(ਸਮਾਜ ਵੀਕਲੀ)
ਕਈ ਵਾਰ ਆਪਣੇ ਆਲ਼ੇ ਦੁਆਲ਼ੇ ਨਿੱਕੀਆਂ ਨਿੱਕੀਆਂ ਘਟਨਾਵਾਂ ਵਾਪਰਦੀਆਂ ਦੇਖ ਕੇ ਸਾਨੂੰ ਰੱਬ ਦੀ ਹੋਂਦ ਦਾ ਯਕੀਨ ਬੱਝ ਜਾਂਦਾ ਹੈ। ਪਿੱਛੇ ਜਿਹੇ ਇੱਕ ਵਾਰ ਸਾਰੀ ਰਾਤ ਮੈਂ ਬੇਚੈਨੀ ਵਿੱਚ ਕੱਟੀ ਸੀ। ਕਿਉਂ ਕਿ ਜਦ ਮੈਂ ਪੈਣ ਤੋਂ ਪਹਿਲਾਂ ਅਸਮਾਨ ਵੱਲ ਤੱਕਿਆ ਸੀ ਤਾਂ ਬਹੁਤ ਗੂੜ੍ਹੇ ਬੱਦਲ਼ ਸਨ। ਫੇਰ ਮੈਂ ਗੁੱਗਲ ਤੇ ਮੌਸਮ ਦੇਖਿਆ ਤਾਂ ਉਸ ਵਿੱਚ ਵੀ ਮੀਂਹ ਆਉਣ ਬਾਰੇ ਦੱਸਿਆ ਹੋਇਆ ਸੀ। ਉਂਝ ਤਾਂ ਫ਼ਰਵਰੀ ਮਹੀਨੇ ਦਾ ਅੱਧ ਸੀ। ਫ਼ਰਵਰੀ ਵਿੱਚ ਆਮ ਕਰਕੇ ਬਾਰਿਸ਼ ਆ ਹੀ ਜਾਂਦੀ ਹੁੰਦੀ ਹੈ। ਦਰ ਅਸਲ ਮੇਰੇ ਐਨਾ ਜ਼ਿਆਦਾ ਚਿੰਤਾਤੁਰ ਹੋਣ ਦਾ ਕਾਰਨ ਸੀ ਮੇਰੇ ਘਰ ਦੇ ਨਾਲ ਦੇ ਇੱਕ ਖ਼ਾਲੀ ਪਲਾਟ ਵਿੱਚ ਕਾਟੋ ਤੇ ਉਸ ਦੇ ਦਸ ਦਿਨ ਦੇ ਚਾਰ ਬੱਚੇ ਸਨ।
ਜਦੋਂ ਤੋਂ ਉਹ ਹੋਏ ਸਨ, ਉਦੋਂ ਤੋਂ ਹੀ ਆਲ਼ੇ ਦੁਆਲ਼ੇ ਦੀਆਂ ਔਰਤਾਂ ਕਾਟੋ ਅਤੇ ਉਸ ਦੇ ਬੱਚਿਆਂ ਬਾਰੇ ਬੁਰਾ ਭਲਾ ਬੋਲਦੀਆਂ ਸਨ। ਜਾਨਵਰਾਂ ਪ੍ਰਤੀ ਹਰ ਕੋਈ ਸੁਹਿਰਦ ਭਾਵਨਾਵਾਂ ਨਹੀਂ ਰੱਖ ਸਕਦਾ ਕਿਉਂ ਕਿ ਮਨੁੱਖ ਐਨਾ ਸਵਾਰਥੀ ਹੋ ਚੁੱਕਿਆ ਹੈ ਕਿ ਉਸ ਨੂੰ ਸਿਰਫ਼ ਆਪਣਾ ਢਿੱਡ, ਆਪਣੇ ਬੱਚੇ ਅਤੇ ਆਪਣੇ ਘਰ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ। ਨਹੀਂ ਤਾਂ ਐਨਾ ਟੈਕਸ ਜਾਨਵਰਾਂ ਦੇ ਨਾਂ ਤੇ ਵਸੂਲ ਕੇ ਵੀ ਸਾਡੇ ਦੇਸ਼ ਵਿੱਚ ਇਹ ਜਾਨਵਰ ਲੋਕਾਂ ਦੇ ਅਤਿਆਚਾਰ ਦਾ ਸ਼ਿਕਾਰ ਹੁੰਦੇ ਹਨ ਨਹੀਂ ਤਾਂ ਇਹਨਾਂ ਲਈ ਸ਼ੈਲਟਰ ਬਣਾ ਕੇ ਸਾਂਭ ਸੰਭਾਲ ਦੇ ਇੰਤਜ਼ਾਮ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਹੈ।
ਖੈਰ….. ਮੈਂ ਅਤੇ ਇੱਕ ਹੋਰ ਘਰ ਹੀ ਕਾਟੋ ਨੂੰ ਕੁਝ ਖਾਣ ਨੂੰ ਦਿੰਦੇ ਸੀ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਦੁੱਧ ਚੁੰਘਾ ਕੇ ਪਾਲ਼ ਸਕੇ, ਨਹੀਂ ਤਾਂ ਬਾਕੀ ਲੋਕਾਂ ਤੋਂ ਤਾਂ ਉਸ ਨੂੰ ਇਸ ਹਾਲ ਵਿੱਚ ਡੰਡੇ ਖਾਣ ਨੂੰ ਹੀ ਮਿਲਦੇ ਸਨ।
ਮੈਂ ਰਾਤ ਨੂੰ ਛੱਤ ਤੇ ਚੜ੍ਹ ਕੇ ਪਲਾਟ ਵੱਲ ਨਿਗ੍ਹਾ ਮਾਰੀ ਤਾਂ ਬਰਫ਼ ਵਰਗੀ ਠੰਢੀ ਹਵਾ ਵਗ ਰਹੀ ਸੀ ਪਰ ਉਹ ਇੱਕ ਟੋਆ ਪੁੱਟ ਕੇ ਉਹਨਾਂ ਨੂੰ ਢਿੱਡ ਨਾਲ ਲਾ ਕੇ ਸੁੱਤੀ ਪਈ ਸੀ। ਅੱਧੀ ਰਾਤ ਨੂੰ ਉਹੀ ਗੱਲ ਹੋਈ,ਬਿਜਲੀ ਗੜਕਣ ਦੀਆਂ ਡਰਾਉਣੀਆਂ ਅਵਾਜ਼ਾਂ ਮੀਂਹ ਨ੍ਹੇਰੀ ਝੱਖੜ ਤਿੰਨ ਕੁ ਵਜੇ ਜ਼ੋਰਾਂ ਤੇ ਸੀ। ਮੇਰਾ ਧਿਆਨ ਕਾਟੋ ਅਤੇ ਉਸ ਦੇ ਨਵਜੰਮੇ ਬੱਚਿਆਂ ਵਿੱਚ ਹੀ ਸੀ। ਮੈਂ ਪਰਮਾਤਮਾ ਅੱਗੇ ਅਰਦਾਸ ਕਰਨ ਲੱਗੀ,”ਹੇ ਪਰਮਾਤਮਾ! ਉਸ ਬੇਜ਼ੁਬਾਨ ਮਾਂ ਅਤੇ ਉਸ ਦੇ ਬੱਚਿਆਂ ਲਈ ਇਸ ਸਮੇਂ ਮੈਂ ਤਾਂ ਕੁਝ ਨਹੀਂ ਕਰ ਸਕਦੀ….ਪਰ….. ਤੂੰ ਤਾਂ ਹੈਂ…. ਤੂੰ ਹੀ ਉਹਨਾਂ ਦੀ ਰੱਖਿਆ ਕਰਨੀ ਹੈ।” ਮੈਂ ਵਾਰ ਵਾਰ ਰੱਬ ਨੂੰ ਇਹ ਗੱਲ ਮਨ ਹੀ ਮਨ ਵਿੱਚ ਕਹਿ ਰਹੀ ਸੀ।
ਹਨ੍ਹੇਰੀ ਤੂਫ਼ਾਨ ਕਾਰਨ ਬਿਜਲੀ ਗਈ ਹੋਈ ਸੀ, ਤੜਕੇ ਪੰਜ ਵਜੇ ਉੱਠਣ ਦੀ ਬਜਾਏ ਮੈਂ ਵੀ ਛੇ ਕੁ ਵਜੇ ਉੱਠੀ। ਚਾਹ ਪਾਣੀ ਪੀ ਕੇ ਮੈਂ ਛੱਤ ਤੇ ਕਬੂਤਰਾਂ ਨੂੰ ਦਾਣਾ ਪਾਉਣ ਗਈ ਤਾਂ ਪਲਾਟ ਵੱਲ ਨੂੰ ਨਿਗ੍ਹਾ ਮਾਰੀ ਤਾਂ ਇੱਕ ਖੂੰਜੇ ਵਿੱਚ ਕਿਸੇ ਚੀਜ਼ ਦੇ ਇਸ਼ਤਿਹਾਰ ਵਾਲ਼ਾ ਫਲੇਕਸ ਕੰਧ ਤੋਂ ਜ਼ਮੀਨ ਤੱਕ ਲਟਕਦਾ ਸੀ। ਜਦ ਕਾਟੋ ਨੂੰ ਖਾਣਾ ਦੇਣ ਗਈ ਤਾਂ ਉਹ ਬਹੁਤ ਸੋਹਣਾ ਝੌਂਪੜੀ ਨੁਮਾ ਬਣਾ ਕੇ ਅੰਦਰ ਬੋਰੀਆਂ ਵਿਛਾ ਕੇ ਉਸ ਉੱਪਰ ਉਸ ਦੇ ਬੱਚੇ ਨੇਰੀ ਝੱਖੜ ਤੋਂ ਬੇਖ਼ਬਰ ਬਹੁਤ ਸਕੂਨ ਨਾਲ ਸੁੱਤੇ ਪਏ ਸਨ। ਇੱਕ ਬੁੱਢੀ ਨੂੰ ਮੈਂ ਪੁੱਛਿਆ,” ਇਹ ਘਰ ਕਿਸ ਨੇ ਬਣਾਇਆ ਹੈ?”
“ਪਤਾ ਨੀ…… ਰਾਤ ਇੱਕ ਬੰਦਾ ਜਿਹਾ ਬਣਾ ਕੇ ਗਿਆ।” ਉਸ ਨੇ ਭੈੜਾ ਜਿਹਾ ਮੂੰਹ ਬਣਾ ਕੇ ਆਖਿਆ।
“ਕੌਣ ਸੀ ਉਹ….?” ਮੈਂ ਫੇਰ ਪੁੱਛਿਆ।
“ਪਤਾ ਨੀ ਕੌਣ ਸੀ……. ਮੈਂ ਤਾਂ ਕਦੇ ਦੇਖਿਆ ਨੀ….! ਮੈਂ ਤਾਂ ਰਾਤੀਂ ਉਹਨੂੰ ਕਿਹਾ ਸੀ ਬਈ ਸਾਡੀ ਕੰਧ ਨਾਲ ਨਾ ਬਣਾ…..ਉਹ ਕਹਿੰਦਾ ਐਥੇ ਠੀਕ ਆ…..ਇਹ ਉੱਚੀ ਜਗ੍ਹਾ ਹੈ….!” ਉਹ ਬੋਲੀ।
ਮੈਂ ਘਰ ਆ ਕੇ ਰੱਬ ਦੇ ਸੌ ਸੌ ਸ਼ੁਕਰਾਨੇ ਕਰਨ ਲੱਗੀ। ਪਰ ਇਹ ਗੱਲ ਮੇਰੇ ਮਨ ਵਿੱਚ ਬੁਝਾਰਤ ਵਾਂਗੂੰ ਘੁੰਮ ਰਹੀ ਸੀ ਕਿ ਐਨੀ ਰਾਤ ਨੂੰ ਅਣਜਾਣ ਵਿਅਕਤੀ ਤੇ ਉਸ ਕੋਲ਼ ਬੱਚਿਆਂ ਥੱਲੇ ਵਿਛਾਉਣ ਲਈ ਬੋਰੀਆਂ ਕਿੱਥੋਂ ਆਈਆਂ….? ਉਸ ਪਲਾਟ ਵਿੱਚ ਕਾਟੋ ਨੂੰ ਕੋਈ ਓਪਰਾ ਵਿਅਕਤੀ ਤਾਂ ਕੀ….. ਮੇਰੇ ਤੋਂ ਇਲਾਵਾ ਹੋਰ ਕੋਈ ਕਾਟੋ ਲਈ ਕੋਈ ਕੁਝ ਨਹੀਂ ਕਰ ਸਕਦਾ… ਫਿਰ ਕੀ ਪ੍ਰਮਾਤਮਾ ਉਸ ਵਿਅਕਤੀ ਦੇ ਰੂਪ ਵਿੱਚ ਸੀ….. ਉਹ ਕੌਣ ਸੀ?
ਇਸ ਤਰ੍ਹਾਂ ਜ਼ਿੰਦਗੀ ਵਿੱਚ ਕਈ ਵਾਰੀ ਕਈ ਗੱਲਾਂ ਜਿਹੜੀਆਂ ਆਪਣੇ ਵਸ ਵਿੱਚ ਨਹੀਂ ਹੁੰਦੀਆਂ ਉਹਨਾਂ ਨੂੰ ਪਰਮਾਤਮਾ ਆਪ ਕਰਨ ਦਾ ਜ਼ਿੰਮਾ ਲੈ ਲੈਂਦਾ ਹੈ ਤੇ ਇਨਸਾਨ ਉਸ ਨੂੰ ਕਿਸੇ ਬੁਝਾਰਤ ਦੇ ਜਵਾਬ ਵਾਂਗ ਲੱਭਦਾ ਰਹਿੰਦਾ ਹੈ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਵਿੱਚੋਂ ਹੀ ਉਸ ਦੀ ਹੋਂਦ ਨੂੰ ਪਛਾਨਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly