ਏਹੁ ਹਮਾਰਾ ਜੀਵਣਾ ਹੈ -267

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਦੇ ਸਮਾਜ ਵਿੱਚ ਵਿਚਰਦਿਆਂ ਜੇ ਗਹੁ ਨਾਲ ਵਾਚੀਏ ਤਾਂ ਬਹੁਤੇ ਲੋਕਾਂ ਨੇ ਤਣਾਓ ਅਤੇ ਅਧਿਕ ਗੁੱਸੇ ਵਰਗੀਆਂ ਅਜਿਹੀਆਂ ਕੋਝੀਆਂ ਮਾਨਸਿਕ ਬੀਮਾਰੀਆਂ ਸਹੇੜ ਲਈਆਂ ਹਨ ਜੋ ਦਿਨ ਬ ਦਿਨ ਕਈ ਘਰਾਂ ਦੇ ਘਰ ਤਬਾਹ ਕਰ ਰਹੀਆਂ ਹਨ। ਅੱਜ ਦਾ ਮਨੁੱਖ ਤਣਾਓ ਵਿੱਚ ਜ਼ਿਆਦਾ ਰਹਿਣ ਲੱਗ ਪਿਆ। ਉਸ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ । ਅੱਜ ਦੇ ਮਨੁੱਖ ਅੰਦਰ ਐਨੀ ਜ਼ਿਆਦਾ ਅਸਤੁੰਸ਼ਟੀ ਅਤੇ ਅਸੰਜਮਤਾ ਕਿਉਂ ਪੈਦਾ ਹੋ ਰਹੀ ਹੈ? ਅੱਜ ਉਸ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਉਹ ਨਾਖੁਸ਼ ਕਿਉਂ ਹੈ?

ਅੱਜ ਦੇ ਮਨੁੱਖ ਦਾ ਚਿਹਰਾ ਉਦਾਸ, ਥੱਕਿਆ ਤੇ ਬੁਝਿਆ ਬੁਝਿਆ ਕਿਉਂ ਹੈ? ਇਹਨਾਂ ਸਭਨਾਂ ਦੇ ਜਵਾਬ ਤੇ ਹੱਲ ਕਿਤੋਂ ਬਾਹਰੋਂ ਨਹੀਂ ਲੱਭੇ ਜਾ ਸਕਦੇ। ਇਹਨਾਂ ਬਾਰੇ ਹਰ ਮਨੁੱਖ ਨੂੰ ਆਪਣੇ ਆਪ ਨਾਲ ਅੰਦਰੂਨੀ ਸਾਂਝ ਪਾਉਣੀ ਪੈਣੀ ਹੈ। ਉਸ ਨੂੰ ਆਪਣਾ ਅੰਦਰ ਖੋਜਣ ਦੀ ਲੋੜ ਹੈ। ਨਹੀਂ ਤਾਂ ਇਹ ਬੀਮਾਰੀਆਂ ਮਨੁੱਖ ਨੂੰ ਘੁਣ ਵਾਂਗ ਅੰਦਰੋਂ ਅੰਦਰ ਖ਼ਤਮ ਕਰਦੀਆਂ ਜਾਂਦੀਆਂ ਹਨ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਮੌਤ ਸਸਤੀ ਹੋ ਰਹੀ ਹੈ ਅਤੇ ਜ਼ਿੰਦਗੀਆਂ ਮਹਿੰਗੀਆਂ ਹੋ ਰਹੀਆਂ ਹਨ। ਹਾਂ ਜੀ! ਮੈਂ ਬਿਲਕੁਲ ਸੱਚ ਕਿਹਾ ਹੈ। ਅੱਜ ਆਤਮਹੱਤਿਆ ਕਰ ਲੈਣਾ ਜਾਂ ਫਿਰ ਆਪਣੇ ਕ੍ਰੋਧ ਦਾ ਸ਼ਿਕਾਰ ਦੂਜਿਆਂ ਨੂੰ ਬਣਾ ਕੇ ਖ਼ਤਮ ਕਰ ਦੇਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ।

ਜਿਹੜਿਆਂ ਜ਼ਮਾਨਿਆਂ ਵਿੱਚ ਲੋਕ ਹੱਥੀਂ ਕਿਰਤ ਕਰਦੇ ਸਨ, ਆਲੀਸ਼ਾਨ ਕੋਠੀਆਂ ਦੀ ਥਾਂ ਸਧਾਰਨ ਜਿਹੇ ਘਰਾਂ ਵਿੱਚ ਰਹਿੰਦੇ ਸਨ,ਏ. ਸੀ ਦੀ ਠੰਢੀ ਹਵਾ ਦੀ ਥਾਂ ਆਪ ਹੱਥੀਂ ਪੱਖੀਆਂ ਫ਼ੜ ਕੇ ਝੱਲ ਮਾਰਦੇ ਸੌਂ ਜਾਂਦੇ ਸਨ, ਕਾਰਾਂ ਮੋਟਰਾਂ ਦੀ ਥਾਂ ਪੈਦਲ ਤੁਰ ਕੇ ਰਿਸ਼ਤੇਦਾਰੀਆਂ ਵਿੱਚ ਮਿਲ਼ ਆਉਂਦੇ ਸਨ,ਛੱਤੀ ਤਰ੍ਹਾਂ ਦੇ ਪਕਵਾਨਾਂ ਦੀ ਥਾਂ ਦਾਲ਼ ਰੋਟੀ ਨਾਲ਼ ਢਿੱਡ ਭਰ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ, ਉਹਨਾਂ ਸਮਿਆਂ ਵਿੱਚ ਨਾ ਆਤਮਹੱਤਿਆ ਦਾ ਰਿਵਾਜ ਸੀ ਤੇ ਨਾ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਕੇ ਦੂਜਿਆਂ ਨੂੰ ਉਸ ਦਾ ਸ਼ਿਕਾਰ ਬਣਾਉਣ ਦਾ ਰਿਵਾਜ ਸੀ। ਜਦ ਕਿ ਉਸ ਸਮੇਂ ਦੇ ਮੁਕਾਬਲੇ ਅੱਜ ਦਾ ਮਨੁੱਖ ਤਾਂ ਸ਼ਾਹੀ ਜੀਵਨ ਬਤੀਤ ਕਰ ਰਿਹਾ ਹੈ। ਗੱਲ ਉੱਥੇ ਹੀ ਆ ਕੇ ਮੁੱਕਦੀ ਹੈ,ਉਹ ਹੈ ਮਨੁੱਖ ਦੇ ਅੰਦਰ ਦੀ ਸੰਤੁਸ਼ਟੀ ਦੀ,ਉਸ ਦੇ ਅੰਦਰ ਪੈਦਾ ਹੋਣ ਵਾਲੇ ਵਿਚਾਰਾਂ ਦੀ , ਕਿਉਂਕਿ ਅੱਜ ਦਾ ਮਨੁੱਖ ਸਹਿਜਤਾ ਵਾਲ਼ੀ ਸੋਚ ਤੋਂ ਕੰਮ ਲੈਣਾ ਭੁੱਲ ਗਿਆ ਹੈ।

ਉਪਰੋਕਤ ਪ੍ਰਸਥਿਤੀਆਂ ਪੈਦਾ ਹੋਣ ਤੋਂ ਬਚਣ ਲਈ ਹਰ ਮਨੁੱਖ ਨੂੰ ਬਾਹਰੀ ਸਮਾਜਿਕ ਰਿਸ਼ਤਿਆਂ ਦੇ ਜੋੜ ਤੋੜ ਸਮੇਂ ਆਪਣੇ ਅੰਦਰ ਨਾਲ਼ ਵਿਚਾਰ ਵਟਾਂਦਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਸਿੱਖਣਾ ਪਵੇਗਾ। ਜਿਹੜੇ ਵਿਅਕਤੀ ਆਪਣੇ ਸਾਰੇ ਫ਼ੈਸਲੇ ਸਹਿਜਤਾ ਅਤੇ ਸੰਜਮਤਾ ਨਾਲ ਲੈਂਦੇ ਹਨ ਉਹ ਲੋਕ ਜਾਣੇ ਅਣਜਾਣੇ ਵਿੱਚ ਕਿਤੇ ਨਾ ਕਿਤੇ ਆਪਣੇ ਅੰਦਰ ਨਾਲ਼ ਜੁੜੇ ਹੋਏ ਹੁੰਦੇ ਹਨ। ਸਾਡਾ ਬਾਹਰੀ ਵਰਤਾਰਾ ਸਾਡੇ ਅੰਦਰ ਉੱਪਰ ਨਿਰਭਰ ਕਰਦਾ ਹੈ। ਪਹਿਲੇ ਸਮਿਆਂ ਵਿੱਚ ਪਰਿਵਾਰਾਂ ਦੇ ਵੱਡੇ ਹੋਣ ਕਰਕੇ ਅਤੇ ਲੋਕਾਂ ਦੀ ਜੀਵਨਸ਼ੈਲੀ ਸਾਦੀ ਤੇ ਸਧਾਰਨ ਹੋਣ ਕਰਕੇ ,ਲੋਕ ਆਪਸ ਵਿੱਚ ਰੁੱਝੇ ਰਹਿਣ ਕਰਕੇ, ਹੱਥੀਂ ਮਿਹਨਤ ਕਰਨ ਕਰਕੇ ਅਤੇ ਸਾਧਨਾਂ ਦੀ ਕਮੀ ਹੋਣ ਕਰਕੇ ਜ਼ਿਆਦਾ ਸਮਾਂ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਨਿਭਾਉਂਦੇ ਹੋਏ ਬਤੀਤ ਕਰਦੇ ਸਨ ਜਿਸ ਕਰਕੇ ਉਹਨਾਂ ਕੋਲ ਸੋਚਣ ਦਾ ਸਮਾਂ ਘੱਟ ਹੁੰਦਾ ਸੀ ਤੇ ਉਹ ਮਾਨਸਿਕ ਬੀਮਾਰੀਆਂ ਤੋਂ ਦੂਰ ਰਹਿੰਦੇ ਸਨ।

ਨਾ ਉਦੋਂ ਕਿਸੇ ਨੂੰ ਡਿਪਰੈਸ਼ਨ ਹੁੰਦਾ ਸੀ,ਨਾ ਆਤਮਹੱਤਿਆ ਵਰਗੀਆਂ ਘਟਨਾਵਾਂ ਤੇ ਨਾ ਹੀ ਕਤਲੋਗਾਰਦ ਵਰਗੀਆਂ ਘਟਨਾਵਾਂ ਹੁੰਦੀਆਂ ਸਨ। ਪਰ ਹੁਣ ਜ਼ਮਾਨਾ ਉਸ ਤੋਂ ਬਹੁਤ ਉਲਟ ਚੱਲ ਰਿਹਾ ਹੈ। ਅੱਜ ਪਰਿਵਾਰਕ ਸਾਂਝਾਂ ਘਟ ਗਈਆਂ ਹਨ, ਪਦਾਰਥਵਾਦੀ ਯੁੱਗ ਹੋਣ ਕਰਕੇ ਹਰ ਮਨੁੱਖ ਉੱਪਰ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੀ ਹੋੜ, ਇੰਟਰਨੈੱਟ ਅਤੇ ਮੋਬਾਈਲ ਫੋਨਾਂ ਦਾ ਬੋਲਬਾਲਾ ਜੋ ਸਿੱਧੇ ਤੌਰ ਤੇ ਮਨੁੱਖ ਨੂੰ ਮਾਨਸਿਕ ਤਣਾਓ ਵਿੱਚ ਲਿਜਾ ਰਿਹਾ ਹੈ, ਹਉਮੈ ਦਾ ਬੋਲਬਾਲਾ ਜਿਸ ਕਾਰਨ ਆਪਸੀ ਵਿਚਾਰਕ ਸਾਂਝਾਂ ਕਰਨ ਨੂੰ ਆਪਣੀ ਹੇਠੀ ਸਮਝਣਾ, ਪੱਛਮੀ ਪ੍ਰਭਾਵ ਵਾਲ਼ੀ ਸੱਭਿਅਤਾ ਅਨੁਸਾਰ ਰਹਿਣ ਸਹਿਣ ਬਣਾਉਣ ਦੀ ਕੋਸ਼ਿਸ਼ ਕਰਦੇ ਕਰਦੇ ਜਿੱਥੇ ਰਿਸ਼ਤਿਆਂ ਤੋਂ ਦੂਰ ਹੋ ਰਿਹਾ ਹੈ ਉੱਥੇ ਉਹ ਆਪਣੇ ਆਪ ਤੋਂ ਵੀ ਦੂਰ ਹੋ ਰਿਹਾ ਹੈ ਜਿਸ ਕਰਕੇ ਛੋਟੀ ਜਿਹੀ ਮੁਸੀਬਤ ਆਉਣ ਤੇ ਆਤਮਹੱਤਿਆ ਵਰਗੇ ਕਦਮ ਉਠਾਉਣੇ ਜਾਂ ਦੂਜਿਆਂ ਪ੍ਰਤੀ ਹਿੰਸਕ ਪ੍ਰਵਿਰਤੀ ਪੈਦਾ ਕਰ ਲੈਣੀ ਆਮ ਜਿਹੀ ਗੱਲ ਹੋ ਗਈ ਹੈ।

ਅੱਜ ਦੇ ਜ਼ਮਾਨੇ ਵਿੱਚ ਹਰ ਮਨੁੱਖ ਨੂੰ ਤਣਾਅ ਅਤੇ ਕ੍ਰੋਧ ਤੋਂ ਬਚਣ ਲਈ ਹਰ ਰੋਜ਼ ਸਵੇਰੇ ਉੱਠਣਸਾਰ ਆਪਣੇ ਆਪ ਨੂੰ ਚੰਗੀ ਸੋਚ ਅਤੇ ਵਿਚਾਰ ਪੈਦਾ ਕਰਕੇ ਨਵੇਂ ਦਿਨ ਲਈ ਤਿਆਰ ਕਰਨਾ ਚਾਹੀਦਾ ਹੈ। ਜਿਵੇਂ ਤਿਆਰ ਜ਼ਮੀਨ ਵਿੱਚ ਜਿਹੋ ਜਿਹਾ ਬੀਜ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਦੀ ਫ਼ਸਲ ਹੀ ਉੱਗਦੀ ਹੈ ਉਸੇ ਤਰ੍ਹਾਂ ਸਵੇਰ ਉੱਠਦੇ ਸਾਰ ਮਨ ਵਿਚ ਚੰਗੇ ਵਿਚਾਰਾਂ ਦੇ ਬੀਜ ਪਾਏ ਜਾਣਗੇ ਤਾਂ ਸਾਰਾ ਦਿਨ ਚੰਗਾ ਹੀ ਬੀਤੇਗਾ। ਜਦ ਸਾਰਾ ਦਿਨ ਚੰਗੇ ਵਿਚਾਰਾਂ ਦਾ ਧਾਰਨੀ ਬਣ ਕੇ ਮਨੁੱਖ ਸਮਾਜ ਵਿੱਚ ਵਿਚਰੇਗਾ ਤਾਂ ਸਮਾਜ ਤੋਂ ਵੀ ਉਹੀ ਕੁਝ ਹਾਸਿਲ ਹੋਵੇਗਾ। ਅੱਜ ਦੇ ਮਨੁੱਖ ਨੂੰ ਗੱਲ ਗੱਲ ਤੇ ਆਪਣੇ ਆਪ ਨੂੰ ਅੰਦਰੋਂ ਤਿਆਰ ਕਰਨ ਦੀ ਲੋੜ ਹੈ।

ਉਦਾਹਰਣ ਦੇ ਤੌਰ ਤੇ ਕੰਮ ਕਾਰ ਦੀ ਵਜ੍ਹਾ ਕਰਕੇ ਜੇ ਕੋਈ ਗ਼ਲਤ ਵਿਅਕਤੀ ਤੁਹਾਡੇ ਸੰਪਰਕ ਵਿੱਚ ਆ ਗਿਆ ਹੈ,ਉਸ ਤੋਂ ਦੂਰੀ ਬਣਾਉਣ ਬਾਰੇ ਸੋਚਿਆ ਜਾਵੇ ਨਾ ਕਿ ਉਸ ਨਾਲ਼ ਉਲਝਿਆ ਜਾਏ,ਜੇ ਕੋਈ ਮੁਸੀਬਤ ਆ ਗਈ ਹੈ ਤਾਂ ਉਸ ਦਾ ਹੱਲ ਕੱਢਣ ਬਾਰੇ ਸੋਚਣ ਦੀ ਲੋੜ ਹੁੰਦੀ ਹੈ ਨਾ ਕਿ ਆਪਣਾ ਦਿਮਾਗ਼ੀ ਸੰਤੁਲਨ ਗਵਾ ਲਿਆ ਜਾਏ, ਜਾਇਦਾਦ ਜਾਂ ਪੈਸੇ ਧੇਲੇ ਦੇ ਝਗੜੇ ਆਪਸ ਵਿੱਚ ਬੈਠ ਕੇ ਸੁਲਝਾਉਣ ਲਈ ਸੋਚਿਆ ਜਾਵੇ ਨਾ ਕਿ ਮਰਨ ਮਰਾਉਣ ਦੀਆਂ ਗੱਲਾਂ ਕਰਕੇ, ਜੇ ਕਰਜ਼ਾ ਲਿਆ ਹੈ ਤਾਂ ਮਿਹਨਤ ਕਰਕੇ ਉਸ ਨੂੰ ਲਾਹੁਣ ਲਈ ਸੋਚਿਆ ਜਾਵੇ ਨਾ ਕਿ ਆਤਮਹੱਤਿਆ ਕਰਕੇ ਛੁਟਕਾਰਾ ਪਾਉਣ ਲਈ। ਆਪਣੇ ਆਪ ਨੂੰ ਅੰਦਰੋਂ ਐਨਾ ਸਮਝਦਾਰ ਸਮਝੋ ਕਿ ਜੋ ਮੁਸੀਬਤ ਦਾ ਹੱਲ ਤੁਸੀਂ ਸੋਚ ਰਹੇ ਹੋ ਉਹ ਬਿਲਕੁਲ ਸਹੀ ਸੀ ਹੋਵੇਗਾ।

ਜਿੰਨਾਂ ਤੁਸੀਂ ਆਪਣੇ ਆਪ ਨੂੰ ਗ਼ਲਤੀਆਂ ਕਰਨ ਤੋਂ ਰੋਕੋਗੇ ਓਨੇ ਹੀ ਤੁਸੀਂ ਵਧੀਆ ਇਨਸਾਨ ਬਣਦੇ ਜਾਵੋਗੇ, ਜਿੰਨਾਂ ਆਪਣੇ ਆਪ ਨੂੰ ਹੌਸਲਾ ਦੇਵੋਗੇ ਓਨੇ ਹੀ ਦਲੇਰ ਬਣਦੇ ਜਾਵੋਗੇ, ਜਿੰਨਾਂ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਓਨਾ ਹੀ ਜੀਵਨ ਖੁਸ਼ਹਾਲ ਬਣਦਾ ਜਾਵੇਗਾ, ਜਿੰਨਾਂ ਸਵੈ ਪ੍ਰੇਰਕ ਬਣੋਗੇ ਓਨਾਂ ਹੀ ਦੁਨੀਆਂ ਲਈ ਪ੍ਰੇਰਨਾਸ੍ਰੋਤ ਬਣਦੇ ਜਾਵੋਗੇ। ਇਸ ਤਰ੍ਹਾਂ ਅੱਜ ਦੀ ਭੱਜ ਦੌੜ ਅਤੇ ਤਣਾਓ ਭਰਪੂਰ ਵਾਲ਼ੀ ਜ਼ਿੰਦਗੀ ਵਿੱਚ ਨਾਕਾਰਤਮਕਤਾ ਦੂਰ ਕਰਨ ਲਈ ਆਪਣੇ ਅੰਦਰ ਦੀਆਂ ਅਣਗੌਲੀਆਂ ਸ਼ਕਤੀਆਂ ਨੂੰ ਉਜਾਗਰ ਕਰਨ ਲਈ ਆਪਣੇ ਆਪ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ। ਜਦੋਂ ਮਨੁੱਖ ਕਿਸੇ ਵੀ ਮੁਸੀਬਤ ਸਮੇਂ ਸਵੈ ਵਿਚਾਰ ਵਟਾਂਦਰਾ ਕਰਕੇ ਹੱਲ ਕੱਢਣ ਦੇ ਯੋਗ ਹੋ ਜਾਵੇਗਾ ਤਾਂ ਸਮਝੋ ਉਹ ਕਿਸੇ ਵੀ ਪ੍ਰਸਥਿਤੀ ਨੂੰ ਹਰਾਉਣ ਦੇ ਯੋਗ ਹੋ ਜਾਵੇਗਾ ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਲੋਕ ਗਾਇਕੀ ਦੇ ਥੰਮ ਰਣਜੀਤ ਬਾਵੇ ਦੇ ਯੂਰਪ ਟੂਰ ਦਾ ਪਹਿਲਾ ਪ੍ਰੋਗਰਾਮ 28-04-2023 ਦਿਨ ਸ਼ੁੱਕਰਵਾਰ ਨੂੰ ਹਮਬਰਗ ਵਿੱਚ ਹੋ ਰਿਹਾ।
Next articleਪੰਜਾਬੀ ਸਾਹਿਤ ਦਾ ਮਾਫ਼ੀਆ!