ਏਹੁ ਹਮਾਰਾ ਜੀਵਣਾ ਹੈ -232

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

“ਬੇਟਾ, ਜ਼ਰਾ ਰਸਤਾ ਦਿਓ…. ਅਸੀਂ ਓਧਰ ਨੂੰ ਜਾਣਾ ਹੈ।” ਬਜ਼ਾਰ ਵਿੱਚ ਭੀੜ ਵਾਲੀ ਥਾਂ ਤੇ ਇੱਕ ਅੱਧਖੜ੍ਹ ਉਮਰ ਦੀ ਔਰਤ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਆਖਿਆ।ਉਸ ਦੇ ਨਾਲ ਉਸ ਦੀ ਜਵਾਨ ਧੀ ਵੀ ਸੀ। ਜਿਵੇਂ ਹੀ ਮੈਂ ਉਸ ਨੂੰ ਰਸਤਾ ਦਿੱਤਾ ਤੇ ਧਿਆਨ ਨਾਲ ਨਜ਼ਰ ਮਾਰੀ ਤਾਂ ਉਸ ਦੀ ਉਮਰ ਲਗਭਗ ਮੇਰੇ ਕੁ ਜਿੰਨੀ ਹੀ ਲੱਗਦੀ ਸੀ ਕਿਉਂਕਿ ਉਸ ਨਾਲ਼ ਉਸ ਦੀ ਧੀ ਵੀ ਮੇਰੇ ਬੱਚਿਆਂ ਵਰਗੀ ਹੀ ਲੱਗਦੀ ਸੀ। ਉਸ ਨੇ ਮੇਰੇ ਲਈ ‘ਬੇਟਾ’ ਸ਼ਬਦ ਸ਼ਾਇਦ ਇਸ ਲਈ ਵਰਤਿਆ ਸੀ ਕਿਉਂਕਿ ਸਾਡੇ ਦੋਹਾਂ ਦੇ ਪਹਿਰਾਵੇ ਅਤੇ ਸਰੀਰਕ ਬਣਤਰ ਤੇ ਦਿੱਖ ਦਾ ਅੰਤਰ ਕਾਫ਼ੀ ਸੀ। ਪਰ ਜੇ ਉਸ ਦੀ ਜਗ੍ਹਾ ਮੈਨੂੰ ਉਸ ਤੋਂ ਰਸਤਾ ਲੈਣ ਲਈ ਉਸ ਨੂੰ ਬੁਲਾਉਣਾ ਪੈਂਦਾ ਤਾਂ ਮੈਂ ਉਸ ਨੂੰ “ਭੈਣ ਜੀ” ਕਹਿ ਕੇ ਬੁਲਾਉਂਦੀ। ਚਲੋ ਗੱਲ ਤਾਂ ਇੱਜ਼ਤ ਦੀ ਹੁੰਦੀ ਹੈ ਕਿ ਦੂਜਿਆਂ ਨੂੰ ਅਸੀਂ ਇੱਜ਼ਤ ਨਾਲ ਬੁਲਾ ਰਹੇ ਹਾਂ ਕਿ ਨਹੀਂ? ਜੇ ਮੈਂ ਆਪਣੇ ਹਾਣ ਦੀ ਔਰਤ ਦੇ ਮੂੰਹੋਂ ਆਪਣੇ ਲਈ ‘ਬੇਟਾ’ ਸ਼ਬਦ ਸੁਣ ਕੇ ਖੁਸ਼ ਹੋ ਜਾਂਦੀ ਉਸ ਲਈ ਨਾ ਤਾਂ ਮੈਂ ਉਸ ਦੀ ਬੇਟੀ ਦੇ ਬਰਾਬਰ ਬਣਨਾ ਸੀ ਤੇ ਨਾ ਹੀ ਕੋਈ ਮੈਨੂੰ ਵਿਸ਼ੇਸ਼ ਸਨਮਾਨ ਮਿਲਣਾ ਸੀ।

ਕਈ ਵਾਰੀ ਕਈ ਲੋਕ ਕਿਸੇ ਦੇ ਸਨਮਾਨ ਲਈ ਇਹੋ ਜਿਹਾ ਸ਼ਬਦ ਵਰਤਣਗੇ ਕਿ ਉਸ ਨੂੰ ਸੁਣ ਕੇ ਸਾਹਮਣੇ ਵਾਲੇ ਨੂੰ ਇੱਜ਼ਤ ਘੱਟ ਤੇ ਬੇਜ਼ਤੀ ਜ਼ਿਆਦਾ ਮਹਿਸੂਸ ਹੁੰਦੀ ਹੈ।ਦੂਜਾ ਗੱਲ ਕਰਨ ਵਾਲੇ ਦੀ ਅਕਲ ਪਛਾਣੀ ਜਾਂਦੀ ਹੈ। ਇੱਕ ਵਾਰੀ ਰਸਤੇ ਵਿੱਚ ਜਾਂਦੇ ਜਾਂਦੇ ਮੈਂ ਇੱਕ ਕਸਬੇ ਦੇ ਬੱਸ ਸਟੈਂਡ ਤੇ ਇੱਕ ਰੇਹੜੀ ਵਾਲੇ ਤੋਂ ਰਸਤਾ ਪੁੱਛਣ ਲਈ ਰੁਕੀ ਤਾਂ ਉੱਥੇ ਕੁਝ ਸਵਾਰੀਆਂ ਬੈਠੀਆਂ ਸਨ, ਇੱਕ ਬਜ਼ੁਰਗ ਔਰਤ ਆਪਣੀ ਨੂੰਹ ਅਤੇ ਉਸ ਦੇ ਦੋ ਢਾਈ ਸਾਲ ਦੇ ਜਵਾਕ ਨਾਲ਼ ਬੈਠੀ ਨੇ ਦੂਜੀ ਔਰਤ ਤੋਂ ਪੁੱਛਿਆ,” ਭੈਣ ਜੀ, ਤੁਹਾਨੂੰ ਪਤਾ ਹੈ ਕਿ ਹੁਣ ਬੱਸ ਕਿੰਨੇ ਵਜੇ ਆਉਣੀ ਐਂ….?” ਦੂਜੀ ਔਰਤ ਨੇ ਜਵਾਬ ਦੇਣ ਦੀ ਬਿਜਾਏ ਭੈੜਾ ਜਿਹਾ ਮੂੰਹ ਬਣਾ ਕੇ ਪਰ੍ਹਾਂ ਨੂੰ ਘੁਮਾ ਲਿਆ। ਵਿਚਾਰੀ ਘੁੰਮਾਉਂਦੀ ਵੀ ਕਿਉਂ ਨਾ….. ਜਿਹੜੀ ਪੁੱਛ ਰਹੀ ਸੀ,ਉਸ ਦੀ ਨੂੰਹ ਦਾ ਜਵਾਕ ਇਸ ਦੇ ਜਵਾਕ ਨਾਲੋਂ ਵੱਡਾ ਈ ਲੱਗਦਾ ਸੀ। ਕਿਉਂ ਕਿ ਇਸ ਦੀ ਕੁੱਛੜ ਤਾਂ ਕੁਝ ਕੁ ਮਹੀਨਿਆਂ ਦਾ ਜਵਾਕ ਗੋਦੀ ਚੁੱਕਿਆ ਹੋਇਆ ਸੀ। ਉਸ ਦੇ ਮੂੰਹ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਸ ਬਜ਼ੁਰਗ ਔਰਤ ਦੁਆਰਾ”ਭੈਣ ਜੀ” ਆਖੇ ਜਾਣ ਤੇ ਉਹ ਆਪਣੀ ਬੇਜ਼ਤੀ ਮਹਿਸੂਸ ਕਰ ਰਹੀ ਸੀ।

ਕਈ ਵਾਰੀ ਬਾਲ ਵਰੇਸ ਟੱਪਦੇ ਈ ਅੱਲੜ੍ਹ ਉਮਰ ਵਿੱਚ ਪੁੱਜਦੇ ਈ ਕਈ ਹੁੰਦੜਹੇਲ ਮੁੰਡਿਆਂ ਦੇ ਭਰਵੀਂ ਦਾਹੜੀ ਮੂੰਹ ਤੇ ਆਉਣ ਨਾਲ ਉਹ ਕਾਫ਼ੀ ਵੱਡੇ ਵੱਡੇ ਲੱਗਣ ਲੱਗ ਪੈਂਦੇ ਹਨ। ਕਈ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਕਹਿੰਦੀਆਂ ਸੁਣੀਆਂ ਜਾਂਦੀਆਂ ਹਨ,”ਬੇਟਾ,ਅੰਕਲ ਨੇ ਤੇਰੀ ਗੇਂਦ ਪਕੜਾਈ ਹੈ….. ਅੰਕਲ ਜੀ ਨੂੰ ਥੈਂਕ ਯੂ ਬੋਲੋ……!” ਉਹ ਅੱਲੜ੍ਹ ਉਮਰ ਦਾ ਬੱਚਾ ਗਿਆਰਾਂ ਬਾਰ੍ਹਾਂ ਸਾਲ ਦੇ ਬੱਚੇ ਦੇ ਮੂੰਹੋਂ ਆਪਣੇ ਲਈ “ਅੰਕਲ” ਸ਼ਬਦ ਸੁਣ ਕੇ ਅੰਦਰੋਂ ਅੰਦਰ ਆਪਣੇ ਆਪ ਨੂੰ ਕੋਸਦਾ ਹੈ ਕਿ ਕਿਹੜੇ ਬੁਰੇ ਵਕਤ ਮੈਂ ਇਸ ਦੀ ਮਦਦ ਕਰ ਦਿੱਤੀ। ਕਈ ਲੋਕਾਂ ਦੀ ਸੋਚ ਉਮਰ ਪ੍ਰਤੀ ਸੋਚ ਵਧਦੀ ਹੀ ਨਹੀਂ ਤੇ ਕਈ ਅਨਪੜ੍ਹ ਲੋਕ ਆਪਣੀ ਅਨਪੜ੍ਹਤਾ ਦਾ ਫ਼ਾਇਦਾ ਚੁੱਕ ਕੇ ਉਮਰ ਵਧਣ ਹੀ ਨਹੀਂ ਦਿੰਦੇ। ਇਹ ਤਾਂ ਸ਼ੁਕਰ ਹੈ ਕਿ ਅੱਜ ਕੱਲ੍ਹ ਇੰਟਰਨੈੱਟ ਦਾ ਯੁੱਗ ਆਉਣ ਨਾਲ ਲਿਖ਼ਤੀ ਰੂਪ ਵਿੱਚ ਰੋਜ਼ ਕਿਸੇ ਨਾ ਕਿਸੇ ਕੰਮ ਨੂੰ ਕਰਦੇ ਹੋਏ ਆਪਣੀ ਆਪਣੀ ਉਮਰ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਨਹੀਂ ਤਾਂ ਕਈ ਅਨਪੜ੍ਹ ਲੋਕ ਪਾੜ੍ਹਿਆਂ ਨੂੰ ਚਾਰਦੇ ਵੀ ਦੇਖੇ ਜਾਂਦੇ ਹਨ।
ਇੱਕ ਵਾਰੀ ਮੈਂ ਆਪਣੀ ਭੈਣ ਕੋਲ ਗਈ। ਉਦੋਂ ਉਸ ਦਾ ਵੱਡਾ ਮੁੰਡਾ ਛੇ ਕੁ ਵਰ੍ਹਿਆਂ ਦਾ ਸੀ। ਉਸ ਦੀ ਗੁਆਂਢਣ ਆਪਣੇ ਚਾਰ ਕੁ ਸਾਲ ਦੇ ਪੋਤੇ ਨਾਲ ਆਈ ਤੇ ਮੇਰੀ ਭੈਣ ਨੂੰ ” ਭੈਣ ਜੀ ‘ ਆਖ ਕੇ ਗੱਲ ਕਰੇ। ਉਸ ਦੇ ਜਾਣ ਤੋਂ ਬਾਅਦ ਮੈਂ ਇਤਰਾਜ਼ ਜਤਾਉਂਦੇ ਹੋਏ ਆਪਣੀ ਭੈਣ ਨੂੰ ਕਿਹਾ,”ਤੂੰ ਇਸ ਨੂੰ ਆਖਦੀ ਕਿਉਂ ਨਹੀਂ…. ਕਿ ਤੂੰ ਤਾਂ ਉਸ ਦੀ ਨੂੰਹ ਵਰਗੀ ਹੈਂ….!”

ਅੱਗੋਂ ਭੈਣ ਨੇ ਦੱਸਿਆ,” ਉਹ ਕਹਿੰਦੀ ਐ ਕਿ ਮੇਰਾ ਪੰਦਰਾਂ ਸਾਲ ਦੀ ਦਾ ਵਿਆਹ ਹੋ ਗਿਆ ਸੀ ਤੇ ਸੋਲ੍ਹਵੇਂ ਸਾਲ ਵਿੱਚ ਮੁੰਡਾ ਹੋ ਗਿਆ ਸੀ….. ਤੇ ਮੁੰਡਾ ਮੈਂ ਅਠਾਰਵਾਂ ਸਾਲ ਲੱਗਦੇ ਈ ਵਿਆਹ ਲਿਆ…… ਤੇ ਚਹੁੰ ਸਾਲਾਂ ਦਾ ਇਹਦਾ ਮੁੰਡਾ ਹੈ…..ਤੇ ਮਸਾਂ ਮੈਂ ਤਾਂ ਸੈਂਤੀ ਠੱਤੀ ਸਾਲਾਂ ਦੀ ਆਂ….. ਤੁਸੀਂ ਛੇ ਸਾਲ ਦੇ ਪੜ੍ਹਨ ਲੱਗੇ…. ਸੋਲਾਂ ਜਮਾਤਾਂ ਕੀਤੀਆਂ…. ਇੱਕ ਦੋ ਸਾਲ ਊਂ ਖਰਾਬ ਹੋ ਜਾਂਦੇ ਆ…. ਦੋ -ਚਾਰ ਸਾਲ ਪੜਿਆ ਲਿਖਿਆ ਮੁੰਡਾ ਲੱਭਦੇ ਲੱਗ ਗਏ ਹੋਣੇ ਨੇ…. ਛੇ ਵਰ੍ਹਿਆਂ ਦਾ ਮੁੰਡਾ….. ਬਸ ਆਪਣਾ ਇੱਕ ਦੋ ਸਾਲ ਦਾ ਫਰਕ ਹੋਣੈਂ…..!” ਕਹਿ ਕੇ ਮੇਰੀ ਭੈਣ ਦਾ ਹਾਸਾ ਨਿਕਲ ਗਿਆ ਤੇ ਅਸੀਂ ਉਸ ਅਨਪੜ੍ਹ ਔਰਤ ਦੀ ਕੈਲਕੁਲੇਸ਼ਨ ਤੇ ਖ਼ੂਬ ਹੱਸੀਆਂ।

ਗੱਲ ਤਾਂ ਕੁਝ ਖ਼ਾਸ ਨਹੀਂ ਹੁੰਦੀ ਬੱਸ ਸਾਡੇ ਸਮਾਜ ਵਿੱਚ ਇਹੋ ਜਿਹੀਆਂ ਗੱਲਾਂ ਜਾਂ ਘਟਨਾਵਾਂ ਕਈ ਵਾਰ ਹਾਸੋਹੀਣੀ ਸਥਿਤੀ ਪੈਦਾ ਕਰਦੀਆਂ ਹਨ। ਮੰਨਿਆ ਕਿ ਅੱਜ ਕੱਲ੍ਹ ਹਾਇਟੈਕ ਜ਼ਮਾਨੇ ਵਿੱਚ ਅਪ ਟੂ ਡੇਟ ਰਹਿਣ ਦੇ ਬਹੁਤ ਸਾਧਨ ਆ ਗਏ ਹਨ ਤੇ ਹਰ ਕੋਈ ਨਵੇਂ ਤੌਰ ਤਰੀਕਿਆਂ ਨਾਲ ਬਣ ਠਣ ਕੇ ਰਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਗੱਲ ਦੀ ਐਨੀ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਆਂਟੀ ਅੰਕਲ ਜਾਂ ਹੋਰ ਵੱਡਿਆਂ ਵਾਲੇ ਸ਼ਬਦ ਕਹਿੰਦੇ ਹੋਏ ਤੇ ‘ਬੇਟਾ,ਬੇਟਾ’ ਕਹਾਉਂਦੇ ਹੋਏ ਵੱਡੇ ਹੋਏ ਹੋ ਤਾਂ ਆਂਟੀ ਅੰਕਲ ਕਹਾਉਣ ਅਤੇ ਬੇਟਾ ਕਹਿਣ ਵਿੱਚ ਵੀ ਕਾਹਦੀ ਸ਼ਰਮ? ਇਹ ਤਾਂ ਕਿਸਮਤ ਵਾਲੇ ਲੋਕ ਹੁੰਦੇ ਹਨ ਜੋ ਉਮਰ ਦੇ ਵੱਖ ਵੱਖ ਪੜਾਵਾਂ ਦਾ ਆਨੰਦ ਮਾਣਦੇ ਹਨ। ਜਿਵੇਂ ਰੁੱਤਾਂ ਬਦਲਦੀਆਂ ਹਨ ਤੇ ਹਰ ਰੁੱਤ ਦਾ ਆਪਣਾ ਹੀ ਇੱਕ ਅਲੱਗ ਜਿਹਾ ਮਜ਼ਾ ਆਉਂਦਾ ਹੈ,ਇੱਕ ਵੱਖਰਾ ਜਿਹਾ ਮਹੱਤਵ ਹੁੰਦਾ ਹੈ। ਉਸੇ ਤਰ੍ਹਾਂ ਉਮਰਾਂ ਵੀ ਤਾਂ ਰੁੱਤ ਰੁੱਤ ਦੇ ਮੇਵਿਆਂ ਵਾਂਗ ਹੀ ਹੁੰਦੀਆਂ ਹਨ ਇਸ ਲਈ ਇਹਨਾਂ ਦਾ ਸਵਾਦ ਚੱਖਣ ਦੀ ਵੀ ਜਾਚ ਸਭ ਨੂੰ ਆਉਂਦੀ ਹੋਣੀ ਚਾਹੀਦੀ ਹੈ। ਇਸ ਲਈ ਇਹਨਾਂ ਨੂੰ ਸਮੇਂ ਅਤੇ ਸਵਾਦ ਅਨੁਸਾਰ ਚੱਖੋ ਤਾਂ ਸਹੀ ਕਿਉਂ ਕਿ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਸ਼ਟ ਆਸ਼ਰਮ ਮਾਨਸਾ ਵਿਖੇ ਮੁਫ਼ਤ ਦਵਾਈਆਂ ਅਤੇ ਫ਼ਲ ਵੰਡੇ
Next articleਮਰਦ ਹੋਣਾ