(ਸਮਾਜ ਵੀਕਲੀ)
ਜੂਨ ਦਾ ਪਹਿਲਾ ਹਫ਼ਤਾ ਸੀ । ਗਰਮੀ ਲੋਹੜਿਆਂ ਦੀ ਪੈਂਦੀ ਸੀ। ਹਰਿੰਦਰ ਚੰਡੀਗੜ੍ਹ ਦੇ ਨੇੜੇ ਇੱਕ ਪਿੰਡ ਵਿੱਚ ਆਪਣੀ ਨਨਾਣ ਦੇ ਸਹੁਰੇ ਗਈ ਹੋਈ ਸੀ। ਦੂਜੇ ਦਿਨ ਉਸ ਦਾ ਮੁੰਡਾ ਉਸ ਨੂੰ ਸਵੇਰੇ ਦਸ ਗਿਆਰਾਂ ਕੁ ਵਜੇ ਚੰਡੀਗੜ੍ਹ ਦੇ ਬੱਸ ਅੱਡੇ ਤੇ ਉਸ ਨੂੰ ਏ ਸੀ ਬੱਸ ਵਿੱਚ ਬਿਠਾ ਗਿਆ। ਜਿੰਨਾ ਚਿਰ ਤੱਕ ਬੱਸ ਤੁਰੀ ਨਹੀਂ ਓਨਾਂ ਚਿਰ ਤੱਕ ਤਾਂ ਗਰਮੀ ਹੀ ਲੱਗਦੀ ਸੀ,ਪਤਾ ਨੀ ਏਸੀ ਘੱਟ ਕੀਤਾ ਹੋਇਆ ਸੀ ਜਾਂ ਗਰਮੀ ਹੀ ਵੱਧ ਸੀ। ਜਿਵੇਂ ਹੀ ਬੱਸ ਤੁਰੀ , ਅੰਦਰ ਵਾਹਵਾ ਠੰਢਾ ਹੋ ਗਿਆ ਸੀ ਤੇ ਹੁਣ ਗਰਮੀ ਲੱਗਣੀ ਵੀ ਹਟ ਗਈ ਸੀ।
ਹਜੇ ਬੱਸ ਤੁਰੀ ਨੂੰ ਅੱਧਾ ਕੁ ਘੰਟਾ ਹੋਇਆ ਸੀ ਕਿ ਬੱਸ ਕਿਸੇ ਅੱਡੇ ਤੇ ਰੁਕੀ ਜਾਂ ਉਂਝ ਹੀ ਰੁਕੀ ਸੀ ,ਪਤਾ ਨਹੀਂ। ਐਨੇ ਨੂੰ ਇੱਕ ਨਰਮ ਜਿਹੀ ਗੁਰਸਿੱਖ ਕੁੜੀ ਹੱਥ ਵਿੱਚ ਪ੍ਰਸ਼ਾਦ ਲਈ ਬੱਸ ਅੰਦਰ ਆਈ ਤੇ ਹਰਿੰਦਰ ਵੱਲ ਨੂੰ ਹੋ ਕੇ ਬੋਲੀ ,” ਪ੍ਰਸ਼ਾਦ ਵਾਹਿਗੁਰੂ ਜੀ” , ਤਾਂ ਹਰਿੰਦਰ ਨੇ ਉਸ ਨੂੰ ਦੇਖ ਕੇ ਵੀ ਅਣਦੇਖਿਆ ਕਰਕੇ ਦੂਜੇ ਪਾਸੇ ਨੂੰ ਮੂੰਹ ਘੁਮਾ ਲਿਆ, ਕਿਉਂ ਕਿ ਬੱਸ ਵਿੱਚ ਸਵਾਰੀਆਂ ਘੱਟ ਹੋਣ ਕਰਕੇ ਉਸ ਦੇ ਨਾਲ਼ ਦੀ ਸੀਟ ਖਾਲੀ ਹੀ ਸੀ। ਇੱਕ ਹੋਰ ਲੜਕਾ ,”ਵਾਹਿਗੁਰੂ ਜੀ….. ਗਰਮ ਗਰਮ ਪ੍ਰਸ਼ਾਦਾ ਛਕੋ….!” ਇੱਕ ਹੋਰ ਲੜਕਾ ਛਬੀਲ ਵਾਲੇ ਸ਼ਰਬਤ ਦੇ ਗਿਲਾਸਾਂ ਦੀ ਟ੍ਰੇ ਲੈਕੇ ਚੜ੍ਹ ਗਿਆ। ਹਰਿੰਦਰ ਨੇ ਲੰਗਰ ਦੀ ਕਿਸੇ ਚੀਜ਼ ਨੂੰ ਲੈਣ ਲਈ ਹੱਥ ਨਾ ਵਧਾਏ।
ਹਰਿੰਦਰ ਦੀ ਸੀਟ ਦੇ ਖੱਬੇ ਹੱਥ ਵਾਲ਼ੀਆਂ ਸਾਹਮਣੀਆਂ ਦੋ ਸੀਟਾਂ ਤੇ ਵੀ ਇੱਕ ਹਿੰਦੂ ਪੜ੍ਹਿਆ ਲਿਖਿਆ ਲੜਕਾ ਬੈਠਾ ਸੀ। ਉਸ ਨੇ ਬੜੇ ਸਤਿਕਾਰ ਨਾਲ ਬਾਹਾਂ ਵਧਾਕੇ ਦੋਂਵੇਂ ਹੱਥ ਕੱਢ ਕੇ ਕਿਹਾ,” ਮੁਝੇ ਪ੍ਰਸ਼ਾਦਾ ਔਰ ਪ੍ਰਸ਼ਾਦ ਦੇ ਦੀਜੀਏ….।” ਜਿੰਨੇ ਸਤਿਕਾਰ ਨਾਲ ਉਸ ਹਿੰਦੂ ਲੜਕੇ ਨੇ ਹੱਥ ਵਧਾ ਕੇ ਲੰਗਰ ਮੰਗਿਆ ਸੀ,ਓਨੇ ਸਤਿਕਾਰ ਨਾਲ ਹੀ ਉਸ ਲੜਕੀ ਅਤੇ ਲੜਕੇ ਨੇ ਉਸ ਨੂੰ ਪ੍ਰਸ਼ਾਦ ਦਿੱਤਾ। ਉਸ ਨੇ ਬੜੇ ਹੀ ਪਿਆਰ ਨਾਲ ਲੰਗਰ ਛਕਿਆ ਅਤੇ ਠੰਡੀ ਛਬੀਲ ਦਾ ਸ਼ਰਬਤ ਪੀਤਾ।ਲੰਗਰ ਛਕਣ ਤੋਂ ਬਾਅਦ ਹਰਿੰਦਰ ਨੂੰ ਉਸ ਦੇ ਚਿਹਰੇ ਤੇ ਬੜਾ ਹੀ ਆਨੰਦ ਜਿਹਾ ਨਜ਼ਰ ਆਇਆ।
ਉਸ ਨੂੰ ਵੇਖ ਕੇ ਹਰਿੰਦਰ ਨੇ ਪ੍ਰਸ਼ਾਦਾ ਦੇਣ ਵਾਲੇ ਮੁੰਡੇ ਨੂੰ ਆਖਿਆ,”ਬੇਟਾ! ਤੁਹਾਡੇ ਕੋਲ ਕੋਈ ਲਿਫ਼ਾਫ਼ਾ ਹੈ…..?……. ਮੈਨੂੰ ਇੱਕ ਪ੍ਰਸ਼ਾਦੇ ਵਿੱਚ ਥੋੜ੍ਹੀ ਜਿਹੀ ਸਬਜ਼ੀ ਨਾ ਕੇ ਦੇ ਦਿਓ….!” ਲੜਕੇ ਨੇ ਕਿਹਾ,”ਆਂਟੀ ਜੀ……ਸਾਡੇ ਕੋਲ ਲਿਫ਼ਾਫ਼ਾ ਤਾਂ ਹੈ ਨਹੀਂ… ਤੁਸੀਂ ਆਪਣੇ ਕਿਸੇ ਰੁਮਾਲ ਵਗੈਰਾ ਵਿੱਚ ਬੰਨ੍ਹ ਲਿਓ….!” ਲੜਕੇ ਨੇ ਦੋ ਗਰਮ ਪ੍ਰਸ਼ਾਦਿਆਂ ਵਿੱਚ ਗਰਮ ਗਰਮ ਸਬਜ਼ੀ ਪਾ ਕੇ ਹਰਿੰਦਰ ਦੇ ਦੋਵੇਂ ਹੱਥਾਂ ਤੇ ਬੜੇ ਪਿਆਰ ਨਾਲ ਰੱਖ ਦਿੱਤੇ। ਹਰਿੰਦਰ ਦੇ ਮਨ ਵਿੱਚ ਆਇਆ ਕਿ ਉਸ ਨੂੰ ਕਿਹੜਾ ਕੋਈ ਦੇਖ਼ ਰਿਹਾ ਹੈ, ਕਿਉਂ ਨਾ ਇਹ ਪ੍ਰਸ਼ਾਦੇ ਹੁਣੇ ਛਕ ਲਏ ਜਾਣ। ਉਸ ਨੇ ਉਵੇਂ ਕੀਤਾ ਤੇ ਲੰਗਰ ਛਕ ਕੇ ਉਸ ਨੂੰ ਬੜਾ ਹੀ ਆਨੰਦ ਆਇਆ। ਉਸ ਨੇ ਲੜਕੀ ਤੋਂ ਪ੍ਰਸ਼ਾਦ ਲੈ ਕੇ ਵੀ ਛਕ ਲਿਆ।ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲ਼ੀ ਅਤੇ ਅਨੰਦਤ ਮਹਿਸੂਸ ਕਰ ਰਹੀ ਸੀ।
ਬੱਸ ਤੁਰ ਪਈ ਸੀ ਪਰ ਹਰਿੰਦਰ ਦੀ ਅੰਤਰ ਆਤਮਾ ਨੇ ਉਸ ਅੰਦਰ ਕੁਝ ਦੇਰ ਲਈ ਖੌਰੂ ਪਾ ਦਿੱਤਾ ਸੀ। ਉਹ ਕਹਿ ਰਹੀ ਸੀ ,” ਤੂੰ ਇਹ ਕੀ ਕਰਨ ਲੱਗੀ ਸੀ….. ਚੰਗੀ ਭਲੀ ਅੰਮ੍ਰਿਤਧਾਰੀ ਹੋ ਕੇ…… ਤੂੰ ਗੁਰੂ ਦੇ ਲੰਗਰ ਤੋਂ ਮੁੱਖ ਮੋੜ ਲਿਆ ਸੀ…..? …. ਤੇਰੇ ਤੋਂ ਚੰਗਾ ਤਾਂ ਉਹ ਲੜਕਾ ਸੀ….. ਜਿਸ ਨੂੰ ਵੇਖ ਕੇ ਮੈਂ ਤੈਨੂੰ ਪ੍ਰੇਰਨਾ ਦਿੱਤੀ….. ਨਹੀਂ ਤਾਂ ਤੂੰ ਆਪਣੀ ਹੀ ਹਉਮੈ ਵਿੱਚ…… ਤੈਨੂੰ ਉਸ ਅੰਦਰਲੀ ਭਾਵਨਾ ਦਿਖਾਈ… ਉਸ ਦੀ ਸ਼ਰਧਾ ਕਿੰਨੀ ਪ੍ਰਬਲ ਸੀ……!” ਸੋਚਦੀ ਹੋਈ ਆਪਣੀ ਅੰਤਰ ਆਤਮਾ ਨੂੰ ਸੇਧ ਦੇਣ ਲਈ ਧੰਨਵਾਦ ਕਰਦੀ ਹੈ ਤੇ ਸੋਚਦੀ ਹੈ ਕਿ ਕੋਈ ਵੀ ਕੰਮ ਕਰਨ ਜਾਂ ਨਾ ਕਰਨ ਲੱਗਿਆਂ ਜੋ ਅਵਾਜ਼ ਅੰਦਰੋਂ ਉੱਠਦੀ ਹੈ ਉਹ ਸੱਚ ਦੀ ਆਵਾਜ਼ ਹੁੰਦੀ ਹੈ, ਸਾਨੂੰ ਇੱਕ ਵਾਰ ਜ਼ਰੂਰ ਸੁਣਨੀ ਅਤੇ ਵਿਚਾਰਨੀ ਚਾਹੀਦੀ ਹੈ ਕਿਉਂਕਿ ਸਹੀ ਸੇਧ ਵਿੱਚ ਚੱਲਣ ਲਈ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly