(ਸਮਾਜ ਵੀਕਲੀ)
ਨੇਕ ਦੀ ਕੁੜੀ ਨੂੰ ਵੇਖਣ ਵਾਲਿਆਂ ਨੇ ਆਉਣਾ ਸੀ। ਘਰ ਵਿੱਚ ਪੂਰੀ ਤਿਆਰੀ ਚੱਲ ਰਹੀ ਸੀ। ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਅਸਲ ਵਿੱਚ ਗੱਲ ਤਾਂ ਪੱਕੀ ਪਹਿਲਾਂ ਈ ਕੀਤੀ ਹੋਈ ਸੀ, ਮੁੰਡੇ ਵਾਲਿਆਂ ਨੇ ਸ਼ਗਨ ਪਾਉਣ ਹੀ ਆਉਣਾ ਹੋਣਾ, ਜਿਹੜਾ ਸਾਰਾ ਸ਼ਰੀਕਾ ਇਕੱਠਾ ਕੀਤਾ ਹੋਇਆ ਸੀ। ਗੱਲ ਵੀ ਸੱਚੀ ਸੀ, ਮੁੰਡੇ ਵਾਲੇ ਵੀ ਦੋ ਤਿੰਨ ਗੱਡੀਆਂ ਭਰ ਕੇ ਆਏ ਤੇ ਉਹਨਾਂ ਨੇ ਕੁੜੀ ਨੂੰ ਮੁੰਦੀ ਪਾਈ ਤੇ ਇਹਨਾਂ ਨੇ ਵੀ ਮੁੰਡੇ ਦੇ ਮੁੰਦੀ ਪਾ ਕੇ ਤੇ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਸ਼ਗਨਾਂ ਦੇ ਲਿਫਾਫੇ ਤੇ ਦੋ ਦੋ ਡੱਬੇ ਵਧੀਆ ਬਰਫ਼ੀ ਦੇ ਦੇਕੇ ਮਾਨਤਾ ਕੀਤੀ। ਦੋ ਮਹੀਨੇ ਬਾਅਦ ਤੀਜੇ ਨਰਾਤੇ ਦਾ ਵਿਆਹ ਵੀ ਰੱਖ ਲਿਆ।
ਨੇਕ ਤਾਂ ਪਹਿਲਾਂ ਹੀ ਆਪਣੀ ਸਾਰੀ ਜ਼ਮੀਨ ਭੋਰ ਭੋਰ ਕੇ ਖਾ ਗਿਆ ਸੀ। ਹੁਣ ਤਾਂ ਡੇਢ਼ ਕੁ ਕੀਲਾ ਓਹਦੇ ਵੱਡੇ ਭਰਾ ਬੰਤੇ ਦਾ ਈ ਬਚਦਾ ਸੀ। ਉਹ ਛੜਾ ਹੋਣ ਕਰਕੇ ਇਹਨਾਂ ਨਾਲ਼ ਹੀ ਰਹਿੰਦਾ ਸੀ। ਜਿਸ ਘਰ ਵਿੱਚ ਤਿੰਨ ਤਿੰਨ ਮੈਂਬਰ ਡੋਡੇ ਪੀਣ ਵਾਲੇ ਹੋਣ, ਓਥੇ ਜ਼ਮੀਨਾਂ ਕਿੱਥੇ ਬਚਦੀਆਂ ਨੇ। ਨੇਕ ਦੇ ਸਿਰ ਕਰਜ਼ਾ ਐਨਾ ਸੀ ਕਿ ਭਾਵੇਂ ਬੰਤੇ ਵਾਲ਼ੀ ਸਾਰੀ ਜ਼ਮੀਨ ਵੇਚ ਦਿੰਦੇ ਤਾਂ ਵੀ ਨਹੀਂ ਉਤਰਨਾ ਸੀ। ਆੜਤੀਏ ਤੋਂ, ਪਿੰਡ ਵਿੱਚੋਂ ਤੇ ਹੋਰ ਕਈ ਪਾਸਿਆਂ ਤੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਾ ਕਰਜ਼ਾ ਚੁੱਕੀ ਬੈਠਾ ਸੀ। ਮੁੰਡੇ ਵਾਲਿਆਂ ਨਾਲ਼ ਵੀ “ਚੰਗਾ ਵਿਆਹ” ਕਰਨ ਦਾ ਵਾਅਦਾ ਕਰਕੇ ਹੀ ਰਿਸ਼ਤਾ ਕੀਤਾ ਸੀ। ਆੜਤੀਏ ਦੀ ਮਿੰਨਤ ਤਰਲਾ ਕਰਕੇ ਦੋ ਲੱਖ ਹੋਰ ਕਰਜ਼ਾ ਚੁੱਕ ਲਿਆ ਜਦੋਂ ਕਿ ਅੱਠ ਲੱਖ ਪਹਿਲਾਂ ਉਹਦੇ ਤੋਂ ਵਿਆਜੂ ਚੁੱਕਿਆ ਹੋਇਆ ਸੀ। ਵਿਆਜ ਪਾਕੇ ਉਸ ਦਾ ਬਾਰਾਂ ਤੇਰਾਂ ਲੱਖ ਬਣਿਆ ਹੋਇਆ ਸੀ। ਤਿੰਨ ਲੱਖ ਰੁਪਏ ਕਰਜ਼ਾ ਨੇਕ ਨੇ ਸਵਰਨ ਤੋਂ ਲੈ ਲਿਆ ਸੀ ਜੋ ਉਹਨਾਂ ਦੇ ਸ਼ਰੀਕੇ ਵਿਚੋਂ ਹੀ ਸੀ ਤੇ ਬਾਹਰੋਂ ਕੁਝ ਮਹੀਨਿਆਂ ਲਈ ਆਇਆ ਸੀ। ਤਿੰਨ ਲੱਖ ਪਿੰਡ ਵਿੱਚ ਹੀ ਕਿਸੇ ਤੋਂ ਹੋਰ ਉਧਾਰਾ ਫੜ ਲਿਆ।ਕੁੱਲ ਮਿਲਾ ਕੇ ਉਹ ਘੱਟੋ ਘੱਟ ਵੀਹ ਪੱਚੀ ਲੱਖ ਦਾ ਕਰਜ਼ਾਈ ਹੋ ਗਿਆ ਸੀ।
ਕੁੜੀ ਦਾ ਵਿਆਹ ਬੜੀ ਧੂਮਧਾਮ ਨਾਲ ਕੀਤਾ, ਦਾਜ ਵਿੱਚ ਮੋਟਰਸਾਈਕਲ ਤੇ ਹੋਰ ਸਾਰਾ ਕੁਝ ਦਿੱਤਾ। ਓਧਰ ਉਸ ਦੇ ਤੀਜੇ ਭਰਾ ਸੋਹਣੇ ਦੀ ਉਹਨਾਂ ਦੋਹਾਂ ਭਰਾਵਾਂ ਨਾਲ਼ ਬਣਦੀ ਨਾ ਹੋਣ ਕਰਕੇ ਆਪਸ ਵਿੱਚ ਵਰਤ ਵਰਤਾ ਵੀ ਨਹੀਂ ਸੀ। ਪਰ ਉਹ ਪਿਓ ਪੁੱਤ ਨਸ਼ਿਆਂ ਤੋਂ ਬਚੇ ਹੋਏ ਸਨ, ਤਾਂ ਜ਼ਮੀਨ ਵੀ ਬਚੀ ਹੋਈ ਸੀ ਤੇ ਉਹ ਕਰਜ਼ੇ ਤੋਂ ਵੀ ਬਚਿਆ ਹੋਇਆ ਸੀ। ਕੁਦਰਤੀ ਉਸ ਦੀ ਕੁੜੀ ਦਾ ਵੀ ਉਹਨਾਂ ਦਿਨਾਂ ਵਿੱਚ ਕਿਸੇ ਨੇ ਰਿਸ਼ਤਾ ਕਰਵਾ ਦਿੱਤਾ ਤੇ ਕੁੜੀ ਨੂੰ ਚੁੰਨੀ ਚੜ੍ਹਾ ਕੇ ਲੈ ਗਏ। ਉਸ ਦੇ ਕੁੜਮਾਂ ਨੇ ਪਹਿਲਾਂ ਹੀ ਦਾਜ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਕੁੜੀ ਪੜੀ ਲਿਖੀ ਸੀ ਤੇ ਨੌਕਰੀ ਕਰਦੀ ਸੀ।ਸਾਦਾ ਜਿਹਾ ਵਿਆਹ ਕਰਕੇ ਸੋਹਣਾ ਵੀ ਸੁਰਖ਼ਰੂ ਹੋ ਗਿਆ ਸੀ। ਪਰ ਨੇਕ ਆਪਣੀ ਧੀ ਦੇ ਗੱਜ ਵੱਜ ਕੇ ਕੀਤੇ ਵਿਆਹ ਦੀਆਂ ਵਡਿਆਈਆਂ ਕਰਦਾ ਨਾ ਥੱਕਦਾ। ਵਿਆਹ ਤੋਂ ਦੋ ਕੁ ਮਹੀਨਿਆਂ ਬਾਅਦ ਕਰਜ਼ਾ ਮੰਗਣ ਵਾਲੇ ਉਸ ਦੇ ਘਰ ਗੇੜੇ ਮਾਰਨ ਲੱਗੇ। ਇਸ ਵਾਰ ਤਾਂ ਸਵਰਨ ਨੇ ਕੇਸ ਕਰਨ ਦੀ ਧਮਕੀ ਵੀ ਦੇ ਦਿੱਤੀ,ਪਰ ਫੇਰ ਵੀ ਨਾ ਇਸ ਨੇ ਉਸ ਨੂੰ ਪੈਸੇ ਮੋੜੇ, ਉਸ ਨੇ ਕੇਸ ਕਰ ਦਿੱਤਾ, ਓਧਰ ਆੜਤੀਆ ਜਾਨ ਖਾ ਰਿਹਾ ਸੀ।
ਪਤਾ ਤਾਂ ਨੇਕ ਨੂੰ ਵੀ ਸੀ ਕਿ ਜਦ ਉਸ ਦੇ ਹੱਥ ਪੱਲੇ ਤਾਂ ਕੁਛ ਹੈ ਨਹੀਂ ਤੇ ਕਰਜ਼ਾ ਮੋੜਨਾ ਵੀ ਕਿੱਥੋਂ ਸੀ। ਕਰਜ਼ਾ ਮੰਗਣ ਵਾਲਿਆਂ ਤੋਂ ਹੁਣ ਕਿੱਥੇ ਕਿੱਥੇ ਬਚਦਾ।ਹਰ ਕਿਸੇ ਦੀ ਕਮਾਈ ਮਿਹਨਤ ਦੀ ਹੁੰਦੀ ਹੈ,ਜੇ ਅਗਲਿਆਂ ਨੇ ਧੀ ਧਿਆਣੀ ਦੇ ਕਾਰਜ ਲਈ ਕੰਮ ਸਾਰ ਦਿੱਤਾ ਤਾਂ ਉਸ ਨੂੰ ਕਰਜ਼ਾ ਮੋੜਨਾ ਚਾਹੀਦਾ ਸੀ। ਇੱਕ ਦਿਨ ਖੇਤਾਂ ਵਿੱਚ ਜਾ ਕੇ ਮੁੰਡੇ ਨੂੰ ਫ਼ੋਨ ਕਰ ਦਿੱਤਾ,”ਮੈਨੂੰ ਆ ਕੇ ਲੈ ਜਾ।” ਮੁੰਡੇ ਨੂੰ ਗੱਲ ਪੱਲੇ ਨਾ ਪਈ ਤਾਂ ਉਸ ਨੇ ਦੁਬਾਰਾ ਵਾਪਸੀ ਫੋਨ ਕੀਤਾ ਤਾਂ ਨੇਕ ਨੇ ਫੋਨ ਨਾ ਚੁੱਕਿਆ। ਮੁੰਡਾ ਖੇਤ ਉਸ ਨੂੰ ਲੈਣ ਗਿਆ ਤਾਂ ਦੇਖਦਾ ਹੈ ਕਿ ਟਾਹਲੀ ਨਾਲ਼ ਫਾਹਾ ਲੈ ਕੇ ਖੁਦਕੁਸ਼ੀ ਕਰ ਬੈਠਾ ਸੀ। ਜਿਹਨਾਂ ਨੇ ਉਸ ਦੀ ਧੀ ਦੇ ਕਾਰਜ ਲਈ ਪੈਸਾ ਦਿੱਤਾ ਸੀ ਉਹਨਾਂ ਦੇ ਨਾਂ ਲਿਖ ਕੇ ਰੱਖ ਗਿਆ।ਪਰ ਕਾਗਜ਼ੀ ਕਾਰਵਾਈ ਹੋਣ ਕਰਕੇ ਉਹਨਾਂ ਨੂੰ ਦੋ ਚਾਰ ਮਹੀਨੇ ਜ਼ਰੂਰ ਝੱਲਣੀਆਂ ਪਈਆਂ ਪਰ ਕੋਈ ਕੇਸ ਨਾ ਹੋਇਆ। ਉਸ ਦੇ ਮਰਨੇ ਤੇ ਉਸ ਦੀ ਧੀ ਦੇ ਸਹੁਰੇ ਲੋਕਾਂ ਦੀ ਹੁੰਦੀ ਘੁਸਰ ਮੁਸਰ ਤੇ ਅਖਬਾਰਾਂ ਵਿੱਚ “ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ” ਵਰਗੀਆਂ ਖ਼ਬਰਾਂ ਪੜ੍ਹ ਪੜ੍ਹ ਕੇ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਣ। ਉਹੀ ਗੱਲ ਹੋਈ ਜਿਸ ਦਾ ਡਰ ਸੀ। ਮਹੀਨੇ ਕੁ ਬਾਅਦ ਕੁੜੀ ਰੁੱਸ ਕੇ ਪੇਕੇ ਆ ਗਈ।ਏਥੇ ਹੀ ਉਸ ਦੇ ਕੁੜੀ ਹੋ ਗਈ। ਪੰਚਾਇਤ ਰਾਹੀਂ ਫ਼ੈਸਲਾ ਹੋ ਕੇ ਕੁੜੀ ਸਹੁਰੇ ਲੈ ਗਏ ਪਰ ਤੀਜੇ ਦਿਨ ਆਪਣੇ ਪੇਕਿਆਂ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਜਾਣ ਦੀ ਅੜੀ ਕਰਕੇ ਫਿਰ ਆ ਗਈ। ਹੁਣ ਉਸ ਦੇ ਸਹੁਰਿਆਂ ਨੇ ਪੰਚਾਇਤ ਰਾਹੀਂ ਫ਼ੈਸਲਾ ਕਰ ਲਿਆ ਤੇ ਕੁੜੀ ਨੂੰ ਦੋ ਲੱਖ ਰੁਪਏ ਦੇ ਕੇ ਛੱਡ ਛਡਾ ਕਰ ਦਿੱਤਾ।
ਜਿਸ ਕੁੜੀ ਦੇ ਵਿਆਹ ਦੇ ਝੂਠੇ ਵਿਖਾਵੇ ਲਈ ਨੇਕ ਨੇ ਐਨਾ ਕਰਜ਼ਾ ਚੁੱਕਿਆ ਸੀ,ਉਹ ਫਿਰ ਵੀ ਨਾ ਵਸੀ। ਸਗੋਂ ਇੱਕ ਕੁੜੀ ਘਰੋਂ ਤੋਰੀ ਸੀ ਤੇ ਹੁਣ ਪੱਕੇ ਤੌਰ ਤੇ ਦੋ ਕੁੜੀਆਂ ਦਰ ਤੇ ਆ ਗਈਆਂ ਸਨ। ਲੋਕ ਗੱਲਾਂ ਕਰਦੇ ,” ਕੁੜੀ ਨੂੰ ……ਉਸ ਦੇ ਸਹੁਰੇ ਤਾਂ ਵਸਾ ਲੈਂਦੇ ਪਰ …….ਉਸ ਦੀ ਮਾਂ ਨੇ ਈ ਵਸਣ ਨੀ ਦਿੱਤਾ……ਤੀਜੇ ਕੀ ਦਿਨ ਆਪ ਚਲੇ ਜਾਂਦੀ ਸੀ…..ਇਹ ਕਹਿ ਕੇ ਕਿ ਕਿਤੇ ਪਿਓ ਬਾਹਰੀ ਕੁੜੀ ਨੂੰ ਉਹਦੇ ਸਹੁਰੇ ਤੰਗ ਨਾ ਕਰਦੇ ਹੋਣ…..ਕਦੇ ਉਸ ਨੂੰ ਐਥੇ ਦਸ ਦਸ ਦਿਨ ਲਈ ਲੈ ਆਉਂਦੀ…..।” ਮਾਂ ਦੀ ਬੇਵਕੂਫ਼ੀ ਕਰਕੇ ਕੁੜੀ ਘਰ ਆ ਗਈ ਤੇ ਨੇਕ ਦੀ ਬੇਵਕੂਫ਼ੀ ਕਰਕੇ ਕਰਜ਼ੇ ਦੀ ਪੰਡ ਦਿਨੋ ਦਿਨ ਹੋਰ ਵੱਡੀ ਹੋਈ ਜਾਂਦੀ ਸੀ। ਓਧਰ ਨੇਕ ਦੇ ਭਰਾ ਸੋਹਣੇ ਦੀ ਕੁੜੀ ਦਾ ਵਿਆਹ ਚਾਹੇ ਸਾਦਾ ਹੋਇਆ ਸੀ ਪਰ ਮਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ,”ਧੀਏ ਹੁਣ ਤੈਨੂੰ ਆਪਣਾ ਘਰ ਪਹਿਲਾਂ…… ਅਸੀਂ ਬਾਅਦ ਵਿੱਚ…… ਉਹਨਾਂ ਦੀ ਬਣ ਕੇ ਰਹੇਂਗੀ ਤਾਂ ਸਾਰੇ ਤੈਨੂੰ ਆਪਣਾ ਬਣਾ ਕੇ ਰੱਖਣਗੇ….!” ਗੱਲ ਵੀ ਠੀਕ ਸੀ,ਉਹ ਕਦੇ ਕਦਾਈਂ ਪੇਕੇ ਗੇੜਾ ਮਾਰਦੀ ਤੇ ਇੱਕ ਦੋ ਦਿਨ ਰਹਿ ਕੇ ਖੁਸ਼ੀ ਖੁਸ਼ੀ ਚਲੇ ਜਾਂਦੀ।
ਨੇਕ ਚਾਹੇ ਮਰ ਗਿਆ ਸੀ ਪਰ ਲੋਕ ਉਸ ਦੀ ਬੇਵਕੂਫ਼ੀ ਦੀਆਂ ਗੱਲਾਂ ਜ਼ਰੂਰ ਕਰਦੇ। ਪਿੰਡ ਦੇ ਦਰਵਾਜ਼ੇ ਅਕਸਰ ਗੱਲਾਂ ਹੁੰਦੀਆਂ ਕਿ ਸਭ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਨਹੀਂ ਤਾਂ ਅਕਲਾਂ ਬਾਝੋਂ ਖੂਹ ਖਾਲੀ ਹੀ ਰਹਿੰਦੇ ਹਨ ,ਨੇਕ ਵਾਲ਼ੀ ਕਹਾਣੀ ਤੋਂ ਸਭ ਨੂੰ ਅਕਲ ਸਿੱਖਣੀ ਚਾਹੀਦੀ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324