ਏਹੁ ਹਮਾਰਾ ਜੀਵਣਾ ਹੈ – 253

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅਖ਼ਬਾਰ ਦਾ ਪਹਿਲਾ ਪੰਨਾ ਦੇਖੋ,ਟੀ ਵੀ ਦੇ ਖਬਰਾਂ ਵਾਲੇ ਚੈਨਲਾਂ ਤੇ ਜਾਂ ਫਿਰ ਅੱਜ ਕੱਲ੍ਹ ਆਨਲਾਈਨ ਖ਼ਬਰਾਂ ਜੋ ਫੇਸਬੁੱਕ ਤੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ ਉਹਨਾਂ ਵਿੱਚ ਮੁੱਖ ਖ਼ਬਰਾਂ ਵਿੱਚ ਲੁੱਟ ਖੋਹ ਅਤੇ ਕਤਲੋਗਾਰਦ ਦੀਆਂ ਖ਼ਬਰਾਂ ਹੀ ਹੁੰਦੀਆਂ ਹਨ।ਕੀ ਇਹ ਸਾਡੇ ਉਸ ਪੰਜਾਬ ਦਾ ਹਾਲ ਹੈ ਜਿਸ ਬਾਰੇ ‘ਮੇਰਾ ਸੋਹਣਾ ਪੰਜਾਬ, ਜਿਵੇਂ ਖਿੜਿਆ ਫੁੱਲ ਗੁਲਾਬ ” ਕਿਹਾ ਜਾਂਦਾ ਹੈ? ਜਿਸ ਦੀ ਤੁਲਨਾ ਖਿੜੇ ਹੋਏ ਗੁਲਾਬ ਨਾਲ ਹੁੰਦਿਆਂ ਹੀ ਅੱਖਾਂ ਅੱਗੇ ਖਿੜਿਆ ਖਿੜਿਆ ਗੁਲਸ਼ਨ ਨਜ਼ਰ ਆਉਣ ਲੱਗਦਾ ਹੈ, ਜਿਵੇਂ ਬਗੀਚੇ ਵਿੱਚ ਫੁੱਲ ਟਹਿਕਦੇ ਹੋਏ ਹੱਸਦੇ-ਹੱਸਦੇ, ਖਿੜੇ-ਖਿੜੇ ਜਾਪਦੇ ਹਨ ਬਿਲਕੁਲ ਉਸੇ ਤਰ੍ਹਾਂ ਪੰਜਾਬ ਅਤੇ ਇਸ ਵਿੱਚ ਰਹਿਣ ਵਾਲੇ ਲੋਕ ਖ਼ੁਸ਼ਹਾਲ ਹੋਣ ਦਾ ਅਹਿਸਾਸ ਹੁੰਦਾ ਹੈ।ਪਰ ਇੱਥੇ ਤਾਂ ਉਲਟੀ ਗੰਗਾ ਹੀ ਵਹਿ ਰਹੀ ਹੈ।

ਹਮੇਸ਼ਾ ਖੁਸ਼ ਰਹਿਣ ਵਾਲੇ, ਦੂਜੇ ਲਈ ਮਦਦਗਾਰ ਬਣਨ ਵਾਲੇ ,ਰੱਜ ਕੇ ਜ਼ਿੰਦਗੀ ਜਿਊਣ ਵਾਲੇ ਪੰਜਾਬੀ ਕਿੱਥੇ ਅਲੋਪ ਹੋ ਗਏ ਹਨ? ਜਿਹਨਾਂ ਦੀ ਬਹਾਦਰੀ ਦੇ ਕਿੱਸੇ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ, ਦੋ ਪਿਆਰ ਭਰੇ ਬੋਲਾਂ ਦੇ ਉੱਤੋਂ ਜਾਨ ਵਾਰਨ ਵਾਲੇ ਪੰਜਾਬੀ ਤਾਂ ਇਹੋ ਜਿਹੇ ਨਹੀਂ ਹੋ ਸਕਦੇ। ਜਿਵੇਂ ਅਸੀਂ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਸੁਣਦੇ ਹੁੰਦੇ ਸੀ ਕਿ ਬਜ਼ਾਰਾਂ ਵਿੱਚ ਸ਼ਰੇਆਮ ਗੋਲੀਆਂ ਚੱਲਣੀਆਂ, ਸ਼ਰੇਆਮ ਭਰੇ ਬਜ਼ਾਰ ਚਾਕੂਆਂ ਨਾਲ ਵਿੰਨ੍ਹ ਕੇ ਮੌਤ ਦੇ ਘਾਟ ਉਤਾਰਨਾ ਵਰਗੀਆਂ ਘਟਨਾਵਾਂ ਦਾ ਵਾਪਰਨਾ ਪਰ ਅੱਜ ਸਾਡੇ ਪੰਜਾਬ ਵਿੱਚ ਆਮ ਹੀ ਹੁੰਦੀਆਂ ਜਾ ਰਹੀਆਂ ਹਨ। ਲੁਟੇਰੇ ਬੇਖੌਫ਼ ਹੋ ਕੇ ਘੁੰਮ ਰਹੇ ਹਨ।

ਅੰਮ੍ਰਿਤ ਵੇਲੇ ਸੈਰ ਕਰਨ ਗਏ ਲੋਕਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਜਾਂ ਆਉਂਦੇ ਸ਼ਰਧਾਲੂਆਂ ਦੀਆਂ ਟ੍ਰੈਫਿਕ ਵਗਦੀਆਂ ਸੜਕਾਂ ਤੇ ਗੱਡੀਆਂ ਖੋਹੀਆਂ ਜਾ ਰਹੀਆਂ ਹਨ। ਔਰਤਾਂ ਆਪਣੇ ਘਰ ਦੇ ਬਾਹਰ ਖੜੀਆਂ ਸੁਰੱਖਿਅਤ ਨਹੀਂ ਹਨ। ਬਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਪਿਸਤੌਲਾਂ ਦੀਆਂ ਨੋਕਾਂ ਤੇ ਲੁੱਟਿਆ ਜਾ ਰਿਹਾ ਹੈ।ਨਾ ਦਿਨੇ ,ਨਾ ਰਾਤਾਂ ਨੂੰ,ਨਾ ਘਰ ,ਨਾ ਦੁਕਾਨਾਂ,ਨਾ ਔਰਤਾਂ,ਨਾ ਬੱਚੇ,ਨਾ ਬਜ਼ੁਰਗ,ਨਾ ਜਵਾਨ ਕੋਈ ਵੀ ਕਿਸੇ ਸਮੇਂ ਵੀ ਸੁਰੱਖਿਅਤ ਨਹੀਂ ਹਨ।

ਵੱਡੇ ਵੱਡੇ ਕਲਾਕਾਰਾਂ, ਖਿਡਾਰੀਆਂ, ਆਮ ਲੋਕਾਂ ਦਾ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਜਾਣਾ…..ਆਖਰ ਕਦ ਤੱਕ? ਇਹ ਕਿਹੜੀ ਬਹਾਦਰੀ ਦੇ ਕਿੱਸੇ ਹਨ। ਅਸੀਂ ਆਪਣੇ ਪੰਜਾਬ ਬਾਰੇ ਵਿਸ਼ਵ ਭਰ ਵਿੱਚ ਕੀ ਅਕਸ ਛੱਡ ਰਹੇ ਹਾਂ।ਹਰ ਵੇਲੇ ਡਰ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।ਰਾਜਸੀ ਲਾਹਿਆਂ ਦੀ ਉਪਜ ਗੈਂਗਸਟਰ ਨੀਤੀ ਕਦ ਤੱਕ ਆਪਣੀਆਂ ਹੀ ਮਾਵਾਂ ਦੀਆਂ ਕੁੱਖਾਂ, ਭੈਣਾਂ ਦੇ ਸੁਹਾਗ, ਬੱਚਿਆਂ ਦੇ ਬਚਪਨ ਉਜਾੜਦੇ ਰਹਿਣਗੇ।ਮਾਰਨ ਵਾਲੇ ਵੀ ਮਾਵਾਂ ਦੇ ਪੁੱਤ ਹੁੰਦੇ ਹਨ,ਮਰਨ ਵਾਲੇ ਵੀ ਮਾਵਾਂ ਦੇ ਪੁੱਤ ਹੁੰਦੇ ਹਨ। ਦੂਜੀ ਗੱਲ ਇਹ ਕਿ ਪੰਜਾਬੀ ਐਨੇ ਸਵਾਰਥੀ ਕਦੋਂ ਤੋਂ ਹੋ ਗਏ? ਛੋਟੇ ਛੋਟੇ ਮਸਲਿਆਂ ਤੇ, ਘਰੇਲੂ ਲੜਾਈਆਂ ਤੇ,ਪ੍ਰੇਮ ਸਬੰਧਾਂ ਦੇ ਫੇਲ੍ਹ ਹੋਣ ਤੇ,ਮਤਲਬ ਕਿ ਛੋਟੀਆਂ ਛੋਟੀਆਂ ਗੱਲਾਂ ਤੇ ਇਸ ਸੋਹਣੇ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਰੰਗਿਆ ਜਾ ਰਿਹਾ ਹੈ।

ਸਹਿਨਸ਼ੀਲਤਾ ਅਪਣਾਉਣ ਦੀ ਲੋੜ ਹੈ। ਪੰਜਾਬੀ ਤਾਂ ਫ਼ੌਲਾਦੀ ਜਿਗਰਾ ਰੱਖ ਕੇ ਅੱਗੇ ਵਧਣ ਵਾਲੇ ਲੋਕ ਹਨ। ਦੂਜਿਆਂ ਨੂੰ ਵਸਾਉਣ ਵਾਲੇ ਆਪਣੇ ਘਰ ਦਾ ਉਜਾੜਾ ਨਹੀਂ ਬਣ ਸਕਦੇ।ਪੰਜਾਬੀਓ ਜਾਗੋ, ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਤਲੋਗਾਰਦ ਦੀ ਧਰਤੀ ਨਾ ਬਣਨ ਦਵੋ। ਸਹਿਨਸ਼ੀਲਤਾ, ਨਿਮਰਤਾ,ਅਣਖ, ਬਹਾਦਰੀ ਪੰਜਾਬੀਆਂ ਦੇ ਗੁਣ ਹਨ।ਕਤਲ, ਲੁੱਟ ਖੋਹ ਜਾਂ ਡਰ ਦਾ ਮਾਹੌਲ ਸਿਰਜਣ ਵਾਲੇ ਲੋਕ ਹਰਗਿਜ਼ ਪੰਜਾਬੀ ਨਹੀਂ ਹੋ ਸਕਦੇ।

ਪੰਜਾਬੀਓ! ਲੋੜ ਹੈ ਜਾਗਰੂਕ ਹੋਣ ਦੀ, ਤੁਹਾਨੂੰ ਕੁਰਾਹੇ ਪਾ ਕੇ ਕੋਈ ਵਰਤ ਨਾ ਸਕੇ , ਆਪਣੀ ਇੱਛਾ ਸ਼ਕਤੀ ਅਤੇ ਦ੍ਰਿੜ ਇਰਾਦੇ ਐਨੇ ਮਜ਼ਬੂਤ ਕਰੋ, ਤੁਸੀਂ ਇਹੋ ਜਿਹੀਆਂ ਵਾਰਦਾਤਾਂ ਦਾ ਇਤਿਹਾਸ ਸਿਰਜ ਕੇ ਕਦੇ ਵੀ ਆਪਣੇ ਬਹਾਦਰੀ ਵਾਲੇ ਇਤਿਹਾਸਿਕ ਪਿਛੋਕੜ ਉੱਤੇ ਪੋਚਾ ਨਹੀਂ ਫੇਰ ਸਕਦੇ । ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵਾਰਦਾਤਾਂ ਉੱਤੇ ਠੱਲ੍ਹ ਪਾਉਣ ਲਈ ਖਾਸ ਤੌਰ ਤੇ ਧਿਆਨ ਦੇਵੇ। ਮੁਜਰਮਾਂ ਨੂੰ ਫੜਨ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾਣਗੇ ਚਾਹੀਦੇ ਹਨ। ਜੋ ਵੀ ਏਜੰਸੀਆਂ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਹਨ ਉਹਨਾਂ ਨੂੰ ਨੰਗੇ ਕਰਨ ਦੀ ਲੋੜ ਹੈ, ਚਾਹੇ ਉਹ ਨਸ਼ਾ ਵੇਚਣ ਵਾਲੀਆਂ ਹੋਣ‌ ਜਾਂ ਗੈਗਸਟਰਵਾਦ ਪੈਦਾ ਕਰਨ ਵਾਲੀਆਂ ਹੋਣ, ਜਾਂ ਫਿਰ ਇਹ ਲੁੱਟਾਂ ਖੋਹਾਂ ਅਤੇ ਸਮਾਜ ਵਿੱਚ ਸਹਿਮ ਦਾ ਮਾਹੌਲ ਬਣਾਉਣ ਵਾਲੀਆਂ ਹਨ।

ਇਸ ਪ੍ਰਤੀ ਸੁਚੇਤ ਹੋਣ ਦਾ ਵਕਤ ਆ ਗਿਆ ਹੈ ।ਜੇ ਹਰ ਇੱਕ ਨਾਗਰਿਕ ਹਿੰਮਤ ਅਤੇ ਦਲੇਰੀ ਤੋਂ ਕੰਮ ਲੈ ਕੇ ਸ਼ੱਕੀ ਲੋਕਾਂ ਬਾਰੇ ਪਹਿਲਾਂ ਹੀ ਸੁਚੇਤ ਹੋ ਕੇ ਢੁਕਵੀਂ ਕਾਰਵਾਈ ਕਰਨ ਤਾਂ ਸਮਾਜ ਵਿੱਚ ਵਾਪਰਨ ਵਾਲੀਆਂ ਕਈ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਵਾਪਰਨ ਤੋਂ ਠੱਲ੍ਹ ਪਾਈ ਜਾ ਸਕਦੀ ਹੈ। ਕਿਉਂ ਕਿ ਆਪਣੇ ਆਲ਼ੇ ਦੁਆਲ਼ੇ ਤੋਂ ਸੁਚੇਤ ਹੋ ਕੇ ਦਲੇਰੀ ਤੋਂ ਕੰਮ ਲੈਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਬਣੀ
Next articleMan sentenced for posting casteist offensive message online