂ ਦੇ ਹਿੱਸੇ ਹੀ ਆਉਂਦਾ ਹੈ। ਉਮਰ ਦੇ ਹਰ ਪੜਾਅ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ।ਜਵਾਨੀ ਵਿੱਚ ਬਚਪਨ ਵਾਲ਼ੀਆਂ ਮੌਜਾਂ ਨਹੀਂ ਲੱਭਦੀਆਂ, ਬੁਢਾਪੇ ਵਿੱਚ ਜਵਾਨੀ ਵਾਲ਼ਾ ਜੋਸ਼ ਨਹੀਂ ਆ ਸਕਦਾ, ਪਰ ਬੁਢਾਪੇ ਵਾਲ਼ਾ ਤਜਰਬਾ ਕਿਸੇ ਹੋਰ ਪੜਾਅ ਵਿੱਚ ਨਹੀਂ ਲੱਭ ਸਕਦਾ।ਇਸ ਲਈ ਉਮਰ ਦੇ ਸਾਰੇ ਪੜਾਅ ਆਪਣੀ ਆਪਣੀ ਅਹਿਮੀਅਤ ਰੱਖਦੇ ਹਨ।ਜੇ ਕਿਤੇ ਇਹਨਾਂ ਸਾਰੇ ਪੜਾਵਾਂ ਦਾ ਆਪਸ ਵਿੱਚ ਸਹਿਯੋਗ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।ਪਰ ਹਰ ਉਮਰ ਦੇ ਪੜਾਅ ਵਿੱਚ ਦੂਜੇ ਪੜਾਵਾਂ ਵਾਲ਼ੀਆਂ ਗੱਲਾਂ ਅਪਣਾਉਣਾ ਤਾਂ ਦੂਰ ਦੀ ਗੱਲ ਹੈ, ਕੋਈ ਵੀ ਉਸ ਬਾਰੇ ਕੁਝ ਸੁਣਨਾ ਨਹੀਂ ਚਾਹੁੰਦਾ।

ਇਸੇ ਦੌਰਾਨ ‘ਉਮਰ ਦਾ ਵਾਸਤਾ’ ਪਾਉਣਾ ਇੱਕ ਇਹੋ ਜਿਹਾ ਹਥਿਆਰ ਹੈ ਜੋ ਹਰੇਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਲਈ ਵਰਤਿਆ ਜਾਂਦਾ ਹੈ। ਇਹ ਹਥਿਆਰ ਸੁਰਤ ਸੰਭਾਲਣ ਵੇਲੇ ਤੋਂ ਹੀ ਸਭ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ।ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਥਿਆਰ ਵਰਤਣ‌‌ ਵਾਲ਼ਾ ਵੀ ਕਦੇ ‘ਉਮਰ ਦੇ ਵਾਸਤੇ’ ਵਾਲ਼ੇ ਹਥਿਆਰ ਦੀ ਸੱਟ ਖਾ ਕੇ ਆਇਆ ਹੁੰਦਾ ਹੈ ਤੇ ਨਾਲ਼ ਦੀ ਨਾਲ਼ ਖਾ ਵੀ ਰਿਹਾ ਹੁੰਦਾ ਹੈ।ਬਚਪਨ ਤੋਂ ਹੀ ਸੁਰਤ ਸੰਭਾਲਦੇ ਬੱਚਾ ਤੋਤਲੀ ਜ਼ਬਾਨ ਵਿੱਚ ਵੱਡਿਆਂ ਵਾਲੀ ਗੇਂਦ ਮੰਗਦਾ ਹੈ ਤਾਂ ਉਸ ਨੂੰ ਉਮਰ ਦਾ ਵਾਸਤਾ ਪਾ ਕੇ , ਕਿਹਾ ਜਾਂਦਾ ਹੈ,”ਬੇਟਾ ,ਹਜੇ ਤਾਂ ਤੂੰ ਬਹੁਤ ਛੋਟਾ ਹੈਂ,ਇਹ ਤਾਂ ਵੱਡਿਆਂ ਦੇ ਖੇਡਣ ਵਾਲੀ ਚੀਜ਼ ਹੈ’ ਤੇ ਹੱਥ ਵਿੱਚ ਛੋਟੀ ਜਿਹੀ, ਹਲਕੀ ਜਿਹੀ ਗੇਂਦ ਫੜਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬਚਪਨ ਤੋਂ ਹੀ ‘ਉਮਰ ਦੇ ਵਾਸਤੇ’ ਵਾਲ਼ੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ।ਕੁਛ ਖਾਣ ਨੂੰ ਮੰਗੇ ਤਾਂ ,ਕੁਛ ਖ਼ਰੀਦਣਾ ਚਾਹੇ ਤਾਂ,ਕੁਛ ਬੋਲਣਾ ਚਾਹੇ ਤਾਂ , ਗੱਲ ਕੀ ਹਰ ਨਿੱਕੀ ਨਿੱਕੀ ਗੱਲ ਤੇ ” ਹਜੇ ਤਾਂ ਤੂੰ ਬਹੁਤ ਛੋਟਾ ਹੈਂ” ਕਹਿ ਕੇ ਉਮਰ ਦਾ ਵਾਸਤਾ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ।

ਅੱਲੜ੍ਹ ਉਮਰ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ ਕਿ ਉਹ ਨਾ ਤਾਂ ਨਿਆਣਿਆਂ ਵਿੱਚ ਤੇ ਨਾ ਸਿਆਣਿਆਂ ਵਿੱਚ ਗਿਣਿਆ ਜਾਂਦਾ ਹੈ। ਬੱਚਿਆਂ ਨਾਲ ਖੇਡੇ ਤਾਂ “ਬੁੱਢ ਬਲੇਢ ਨੂੰ ਸ਼ਰਮ ਨੀ ਆਉਂਦੀ, ਨਿੱਕੇ ਨਿੱਕੇ ਨਿਆਣਿਆਂ ਨਾਲ਼ ਖੇਡਣ ਲੱਗਿਆ” ਵਿਚਾਰਾ ਜੇ ਵੱਡਿਆਂ ਵਿੱਚ ਜਾ ਕੇ ਬੈਠ ਜਾਵੇ ਤਾਂ ਉਸ ਨੂੰ ਆਖਿਆ ਜਾਂਦਾ ਹੈ,” ਮੰਨਿਆ ਕਿ ਤੁੰ ਵੱਡਾ ਹੋ ਗਿਆ ਪਰ ਐਨਾ ਵੀ ਨੀ ਵੱਡਾ ਹੋਇਆ ਕਿ ਵੱਡਿਆਂ ਦੀਆਂ ਗੱਲਾਂ ਸੁਣੇ ਜਾਂ ਦਖ਼ਲ ਅੰਦਾਜ਼ੀ ਕਰੇਂ।” ਦੱਸੋ ਵਿਚਾਰਾ ਕਰੇ ਤਾਂ ਕੀ ਕਰੇ ਠੰਡਾ ਪਾਣੀ ਪੀ ਮਰੇ ਭਾਵ ਸਬਰ ਤੋਂ ਹੀ ਕੰਮ ਲੈਣਾ ਪੈਣਾ।ਜਵਾਨੀ ਦਾ ਤਾਂ ਜੋਸ਼ ਹੀ ਵੱਖਰਾ ਹੁੰਦਾ ਹੈ।ਇਸ ਤੇ ਜੇ ਉਮਰ ਦੇ ਵਾਸਤੇ ਵਾਲ਼ਾ ਹਥਿਆਰ ਜੇ ਵਰਤਿਆ ਵੀ ਜਾਂਦਾ ਹੈ ਤਾਂ ਉਸ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ ਕਿਉਂ ਕਿ ਜੋਸ਼ ਜਵਾਨੀ ਦਾ ਕੰਮ ਕਰ ਰਿਹਾ ਹੁੰਦਾ ਹੈ। ਉਦੋਂ ਤਾਂ ਸਾਰੀ ਦੁਨੀਆ ਹੀ ਗ਼ਲਤ ਲੱਗਦੀ ਹੈ।

ਬੁਢਾਪੇ ਦੀ ਅਵਸਥਾ ਵਿੱਚ ਵੀ ਇਹ ਹਥਿਆਰ ਬਚਪਨ ਦੀ ਅਵਸਥਾ ਵਾਂਗ ਹੀ ਵਰਤਿਆ ਜਾਂਦਾ ਹੈ।ਜੇ ਬਜ਼ੁਰਗ ਵਿਚਾਰਾ ਕਿਸੇ ਨੁੱਕਰੇ ਬੈਠਾ ਘਰ ਵਿੱਚ ਸਾਰਿਆਂ ਨੂੰ ਤੁਰੇ ਫਿਰਦਿਆਂ ਨੂੰ ਦੇਖ ਦੇਖ ਕੇ ਭਾਵੇਂ ਮਨ ਹੀ ਮਨ ਵਿੱਚ ਖੁਸ਼ ਹੋ ਰਿਹਾ ਹੋਵੇ ਪਰ ਕੋਈ ਨਾ ਕੋਈ ਲੰਘਿਆ ਜਾਂਦਾ ਕਹਿ ਹੀ ਦਿੰਦਾ ਹੈ,” ਬਾਪੂ ਕੀ ਬਿਟਰ ਬਿਟਰ ਵੇਖਣ ਡਿਹਾ ਏਂ, ਤੇਰੀ ਉਮਰ ਰੱਬ ਦਾ ਨਾਂ ਲੈਣ ਦੀ ਏ ,ਨਾ ਕਿ ਸਾਨੂੰ ਤੱਕੀ ਜਾਣ ਦੀ।” ਵਿਚਾਰਾ ਬਾਪੂ ਮਾਲ਼ਾ ਫ਼ੜ ਕੇ ਬਹਿ ਜਾਂਦਾ।ਜੇ ਉਹ ਜਵਾਕਾਂ ਨੂੰ ਆਪਣੇ ਕੋਲ ਬੁਲਾ ਕੇ ਮਨ ਪ੍ਰਚਾਵੇ ਤਾਂ,” ਦੇਖ ਲੋ ! ਬੁੜਿਆਂ ਦਾ ਮਨ ਵੀ ਜਵਾਕਾਂ ਵਰਗਾ ਹੋ ਜਾਂਦਾ, ਕਿਵੇਂ ਜਵਾਕਾਂ ਨਾਲ ਜਵਾਕ ਹੋਇਆ ਬੈਠਾ।”

ਬਾਪੂ ਜਾਂ ਬੇਬੇ ਦਾ ਕੋਈ ਖਾਸ ਚੀਜ਼ ਖਾਣ ਨੂੰ ਜੀਅ ਕਰ ਆਵੇ ਤਾਂ ਉਸ ਨੂੰ ਵੀ ਇਹ ਆਖ ਦਿੱਤਾ ਜਾਂਦਾ ਹੈ,” ਬੇਬੇ/ਬਾਪੂ ਫਲਾਣੀ ਚੀਜ਼ ਖਾ ਕੇ ਕਿਤੇ ਸਾਨੂੰ ਨਾ ਬਿਪਤਾ ਪਾ ਦੇਵੀਂ,ਇਸ ਉਮਰ ਵਿੱਚ ਸਹਿੰਦਾ ਸਹਿੰਦਾ ਈ ਖਾਣਾ ਚਾਹੀਦਾ।” ਜੇ ਕੋਈ ਬਜ਼ੁਰਗ ਵਿਚਾਰਾ ਸੋਟੀ ਨਾਲ ਤੁਰ ਕੇ ਪਿੰਡ ਆਪਣੇ ਮਿੱਤਰ ਦੋਸਤਾਂ ਨੂੰ ਮਿਲਣ ਨਿੱਕਲ ਜਾਵੇ ਤਾਂ ਕੋਈ ਆਂਢੀ ਗੁਆਂਢੀ ਆਖੇਗਾ,” ਦੇਖੋ ਤਾਂ ਕਿਵੇਂ ਘੋੜੇ ਵਾਂਗ ਭੱਜਿਆ ਫਿਰਦਾ , ਹੈ ਕਿਤੇ ਇਹਨੂੰ ਮਰਨਾ ਚੇਤੇ।” ਉਹ ਦਾ ਆਪਣਾ ਧੀ ਪੁੱਤ ਦੇਖ ਲਵੇ ਤਾਂ,” ਬਾਪੂ ਕਿੱਧਰ ਨੂੰ ਤੁਰਿਆ ਜਾਂਦੈਂ,ਇਸ ਉਮਰੇ ਡਿੱਗ ਕੇ ਸੱਟ ਮਰਵਾ ਲਈ ਤਾਂ ਸਾਨੂੰ ਵੀ ਵਕਤ ਪਾਵੇਂਗਾ।”

ਇਸ ਤਰ੍ਹਾਂ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾਅ ਵਿੱਚੋਂ ਗੁਜ਼ਰਦੇ ਹੋਏ ਇਹੋ ਜਿਹੇ ‘ਉਮਰ ਦੇ ਵਾਸਤੇ’ ਵਾਲੇ ਹਥਿਆਰ ਦਾ ਸ਼ਿਕਾਰ ਚਾਹੇ ਹੋਣਾ ਪੈਂਦਾ ਹੈ ਪਰ ਇਸ ਨੂੰ ਕਦੇ‌ ਵੀ ਨਾ ਤਾਂ ਨਕਾਰਾਤਮਕ ਤਰੀਕੇ ਨਾਲ ਕਹਿਣਾ ਚਾਹੀਦਾ ਹੈ ਤੇ ਨਾ ਹੀ ਨਾਕਾਰਾਤਮਕ ਤਰੀਕੇ ਨਾਲ ਲੈਣਾ ਚਾਹੀਦਾ ਹੈ। ਜ਼ਿੰਦਗੀ ਦੇ ਹਰ ਪੱਖ ਨੂੰ ਖਿੜੇ ਮੱਥੇ ਸਵੀਕਾਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ।ਜਿਹੜੀ‌ ਚੰਗੀ ਚੀਜ਼ ਕਰਕੇ ਮਨ ਨੂੰ ਅਤੇ ਦੂਜਿਆਂ ਨੂੰ ਖੁਸ਼ੀ ਮਿਲਦੀ ਹੋਵੇ ਜ਼ਰੂਰ ਕਰਨੀ ਚਾਹੀਦੀ ਹੈ। ਖੁਸ਼ੀ ਲੱਭਣ ਲਈ ਬੱਚਿਆਂ ਨਾਲ ਬੱਚੇ ਵੀ ਬਣਨਾ ਪਵੇ ਤਾਂ ਕੀ ਹਰਜ਼ ਹੈ, ਖੁਸ਼ੀ ਬਹੁਤ ਅਨਮੋਲ ਸੁਗਾਤ ਹੈ।ਇਸ ਲਈ ‘ਉਮਰ ਦਾ ਵਾਸਤਾ’ ਵਾਲੀ ਹਥੌੜੀ ਤਾਂ ਕਿਸੇ ਨਾ ਕਿਸੇ ਨੇ ਮਾਰਦੇ ਹੀ ਰਹਿਣਾ ਹੈ ਕਿਉਂਕਿ ਇਹ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਤੇ ਇਸ ਨੂੰ ਖੁਸ਼ੀ ਖੁਸ਼ੀ ਸਵੀਕਾਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleS.Korean President in US on state visit
Next articleਸ਼ਾਨਦਾਰ ਰਿਹਾ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਹਾਣੀ ਸੰਮੇਲਨ