(ਸਮਾਜ ਵੀਕਲੀ)
ਸੋਸ਼ਲ ਮੀਡੀਆ ਰਾਹੀਂ ਜਿੱਥੇ ਚਿਰਾਂ ਤੋਂ ਵਿਛੜੇ ਦੋਸਤ ਮਿੱਤਰਾਂ ਨੂੰ ਮਿਲਾਉਣ ਲਈ ਸੋਸ਼ਲ ਮੀਡੀਆ ਬਹੁਤ ਕਾਰਗਰ ਸਾਬਤ ਹੋਇਆ ਹੈ ਉੱਥੇ ਹੀ ਇਸ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਭੂਚਾਲ ਲਿਆਂਦਾ ਪਿਆ ਹੈ। ਬਾਹਰਲੇ ਮੁਲਕਾਂ ਦੇ ਲੋਕ ਇਸ ਨੂੰ ਕਿਸ ਤਰ੍ਹਾਂ ਵਰਤਦੇ ਹਨ ਇਸ ਬਾਰੇ ਤਾਂ ਮੈਨੂੰ ਕੋਈ ਬਹੁਤੀ ਪੁਖਤਾ ਜਾਣਕਾਰੀ ਨਹੀਂ ਹੈ ਪਰ ਸਾਡੇ ਦੇਸ਼ ਵਿੱਚ ਇਸ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਵੱਧ ਹੋ ਰਹੀ। ਅੱਜ ਦੇ ਸਮਾਜ ਵਿੱਚ ਵਿਚਰਦਿਆਂ ਮਨੁੱਖ ਦੀ ਨਿੱਜੀ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਦੀ ਗੱਲ ਨੂੰ ਤਾਂ ਵਾਰ ਵਾਰ ਵਿਚਾਰਿਆ ਜਾਂਦਾ ਰਿਹਾ ਹੈ ਪਰ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਪਰ ਇਸ ਦਾ ਖ਼ਤਰਾ ਨਿਊਕਲੀਅਰ ਬੰਬ ਤੋਂ ਵੀ ਜ਼ਿਆਦਾ ਲੱਗਦਾ ਹੈ। ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਵੱਖ ਵੱਖ ਧਰਮਾਂ ਅਤੇ ਕੌਮਾਂ ਦੇ ਲੋਕ ਵਸਦੇ ਹਨ। ਮੁੱਢ ਕਦੀਮ ਤੋਂ ਹੀ ਸਾਡਾ ਦੇਸ਼ ਦੁਨੀਆ ਭਰ ਵਿੱਚ ਭਿੰਨਤਾ ਵਿੱਚ ਏਕਤਾ ਰੱਖਣ ਵਾਲ਼ਾ ਦੇਸ਼ ਮੰਨਿਆ ਜਾਂਦਾ ਰਿਹਾ ਹੈ ।
ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮ ਦਾ ਆਦਰ ਮਾਣ ਕਰਦੇ ਸਨ, ਪਰ ਜਦੋਂ ਤੋਂ ਸੋਸ਼ਲ ਮੀਡੀਆ ਵਾਲੇ ਕੀੜੇ ਨੇ ਜਨਮ ਲਿਆ ਹੈ ਉਦੋਂ ਤੋਂ ਹਰ ਧਰਮ ਅਤੇ ਕੌਮ ਦੇ ਅਖੌਤੀ ਵਿਦਵਾਨ ਵੀ ਬਹੁਤ ਵਧ ਗਏ ਹਨ ਅਤੇ ਉਨ੍ਹਾਂ ਦੁਆਰਾ ਆਪਣੇ ਆਪਣੇ ਧਰਮ ਜਾਂ ਕੌਮ ਦੇ ਲੋਕਾਂ ਨਾਲ਼ ਵਿਚਾਰਕ ਮਤਭੇਦ ਹੋਣ ਕਰਕੇ ਜਿੱਥੇ ਆਪਣੇ ਆਪਣੇ ਧਰਮਾਂ ਜਾਂ ਕੌਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉੱਥੇ ਹੀ ਇੱਕ ਦੂਜੇ ਦੇ ਧਰਮਾਂ ਅਤੇ ਕੌਮਾਂ ਉੱਤੇ ਵੀ ਟੀਕਾ ਟਿੱਪਣੀਆਂ ਇੱਕ ਦੂਜੇ ਤੋਂ ਵਧ ਚੜ੍ਹ ਕੇ ਖੂਬ ਕੀਤੀਆਂ ਜਾਂਦੀਆਂ ਹਨ। ਇਹਨਾਂ ਗੱਲਾਂ ਕਰਕੇ ਲੋਕਾਂ ਵਿੱਚ ਆਪਸੀ ਵਿਚਾਰਕ ਅਤੇ ਵਿਵਹਾਰਿਕ ਮਤਭੇਦ ਹੋਣਾ ਸੁਭਾਵਿਕ ਹੀ ਹੈ। ਉਦਾਹਰਣ ਦੇ ਤੌਰ ਤੇ ਜੇ ਦੇਖੀਏ ਤਾਂ ਇੱਕ ਘਰ ਵਿੱਚ ਹੀ ਜੇ ਪਿਓ ਪੁੱਤ ਜਾਂ ਸੱਸ ਨੂੰਹ ਵਿੱਚ ਆਪਸੀ ਵਿਚਾਰਕ ਮਤਭੇਦ ਹੋਣਗੇ ਤਾਂ ਉਹੋ ਜਿਹੇ ਘਰ ਦੇ ਲੋਕ ਬਹੁਤ ਜਲਦ ਬਾਹਰਲੇ ਲੋਕਾਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਹੀ ਘਰ ਨੂੰ ਤੋੜ ਬੈਠਦੇ ਹਨ।ਇਹੀ ਗੱਲ ਇੱਕ ਸਮਾਜ, ਇੱਕ ਕੌਮ ਅਤੇ ਇੱਕ ਦੇਸ਼ ਉੱਤੇ ਵੀ ਲਾਗੂ ਹੁੰਦੀ ਹੈ।
ਭਾਰਤ ਵਿੱਚ ਸੋਸ਼ਲ ਮੀਡੀਆ ਤੇ ਚਲਾਏ ਜਾਣ ਵਾਲੇ ਨਿੱਜੀ ਨਿਊਜ਼ ਚੈਨਲਸ ਇਸ ਸਮੇਂ ਬਹੁਤ ਖ਼ਤਰਨਾਕ ਭੂਮਿਕਾ ਨਿਭਾਅ ਰਹੇ ਹਨ। ਕਿਸੇ ਵੀ ਖ਼ਬਰ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ, ਫ਼ਿਰ ਆਮ ਲੋਕਾਂ ਦੁਆਰਾ ਕੁਮੈਂਟਾਂ ਰਾਹੀਂ ਉਸ ਉੱਪਰ ਕੀਤੀ ਜਾਣ ਵਾਲੀ ਪ੍ਰਤੀਕਿਰਿਆ ,ਫਿਰ ਉਸ ਤੋਂ ਵੀ ਵੱਧ ਕੁਮੈਂਟ ਬਾਕਸ ਵਿੱਚ ਇੱਕ ਦੂਜੇ ਦੇ ਕੁਮੈਂਟਾਂ ਉੱਪਰ ਦਿੱਤੀ ਜਾਣ ਵਾਲੀ ਪ੍ਰਤੀਕਿਰਿਆ ਆਮ ਲੋਕਾਂ ਵਿੱਚ ਜਿੱਥੇ ਰੋਹ ਤੇ ਗੁੱਸਾ ਪੈਦਾ ਕਰਦੀ ਹੈ ਉੱਥੇ ਹੀ ਉਹਨਾਂ ਦੇ ਮਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਬੌਧਿਕ ਵਖਰੇਵੇਂ ਅਤੇ ਨਫ਼ਰਤਾਂ ਦੇ ਜਾਲ਼ ਬੁਣਦੀ ਹੈ। ਕੋਈ ਵੀ ਮਨੁੱਖ ਸੋਸ਼ਲ ਮੀਡੀਆ ਤੇ ਜਿਵੇਂ ਹੀ ਆਪਣੀ ਨਿੱਜੀ ਪ੍ਰੋਫਾਈਲ ਖੋਲ੍ਹਦਾ ਹੈ ਤਾਂ ਉਸ ਨੂੰ ਆਪਣੀ ਨਿੱਜੀ ਗੱਲ ਭੁੱਲ ਜਾਂਦੀ ਹੈ ਕਿ ਉਸ ਨੇ ਉਸ ਨੂੰ ਕਿਉਂ ਖੋਲ੍ਹਿਆ ਸੀ ਸਗੋਂ ਉਸ ਨੂੰ ਖੋਲ੍ਹਦੇ ਸਾਰ ਹੀ ਦਿਖਣ ਵਾਲੇ ਕੋਈ ਨਾ ਕੋਈ ਨਿਊਜ਼ ਚੈਨਲ ਵਿੱਚ ਹੀ ਉਹ ਉਲਝ ਕੇ ਰਹਿ ਜਾਂਦਾ ਹੈ।
ਆਮ ਲੋਕ ਵਿਚਾਰੇ ਕੀ ਕਰਨ ਜਦ ਬਹੁਤ ਜ਼ਿੰਮੇਵਾਰ ਲੋਕ ਹੀ ਸੋਸ਼ਲ ਮੀਡੀਆ ਨੂੰ ਹਥਿਆਰ ਵਾਂਗ ਵਰਤਦੇ ਹਨ । ਸੋਸ਼ਲ ਮੀਡੀਆ ਉੱਪਰ ਰਾਜਸੀ ਪਾਰਟੀਆਂ ਦੇ ਆਗੂਆਂ ਦੁਆਰਾ ਜਾਂ ਸਮਾਜਿਕ ਜਾਂ ਹੋਰ ਜਥੇਬੰਦੀਆਂ ਦੇ ਆਗੂਆਂ ਦੁਆਰਾ ਲਾਈਵ ਹੋ ਕੇ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ, ਫ਼ਿਰ ਉਸ ਉੱਪਰ ਵਿਰੋਧੀਆਂ ਦੀਆਂ ਟੀਕਾ ਟਿੱਪਣੀਆਂ ਕੀਤੀਆਂ ਹੁੰਦੀਆਂ ਹਨ ਤੇ ਫਿਰ ਆਮ ਲੋਕਾਂ ਦੀਆਂ ਟਿੱਪਣੀਆਂ ਕੀਤੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਪੱਖੀ ਲੋਕਾਂ ਦੀਆਂ ਜਾਂ ਫਿਰ ਵਿਰੋਧੀਆਂ ਦੀਆਂ ਹੁੰਦੀਆਂ ਹਨ। ਉਸ ਤੋਂ ਵੀ ਵੱਧ ਖ਼ਤਰਨਾਕ ਗੱਲ ਇਹ ਹੁੰਦੀ ਹੈ ਕਿ ਉਹ ਲੋਕ ਭੱਦੀ ਸ਼ਬਦਾਵਲੀ ਵਰਤਦੇ ਹਨ ਜੋ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਬਹਿਸਬਾਜ਼ੀ ਦਾ ਰੂਪ ਧਾਰਨ ਕਰਦੀਆਂ ਹਨ।ਇਹ ਗੱਲਾਂ ਸਮਾਜ ਵਿੱਚ ਕੌਮੀ ਅਤੇ ਧਾਰਮਿਕ ਭਾਵਨਾਵਾਂ ਨੂੰ ਉਤੇਜਿਤ ਕਰਕੇ ਵਿਸ਼ ਘੋਲ਼ ਦੇ ਹਨ ਜੋ ਉਹਨਾਂ ਦੇ ਮਨਾਂ ਵਿੱਚ ਦਰਾੜ ਪਾਉਣ ਦਾ ਕੰਮ ਕਰਦੇ ਹਨ।
ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਉੱਪਰ ਜ਼ਿਆਦਾ”ਵਿਊ” ਜਾਂ “ਫੌਲੋਅਰ” ਲੈਣ ਦੇ ਲਾਲਚ ਨਾਲ਼ ਚਲਾਏ ਜਾਣ ਵਾਲੇ ਨਿਊਜ਼ ਚੈਨਲ ਹੀ ਬੰਦ ਹੋਣੇ ਚਾਹੀਦੇ ਹਨ ਜਾਂ ਫਿਰ ਉਹਨਾਂ ਦੁਆਰਾ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ਮਸਾਲੇਦਾਰ ਪਰ ਵਧਾ ਚੜ੍ਹਾ ਕੇ ਪੇਸ਼ ਕੀਤੀਆਂ ਜਾਣ ਵਾਲੀਆਂ ਖ਼ਬਰਾਂ ਤੇ ਰੋਕ ਲੱਗਣੀ ਚਾਹੀਦੀ ਹੈ। ਜੇ ਇਹ ਵੀ ਨਹੀਂ ਹੋ ਸਕਦਾ ਤਾਂ ਕਮ ਸੇ ਕਮ ਉਹਨਾਂ ਹੇਠ ਕੁਮੈਂਟ ਬਾਕਸ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕ ਇੱਕ ਦੂਜੇ ਦੀ ਕੌਮ ਜਾਂ ਧਰਮ ਨੂੰ ਨੀਵਾਂ ਦਿਖਾਉਣ ਦੇ ਚੱਕਰ ਵਿੱਚ ਦੇਣ ਵਾਲ਼ੀ ਪ੍ਰਤੀਕਿਰਿਆ ਰਾਹੀਂ ਇੱਕ ਦੂਜੇ ਨੂੰ ਬੁਰਾ ਭਲਾ ਬੋਲ ਕੇ ਨਫ਼ਰਤਾਂ ਨਾ ਪੈਦਾ ਕਰ ਸਕਣ।
ਸੋਸ਼ਲ ਮੀਡੀਆ ਦੇ ਜੇ ਇਸ ਪੱਖ ਨੂੰ ਧਿਆਨ ਨਾਲ ਨਾ ਵਿਚਾਰਿਆ ਗਿਆ ਤਾਂ ਦਿਨ ਬ ਦਿਨ ਇਹ ਭਾਈਚਾਰਕ ਸਾਂਝ ਲਈ ਖ਼ਤਰਾ ਹੀ ਬਣਦਾ ਜਾ ਰਿਹਾ ਹੈ ਅਤੇ ਮਨਾਂ ਵਿੱਚ ਫ਼ਰਕ ਵਧਾ ਰਿਹਾ ਹੈ। ਜਦ ਕਿ ਜਾਣੇ ਅਤੇ ਅਣਜਾਣੇ ਵਿੱਚ ਇਸ ਨੂੰ ਰਾਜਨੀਤਕ , ਸਮਾਜਿਕ ,ਧਾਰਮਿਕ ਅਤੇ ਸਵੈਸੇਵੀ ਜਥੇਬੰਦੀਆਂ ਵੱਲੋਂ ਵੀ ਖੁਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ ਤੇ ਆਪਣੇ ਆਪਣੇ ਹਿਸਾਬ ਨਾਲ ਲਾਹਾ ਖੱਟਿਆ ਜਾਂਦਾ ਹੈ। ਸੋਸ਼ਲ ਮੀਡੀਆ ਦੇ ਇਸ ਪੱਖ ਉੱਪਰ ਵਿਚਾਰ ਕਰਕੇ ਸਹੀ ਵਰਤੋਂ ਕਰਨਾ ਅਤੇ ਦੇਸ਼ ਦੀ ਅਖੰਡਤਾ ਕਾਇਮ ਰੱਖਣ ਲਈ ਉਪਰਾਲੇ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly