(ਸਮਾਜ ਵੀਕਲੀ)
ਰਾਮ ਕੌਰ ਬਹੁਤ ਬਿਰਧ ਅਵਸਥਾ ਵਿੱਚ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਆਂਢ ਗੁਆਂਢ ਦੀਆਂ ਔਰਤਾਂ ਜਾਂ ਵਹੁਟੀਆਂ ਉਸ ਕੋਲ ਆ ਕੇ ਬੈਠ ਜਾਂਦੀਆਂ ਤੇ ਉਸ ਨੂੰ “ਬੀਜੀ – ਬੀਜੀ” ਕਰਦੀਆਂ ਹੋਈਆਂ ਗੱਲਾਂਬਾਤਾਂ ਕਰਦੀਆਂ ਤਾਂ ਉਸ ਦਾ ਸਮਾਂ ਵੀ ਸੋਹਣਾ ਲੰਘ ਜਾਂਦਾ ਸੀ ਤੇ ਇਕੱਲੇਪਣ ਦਾ ਅਹਿਸਾਸ ਵੀ ਨਾ ਹੁੰਦਾ ।ਉਸ ਨੇ ਇੱਕ ਕੰਮ ਵਾਲੀ ਲਾਈ ਹੋਈ ਸੀ ਜੋ ਉਸ ਦੇ ਘਰ ਦੀ ਸਾਫ਼ ਸਫ਼ਾਈ ਦੇ ਨਾਲ ਨਾਲ ਉਸ ਨੂੰ ਦੋ ਟਾਈਮ ਰੋਟੀ ਬਣਾ ਕੇ ਦੇ ਜਾਂਦੀ ਸੀ। ਕਦੇ ਕਦਾਈਂ ਸਾਰਿਆਂ ਤੋਂ ਛੋਟੀ ਕੁੜੀ ਆਕੇ ਮਿਲ਼ ਜਾਂਦੀ ਸੀ ਜੋ ਦੂਜੇ ਸ਼ਹਿਰ ਵਿਆਹੀ ਹੋਈ ਸੀ। ਕਦੇ ਸਮਾਂ ਹੁੰਦਾ ਸੀ ਕਿ ਉਸ ਦਾ ਘਰ ਭਰਿਆ ਭਰਿਆ ਹੁੰਦਾ ਸੀ, ਉਸ ਦੀਆਂ ਚਾਰ ਇੱਕੋ ਜਿਹੀਆਂ ਧੀਆਂ ਤੇ ਸਾਰਿਆਂ ਤੋਂ ਛੋਟਾ ਮੁੰਡਾ, ਉਸ ਦਾ ਘਰਵਾਲਾ ਅਤੇ ਇੱਕ ਛੜਾ ਜੇਠ ਹੁੰਦਾ ਸੀ। ਐਨੇ ਸਾਰੇ ਜੀਆਂ ਨਾਲ਼ ਘਰ ਵਿੱਚ ਹਰ ਸਮੇਂ ਰੌਣਕ ਲੱਗੀ ਰਹਿੰਦੀ ਸੀ।
ਉਸ ਦੀਆਂ ਚਾਰੇ ਕੁੜੀਆਂ ਜਦ ਸਕੂਲ ਜਾਂ ਕਾਲਜ ਵਿੱਚ ਪੜ੍ਹਦੀਆਂ ਸਨ ਤਾਂ ਉਹ ਬਹੁਤ ਫੈਸ਼ਨ ਦਾਰ ਅਤੇ ਫ਼ਿਰਨ ਤੁਰਨ ਵਾਲੀਆਂ ਖੁੱਲ੍ਹੇ ਸੁਭਾਅ ਦੀਆਂ ਸਨ। ਲੋਕ ਉਸ ਅਤੇ ਉਸ ਦੀਆਂ ਧੀਆਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਸਨ। ਵੈਸੇ ਵੀ ਜਵਾਨ ਬੱਚਿਆਂ ਤੇ ਖਾਸ ਕਰ ਕੇ ਕੁੜੀਆਂ ਉੱਪਰ ਸਾਡਾ ਸਮਾਜ ਬੜੀ ਕਾਂ ਅੱਖ ਵਾਲੀ ਨਿਗਾਹ ਰੱਖਦਾ ਹੈ,ਚਾਹੇ ਕੁਝ ਗ਼ਲਤ ਹੋਵੇ ਵੀ ਨਾ ਪਰ ਲੋਕ ਗ਼ਲਤ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਉਸ ਦਾ ਆਦਮੀ ਤੇ ਜੇਠ ਹੱਥੀਂ ਕਿਰਤ ਕਰਨ ਵਾਲੇ ਲੋਕ ਸਨ। ਵਧੀਆ ਰੋਟੀ ਪਾਣੀ ਚੱਲੀ ਜਾਂਦਾ ਸੀ। ਕੁੜੀਆਂ ਦੇ ਵਿਆਹ ਵੀ ਸਾਦੇ ਜਿਹੇ ਬਿਨਾਂ ਦਾਜ ਦਹੇਜ ਦੇ ਕੀਤੇ ਸਨ। ਦੋ ਕੁੜੀਆਂ ਇੱਥੇ ਹੀ ਪੰਜਾਬ ਵਿੱਚ ਹੀ ਵਿਆਹੀਆਂ ਗਈਆਂ ਸਨ ਤੇ ਦੋ ਵਿਦੇਸ਼ ਵਿੱਚ ਵਿਆਹੀਆਂ ਗਈਆਂ। ਲੋਕ ਉਹਨਾਂ ਦੀਆਂ ਜੋ ਮਰਜ਼ੀ ਗੱਲਾਂ ਬਣਾਉਂਦੇ ਸਨ ਪਰ ਕੁੜੀਆਂ ਨੇ ਆਪਣੇ ਘਰ ਵਧੀਆ ਵਸਾ ਲਏ ਸਨ।
ਜਦ ਮੁੰਡਾ ਵਿਆਹੁਣ ਜੋਗਾ ਹੋਇਆ ਤਾਂ ਬਾਹਰਲੇ ਮੁਲਕ ਵਾਲ਼ੀ ਕੁੜੀ ਨੇ ਆਪਣੇ ਨਾਲ ਕੰਮ ਕਰਦੀ ਕੁੜੀ ਦਾ ਰਿਸ਼ਤਾ ਕਰਵਾ ਕੇ ਭਰਾ ਨੂੰ ਉੱਥੇ ਹੀ ਬੁਲਾ ਲਿਆ ਸੀ।ਚਾਹੇ ਹੁਣ ਉਸ ਦੀ ਕਬੀਲਦਾਰੀ ਨਜਿੱਠੀ ਗਈ ਸੀ ਪਰ ਬੁਢਾਪੇ ਦੀਆਂ ਬੀਮਾਰੀਆਂ ਕਾਰਨ ਚਹੁੰ ਕੁ ਸਾਲਾਂ ਵਿੱਚ ਹੀ ਉਸ ਦਾ ਪਤੀ ਅਤੇ ਜੇਠ ਵੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਮੁੰਡੇ ਨੇ ਮਾਂ ਦੇ ਕਾਗਜ਼ ਭਰ ਕੇ ਮਾਂ ਨੂੰ ਆਪਣੇ ਕੋਲ ਪੱਕਾ ਈ ਬੁਲਾ ਲਿਆ ਸੀ ।ਘਰ ਨੂੰ ਤਾਲਾ ਲੱਗ ਗਿਆ ਸੀ। ਸਾਰਿਆਂ ਤੋਂ ਵੱਡੀ ਕੁੜੀ ਜੋ ਇਸੇ ਸ਼ਹਿਰ ਵਿੱਚ ਵਿਆਹੀ ਹੋਈ ਸੀ ਕਦੇ ਕਦਾਈਂ ਪੰਦਰਾਂ ਕੁ ਦਿਨ ਬਾਅਦ ਘਰ ਖੋਲ੍ਹ ਕੇ ਸਾਫ਼ ਸਫ਼ਾਈ ਕਰਵਾ ਜਾਂਦੀ ਸੀ।
ਰਾਮ ਕੌਰ ਚਾਹੇ ਪੁੱਤ ਨੂੰਹ ਕੋਲ਼ ਪੱਕੇ ਤੌਰ ਤੇ ਗਈ ਸੀ ਪਰ ਤਿੰਨ ਮਹੀਨਿਆਂ ਬਾਅਦ ਹੀ ਉਹਨੀਂ ਪੈਰੀਂ ਵਾਪਸ ਆ ਗਈ ਸੀ। ਜਦ ਆਈ ਤਾਂ ਉਹ ਪਹਿਲਾਂ ਨਾਲੋਂ ਵੀ ਅੱਧੀ ਰਹਿ ਗਈ ਸੀ। ਲੋਕਾਂ ਦੇ ਉਸ ਦੇ ਵਾਪਸ ਆਉਣ ਤੇ ਕਾਰਨ ਪੁੱਛਣ ਤੇ ਉਹ ਬੀਮਾਰ ਹੋਣ ਕਰਕੇ ਵਾਪਸ ਆਉਣ ਦੀ ਗੱਲ ਹੀ ਦੱਸਦੀ।ਵੱਡੇ ਧੀ ਜੁਆਈ ਦੀ ਅੱਖ ਉਸ ਦੇ ਘਰ ਤੇ ਹੋ ਗਈ ਸੀ।ਇਸ ਲਈ ਉਹ ਉਸ ਦੇ ਵਾਪਸ ਆਉਣ ਤੇ ਬਹੁਤ ਔਖੇ ਹੋਏ ਤੇ ਉਸ ਨਾਲ਼ ਕੋਈ ਬਹਾਨਾ ਬਣਾ ਕੇ ਲੜਾਈ ਕਰਕੇ ਉਸ ਦੇ ਆਉਣਾ ਜਾਣਾ ਛੱਡ ਗਏ ਸਨ।
ਪਹਿਲਾਂ ਪਹਿਲ ਤਾਂ ਉਹ ਸਭ ਨੂੰ ਇਹੀ ਦੱਸਦੀ ਸੀ ਕਿ ਉਸ ਦਾ ਅਮਰੀਕਾ ਵਿੱਚ ਦਿਲ ਨਹੀਂ ਲੱਗਿਆ ਤੇ ਉੱਤੋਂ ਬੀਮਾਰ ਹੋ ਜਾਣ ਕਰਕੇ ਉਹ ਵਾਪਸ ਆ ਗਈ ਸੀ ਪਰ ਕਈ ਸਾਲਾਂ ਬਾਅਦ ਇੱਕ ਦਿਨ ਉਸ ਦੇ ਮੂੰਹੋਂ ਸੱਚ ਨਿਕਲ ਹੀ ਗਿਆ ਕਿ ਜਦੋਂ ਉਹ ਉੱਥੇ ਗਈ ਤਾਂ ਉਸ ਦੀ ਨੂੰਹ ਤਾਂ ਉਸ ਨਾਲ਼ ਸਿੱਧੇ ਮੂੰਹ ਗੱਲ ਵੀ ਨੀ ਕਰਦੀ ਸੀ। ਘਰ ਦਾ ਸਾਰਾ ਕੰਮ ਉਸੇ ਦੇ ਸਿਰ ਤੇ ਛੱਡ ਕੇ ਕੰਮਾਂ ਤੇ ਚਲੇ ਜਾਂਦੇ ਸਨ। ਜਿਹੜਾ ਘਰੇ ਆਉਂਦਾ ਸਾਰਿਆਂ ਨੂੰ ਤਾਜ਼ੀ ਤਾਜ਼ੀ ਰੋਟੀ ਬਣਾ ਕੇ ਦੇਣ ਦੀ ਵੀ ਉਸੇ ਦੀ ਡਿਊਟੀ ਲੱਗ ਗਈ ਸੀ। ਛੁੱਟੀ ਵਾਲੇ ਦਿਨ ਵੀ ਉਸ ਨੂੰ ਇਕੱਲੀ ਨੂੰ ਘਰ ਛੱਡ ਕੇ ਚਲੇ ਜਾਂਦੇ ਸਨ। ਉੱਥੇ ਜਾ ਕੇ ਤਾਂ ਉਹ ਕਵਾੜ ਵਾਂਗ ਘਰ ਵਿੱਚ ਫਾਲਤੂ ਹੀ ਲੱਗਦੀ ਸੀ।
ਜੇ ਕਿਤੇ ਮੁੰਡਾ ਮਾਂ ਕੋਲ ਪੰਜ ਮਿੰਟ ਬਹਿ ਜਾਂਦਾ ਤਾਂ ਉਸ ਦੀ ਘਰ ਵਾਲੀ ਘਰ ਵਿੱਚ ਚਾਰ ਦਿਨ ਕਲੇਸ਼ ਪਾਈ ਰੱਖਦੀ। ਉੱਥੇ ਤਾਂ ਆਂਢ ਗੁਆਂਢ ਵੀ ਨੀ ਜਾਇਆ ਜਾ ਸਕਦਾ ਸੀ। ਉਸ ਨੇ ਆਪਣੇ ਦਿਲ ਦੇ ਗੁੱਝੇ ਭੇਦ ਨੂੰ ਖੋਲ੍ਹਦਿਆਂ ਦੱਸਿਆ ਕਿ ਉਸ ਨੇ ਤਾਂ ਇੰਡੀਆ ਪਹੁੰਚਦੇ ਹੀ ਆਪਣੇ ਅਮਰੀਕਾ ਵਾਲੇ ਪੱਕੇ ਕਾਗਜ਼ ਤੇ ਪਾਸਪੋਰਟ ਫਾੜ ਕੇ ਸੁੱਟ ਦਿੱਤਾ ਸੀ ਤੇ ਉਸ ਨੇ ਤਾਂ ਉਦੋਂ ਹੀ ਸੋਚ ਲਿਆ ਸੀ… ਕਿ ਜੀਹਨੂੰ ਉਸ ਨਾਲ ਪਿਆਰ ਹੋਊ…. ਆਪੇ ਆ ਕੇ ਮਿਲ ਜਾਇਆ ਕਰੂ…! ਕਿਉਂ ਕਿ ਨਾ ਕਿਸੇ ਨੂੰ ਦੁੱਖ ਦੇਣਾ ਤੇ ਨਾ ਆਪ ਦੁਖੀ ਹੋਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly