ਸਮਾਜ ਵੀਕਲੀ
ਜ਼ਿੰਦਗੀ ਹਾਸਿਆਂ , ਖੁਸ਼ੀਆਂ, ਉਦਾਸੀਆਂ, ਔਖਾਂ ਅਤੇ ਸੌਖਾਂ ਦਾ ਮਿਸ਼ਰਣ ਹੈ।ਇਹ ਤਾਂ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਮਿਲਦੇ ਰਹਿਣ। ਕੋਈ ਵਿਰਲਾ ਹੀ ਕਰਮਾਂ ਵਾਲਾ ਵਿਅਕਤੀ ਹੁੰਦਾ ਹੋਵੇਗਾ ਜਿਸ ਨੂੰ ਸਦਾ ਹੀ ਸੁੱਖਾਂ ਭਰਿਆ ਜੀਵਨ ਬਤੀਤ ਕਰਨ ਦਾ ਮੌਕਾ ਮਿਲਿਆ ਹੋਵੇ।ਆਮ ਕਰਕੇ ਤਾਂ ਹਰ ਵਿਅਕਤੀ ਹੀ ਕਿਸੇ ਨਾ ਕਿਸੇ ਕਦਮ ਤੇ ਸੰਘਰਸ਼ ਕਰਦਾ ,ਜੂਝਦਾ ਹੋਇਆ ਨਜ਼ਰ ਆਉਂਦਾ ਹੈ। ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਹਾਲਾਤ ਪੈਦਾ ਕਰਦੇ ਹਨ, ਕਈ ਮੁਸ਼ਕਲਾਂ ਨੂੰ ਇਨਸਾਨ ਖੁਦ ਪੈਦਾ ਕਰਦਾ ਹੈ ਤੇ ਕਈ ਆਪਣੇ ਆਲ਼ੇ ਦੁਆਲ਼ੇ ਵਿਚਰਦੇ ਲੋਕਾਂ ਕਾਰਨ ਪੈਦਾ ਹੁੰਦੀਆਂ ਹਨ। ਮੁਸ਼ਕਲਾਂ ਵਿੱਚੋਂ ਹੱਸਦੇ ਹੱਸਦੇ ਨਿਕਲਣਾ ਵੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦਾ। ਹਰ ਵਿਅਕਤੀ ਦਾ ਰੋਜ਼ਾਨਾ ਜੀਵਨ ਵਿੱਚ ਬਹੁਤ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ ਕੋਈ ਉਸ ਦੀ ਖੁਸ਼ੀ ਵਿੱਚ ਖੁਸ਼ ਹੋਵੇਗਾ, ਕੋਈ ਸੜੇਗਾ,ਕੋਈ ਹੌਸਲਾ ਵਧਾਵੇਗਾ, ਕੋਈ ਹੌਸਲਾ ਤੋੜੇਗਾ।
ਜਦੋਂ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕੰਮ ਕਰਨ ਲੱਗਦਾ ਹੈ ਜਾਂ ਤਰੱਕੀ ਕਰਦਾ ਹੈ ਜਾਂ ਹੋਰ ਕਈ ਤਰ੍ਹਾਂ ਦੇ ਮੌਕੇ ਆਉਂਦੇ ਹਨ ਜਦੋਂ ਸਾਡੇ ਆਲੇ ਦੁਆਲੇ ਦੇ ਲੋਕ ਅੱਖਾਂ ਟੱਡੀ ਬੈਠੇ ਹੁੰਦੇ ਹਨ ,ਜੋ ਆਪਣੇ ਆਪਣੇ ਸੁਭਾਅ ਮੁਤਾਬਿਕ ਕੁਝ ਨਾ ਕੁਝ ਪ੍ਰਤੀਕਿਰਿਆ ਤਾਂ ਦਿੰਦੇ ਹੀ ਹਨ। ਕਈ ਅਜਿਹੇ ਲੋਕ ਆਉਂਦੇ ਹਨ ਜੋ ਵਿਅਕਤੀ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ। ਕਈ ਵਾਰ ਬਹੁਤੇ ਲੋਕ ਤੁਹਾਡੀ ਤਰੱਕੀ ਤੋਂ ਸਾੜਾ ਖਾ ਕੇ ਕਈ ਲੋਕਾਂ ਵਿੱਚ ਖੜ੍ਹੇ ਹੋ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।ਕਈ ਲੋਕਾਂ ਨੂੰ ਤੁਹਾਡੇ ਦੁਆਰਾ ਵਧੀਆ ਮਹਿੰਗੀ ਸ਼ੈਅ ਖ਼ਰੀਦਣ ਤੇ ਕੋਈ ਸੜੀ ਹੋਈ ਗੱਲ ਕਰਕੇ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਤਰ੍ਹਾਂ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਘਟਨਾਵਾਂ ਆਲ਼ੇ ਦੁਆਲ਼ੇ ਦੇ ਲੋਕਾਂ ਦੇ ਬੋਲਾਂ ਜਾਂ ਵਿਵਹਾਰ ਤੇ ਨਿਰਭਰ ਹੋ ਕੇ ਸਾਡੇ ਉੱਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਅਸਰ ਪਾਉਂਦੀਆਂ ਹਨ। ਲੋਕਾਂ ਦੁਆਰਾ ਕਿਸੇ ਵੀ ਵਿਅਕਤੀ ਪ੍ਰਤੀ ਦਿੱਤੀ ਪ੍ਰਤੀਕਿਰਿਆ ਉਸ ਉੱਪਰ ਅਸਰ ਜ਼ਰੂਰ ਛੱਡਦੀ ਹੈ ਜਿਸ ਨਾਲ ਉਹ ਕਈ ਗੱਲਾਂ ਨੂੰ ਦਿਲ ਤੇ ਲਾ ਕੇ ਨਿਰਾਸ਼ਾ,ਉਦਾਸੀ,ਗੁੱਸਾ , ਘਬਰਾਹਟ ਜਾਂ ਫਿਰ ਲੜਾਈ ਝਗੜੇ ਵਰਗੀਆਂ ਬਿਮਾਰੀਆਂ ਨੂੰ ਸਹੇੜ ਬੈਠਦਾ ਹੈ। ਇਸ ਸਭ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤੇ ਵਧੀਆ ਗੁਣ ਹੈ ਮਾਫ਼ ਕਰਨਾ।ਘਰ ਵਿੱਚ, ਦਫ਼ਤਰ ਵਿੱਚ, ਗਲ਼ੀ ਮੁਹੱਲੇ ਵਿੱਚ ਕੋਈ ਤੁਹਾਨੂੰ ਨੀਵਾਂ ਦਿਖਾਉਣ ਦੀ ਗੱਲ ਆਖੇ ਜਾਂ ਤੁਹਾਨੂੰ ਸਾੜਨ ਦੀ ਕੋਸ਼ਿਸ਼ ਕਰੇ ਜਾਂ ਭਾਰੂ ਹੋਣ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਗੱਲ ਨੂੰ ਦਿਲ ਤੇ ਲਾ ਕੇ ਬਦਲਾ ਲੈਣ ਦੀ ਨੀਤੀ ਦੇ ਤਹਿਤ ਅੰਦਰੋਂ ਅੰਦਰ ਸੜਨ,ਖਿਝਣ ਦੀ ਬਿਜਾਏ ਉਸ ਨੂੰ ਹਲਕੇ ਵਿੱਚ ਲੈਂਦੇ ਹੋਏ ਮਾਫ਼ ਕਰ ਦਵੋ। ਮਾਫ਼ ਕਰਕੇ ਆਪਣਾ ਆਪ ਵੱਡਾ ਵੱਡਾ ਜਾਪੇਗਾ।
ਘਟੀਆ ਰਵੱਈਏ ਦਾ ਜਦ ਇਹੋ ਜਿਹੇ ਲੋਕਾਂ ਨੂੰ ਕੋਈ ਜਵਾਬ ਨਹੀਂ ਮਿਲੇਗਾ ਜਾਂ ਉਹਨਾਂ ਨੂੰ ਸਿੱਧਾ ਹੀ ਮੂੰਹ ਤੇ ਆਖ ਦਿੱਤਾ ਜਾਂਦਾ ਹੈ,”ਜਾਓ ਤੁਹਾਨੂੰ ਮਾਫ਼ ਕੀਤਾ”ਜਾਂ “ਮਾਫ਼ ਕਰਨਾ ਤੁਹਾਨੂੰ ਮੇਰੀ ਇਹ ਗੱਲ ਜਾਂ ਚੀਜ਼ ਪਸੰਦ ਨਹੀਂ ਆਈ,ਕੋਈ ਗੱਲ ਨਹੀਂ,ਪਰ ਇਹ ਮੇਰੇ ਸਾਰੇ ਪਰਿਵਾਰ ਦੀ ਪਸੰਦ ਹੈ” ਜਾਂ ਛੋਟਿਆਂ ਨੂੰ ਗਲਤੀ ਹੋਣ ਤੇ ਪਿਆਰ ਨਾਲ ਸਮਝਾਉਂਦੇ ਹੋਏ ਕਹਿ ਦੇਣਾ ,”ਇਸ ਗਲਤੀ ਤੇ ਮਾਫ਼ ਕੀਤਾ,ਪਰ ਅੱਗੇ ਤੋਂ ਧਿਆਨ ਰੱਖਣਾ।” ਆਦਿ ਗੱਲਾਂ ਦੁਸ਼ਮਣਾਂ ਦੇ ਚਪੇੜ ਮਾਰਨ ਦਾ ਕੰਮ ਕਰਦੀਆਂ ਹਨ ਕਿਉਂ ਕਿ ਉਹਨਾਂ ਦੇ ਤੁਹਾਨੂੰ ਦੁਖੀ ਕਰਕੇ ਤੁਹਾਡੀ ਜ਼ਿੰਦਗੀ ਵਿੱਚ ਜਾਂ ਮਨ ਵਿੱਚ ਅਲਸੇਟ-ਕਲੇਸ਼ ਵਧਾਉਣ ਦੇ ਮਨਸੂਬੇ ਉੱਥੇ ਹੀ ਖ਼ਤਮ ਹੋ ਜਾਂਦੇ ਹਨ।
ਤੁਹਾਡੇ ਵੱਲੋਂ ਮਾਫ਼ ਕਰਨ ਤੇ ਤੁਹਾਡਾ ਵਿਰੋਧੀ ਬਿਨਾਂ ਕਿਸੇ ਜੰਗ ਦੇ ਹਾਰਿਆ ਹੋਇਆ ਖੜ੍ਹਾ ਦਿਖਾਈ ਦੇਵੇਗਾ।ਇਹੋ ਨੀਤੀ ਬੱਚਿਆਂ ਦੁਆਰਾ ਕੀਤੀ ਗ਼ਲਤੀ ਤੇ ਅਪਣਾਇਆਂ ਜਿੱਥੇ ਬੱਚਿਆਂ ਅੰਦਰ ਅੱਗੇ ਤੋਂ ਗ਼ਲਤੀ ਨਾ ਦੁਹਰਾਉਣ ਦਾ ਜਜ਼ਬਾ ਪੈਦਾ ਹੋਵੇਗਾ ਉੱਥੇ ਹੀ ਤੁਹਾਡੇ ਵੱਲੋਂ ਮਾਫ਼ ਕੀਤੇ ਜਾਣ ਤੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਉਤਪੰਨ ਹੋਵੇਗੀ। ਮਾਫ਼ ਕਰਨ ਨਾਲ ਕੋਈ ਵੀ ਵਿਅਕਤੀ ਨੀਵਾਂ ਜਾਂ ਛੋਟਾ ਨਹੀਂ ਹੁੰਦਾ ਸਗੋਂ ਉਹ ਆਪਣੇ ਆਪ ਵਿੱਚ ਵੱਡਾ ਮਹਿਸੂਸ ਕਰਦਾ ਹੈ।ਇਹ ਗੱਲ ਬਿਲਕੁਲ ਸੱਚ ਹੈ ਕਿ ਮਾਫ਼ ਕਰਨਾ ਵਡੱਪਣ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly